ਚੌਥੀ ਵਾਰ IPL ਦੇ ਫਾਈਨਲ 'ਚ ਪਹੁੰਚੀ KKR, ਪਹਿਲੇ ਕੁਆਲੀਫਾਇਰ 'ਚ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾਇਆ
Tuesday, May 21, 2024 - 11:27 PM (IST)
ਸਪੋਰਟਸ ਡੈਸਕ- ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਕੁਆਲੀਫਾਇਰ-1 ਵਿੱਚ ਅੱਠ ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਕੇ.ਕੇ.ਆਰ. ਨੇ ਇਸ ਮੈਚ ਵਿੱਚ ਗੇਂਦ ਅਤੇ ਬੱਲੇ ਦੋਵਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਾਲਾਂਕਿ ਹੈਦਰਾਬਾਦ ਦਾ ਸਫਰ ਖਤਮ ਨਹੀਂ ਹੋਇਆ ਹੈ ਅਤੇ ਉਸ ਕੋਲ ਕੁਆਲੀਫਾਇਰ-2 ਜਿੱਤ ਕੇ ਖਿਤਾਬੀ ਮੁਕਾਬਲੇ 'ਚ ਪ੍ਰਵੇਸ਼ ਕਰਨ ਦਾ ਮੌਕਾ ਹੋਵੇਗਾ।
ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਵੈਂਕਟੇਸ਼ ਅਈਅਰ ਅਤੇ ਕਪਤਾਨ ਸ਼੍ਰੇਅਸ ਅਈਅਰ ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਮਦਦ ਨਾਲ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਨੇ ਕੁਆਲੀਫਾਇਰ-1 ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਨੇ ਰਾਹੁਲ ਤ੍ਰਿਪਾਠੀ ਦੀਆਂ 55 ਦੌੜਾਂ ਦੀ ਮਦਦ ਨਾਲ 19.3 ਓਵਰਾਂ 'ਚ 159 ਦੌੜਾਂ ਬਣਾਈਆਂ ਪਰ ਕੇ.ਕੇ.ਆਰ. ਨੇ ਸ਼੍ਰੇਅਸ ਦੀਆਂ 24 ਗੇਂਦਾਂ 'ਤੇ ਪੰਜ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ ਅਜੇਤੂ 58 ਦੌੜਾਂ ਅਤੇ ਵੇਂਕਟੇਸ਼ ਅਈਅਰ ਦੀਆਂ 28 ਗੇਂਦਾਂ 'ਤੇ ਪੰਚ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 51 ਦੌੜਾਂ ਦੀ ਅਜੇਤੂ ਪਾਰੀ ਦੇ ਦਮ 'ਤੇ 13.4 ਓਵਰਾਂ 'ਚ ਦੋ ਵਿਕਟਾਂ 'ਤੇ 164 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਕੇ.ਕੇ.ਆਰ. ਨੇ ਇਸ ਤਰ੍ਹਾਂ ਕੁਆਲੀਫਾਇਰ-1 ਵਿੱਚ ਅਜੇਤੂ ਰਹਿਣ ਦਾ ਆਪਣਾ ਰਿਕਾਰਡ ਕਾਇਮ ਰੱਖਿਆ ਅਤੇ ਆਈ.ਪੀ.ਐੱਲ. 2024 ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ। ਹਾਰ ਦੇ ਬਾਵਜੂਦ ਹੈਦਰਾਬਾਦ ਦੀ ਟੀਮ ਟੂਰਨਾਮੈਂਟ ਤੋਂ ਬਾਹਰ ਨਹੀਂ ਹੋਈ ਹੈ ਅਤੇ ਉਸ ਨੂੰ ਖ਼ਿਤਾਬੀ ਮੁਕਾਬਲੇ ਵਿੱਚ ਪ੍ਰਵੇਸ਼ ਕਰਨ ਦਾ ਇੱਕ ਹੋਰ ਮੌਕਾ ਮਿਲੇਗਾ।
ਹੈਦਰਾਬਾਦ ਦਾ ਸਾਹਮਣਾ ਹੁਣ ਸ਼ੁੱਕਰਵਾਰ ਨੂੰ ਕੁਆਲੀਫਾਇਰ-2 ਵਿੱਚ ਬੁੱਧਵਾਰ ਨੂੰ ਆਰ.ਸੀ.ਬੀ. ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਹੋਣ ਵਾਲੇ ਐਲੀਮੀਨੇਟਰ ਦੇ ਜੇਤੂ ਨਾਲ ਹੋਵੇਗਾ। ਕੁਆਲੀਫਾਇਰ-2 ਦੀ ਜੇਤੂ ਟੀਮ ਐਤਵਾਰ ਨੂੰ ਚੇਨਈ ਦੇ ਚੇਪੌਕ ਸਟੇਡੀਅਮ ਵਿੱਚ ਹੋਣ ਵਾਲੇ ਖ਼ਿਤਾਬੀ ਮੈਚ ਵਿੱਚ ਕੇ.ਕੇ.ਆਰ. ਦਾ ਸਾਹਮਣਾ ਕਰੇਗੀ।