KKR vs RR : ਮੈਚ ਤੋਂ ਬਾਅਦ ਪੁਆਇੰਟ ਟੇਬਲ ''ਤੇ ਇਕ ਝਾਤ, ਅਪਡੇਟਿਡ ਆਰੇਂਜ ਤੇ ਪਰਪਲ ਲਿਸਟ ਵੀ ਦੇਖੋ
Friday, Oct 08, 2021 - 11:48 AM (IST)
ਸਪੋਰਟਸ ਡੈਸਕ- ਰਾਜਸਥਾਨ ਰਾਇਲਜ਼ ਨੂੰ 86 ਦੌੜਾਂ ਨਾਲ ਹਰਾ ਕੇ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨੇ ਪਲੇਅ ਆਫ਼ ਦੀਆਂ ਉਮੀਦਾਂ ਨੂੰ ਕਾਇਮ ਰਖਿਆ ਹੈ। ਕੇ. ਕੇ. ਆਰ. 14 ਮੈਚਾਂ 'ਚ 7 ਜਿੱਤ ਦੇ ਨਾਲ 14 ਅੰਕ ਲੈ ਕੇ ਚੌਥੇ ਸਥਾਨ 'ਤੇ ਬਣੀ ਹੋਈ ਹੈ। ਇਸੇ ਦੇ ਨਾਲ ਕੇ. ਕੇ. ਆਰ. ਦਾ ਨੈੱਟ ਰਨ ਰੇਟ ( +0.587) ਵੀ ਚੰਗਾ ਹੈ।
ਹੁਣ ਮੁੰਬਈ ਇੰਡੀਅਨਜ਼ ਦਾ ਪਲੇਅ ਆਫ਼ 'ਚ ਪਹੁੰਚਣ ਦਾ ਕੋਈ ਰਸਤਾ ਦਿਖਾਈ ਨਹੀਂ ਦਿੰਦਾ ਬਸ਼ਰਤੇ ਮੁੰਬਈ ਵੱਡੀ ਜਿੱਤ ਦਰਜ ਕਰੇ। ਮੁੰਬਈ ਦੀ ਰਨ ਰੇਟ -0.048 ਹੈ। ਮੁੰਬਈ ਫਿਲਹਾਲ 13 ਮੈਚਾਂ 'ਚ 6 ਜਿੱਤ ਦੇ ਨਾਲ 10 ਅੰਕ ਲੈ ਕੇ ਛੇਵੇਂ ਸਥਾਨ 'ਤੇ ਹੈ। ਪੰਜਾਬ ਕਿੰਗਜ਼ ਨੇ ਕੱਲ ਸ਼ਾਮ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਨੂੰ ਹਰਾ ਕੇ 12 ਅੰਕ ਹਾਸਲ ਕੀਤੇ ਤੇ ਪੁਆਇੰਟ ਟੇਬਲ 'ਚ ਪੰਜਵੇਂ ਸਥਾਨ 'ਤੇ ਹੈ ਤੇ ਪਲੇਅ ਆਫ਼ ਤੋਂ ਬਾਹਰ ਹੈ। ਜਦਕਿ ਰਾਜਸਥਾਨ ਦੀ ਗੱਲ ਕਰੀਏ ਤਾਂ ਉਹ 14 ਮੈਚਾਂ 'ਚ ਪੰਜ ਜਿੱਤ ਦੇ ਨਾਲ 10 ਅੰਕ ਲੈ ਕੇ ਸਤਵੇਂ ਸਥਾਨ 'ਤੇ ਹੈ।
ਆਖ਼ਰੀ ਸਥਾਨ 'ਤੇ ਸਨਰਾਈਜਰਜ਼ ਹੈਦਰਾਬਾਦ ਹੈ ਜਿਸ ਨੇ ਇਸ ਸੀਜ਼ਨ 'ਚ ਸਭ ਤੋਂ ਖ਼ਰਾਬ ਪ੍ਰਦਰਸ਼ਨ ਕੀਤਾ ਹੈ ਤੇ 13 ਮੈਚਾਂ 'ਚ 3 ਜਿੱਤ ਦੇ ਨਾਲ 6 ਅੰਕ ਲੈ ਕੇ ਆਖ਼ਰੀ ਸਥਾਨ 'ਤੇ ਹੈ। ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਕ੍ਰਮਵਾਰ ਦਿੱਲੀ ਕੈਪੀਟਲਸ (20 ਅੰਕ), ਚੇਨਈ ਸੁਪਰ ਕਿੰਗਜ਼ (18 ਅੰਕ) ਤੇ ਰਾਇਲ ਚੈਲੰਜਰਜ਼ ਬੈਂਗਲੁਰੂ (16 ਅੰਕ) ਹਨ।
ਆਰੇਂਜ ਕੈਪ
ਕੇ. ਐਲ. ਰਾਹੁਲ ਦੀ ਟੀਮ ਭਾਵੇਂ ਹੀ ਪਲੇਅ ਆਫ਼ ਲਈ ਕੁਆਲੀਫ਼ਾਈ ਨਹੀਂ ਕਰ ਸਕੀ ਹੋਵੇ ਪਰ ਟੀਮ ਦੇ ਕਪਤਾਨ 626 ਦੌੜਾਂ ਦੇ ਨਾਲ ਆਰੇਂਜ ਕੈਪ ਹੋਲਡ ਕੀਤੇ ਹੋਏ ਹਨ। ਉਨ੍ਹਾਂ ਦੇ ਆਸਪਾਸ ਦੂਰ-ਦੂਰ ਤਕ ਕੋਈ ਨਹੀਂ ਹੈ। ਕੇ. ਐੱਲ. ਰਾਹੁਲ ਦੇ ਬਾਅਦ ਸੀ. ਐੱਸ. ਕੇ. ਦੋ ਬੱਲੇਬਾਜ਼ ਫ਼ਾਫ਼ ਡੁ ਪਲੇਸਿਸ (546) ਤੇ ਰਿਤੂਰਾਜ ਗਾਇਕਵਾੜ (533) ਹਨ। ਚੌਥੇ ਸਥਾਨ 'ਤੇ ਦਿੱਲੀ ਦੇ ਓਪਨਰ ਸ਼ਿਖਰ ਧਵਨ (501) ਹਨ ਜਿਨ੍ਹਾਂ ਕੋਲ ਕਦੀ ਆਰੇਂਜ ਕੈਪ ਸੀ। ਟਾਪ ਪੰਜ 'ਚ ਸੰਜੂ ਸੈਮਸਨ ਵੀ ਸ਼ਾਮਲ ਹਨ ਜਿਨ੍ਹਾਂ ਦੀ ਟੀਮ ਨੂੰ ਕਲ ਕਰਾਰੀ ਹਾਰ ਝਲਣੀ ਪਈ ਸੀ। ਉਹ 484 ਦੌੜਾਂ ਦੇ ਨਾਲ ਪੰਜਵੇਂ ਸਥਾਨ 'ਤੇ ਹੈ।
ਪਰਪਲ ਕੈਪ
ਆਰ. ਸੀ. ਬੀ. ਦੇ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ 29 ਵਿਕਟਾਂ ਦੇ ਨਾਲ ਪਰਪਲ ਕੈਪ ਹੋਲਡ ਕੀਤੇ ਹੋਏ ਹਨ। ਦਿੱਲੀ ਦੇ ਅਵੇਸ਼ ਖ਼ਾਨ 22 ਵਿਕਟਾਂ ਦੇ ਨਾਲ ਦੂਜੇ ਸਥਾਨ 'ਤੇ ਹਨ। ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ੰਮੀ ਦੋਵੇਂ ਦੀਆਂ 19-19 ਵਿਕਟਾਂ ਹਨ। ਪਰ ਬੁਮਰਾਹ ਤੀਜੇ ਸਥਾਨ ਤੇ ਸ਼ੰਮੀ ਚੌਥੇ ਸਥਾਨ 'ਤੇ ਹਨ। ਟਾਪ ਪੰਜ ਗੇਂਦਬਾਜ਼ਾਂ 'ਚ ਅਰਸ਼ਦੀਪ ਸਿੰਘ ਦੀ ਵਾਪਸੀ ਹੋਈ ਹੈ ਤੇ ਉਹ 18 ਵਿਕਟਾਂ ਦੇ ਨਾਲ ਪੰਜਵੇਂ ਸਥਾਨ 'ਤੇ ਹਨ।