ਲਖਨਊ ਸੁਪਰ ਜਾਇੰਟਸ ਤੇ ਰਾਜਸਥਾਨ ਰਾਇਲਜ਼ ਦੇ ਮੈਚ ’ਚ KL ਰਾਹੁਲ ’ਤੇ ਰਹਿਣਗੀਆਂ ਨਜ਼ਰਾਂ

03/24/2024 10:23:16 AM

ਜੈਪੁਰ– ਲਖਨਊ ਸੁਪਰ ਜਾਇੰਟਸ ਤੇ ਰਾਜਸਥਾਨ ਰਾਇਲਜ਼ ਵਿਚਾਲੇ ਐਤਵਾਰ ਨੂੰ ਇੱਥੇ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.)-2024 ਦੇ ਮੈਚ ਦੌਰਾਨ ਭਾਰਤੀ ਬੱਲੇਬਾਜ਼ ਕੇ. ਐੱਲ. ਰਾਹੁਲ ਦੀ ਫਾਰਮ ਤੇ ਫਿਟਨੈੱਸ ’ਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ। ਰਾਹੁਲ ਜ਼ਖ਼ਮੀ ਹੋਣ ਕਾਰਨ ਇੰਗਲੈਂਡ ਵਿਰੁੱਧ ਆਖਰੀ 4 ਟੈਸਟ ਮੈਚਾਂ ਵਿਚ ਨਹੀਂ ਖੇਡ ਸਕਿਆ ਸੀ। ਲਖਨਊ ਦਾ ਕਪਤਾਨ ਨਾ ਸਿਰਫ ਇਕ ਬੱਲੇਬਾਜ਼ ਸਗੋਂ ਅਗਵਾਈਕਾਰ ਦੇ ਰੂਪ ਵਿਚ ਵੀ ਚੰਗਾ ਪ੍ਰਦਰਸ਼ਨ ਕਰਨਾ ਚਾਹੇਗਾ।
ਲਖਨਊ ਦੀ ਟੀਮ ਉਸਦੀ ਅਗਵਾਈ ਵਿਚ ਪਿਛਲੇ ਦੋ ਸੈਸ਼ਨਾਂ ਵਿਚ ਪਲੇਅ ਆਫ ਵਿਚ ਜਗ੍ਹਾ ਬਣਾਉਣ ਵਿਚ ਸਫਲ ਰਹੀ ਸੀ। ਆਈ. ਪੀ. ਐੱਲ. ਦੇ ਸ਼ੁਰੂਆਤੀ ਗੇੜ ਵਿਚ ਰਾਹੁਲ ਬੱਲੇਬਾਜ਼ ਦੇ ਰੂਪ ਵਿਚ ਖੇਡ ਸਕਦਾ ਹੈ ਪਰ ਵਿਕਟਕੀਪਿੰਗ ਦੀ ਵਾਧੂ ਜ਼ਿੰਮੇਵਾਰੀ ਲੈਣ ਨਾਲ ਉਸਦੀ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਵਿਚ ਜਗ੍ਹਾ ਬਣਾਉਣ ਦੀ ਸੰਭਾਵਨਾ ਵੱਧ ਜਾਵੇਗੀ।
ਰਾਜਸਥਾਨ ਰਾਇਲਜ਼ ਦਾ ਕਪਤਾਨ ਸੰਜੂ ਸੈਮਸਨ ਵੀ ਆਈ. ਸੀ. ਸੀ. ਟੂਰਨਾਮੈਂਟ ਲਈ ਵਿਕਟਕੀਪਰ ਦੇ ਰੂਪ ਵਿਚ ਭਾਰਤੀ ਟੀਮ ’ਚ ਜਗ੍ਹਾ ਬਣਾਉਣ ਦਾ ਦਾਅਵੇਦਾਰ ਹੈ ਤੇ ਉਹ ਵੀ ਸ਼ੁਰੂ ’ਚ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰੇਗਾ। ਰਾਇਲਜ਼ ਦੀ ਟੀਮ 2022 ਵਿਚ ਫਾਈਨਲ ਵਿਚ ਪਹੁੰਚੀ ਸੀ ਜਿੱਥੇ ਉਸ ਨੂੰ ਗੁਜਰਾਤ ਟਾਈਟਨਸ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਿਛਲੇ ਸੈਸ਼ਨ ’ਚ ਵੀ ਉਸ ਨੇ ਸ਼ੁਰੂ ਵਿਚ ਚੰਗਾ ਪ੍ਰਦਰਸ਼ਨ ਕੀਤਾ ਸੀ ਪਰ ਆਖਿਰ ਵਿਚ 5ਵੇਂ ਸਥਾਨ ’ਤੇ ਰਹੀ ਸੀ। ਰਾਇਲਜ਼ ਦੀ ਬੱਲੇਬਾਜ਼ੀ ਕਾਫੀ ਮਜ਼ਬੂਤ ਹੈ, ਜਿਸ ਵਿਚ ਕਪਤਾਨ ਸੈਮਸਨ ਤੋਂ ਇਲਾਵਾ ਬਿਹਤਰੀਨ ਫਾਰਮ ’ਚ ਚੱਲ ਰਿਹਾ ਯਸ਼ਸਵੀ ਜਾਇਸਵਾਲ ਤੇ ਜੋਸ ਬਟਲਰ ਸ਼ਾਮਲ ਹਨ। ਟੀਮ ਕੋਲ ਧਰੁਵ ਜੁਰੇਲ ਦੇ ਰੂਪ ਵਿਚ ਚੰਗਾ ਫਿਨਿਸ਼ਰ ਹੈ, ਜਿਸ ਨੇ ਇੰਗਲੈਂਡ ਵਿਰੁੱਧ ਟੈਸਟ ਲੜੀ ’ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਸੀ। ਸੈਮਸਨ ਵੈਸਟਇੰਡੀਜ਼ ਦੇ ਸ਼ਿਮਰੋਨ ਹੈੱਟਮਾਇਰ ਤੇ ਰੋਵਮੈਨ ਪਾਵੈੱਲ ਨੂੰ ਟੀਮ ਵਿਚ ਰੱਖ ਕੇ ਮੱਧਕ੍ਰਮ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ।
ਜਿੱਥੋਂ ਤਕ ਲਖਨਊ ਦਾ ਸਵਾਲ ਹੈ ਤਾਂ ਉਸਦੀ ਬੱਲੇਬਾਜ਼ੀ ਦਾ ਦਾਰੋਮਦਾਰ ਕਪਤਾਨ ਰਾਹੁਲ ਤੋਂ ਇਲਾਵਾ ਕਵਿੰਟਨ ਡੀ ਕੌਕ, ਮਾਰਕਸ ਸਟੋਇੰਸ ਤੇ ਨਿਕੋਲਸ ਪੂਰਣ ’ਤੇ ਟਿਕਿਆ ਰਹੇਗਾ। ਇਨ੍ਹਾਂ ਤਜਰਬੇਕਾਰ ਬੱਲੇਬਾਜ਼ਾਂ ਤੇ ਰਾਇਲਜ਼ ਦੇ ਸ਼ਾਨਦਾਰ ਸਪਿਨਰ ਆਰ. ਅਸ਼ਵਿਨ ਤੇ ਯੁਜਵੇਂਦਰ ਚਾਹਲ ਵਿਚਾਲੇ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ।


Aarti dhillon

Content Editor

Related News