ਗੇਂਦਬਾਜ਼ਾਂ ਦੇ ਦਿਮਾਗ਼ ਨਾਲ ਖੇਡਦੇ ਹਨ ਕੇ. ਐੱਲ. ਰਾਹੁਲ, ਗ਼ਲਤੀਆਂ ਕਰਨ ਲਈ ਕਰਦੇ ਨੇ ਮਜਬੂਰ : ਰੈਨਾ
Saturday, May 07, 2022 - 06:34 PM (IST)
ਮੁੰਬਈ- ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਕਿਹਾ ਕਿ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਤੇ ਸਟਾਰ ਬੱਲੇਬਾਜ਼ ਕੇ. ਐੱਲ. ਰਾਹੁਲ ਆਪਣੇ ਕਰੀਅਰ ਦੇ ਸਰਵਸ੍ਰੇਸ਼ਠ ਦੌਰ 'ਚ ਹਨ, ਕਿਉਂਕਿ ਹਾਂ-ਪੱਖੀ ਮਾਨਸਿਕਤਾ ਦੇ ਨਾਲ ਉਹ ਆਈ. ਪੀ. ਐੱਲ. 2022 'ਚ ਬੱਲੇਬਾਜ਼ੀ ਕਰ ਰਹੇ ਹਨ। ਲਖਨਊ ਟੀਮ ਦੇ ਓਪਨਰ ਕੇ. ਐੱਲ. ਰਾਹੁਲ ਆਈ. ਪੀ. ਐੱਲ. 2022 'ਚ ਦੂਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਖਿਡਾਰੀ ਹਨ ਤੇ ਉਹ ਆਪਣੀ ਟੀਮ ਦੀ ਅਗਵਾਈ ਕਰ ਰਹੇ ਹਨ।
ਇਕ ਸ਼ੋਅ ਦੇ ਦੌਰਾਨ ਰੈਨਾ ਨੇ ਕਿਹਾ, ਕੇ. ਐੱਲ (ਰਾਹੁਲ) ਅਜੇ ਸਭ ਤੋਂ ਚੰਗੀ ਮਾਨਸਿਕਤਾ 'ਚ ਹੈ, ਉਹ ਬਹੁਤ ਹੀ ਹਾਂ-ਪੱਖੀ ਮਾਨਸਿਕਤਾ ਦੇ ਨਾਲ ਬੱਲੇਬਾਜ਼ੀ ਕਰ ਰਿਹਾ ਹੈ। ਉਹ ਕੁਝ ਸ਼ਾਨਦਾਰ ਸ਼ਾਟ ਖੇਡ ਰਿਹਾ ਹੈ ਜੋ ਸਾਬਤ ਕਰਦਾ ਹੈ ਕਿ ਉਹ ਸਰਵਸ੍ਰੇਸ਼ਠ ਦੌਰ 'ਚ ਹੈ। ਉਹ ਇਸ ਸੀਜ਼ਨ (ਆਪਣੀ ਬੱਲੇਬਾਜ਼ੀ 'ਚ) ਕੁਝ ਨਵੀਆਂ ਚੀਜ਼ਾਂ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ- ਉਹ ਗੇਂਦਬਾਜ਼ਾਂ ਦੇ ਦਿਮਾਗ਼ ਨਾਲ ਖੇਡਦਾ ਹੈ ਤੇ ਉਨ੍ਹਾਂ ਨੂੰ ਫਸਾਉਂਦਾ ਹੈ। ਉਹ ਗੇਂਦਬਾਜ਼ਾਂ ਨੂੰ ਉਨ੍ਹਾਂ ਖੇਤਰਾਂ 'ਚ ਗੇਂਦਬਾਜ਼ੀ ਕਰਨ ਲਈ ਮਜਬੂਰ ਕਰਦਾ ਹੈ ਜੋ ਉਸ ਦੇ ਮਜ਼ਬੂਤ ਖੇਤਰ 'ਚ ਹਨ ਤੇ ਉਸੇ ਮੁਤਾਬਕ ਆਪਣੀ ਪਾਰੀ ਦਾ ਨਿਰਮਾਣ ਕਰਦਾ ਹੈ। ਉਸ ਦੀ ਅਜਿਹੇ ਬੱਲੇਬਾਜ਼ੀ ਵਾਕਈ ਕਾਬਿਲੇ ਤਾਰੀਫ਼ ਹੈ।
ਜ਼ਿਕਰਯੋਗ ਹੈ ਕਿ ਲਖਨਊ 10 ਮੈਚਾਂ 'ਚ 7 ਜਿੱਤ ਤੇ ਤਿੰਨ ਹਾਰ ਦੇ ਨਾਲ 14 ਅੰਕ ਸਮੇਤ ਅੰਕ ਸੂਚੀ 'ਚ ਦੂਜੇ ਸਥਾਨ 'ਤੇ ਹੈ। ਟੀਮ ਅੱਜ ਕੋਲਕਾਤਾ ਨਾਈਟ ਰਾਈਡਰਜ਼ ਦੇ ਖ਼ਿਲਾਫ਼ ਮੈਦਾਨ 'ਤੇ ਉਤਰੇਗੀ ਤਾਂ ਉਸ ਦਾ ਟੀਚਾ ਜਿੱਤ ਹਾਸਲ ਕਰਦੇ ਹੋਏ ਪਹਿਲੇ ਸਥਾਨ 'ਤੇ ਪੁੱਜਣਾ ਰਹੇਗਾ। ਇਸ ਸਮੇਂ ਪਹਿਲੇ ਸਥਾਨ 'ਤੇ ਗੁਜਰਾਤ ਟਾਈਟਨਸ ਹੈ।