KKR vs LSG : ਲਖਨਊ ਨੇ ਰੋਮਾਂਚਕ ਮੈਚ 'ਚ ਕੋਲਕਾਤਾ ਨੂੰ 2 ਦੌੜਾਂ ਨਾਲ ਹਰਾਇਆ
Wednesday, May 18, 2022 - 11:23 PM (IST)
ਸਪੋਰਟਸ ਡੈਸਕ- ਕਵਿੰਟਨ ਡੀਕਾਕ (ਅਜੇਤੂ 140) ਦੇ ਸ਼ਾਨਦਾਰ ਸੈਂਕੜੇ ਅਤੇ ਉਨ੍ਹਾਂ ਦੀ ਕਪਤਾਨ ਲੋਕੇਸ਼ ਰਾਹੁਲ (ਅਜੇਤੂ 68) ਦੇ ਨਾਲ 210 ਦੌੜਾਂ ਦੀ ਰਿਕਾਰਡ ਅਜੇਤੂ ਸਾਂਝੇਦਾਰੀ ਤੋਂ ਬਾਅਦ ਮੋਹਸਿਨ ਖਾਨ ਅਤੇ ਮਾਰਕਸ ਸਟੋਇਨਿਸ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਲਖਨਊ ਸੁਪਰ ਜਾਇੰਟਸ ਨੇ ਕੋਲਕਾਤਾ ਨਾਈਟ ਰਾਈਡਰਸ (ਕੇ. ਕੇ. ਆਰ.) ਨੂੰ ਰੋਮਾਂਚਕ ਮੁਕਾਬਲੇ ਵਿਚ 2 ਦੌੜਾਂ ਨਾਲ ਹਰਾ ਕੇ ਪਲੇਅ ਆਫ ਵਿਚ ਜਗ੍ਹਾ ਬਣਾਈ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਨੇ ਬਿਨਾਂ ਕਿਸੇ ਨੁਕਸਾਨ ਦੇ 20 ਓਵਰਾਂ ਵਿਚ 210 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ, ਜਿਸ ਦੇ ਜਵਾਬ ਵਿਚ ਕੋਲਕਾਤਾ ਦੀ ਟੀਮ 20 ਓਵਰਾਂ ਵਿਚ 8 ਵਿਕਟਾਂ ਉੱਤੇ 208 ਦੌੜਾਂ ਹੀ ਬਣਾ ਸਕੀ। ਰਿੰਕੂ ਸਿੰਘ ਨੇ ਆਖਰੀ ਓਵਰਾਂ ਵਿਚ 15 ਗੇਂਦ ਉੱਤੇ 40 ਦੌੜਾਂ ਦੀ ਪਾਰੀ ਖੇਡ ਕੇ ਕੋਲਕਾਤਾ ਨੂੰ ਜਿੱਤ ਦੇ ਬੇਹੱਦ ਕਰੀਬ ਪਹੰੁਚਾ ਦਿੱਤਾ ਸੀ । ਟੀਮ ਨੂੰ 2 ਗੇਂਦਾਂ ਉੱਤੇ 3 ਦੌੜਾਂ ਦੀ ਜ਼ਰੂਰਤ ਸੀ। ਇੱਥੇ ਸਟੋਇਨਿਸ ਦੀ ਗੇਂਦ ਉੱਤੇ ਏਵਿਨ ਲੁਇਸ ਨੇ ਰਿੰਕੂ ਦਾ ਹੈਰਾਨੀਜਨਕ ਕੈਚ ਫੜ ਲਿਆ। ਸਟੋਇਨਿਸ ਨੇ ਅਗਲੀ ਗੇਂਦ ਉੱਤੇ ਉਮੇਸ਼ ਯਾਦਵ ਨੂੰ ਬੋਲਡ ਕਰ ਕੇ ਲਖਨਊ ਨੂੰ ਜਿੱਤ ਦਿਵਾ ਦਿੱਤੀ। ਇਸ ਤੋਂ ਪਹਿਲਾਂ ਕਪਤਾਨ ਸ਼੍ਰੇਅਸ ਅੱਈਅਰ ਨੇ ਸਭ ਤੋਂ ਜ਼ਿਆਦਾ 50 ਦੌੜਾਂ ਬਣਾਈਆਂ। ਨੀਤੀਸ਼ ਰਾਣਾ ਨੇ 42 ਅਤੇ ਸੈਮ ਬਿਲਿੰਗਸ ਨੇ 36 ਦੌੜਾਂ ਦੀ ਪਾਰੀ ਖੇਡੀ।
ਇਹ ਵੀ ਪੜ੍ਹੋ :-ਮਾਰਚ 'ਚ ਕ੍ਰੈਸ਼ ਹੋਏ ਜਹਾਜ਼ ਬਾਰੇ ਅਮਰੀਕਾ ਨੇ ਕੋਈ ਜਾਣਕਾਰੀ ਨਹੀਂ ਦਿੱਤੀ : ਚੀਨ
ਇਸ ਜਿੱਤ ਦੇ ਲਖਨਊ ਸੁਪਰ ਜਾਇੰਟਸ ਦੇ 14 ਮੈਚਾਂ ਤੋਂ 18 ਅੰਕ ਹੋ ਗਏ ਹਨ ਅਤੇ ਉਹ ਪੁਆਇੰਟ ਟੇਬਲ ਵਿਚ ਨੰਬਰ-2 ਉੱਤੇ ਆ ਗਈ ਹੈ। ਦੂਜੇ ਪਾਸੇ ਕੋਲਕਾਤਾ ਦੇ 14 ਮੈਚਾਂ ਤੋਂ 12 ਅੰਕ ਰਹੇ ਹਨ ਅਤੇ ਉਹ ਪਲੇਅ ਆਫ ਦੀ ਹੋੜ ਤੋਂ ਬਾਹਰ ਹੋ ਗਈ ਹੈ। ਇਸ ਤੋਂ ਪਹਿਲਾਂ ਡੀਕਾਕ ਨੇ 3 ਵਾਰ ਜੀਵਨਦਾਨ ਮਿਲਣ ਤੋਂ ਬਾਅਦ 70 ਗੇਂਦਾਂ ਉੱਤੇ ਅਜੇਤੂ 140 ਦੌੜਾਂ ਬਣਾਈਆਂ, ਜੋ ਉਨ੍ਹਾਂ ਦੇ ਟੀ-20 ਕੈਰੀਅਰ ਦਾ ਸਭ ਤੋਂ ਉਚ ਸਕੋਰ ਹੈ। ਇਸ ਦੱਖਣੀ ਅਫਰੀਕੀ ਵਿਕਟਕੀਪਰ ਬੱਲੇਬਾਜ਼ ਨੇ 200 ਦੇ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਅਤੇ ਛੱਕੇ ਮਾਰਨ ਦੇ ਆਪਣੇ ਹੁਨਰ ਦਾ ਬੇਜੋੜ ਨਮੂਨਾ ਪੇਸ਼ ਕਰ ਕੇ 10 ਛੱਕੇ ਅਤੇ ਇੰਨੇ ਹੀ ਚੌਕੇ ਲਾਏ।
ਰਾਹੁਲ ਨੇ 51 ਗੇਂਦਾਂ ਉੱਤੇ 3 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ ਅਜੇਤੂ 68 ਦੌੜਾਂ ਦੀ ਪਾਰੀ ਖੇਡੀ। ਆਈ. ਪੀ. ਐੱਲ. ਵਿਚ ਇਹ ਪਹਿਲਾ ਮੌਕਾ ਹੈ, ਜਦੋਂਕਿ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਕਿਸੇ ਟੀਮ ਨੇ ਪੂਰੇ 20 ਓਵਰਾਂ ਵਿਚ ਕੋਈ ਵਿਕਟ ਨਹੀਂ ਗਵਾਈ। ਡੀਕਾਕ ਅਤੇ ਰਾਹੁਲ ਨੇ ਆਈ. ਪੀ. ਐੱਲ. ਵਿਚ ਪਹਿਲੇ ਵਿਕਟ ਲਈ ਸਭ ਤੋਂ ਵੱਡੀ ਅਤੇ ਕੁਲ ਤੀਜੀ ਸਭ ਤੋਂ ਉੱਚ ਸਾਂਝੇਦਾਰੀ ਕੀਤੀ। ਰਾਹੁਲ ਅਤੇ ਡੀਕਾਕ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਲਈ ਉਤਰੀ ਲਖਨਊ ਦੀ ਟੀਮ ਨੂੰ ਬਹੁਤ ਚੰਗੀ ਸ਼ੁਰੂਆਤ ਦਿਵਾਈ। ਇਨ੍ਹਾਂ ਦੋਵਾਂ ਨੇ ਪਾਵਰ ਪਲੇਅ ਵਿਚ 44 ਦੌੜਾਂ ਜੋਡ਼ੀਆਂ। ਡੀਕਾਕ ਜਦੋਂ 12 ਦੌੜਾਂ ਉੱਤੇ ਸਨ ਤਾਂ ਉਨ੍ਹਾਂ ਨੂੰ ਜੀਵਨਦਾਨ ਮਿਲਿਆ, ਜਿਸ ਦਾ ਜਸ਼ਨ ਉਨ੍ਹਾਂ ਨੇ ਉਮੇਸ਼ ਯਾਦਵ ਉੱਤੇ ਛੱਕਾ ਜੜ ਕੇ ਮਨਾਇਆ।
ਦੋਵੇਂ ਟੀਮਾਂ ਦੀਆਂ ਸੰਭਾਵਿਤ ਪਲੇਇੰਗ-11
ਕੋਲਕਾਤਾ ਨਾਈਟ ਰਾਈਡਰਜ਼ : ਵੈਂਕਟੇਸ਼ ਅਈਅਰ, ਅਭਿਜੀਤ ਤੋਮਰ, ਸ਼੍ਰੇਅਸ ਅਈਅਰ (ਕਪਤਾਨ), ਨਿਤੀਸ਼ ਰਾਣਾ, ਸੈਮ ਬਿਲਿੰਗਜ਼ (ਵਿਕਟਕੀਪਰ),ਰਿੰਕੂ ਸਿੰਘ, ਆਂਦਰੇ ਰਸੇਲ, ਸੁਨੀਲ ਨਰਾਇਣ, ਉਮੇਸ਼ ਯਾਦਵ, ਟਿਮ ਸਾਊਦੀ, ਵਰੁਣ ਚੱਕਰਵਰਤੀ।
ਲਖਨਊ ਸੁਪਰ ਜਾਇੰਟਸ : ਕਵਿੰਟਨ ਡੀ ਕਾਕ (ਵਿਕਟਕੀਪਰ), ਕੇ. ਐੱਲ. ਰਾਹੁਲ (ਕਪਤਾਨ),ਏਵਿਨ ਲੁਈਸ,ਦੀਪਕ ਹੁੱਡਾ,ਮਨਨ ਵੋਹਰਾ, ਮਾਰਕਸ ਸਟੋਇਨਿਸ,ਜੇਸਨ ਹੋਲਡਰ, ਕ੍ਰਿਸ਼ਨਪਾ ਗੌਤਮ, ਮੋਹਸਿਨ ਖਾਨ,ਅਵੇਸ਼ ਖਾਨ, ਰਵੀ ਭਿਸ਼ਨੋਈ।
ਇਹ ਵੀ ਪੜ੍ਹੋ :-ਪਾਕਿ PM ਸ਼ਰੀਫ਼ ਨੇ ਚੀਨੀ ਨਾਗਰਿਕਾਂ ਦੀ ਸੁਰੱਖਿਆ ਵਧਾਉਣ ਦਾ ਦਿੱਤਾ ਹੁਕਮ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ