ਇੰਗਲੈਂਡ ਨੂੰ ਵੱਡਾ ਝਟਕਾ, ਅਭਿਆਸ ਮੈਚ ''ਚ ਕੋਹਲੀ ਦਾ ਵਿਕਟ ਲੈਣ ਵਾਲੇ ਦਾ ਪਹਿਲੇ ਮੈਚ ''ਚ ਖੇਡਣਾ ਸ਼ੱਕੀ
Tuesday, Oct 19, 2021 - 03:08 PM (IST)
ਸਪੋਰਟਸ ਡੈਸਕ- ਇੰਗਲੈਂਡ ਦੇ ਹਰਫਨਮੌਲਾ ਖਿਡਾਰੀ ਲਿਆਮ ਲਿਵਿੰਗਸਟੋਨ ਦੇ ਟੀ-20 ਵਰਲਡ ਕੱਪ ਦੇ ਟੀਮ ਦੇ ਪਹਿਲੇ ਮੈਚ 'ਚ ਖੇਡਣ ਨੂੰ ਲੈ ਕੇ ਸ਼ਸ਼ੋਪੰਜ ਦੀ ਸਥਿਤੀ ਬਣੀ ਹੋਈ ਹੈ। 27 ਸਾਲ ਦੇ ਇਸ ਖਿਡਾਰੀ ਨੂੰ ਭਾਰਤ ਦੇ ਖ਼ਿਲਾਫ਼ ਵਾਰਮਅਪ ਮੈਚ 'ਚ ਉਂਗਲ 'ਤੇ ਸੱਟ ਲਗ ਗਈ ਸੀ। ਮਿਡ-ਵਿਕਟ ਖੇਤਰ 'ਚ ਫੀਲਡਿੰਗ ਦੇ ਦੌਰਾਨ ਈਸ਼ਾਨ ਕਿਸ਼ਨ ਦਾ ਕੈਚ ਫੜਦੇ ਸਮੇਂ ਉਨ੍ਹਾਂ ਨੂੰ ਸੱਟ ਲਗ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਫਿਜ਼ੀਓ ਦੇ ਨਾਲ ਛੱਡ ਦਿੱਤਾ ਤਾਂ ਜੋ ਉਨ੍ਹਾਂ ਦੀ ਨਿਗਰਾਨੀ ਕੀਤੀ ਜਾ ਸਕੇ।
ਅਗਲੇ 24 ਘੰਟਿਆਂ ਦੇ ਦੌਰਾਨ ਉਨ੍ਹਾਂ ਦੀ ਸਥਿਤੀ 'ਤੇ ਨਜ਼ਰ ਰੱਖੀ ਜਾਵੇਗੀ ਤੇ ਇਸ ਤੋਂ ਬਾਅਦ ਹੀ ਫ਼ੈਸਲਾ ਲਿਆ ਜਾਵੇਗਾ ਕਿ ਉਹ ਸ਼ਨੀਵਾਰ (23 ਅਕਤੂਬਰ) ਨੂੰ ਵੈਸਟਇੰਡੀਜ਼ ਦੇ ਖ਼ਿਲਾਫ਼ ਹੋਣ ਵਾਲੇ ਪਹਿਲੇ ਮੈਚ ਲਈ ਫਿੱਟ ਹਨ ਜਾਂ ਨਹੀਂ। ਆਲਰਾਊਂਡਰ ਨੇ ਬੱਲੇ ਤੇ ਗੇਂਦ ਦੋਹਾਂ ਨਾਲ ਚੰਗਾ ਪ੍ਰਦਰਸ਼ਨ ਕੀਤਾ ਤੇ 30 ਦੌੜਾਂ ਦਾ ਯੋਗਦਾਨ ਦਿੱਤਾ ਤੇ ਕਪਤਾਨ ਵਿਰਾਟ ਕੋਹਲੀ (11) ਦਾ ਵਿਕਟ ਵੀ ਹਾਸਲ ਕਰਨ 'ਚ ਸਫਲ ਰਹੇ। ਹਾਲਾਂਕਿ ਇੰਗਲੈਂਡ ਮੈਚ ਹਾਰ ਗਿਆ।
ਹਾਰਡ ਹਿਟਿੰਗ ਬੱਲੇਬਾਜ਼ ਹਾਲ ਹੀ 'ਚ ਚੰਗੀ ਫ਼ਾਰਮ 'ਚ ਰਿਹਾ ਹੈ। ਉਨ੍ਹਾਂ ਨੇ ਪਾਕਿਸਤਾਨ ਵਿਰੁੱਧ ਇੰਗਲੈਂਡ ਦਾ ਸਭ ਤੋਂ ਤੇਜ਼ ਟੀ-20 ਕੌਮਾਂਤਰੀ ਸੈਂਕੜਾ ਲਾਇਆ ਤੇ ਦਿ ਹੰਡ੍ਰੇਡ ਦੇ ਉਦਘਾਟਨ ਸੈਸ਼ਨ ਦੇ ਦੌਰਾਨ ਵੀ ਚੰਗਾ ਪ੍ਰਦਰਸ਼ਨ ਕੀਤਾ ਜਿਸ ਤੋਂ ਬਾਅਦ ਉਸ ਨੂੰ ਟੀ-20 ਵਰਲਡ ਕੱਪ ਲਈ ਚੁਣਿਆ ਗਿਆ। ਹੁਣ ਇਹ ਦੇਖਣਾ ਬਾਕੀ ਹੈ ਕਿ ਲਿਵਿੰਗਸਟੋਨ ਵੈਸਟ ਇੰਡੀਜ਼ ਦੇ ਖ਼ਿਲਾਫ਼ ਮੈਦਾਨ 'ਤੇ ਉਤਰਨ ਦੇ ਲਈ ਪੂਰੀ ਤਰ੍ਹਾਂ ਫਿੱਟ ਹੋ ਪਾਉਂਦੇ ਹਨ ਜਾਂ ਨਹੀਂ।