ਸਥਾਨਕ ਪੱਧਰ ’ਤੇ ਖਿਡਾਰੀਆਂ ਦੀ ਚੋਣ ’ਤੇ ਪੂਰੀ ਪਾਰਦਰਸ਼ਤਾ : ਰਿਜਿਜੂ

03/19/2020 4:59:47 PM

ਨਵੀਂ ਦਿੱਲੀ— ਕੇਂਦਰੀ ਖੇਡ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਦੇਸ਼ ’ਚ ਸਥਾਨਕ ਪੱਧਰ ’ਤੇ ਖਿਡਾਰੀਆਂ ਦੀ ਚੋਣ ’ਚ ਖੇਡ ਸੰਘਾਂ ਵੱਲੋਂ ਪੂਰੀ ਪਾਰਦਰਸ਼ਤਾ ਵਰਤੀ ਜਾ ਰਹੀ ਹੈ। ਰਿਜਿਜੂ ਨੇ ਵੀਰਵਾਰ ਨੂੰ ਲੋਕਸਭਾ ’ਚ ਪ੍ਰਸ਼ਨ ਕਾਲ ਦੇ ਦੌਰਾਨ ਬਹੁਜਨ ਸਮਾਜ ਪਾਰਟੀ ਦੇ ਸ਼ਿਆਮ ਸਿੰਘ ਯਾਦਵ ਦੇ ਪੂਰਕ ਪ੍ਰਸ਼ਨ ਦੇ ਉੱਤਰ ’ਚ ਇਹ ਗੱਲ ਕਹੀ। ਯਾਦਵ ਨੇ ਦੋਸ਼ ਲਾਇਆ ਕਿ ਸਥਾਨਕ ਪੱਧਰ ’ਤੇ ਖਿਡਾਰੀਆਂ ਦੀ ਚੋਣ ’ਚ ਬੇਈਮਾਨੀ ਹੁੰਦੀ ਹੈ ਅਤੇ ਖੇਡ ਸੰਘਾਂ ਦੀ ਮਨਮਾਨੀ ਚਲਦੀ ਹੈ।

ਖੇਡ ਮੰਤਰੀ ਰਿਜਿਜੂ ਨੇ ਕਿਹਾ ਕਿ ਖਿਡਾਰੀਆਂ ਦੀ ਚੋਣ ’ਚ ਪੂਰੀ ਪਾਰਦਰਸ਼ਤਾ ਵਰਤੀ ਜਾ ਰਹੀ ਹੈ ਅਤੇ ‘ਖੇਲੋ ਇੰਡੀਆ’ ਯੋਜਨਾ ਦੇ ਤਹਿਤ ਸਥਾਨਕ ਪੱਧਰ ’ਤੇ ਹੁਨਰਮੰਦ ਖਿਡਾਰੀਆਂ ਦੀ ਪਛਾਣ ਕਰਕੇ ਭਾਰਤੀ ਖੇਡ ਅਥਾਰਿਟੀ (ਸਾਈ) ਦੇ ਕੇਂਦਰਾਂ ’ਚ ਉਨ੍ਹਾਂ ਨੂੰ ਪ੍ਰਵੇਸ਼ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਸਿਖਲਾਈ ’ਤੇ ਪੂਰਾ ਧਿਆਨ ਦਿੱਤਾ ਜਾਂਦਾ ਹੈ। ਅਜਿਹੇ ਖਿਡਾਰੀਆਂ ਨੂੰ ਸਟਾਈਪੰਡ ਵੀ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਖੇਡ ਸਮਰਥਾ ਨਿਖਾਰਨ ’ਤੇ ਪੂਰਾ ਧਿਆਨ ਕੇਂਦਰਤ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਖਿਡਾਰੀਆਂ ਦੀ ਚੋਣ ’ਚ ਖੇਡ ਸੰਘਾਂ ਨੂੰ ਪੂਰਾ ਅਧਿਕਾਰ ਹੈ ਅਤੇ ਇਸ ’ਚ ਕੋਈ ਵਿਤਕਰਾ ਨਹੀਂ ਹੁੰਦਾ। ਕਿਸੇ ਵੀ ਪੱਧਰ ’ਤੇ ਕਿਸੇ ਵੀ ਤਰ੍ਹਾਂ ਦਾ ਦਖ਼ਲ ਨਹੀਂ ਦਿੱਤਾ ਜਾਂਦਾ ਹੈ।  


Tarsem Singh

Content Editor

Related News