KKR v PBKS : ਪੰਜਾਬ ਦੀ ਸ਼ਾਨਦਾਰ ਜਿੱਤ, ਕੋਲਕਾਤਾ ਨੂੰ 5 ਵਿਕਟਾਂ ਨਾਲ ਹਰਾਇਆ
Friday, Oct 01, 2021 - 11:30 PM (IST)
ਦੁਬਈ- ਕਪਤਾਨ ਲੋਕੇਸ਼ ਰਾਹੁਲ ਦੀਆਂ 67 ਦੌੜਾਂ ਦੀ ਸ਼ਾਨਦਾਰ ਪਾਰੀ ਅਤੇ ਸ਼ਾਹਰੁਖ ਖਾਨ ਦੇ ਆਖਰੀ ਓਵਰ 'ਚ ਲਗਾਏ ਗਏ ਛੱਕੇ ਨਾਲ ਪੰਜਾਬ ਕਿੰਗਜ਼ ਨੇ ਰੋਮਾਂਚਕ ਮੁਕਾਬਲੇ ਵਿਚ ਸ਼ੁੱਕਰਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ. ਦੇ ਪਲੇਅ ਆਫ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ। ਕੋਲਕਾਤਾ ਨੇ ਸਲਾਮੀ ਬੱਲੇਬਾਜ਼ ਵੇਂਕਟੇਸ਼ ਅਈਅਰ (67) ਦੇ ਸ਼ਾਨਦਾਰ ਅਰਧ ਸੈਂਕੜੇ ਤੇ ਰਾਹੁਲ ਤ੍ਰਿਪਾਠੀ (34) ਤੇ ਨਿਤੀਸ਼ ਰਾਣਾ (31) ਦੀ ਧਮਾਕੇਦਾਰ ਪਾਰੀਆਂ ਨਾਲ 20 ਓਵਰਾਂ ਵਿਚ 7 ਵਿਕਟਾਂ 'ਤੇ 165 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ, ਜਦਕਿ ਪੰਜਾਬ ਨੇ 19.3 ਓਵਰਾਂ ਵਿਚ ਪੰਜ ਵਿਕਟਾਂ 'ਤੇ 168 ਦੌੜਾਂ ਬਣਾ ਕੇ ਰੋਮਾਂਚਕ ਜਿੱਤ ਆਪਣੇ ਨਾਂ ਕੀਤੀ।
ਪੰਜਾਬ ਦੀ 12 ਮੈਚਾਂ ਵਿਚ ਇਹ 5ਵੀਂ ਜਿੱਤ ਹੈ ਅਤੇ ਉਸਦਜੇ 10 ਅੰਕ ਹੋ ਗਏ ਹਨ, ਪੰਜਾਬ ਦੀ ਟੀਮ ਹੁਣ 5ਵੇਂ ਸਥਾਨ 'ਤੇ ਪਹੁੰਚ ਗਈ ਹੈ ਅਤੇ ਉਸਦੀਆਂ ਪਲੇਅ ਆਫ ਦੀਆਂ ਉਮੀਦਾਂ ਬਣੀਆਂ ਹੋਈਆਂ ਹਨ। ਕੋਲਕਾਤਾ ਦੀ ਟੀਮ ਇਸ ਹਾਰ ਤੋਂ ਬਾਅਦ 10 ਅੰਕਾਂ ਦੇ ਨਾਲ ਹੁਣ ਵੀ ਚੌਥੇ ਸਥਾਨ 'ਤੇ ਹੈ। ਪੰਜਾਬ ਦੀ ਇਸ ਜਿੱਤ ਨਾਲ ਦਿੱਲੀ ਕੈਪੀਟਲਸ ਦੀ ਟੀਮ ਨੇ ਪਲੇਅ ਆਫ ਦੇ ਲਈ ਕੁਆਲੀਫਾਈ ਕਰ ਲਿਆ ਹੈ।
ਇਹ ਵੀ ਪੜ੍ਹੋ : 18 ਸਾਲਾ ਰਿਚਾ ਘੋਸ਼ ਮਹਿਲਾ ਬਿਗ ਬੈਸ਼ ਲੀਗ ਨਾਲ ਜੁੜੀ, ਇਸ ਟੀਮ ਨਾਲ ਕੀਤਾ ਕਰਾਰ
ਇਸ ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਕੋਲਕਾਤਾ ਦਾ ਪਹਿਲਾ ਵਿਕਟ 18 ਦੇ ਸਕੋਰ 'ਤੇ ਡਿੱਗਿਆ ਪਰ ਇਸ ਤੋਂ ਬਾਅਦ ਅਈਅਰ ਤੇ ਤ੍ਰਿਪਾਠੀ ਨੇ ਦੂਜੇ ਵਿਕਟ ਦੇ ਲਈ 72 ਦੌੜਾਂ ਦੀ ਸਾਂਝੇਦਾਰੀ ਕੀਤੀ। ਤ੍ਰਿਪਾਠੀ ਨੇ 26 ਗੇਂਦਾਂ 'ਤੇ 34 ਦੌੜਾਂ ਵਿਚ ਤਿੰਨ ਚੌਕੇ ਅਤੇ ਇਕ ਛੱਕਾ ਲਗਾਇਆ। ਅਈਅਰ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਅਰਧ ਸੈਂਕੜਾ ਪੂਰਾ ਕੀਤਾ। ਅਈਅਰ ਨੂੰ ਲੈੱਗ ਸਪਿਰਨ ਰਵੀ ਬਿਸ਼ਨੋਈ ਨੇ ਦੀਪਕ ਹੁੱਡਾ ਦੇ ਹੱਥੋਂ ਕੈਚ ਕਰਵਾਇਆ। ਪੰਜਾਬ ਨੇ ਇਸ ਤੋਂ ਬਾਅਦ ਕੋਲਕਾਤਾ ਦੇ ਕਪਤਾਨ ਇਯੋਨ ਮੋਰਗਨ ਨੂੰ 2 ਦੌੜਾਂ 'ਤੇ ਆਊਟ ਕੀਤਾ ਜਦਕਿ ਟਿਮ ਸੀਫਟਰ 2 ਦੌੜਾਂ ਬਣਾ ਕੇ ਆਊਟ ਹੋ ਗਏ। ਪੰਜਾਬ ਟੀਮ ਵਲੋਂ ਅਰਸ਼ਦੀਪ ਸਿੰਘ ਨੇ 32 ਦੌੜਾਂ 'ਤੇ ਤਿੰਨ ਵਿਕਟਾਂ ਤੇ ਲੈੱਗ ਸਪਿਨਰ ਰਵੀ ਨੇ 22 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ।
ਪਲੇਇੰਗ ਇਲੈਵਨ
ਕੋਲਕਾਤਾ ਨਾਈਟ ਰਾਈਡਰਜ਼ : ਸ਼ੁੱਭਮਨ ਗਿੱਲ, ਵੈਂਕਟੇਸ਼ ਅਈਅਰ, ਰਾਹੁਲ ਤ੍ਰਿਪਾਠੀ, ਈਓਨ ਮੌਰਗਨ (ਕਪਤਾਨ), ਨਿਤੀਸ਼ ਰਾਣਾ, ਦਿਨੇਸ਼ ਕਾਰਤਿਕ (ਵਿਕਟਕੀਪਰ), ਟਿਮ ਸੀਫਰਟ, ਸੁਨੀਲ ਨਰੇਨ, ਸ਼ਿਵਮ ਮਾਵੀ, ਟਿਮ ਸਾਾਊਥੀ, ਵਰੁਣ ਚਕਰਵਰਤੀ
ਪੰਜਾਬ ਕਿੰਗਜ਼ : ਕੇ. ਐਲ. ਰਾਹੁਲ (ਵਿਕਟਕੀਪਰ/ਕਪਤਾਨ), ਮਯੰਕ ਅਗਰਵਾਲ, ਏਡੇਨ ਮਾਰਕਰਮ, ਨਿਕੋਲਸ ਪੂਰਨ, ਸ਼ਾਹਰੁਖ ਖਾਨ, ਦੀਪਕ ਹੁੱਡਾ, ਫੈਬੀਅਨ ਐਲਨ, ਨਾਥਨ ਐਲਿਸ, ਮੁਹੰਮਦ ਸ਼ੰਮੀ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ
ਇਹ ਵੀ ਪੜ੍ਹੋ : ਕ੍ਰਿਸ ਗੇਲ ਨੇ ਆਈ. ਪੀ. ਐੱਲ 2021 ਤੋਂ ਹਟਣ ਦਾ ਕੀਤਾ ਫ਼ੈਸਲਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।