ਕਿਦਾਂਬੀ ਸ਼੍ਰੀਕਾਂਤ ਕੈਨੇਡਾ ਓਪਨ ਦੇ ਸੈਮੀਫਾਈਨਲ ’ਚ
Sunday, Jul 06, 2025 - 12:41 PM (IST)

ਓਂਟਾਰੀਓ (ਕੈਨੇਡਾ)- ਸਾਬਕਾ ਵਿਸ਼ਵ ਨੰਬਰ-ਵਨ ਕਿਦਾਂਬੀ ਸ਼੍ਰੀਕਾਂਤ ਨੇ ਚੋਟੀ ਦਾ ਦਰਜਾ ਪ੍ਰਾਪਤ ਅਤੇ ਓਲੰਪੀਅਨ ਚਾਉ ਟੀ. ਐੱਨ.-ਚੇਨ ਨੂੰ ਹਰਾ ਕੇ ਕੈਨੇਡਾ ਓਪਨ 2025 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ ਹੈ। ਸ਼ੁੱਕਰਵਾਰ ਨੂੰ ਖੇਡੇ ਗਏ ਕੁਆਰਟਰ ਫਾਈਨਲ ’ਚ ਕਿਦਾਂਬੀ ਸ਼੍ਰੀਕਾਂਤ ਨੇ 43 ਮਿੰਟ ਤੱਕ ਚੱਲੇ ਮੁਕਾਬਲੇ ’ਚ ਚੋਟੀ ਦਾ ਦਰਜਾ ਪ੍ਰਾਪਤ ਚੀਨੀ ਤਾਈਪੇ ਦੇ ਚਾਉ ਟੀ. ਐੱਨ-ਚੇਨ ਨੂੰ 21-18, 21-9 ਨਾਲ ਹਰਾ ਕੇ ਮੈਚ ਆਪਣੇ ਨਾਂ ਕੀਤਾ।
ਸ਼੍ਰੀਕਾਂਤ ਦੀ 10 ਮੁਕਾਬਲਿਆਂ ’ਚ ਚਾਉ ਟੀ. ਐੱਨ-ਚੇਨ ਖਿਲਾਫ ਇਹ ਚੌਥੀ ਜਿੱਤ ਹੈ। ਮਲੇਸ਼ੀਆ ਮਾਸਟਰਜ਼ ’ਚ ਉਪਜੇਤੂ ਰਿਹਾ ਸ਼੍ਰੀਕਾਂਤ ਹੁਣ ਸੈਮੀਫਾਈਨਲ ’ਚ ਓਲੰਪੀਅਨ ਅਤੇ ਤੀਜਾ ਦਰਜਾ ਪ੍ਰਾਪਤ ਜਾਪਾਨ ਦੇ ਕੇਂਟਾ ਨਿਸ਼ੀਮੋਟੋ ਨਾਲ ਭਿੜੇਗਾ। ਇਕ ਹੋਰ ਮੁਕਾਬਲੇ ’ਚ ਕੇਂਟਾ ਨਿਸ਼ੀਮੋਟੋ ਖਿਲਾਫ ਸਖਤ ਮੁਕਾਬਲੇ ’ਚ ਹਾਰ ਤੋਂ ਬਾਅਦ ਸ਼ੰਕਰ ਸੁਬਰਮੰਣੀਅਮ ਦਾ ਬੀ. ਡਬਲਯੂ. ਐੱਫ. ਸੁਪਰ 300 ਟੂਰਨਾਮੈਂਟ ’ਚ ਸਫਰ ਖਤਮ ਹੋ ਗਿਆ। ਪਹਿਲੀ ਗੇਮ ਹਾਰਨ ਤੋਂ ਬਾਅਦ, ਸ਼ੰਕਰ ਨੇ ਦੂਜੀ ਗੇਮ ਜਿੱਤੀ ਪਰ ਤੀਜੀ ਗੇਮ ’ਚ ਉਹ ਫਿਰ ਪਿੱਛੇ ਹੋ ਗਿਆ ਅਤੇ 21-15, 5-21, 21-17 ਨਾਲ ਹਾਰ ਕੇ ਕੈਨੇਡਾ ਓਪਨ ’ਚੋਂ ਬਾਹਰ ਹੋ ਗਿਆ।
ਉਥੇ ਹੀ, ਕੈਨੇਡਾ ਓਪਨ ’ਚ ਸ਼੍ਰੀਯਾਂਸ਼ੀ ਵਾਲੀਸ਼ੈੱਟੀ ਦੀ ਹਾਰ ਦੇ ਨਾਲ ਭਾਰਤ ਦੀ ਮਹਿਲਾ ਸਿੰਗਲ ਚੁਣੌਤੀ ਵੀ ਖਤਮ ਹੋ ਗਈ। ਮਹਿਲਾ ਸਿੰਗਲ ਮੁਕਾਬਲੇ ’ਚ ਸ਼੍ਰੀਯਾਂਸ਼ੀ ਵਾਲੀਸ਼ੈੱਟੀ ਨੂੰ ਡੇਨਮਾਰਕ ਦੀ ਅਮਾਲੀ ਸ਼ੁਲਜ ਨੇ ਹਰਾਇਆ। ਭਾਰਤੀ ਬੈਡਮਿੰਟਨ ਖਿਡਾਰੀ ਨੇ ਪਹਿਲੀ ਗੇਮ ਜਿੱਤ ਕੇ ਚੰਗੀ ਸ਼ੁਰੂਆਤ ਕੀਤੀ ਪਰ ਉਸ ਨੂੰ ਡੇਨਮਾਰਕ ਦੀ ਅਮਾਲੀ ਸ਼ੁਲਜ ਨੇ 12-21, 21-19, 21-19 ਨਾਲ ਹਰਾਇਆ। ਸ਼੍ਰੀਯਾਂਸ਼ੀ ਦੀ ਅਮਾਲੀ ਸ਼ੁਲਜ ਖਿਲਾਫ ਪਹਿਲੀ ਹਾਰ ਹੈ।