ਇਕ ਕਮਰੇ ''ਚ ਰਹਿਣ ਲਈ ਮਜ਼ਬੂਰ ਹੈ ਕੌਮੀ ਨੈੱਟਬਾਲ ਖਿਡਾਰਨ ਦਾ ਪਰਿਵਾਰ
Monday, Aug 13, 2018 - 10:39 AM (IST)

ਨਵੀਂ ਦਿੱਲੀ—ਨੈੱਟਬਾਲ ਦੀ ਕੌਮੀ ਖਿਡਾਰਨ ਕਿਰਨਜੀਤ ਕੌਰ ਆਪਣੀ ਖੇਡ ਕਲਾ ਦੇ ਦਮ 'ਤੇ ਤਮਗੇ ਜਿੱਤਦੀ ਹੈ ਪਰ ਮੰਦੀ ਆਰਥਿਕਤਾ ਨੂੰ ਹਰਾਉਣਾ ਉਸ ਦੇ ਵੱਸ ਦੀ ਗੱਲ ਨਹੀਂ ਰਹੀ। ਪੰਜ ਵਾਰ ਕੌਮੀ ਪੱਧਰ 'ਤੇ ਖੇਡ ਚੁੱਕੀ ਇਸ ਖਿਡਾਰਨ ਦੀ ਹੱਲਾਸ਼ੇਰੀ ਲਈ ਸਰਕਾਰ ਨੇ ਕਦੇ ਫੋਕੀ ਸੁਲ੍ਹਾ ਵੀ ਨਹੀਂ ਮਾਰੀ। ਵੱਡੇ ਮੁਕਾਬਲਿਆਂ 'ਚ ਖੇਡਣ ਲਈ ਚੁਣੇ ਜਾਣ ਦੀ ਖੁਸ਼ੀ ਤਾਂ ਕਿਰਨਜੀਤ ਨੂੰ ਹੁੰਦੀ ਹੈ ਪਰ ਉੱਥੇ ਜਾਣ ਲਈ ਆਉਣ ਵਾਲੇ ਖਰਚੇ ਦਾ ਫਿਰਕ ਸਤਾਉਦਾ ਹੈ। ਘਰੇਲੂ ਹਾਲਾਤ ਭਾਵੇਂ ਖਰਚੇ ਦੀ ਹਾਮੀ ਨਹੀਂ ਭਰਦੇ ਪਰ ਕਿਸਾਨ ਪਿਤਾ ਇਸੇ ਆਸ ਨਾਲ ਉਸ ਨੂੰ ਪੈਸੇ ਫੜ੍ਹ ਕੇ ਤੋੜ ਦਿੰਦਾ ਹੈ ਕਿ ਸ਼ਾਇਦ ਉਸ ਦੀ ਪੜ੍ਹਾਈ ਅਤੇ ਖੇਡਾਂ ਦਾ ਮੁੱਲ ਪੈ ਜਾਵੇਗਾ।
ਕਸਬਾ ਜੋਗਾ (ਮਾਨਸਾ) ਦੀ ਇਸ ਨੈੱਟਬਾਲ ਖਿਡਾਰਨ ਨੇ ਦੱਸਿਆ ਕਿ ਉਹ ਦਿੱਲੀ, ਛੱਤੀਸਗੜ੍ਹ, ਪਾਣੀਪਤ, ਸੋਨੀਪਤ ਅਤੇ ਜੈਪੁਰ 'ਚ ਨੈੱਟਬਾਲ ਦੇ ਕੌਮੀ ਮੁਕਾਬਲਿਆ 'ਚ ਹਿੱਸਾ ਲੈ ਚੁੱਕੀ ਹੈ। ਅੰਤਰ ' ਵਰਸਿਟੀ ਮੁਕਾਬਲਿਆ 'ਚ ਹਿੱਸਾ ਲੈਣ ਲਈ ਉਹ ਮੰੰਗਲੌਰ ਵੀ ਗਈ ਸੀ। ਦੂਰ-ਦੁਰਾਡੇ ਖੇਡਣ ਜਾਣ ਦਾ ਸਾਰਾ ਖਰਚ ਉਹ ਖੁਦ ਕਰਦੀ ਹੈ। ਆਰਥਿਕ ਮਦਦ ਤਾਂ ਦੂਰ ਸਰਕਾਰ ਤੋਂ ਉਸ ਨੂੰ ਕਦੇ ਖੇਡ ਕਿੱਟ ਵੀ ਨਹੀਂ ਮਿਲੀ। ਘਰ ਦੇ ਹਾਲਾਤ ਇੰਨੇ ਖਰਾਬ ਹਨ ਕਿ 4 ਮਹੀਨੇ ਪਹਿਲਾਂ ਇਕ ਕਮਰੇ ਦੀ ਛੱਤ ਡਿੱਗ ਪਈ ਸੀ, ਜਿਸਨੂੰ ਮੁੜ ਬਣਾਉਣ ਜੋਗੇ ਪੈਸੇ ਵੀ ਉਨ੍ਹਾਂ ਕੋਲ ਨਹੀਂ ਹਨ। ਮੀਂਹ ਦੇ ਮੌਸਮ 'ਚ 8 ਮੈਬਰਾਂ ਦਾ ਪਰਿਵਾਰ ਇਕ ਕਮਰੇ ਦੀ ਛੱਤ ਹੇਠਾਂ ਰਾਤ ਲੰਘਾਉਂਦਾ ਹੈ। ਕੌਮੀ ਮੁਕਾਬਲਿਆਂ 'ਚ ਦੋ ਸੋਨ, ਅਤੇ ਇਕ ਚਾਂਦੀ ਤੇ ਇਕ ਕਾਂਸੀ ਦਾ ਤਗਮਾ ਜੇਤੂ ਇਸ ਖਿਡਾਰਨ ਨੇ ਦੱਸਿਆ ਕਿ ਇਕ ਵਾਰ ਪਿੰਡ ਦੀ ਪੰਚਾਇਤ ਨੇ ਇਸ ਨੂੰ ਸਨਮਾਨਿਤ ਕੀਤਾ ਸੀ ਅਤੇ ਪਿੰਡ ਦੇ ਹੀ ਇਕ ਐੱਨ.ਆਰ.ਆਈ ਨੇ ਕੁਝ ਆਰਥਿਕ ਮਦਦ ਵੀ ਦਿੱਤੀ।
ਜ਼ਿਲਾ ਬਰਨਾਲਾ ਦੇ ਪਿੰਡ ਢਿੱਲਵਾਂ ਦੇ ਇਕ ਕਾਲਜ 'ਚ ਬੀ.ਏ, ਭਾਗ ਦੂਜਾ ਦੀ ਵਿਦਿਆਰਥਣ ਕਿਰਨਜੀਤ ਕੌਰ ਨੇ ਕਿਹਾ ਕਿ ਸਰਕਾਰ ਉਸ ਨੂੰ ਢੁਕਵੀ ਨੌਕਰੀ ਦੇਵੇ ਤਾਂ ਜੋ ਉਹ ਆਪਣੇ ਪਰਿਵਾਰ ਦੇ ਸਹਾਰੇ ਤੋਂ ਇਲਾਵਾ ਖੇਡ ਸਫਰ ਨੂੰ ਬਗੈਰ ਫਿਕਰ ਤੋਂ ਜਾਰੀ ਰੱਖ ਸਕੇ। ਕਿਰਨਜੀਤ ਕੌਰ ਦੇ ਪਿਤਾ ਗੁਰਜੰਟ ਸਿੰਘ ਨੇ ਦੱਸਿਆ ਕਿ ਕਰੀਬ 10 ਸਾਲ ਪਹਿਲਾਂ ਉਨ੍ਹਾਂ ਨੇ ਇਕ ਬੈਂਕ ਤੋਂ 80 ਹਜ਼ਾਰ ਰੁਪਏ ਕਰਜ਼ਾ ਚੁੱਕਿਆ ਸੀ, ਜੋ ਹੁਣ ਵਿਆਦ ਨਾਲ ਬਹੁਤ ਵਧ ਗਿਆ ਹੈ, ਜਿਸ ਨੂੰ ਹਾਲੇ ਤੱਕ ਨਹੀਂ ਮੋੜਿਆ ਜਾ ਸਕਿਆ। ਕਰੀਬ ਢਾਈ ਏਕੜ ਜ਼ਮੀਨ ਦੇ ਮਾਲਕ ਖਿਡਾਰਨ ਧੀ ਦੇ ਪਿਤਾ ਨੇ ਖੇਤੀ ਲਈ ਲਿਆਂਦਾ ਟਰੈਕਟਰ ਵੀ ਵੇਚ ਦਿੱਤਾ ਹੈ।