ਖੇਡ ਰਤਨ ਪੰਜਾਬ ਦੇ : ਏਸ਼ੀਆ ਦਾ ਬੈਸਟ ਅਥਲੀਟ ‘ਗੁਰਬਚਨ ਸਿੰਘ ਰੰਧਾਵਾ’

07/20/2020 11:00:31 AM

ਲੜੀ-18

ਨਵਦੀਪ ਸਿੰਘ ਗਿੱਲ

ਗੁਰਬਚਨ ਸਿੰਘ ਰੰਧਾਵਾ ਭਾਰਤੀ ਅਥਲੈਟਿਕਸ ਦੀ ਪੱਗ ਦਾ ਸਿਖਰਲਾ ਲੜ ਹੈ, ਜੋ ਏਸ਼ੀਆ ਦਾ ਬੈਸਟ ਅਥਲੀਟ, ਰਾਸ਼ਟਰਮੰਡਲ ਦਾ ਰਿਕਾਰਡ ਹੋਲਡਰ ਅਤੇ ਓਲੰਪਿਕ ਖੇਡਾਂ ਦੀ ਫਾਈਨਲ ਹਰਡਲ ਦੌੜ ਭੱਜਣ ਪਹਿਲਾ ਏਸ਼ੀਅਨ ਹੈ। ਓਲੰਪਿਕ ਖੇਡਾਂ ਵਿੱਚ ਉਹ 5ਵੇਂ ਨੰਬਰ 'ਤੇ ਰਿਹਾ। ਏਸ਼ਿਆਈ ਖੇਡਾਂ ਦਾ ਸੋਨ ਤਮਗਾ ਜਿੱਤਿਆ, ਭਾਰਤ ਵਿੱਚ ਦੋ ਦਿਨਾਂ ਅੰਦਰ ਚਾਰ ਕੌਮੀ ਰਿਕਾਰਡ ਬਣਾਏ ਅਤੇ ਆਲ ਇੰਡੀਆ ਪੁਲਸ ਖੇਡਾਂ ਵਿੱਚ ਲਗਾਤਾਰ ਛੇ ਸਾਲ ਹੋਮ ਮਨਿਸਟਰ ਮੈਡਲ ਜਿੱਤਿਆ। ਟਰੈਕ ਤੇ ਫੀਲਡ ਈਵੈਂਟਾਂ ਦਾ ਸ਼ਾਹ ਅਸਵਾਰ ਇਹ ਅਥਲੀਟ ਦੇਸ਼ ਦਾ ਪਹਿਲਾ ਅਰਜੁਨਾ ਐਵਾਰਡੀ ਖਿਡਾਰੀ ਹੈ, ਜਿਸ ਨੂੰ ਖੇਡਣ ਬਦਲੇ ਭਾਰਤ ਸਰਕਾਰ ਨੇ ਦੇਸ਼ ਦਾ ਸਰਵਉੱਚ ਚੌਥਾ ਨਾਗਰਿਕ ਸਨਮਾਨ ਪਦਮ ਸ੍ਰੀ ਅਤੇ ਪੰਜਾਬ ਸਰਕਾਰ ਨੇ ਖੇਡਾਂ ਦੇ ਸਭ ਤੋਂ ਵੱਡੇ ਪੁਰਸਕਾਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਵੀ ਸਨਮਾਨਤ ਕੀਤਾ। ਸੀ.ਆਰ.ਪੀ.ਐਫ. ਵਿੱਚ ਸੇਵਾਵਾਂ ਨਿਭਾਉਣ ਬਦਲੇ ਉਸ ਨੂੰ ਰਾਸ਼ਟਰਪਤੀ ਪੁਲਸ ਮੈਡਲ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਖੇਡਾਂ ਦੇ ਖੇਤਰ ਵਿੱਚ ਸਭ ਤੋਂ ਵੱਡਾ ਪੁਰਸਕਾਰ ਮਾਕਾ ਟਰਾਫੀ ਜਿਤਾਉਣ ਬਦਲੇ ਪੀ.ਐੱਚ.ਡੀ ਤੇ ਫੈਲੋਸ਼ਿਪ ਦੀ ਡਿਗਰੀ ਮਿਲੀ। ਡਿਕੈਥਲਨ ਅਤੇ 110 ਮੀਟਰ ਹਰਡਲਜ਼ ਦੌੜ ਦਾ ਇਹ ਚੈਂਪੀਅਨ ਭਾਰਤੀ ਅਥਲੈਟਿਕਸ ਦਾ ਇਕੋ ਇਕ ਅਜਿਹਾ ਵਾਹਦ ਅਥਲੀਟ ਹੋਇਆ, ਜਿਸ ਨੇ ਦੌੜਾਂ, ਛਾਲਾਂ ਤੇ ਥਰੋਆਂ ਤਿੰਨੇ ਈਵੈਂਟਾਂ ਵਿੱਚ ਕੌਮੀ ਰਿਕਾਰਡ ਬਣਾ ਕੇ ਆਪਣੇ ਜ਼ੋਰ, ਜੁਗਤ, ਸਪੀਡ, ਸਟੈਮਿਨੇ ਦਾ ਲੋਹਾ ਮਨਵਾਇਆ ਹੈ।

ਗੁਰਬਚਨ ਸਿੰਘ ਰੰਧਾਵਾ ਦਾ ਜਨਮ 6 ਜੂਨ 1939 ਨੂੰ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਨੰਗਲੀ (ਨੇੜੇ ਚੌਕ ਮਹਿਤਾ) ਵਿਖੇ ਟਹਿਲ ਸਿੰਘ ਰੰਧਾਵਾ ਦੇ ਗ੍ਰਹਿ ਮਾਤਾ ਧਨਵੰਤ ਕੌਰ ਦੀ ਕੁੱਖੋਂ ਹੋਇਆ। ਪਿੰਡ ਨੂੰ ਮਹਿਤਾ ਦਾ ਡਾਕਖਾਨਾ ਪੈਂਦਾ ਹੈ, ਜਿਸ ਕਰਕੇ ਇਸ ਨੂੰ ਮਹਿਤਾ ਨੰਗਲੀ ਵੀ ਕਹਿੰਦੇ ਹਨ। ਘਰ ਵਿੱਚ ਖੇਡਾਂ ਵਾਲਾ ਮਾਹੌਲ ਸੀ। ਪਿਤਾ ਟਹਿਲ ਸਿੰਘ ਰੰਧਾਵਾ ਆਪਣੇ ਸਮੇਂ ਦੇ ਪ੍ਰਸਿੱਧ ਅਥਲੀਟ ਸਨ, ਜਿਨ੍ਹਾਂ ਨੇ ਖਾਲਸਾ ਕਾਲਜ ਪੜ੍ਹਦਿਆਂ ਇਕੱਲਿਆ ਪੰਜਾਬ ਯੂਨੀਵਰਸਿਟੀ ਦੀ ਚੈਂਪੀਅਨਸ਼ਿਪ ਜਿੱਤ ਲਈ ਸੀ ਅਤੇ ਫੇਰ ਲੰਬੀ ਛਾਲ ਵਿੱਚ ਦੇਸ਼ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ। ਸੱਟ ਕਾਰਨ ਖੇਡ ਅੱਗੇ ਜਾਰੀ ਨਾ ਰੱਖ ਸਕੇ ਟਹਿਲ ਸਿੰਘ ਦੇ ਵੱਡਾ ਖਿਡਾਰੀ ਬਣਨ ਦੀ ਰੀਝ ਉਨ੍ਹਾਂ ਦੇ ਪੁੱਤਰ ਗੁਰਬਚਨ ਸਿੰਘ ਨੇ ਕੀਤੀ। ਗੁਰਬਚਨ ਸਿੰਘ ਦੇ ਵੱਡੇ ਭਰਾ ਹਰਭਜਨ ਸਿੰਘ ਰੰਧਾਵਾ ਵੀ ਚੰਗੇ ਅਥਲੀਟ ਸਨ ਜਿਹੜੇ ਅੱਗੇ ਜਾ ਕੇ ਐੱਨ.ਆਈ.ਐੱਸ. ਪਟਿਆਲਾ ਦੇ ਚੀਫ ਕੋਚ ਰਿਟਾਇਰ ਹੋਏ। ਛੋਟਾ ਭਰਾ ਜਗਦੇਵ ਸਿੰਘ ਪੋਲਵਾਲਟ ਤੇ ਵਾਲੀਬਾਲ ਦਾ ਖਿਡਾਰੀ ਰਿਹਾ, ਜਿਸ ਨੇ ਅੱਗੇ ਜਾ ਕੇ ਪਿੰਡ ਦੀ ਸਰਪੰਚੀ ਕੀਤੀ। ਇਕ ਵੱਡੀ ਭੈਣ ਸੁਰਿੰਦਰ ਕੌਰ ਸੀ, ਜਿਹੜੀ ਆਪਣੇ ਛੋਟੇ ਭਰਾ ਦਾ ਮਾਂਵਾ ਵਾਂਗ ਖਿਆਲ ਰੱਖਦੀ ਸੀ। ਛੋਟੀ ਭੈਣ ਗੁੱਡੀ ਸੀ, ਜਿਸਦਾ 1956 ਵਿੱਚ 10-11 ਵਰ੍ਹਿਆਂ ਦੀ ਉਮਰੇ ਬਰੇਨ ਹੈਮਰੇਜ ਦੇਹਾਂਤ ਹੋ ਗਿਆ ਸੀ।

ਗੁਰਬਚਨ ਸਿੰਘ ਰੰਧਾਵਾ

PunjabKesari

ਪਿੰਡ ਵਿੱਚ ਉਨ੍ਹਾਂ ਦੇ ਘਰ ਦੇ ਵਿਹੜੇ ਵਿੱਚ ਹੀ ਵਾਲੀਬਾਲ ਦਾ ਗਰਾਊਂਡ ਸੀ, ਜਿੱਥੇ ਉਹ ਗੁਰਦਆਰਾ ਸਾਹਿਬ ਤੋਂ ਪਾਣੀ ਲਿਆ ਕੇ ਛਿੜਕਾ ਕੇ ਖੇਡਦੇ। ਘਰ ਦੇ ਇਕ ਪਾਸੇ ਲੰਬੀ ਛਾਲ ਦੀ ਪਿੱਟ ਸੀ, ਜਿੱਥੇ ਟੇਕ ਆਫ ਲਈ ਬੋਰਡ ਨਹੀਂ ਹੁੰਦਾ ਸੀ। ਛੋਟਾ ਬਚਨੇ ਨੇ ਵਾਲੀਬਾਲ ਤੋਂ ਆਪਣੇ ਖੇਡ ਜੀਵਨ ਦੀ ਸ਼ੁਰੂਆਤ ਕੀਤੀ। ਸਕੂਲੇ ਪੜ੍ਹਦਿਆਂ ਉਸ ਦੀ ਜ਼ਿੰਦਗੀ ਵਿੱਚ ਇਕ ਅਜਿਹਾ ਮੋੜ ਆਇਆ ਕਿ ਉਹ ਅਥਲੈਟਿਕਸ ਨਾਲ ਪੱਕੇ ਤੌਰ 'ਤੇ ਲੜ ਲੱਗ ਗਿਆ। ਇਕ ਦਿਨ ਉਹ ਸਕੂਲੇ ਪਾਣੀ ਪੀਣ ਜਾਂਦਾ ਬੈਡਮਿੰਟਨ ਕੋਰਟ ਦਾ ਨੈਟ ਟੱਪ ਕੇ ਚਲਾ ਗਿਆ। ਮਾਸਟਰ ਮੁਖਤਿਆਰ ਸਿੰਘ ਰੰਧਾਵਾ, ਜੋ ਫੁਟਬਾਲਰ ਸੀ, ਨੇ ਗੁਰਬਚਨ ਨੂੰ ਟੱਪਦੇ ਹੋਏ ਦੇਖ ਲਿਆ। ਹੈਂਡ ਪੰਪ ਤੋਂ ਪਾਣੀ ਪੀ ਕੇ ਵਾਪਸ ਆਉਂਦੇ ਗੁਰਬਚਨ ਨੂੰ ਉਸ ਨੇ ਬੁਲਾ ਕੇ ਨੈਟ ਟੱਪਣ ਬਾਰੇ ਪੁੱਛਿਆ। ਸ਼ੁਰੂ ਵਿੱਚ ਤਾਂ ਗੁਰਬਚਨ ਡਰ ਗਿਆ ਪਰ ਮਾਸਟਰ ਵੱਲੋਂ ਪੁਚਕਾਰਨ ਅਤੇ ਦੁਬਾਰਾ ਟੱਪਣ ਲਈ ਕਹਿਣ 'ਤੇ ਉਹ ਕਹਿੰਦਾ, ''ਮੈਂ ਤਾਂ ਤਿੰਨ ਵਾਰ ਟੱਪ ਜਾਵਾ ਇਸ ਨੂੰ'' ਫੇਰ ਕੀ ਸੀ ਇਧਰ ਗੁਰਬਚਨ ਨੇ ਬੈਡਮਿੰਟਨ ਨੈਟ ਫੇਰ ਟੱਪਿਆ ਤੇ ਉਧਰ ਸਕੂਲ ਵਾਲਿਆਂ ਨੇ ਉਸ ਨੂੰ ਉਚੀ ਛਾਲ ਵਾਲੇ ਪਾਸੇ ਲਗਾ ਦਿੱਤਾ।

ਹਾਲੇ ਤਾਂ ਇਹ ਸ਼ੁਰੂਆਤ ਸੀ। ਹਾਲੇ ਤਾਂ ਉਸ ਨੇ ਭੱਜਣ ਤੇ ਥਰੋਆਂ ਵਿੱਚ ਆਪਣਾ ਜਲਵਾ ਦਿਖਾਉਣਾ ਸੀ। ਵੱਡੇ ਮੁੰਡੇ ਜਦੋਂ ਜੈਵਲਿਨ ਥਰੋਅ ਦੀ ਪ੍ਰੈਕਟਿਸ ਕਰਦੇ ਤਾਂ ਅੱਗਿਓ ਜੂਨੀਅਰ ਲੜਕੇ ਦੋ ਕਿਸ਼ਤਾਂ ਵਿੱਚ ਜੈਵਲਿਨ ਮੋੜਦੇ। ਇਕ ਦਿਨ ਛੋਟੇ ਬਚਨੇ ਨੇ ਜੈਵਲਿਨ ਮੋੜਦਿਆਂ ਇਕੋ ਵਾਰ ਵਿੱਚ ਸੀਨੀਅਰ ਮੁੰਡੇ ਨਾਲੋਂ ਵੱਧ ਦੂਰੀ ਉਤੇ ਜਾ ਸੁੱਟੀ। ਇਹ ਦੇਖਦਿਆਂ ਸਭ ਦੰਗ ਹੋ ਗਏ ਅਤੇ ਉਸ ਨੂੰ ਜੈਵਲਿਨ ਵਾਲੇ ਪਾਸੇ ਲਾ ਦਿੱਤਾ। ਇਕ ਦਿਨ ਤਾਂ ਉਸ ਕੋਲੋਂ ਇੰਨੀ ਦੂਰ ਜੈਵਲਿਨ ਸੁੱਟੀ ਗਈ ਕਿ 7ਵੀਂ ਵਿੱਚ ਪੜ੍ਹਦੇ ਜੀਵਨ ਨਾਂ ਦੇ ਮੁੰਡੇ ਦੇ ਗਿੱਟੇ ਵਿੱਚ ਖੁੱਭ ਗਈ। ਅੱਗਿਓ ਉਸ ਦੇ ਪਿਤਾ ਉਲਾਂਭਾ ਲੈ ਆਏ। ਹੈਡਮਾਸਟਰ ਗੁਰਬਖ਼ਸ਼ ਸਿੰਘ ਨੇ ਗੁਰਬਚਨ ਨੂੰ ਬਚਾਉਂਦਿਆ ਪਿਤਾ ਨੂੰ ਸਮਝਾਉਂਦਿਆਂ ਇਹ ਕਹਿ ਕੇ ਮੋੜ ਦਿੱਤਾ ਕਿ ਜੀਵਨ ਨੂੰ ਅਗਲੀ ਕਲਾਸ ਵਿੱਚ ਪ੍ਰਮੋਟ ਕਰ ਦੇਵਾਂਗੇ। ਜੀਵਨ ਨੂੰ ਅੱਠਵੀਂ ਵਿੱਚ ਕਰਨ ਦੀ ਦਿੱਤੀ ਰਿਸ਼ਵਨ ਨੇ ਗੁਰਬਚਨ ਦੇ ਕਰੀਅਰ ਨੂੰ ਸ਼ੁਰੂ ਵਿੱਚ ਹੀ ਲੱਗਣ ਵਾਲੀ ਬਰੇਕ ਤੋਂ ਬਚਾ ਲਿਆ। ਪਹਿਲੇ ਸਾਲ ਹੀ ਗੁਰਬਚਨ ਉਚੀ ਛਾਲ ਤੇ ਜੈਵਲਿਨ ਦਾ ਜ਼ਿਲਾ ਚੈਂਪੀਅਨ ਬਣ ਗਿਆ। ਉਚੀ ਛਾਲ ਵਿੱਚ ਉਸ ਨੇ 5 ਫੁੱਟ ਸਾਢੇ ਸੱਤ ਇੰਚ ਛਾਲ ਨਾਲ ਅੰਤਰ ਡਿਵੀਜ਼ਨਲ ਚੈਂਪੀਅਨਸ਼ਿਪ ਵੀ ਜਿੱਤ ਲਈ।

ਖੇਡ ਦੇ ਮੈਦਾਨ ਵਿਚ ਗੁਰਬਚਨ ਸਿੰਘ ਰੰਧਾਵਾ

PunjabKesari

ਅਗਲੀ ਪੜ੍ਹਾਈ ਲਈ ਗੁਰਬਚਨ ਸਿੰਘ ਨੇ 1958  ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਦਾਖਲਾ ਲੈ ਲਿਆ। ਉਥੇ ਜਾ ਕੇ ਉਹ 110 ਮੀਟਰ ਹਰਡਲਜ਼ ਦੌੜ ਵੱਲ ਖਿੱਚਿਆ ਗਿਆ। ਸਪੀਡ, ਸਟੈਮਿਨਾ ਤੇ ਸ਼ਕਤੀ ਉਸ ਵਿੱਚ ਅਥਾਹ ਸੀ। ਤਿੰਨੋਂ ਦਾ ਸੁਮੇਲ ਇਸ ਖੇਡ ਲਈ ਜ਼ਰੂਰੀ ਸੀ। ਮੁੱਢਲੇ ਦਿਨਾਂ ਵਿੱਚ ਉਸ ਨੂੰ ਮਾਨਾ ਸਿੰਘ ਪੰਨੂੰ ਨਾਂ ਦੇ ਅਥਲੀਟ ਨੇ ਤਾਅਨਾ ਮਾਰਦਿਆਂ ਕਿਹਾ, ''ਜੇ ਤੂੰ ਹਰਡਲ ਰੇਸ ਦੌੜਨ ਲੱਗ ਗਿਆ ਤਾਂ ਫੇਰ ਜਣਾ ਖਣਾ ਇਹ ਕਰ ਸਕਦਾ।'' ਉਸ ਵੇਲੇ ਹਰਡਲਾਂ ਬਹੁਤ ਭਾਰੀਆਂ ਸਨ ਅਤੇ ਹਰਡਲ ਵਿੱਚ ਅੜਕਨ ਨਾਲ ਸੱਟ ਬਹੁਤ ਲੱਗਦੀ। ਗੁਰਬਚਨ ਨੇ ਹਰਡਲਾਂ ਟੱਪਣ ਦਾ ਨਿੱਤਨੇਮ ਬਣਾ ਲਿਆ। ਦੇਰ ਰਾਤ ਤੱਕ ਉਹ ਪ੍ਰੈਕਟਿਸ ਕਰਦਾ ਰਹਿੰਦਾ ਜਦੋਂ ਦਿਸਣੋਂ ਵੀ ਹਟ ਜਾਂਦਾ। ਬੋਚ ਬੋਚ ਕੇ ਹਰਡਲਾਂ ਟੱਪਣ ਦੇ ਅਭਿਆਸ ਨਾਲ ਉਸ ਦੇ ਕਦਮ ਆਪਣੇ ਆਪ ਅਗਲੀ ਹਰਡਲ ਨੂੰ ਟੱਪਣ ਦੇ ਆਦੀ ਹੋ ਗਏ। ਪਹਿਲੇ ਹੀ ਸਾਲ ਉਸ ਨੇ 110 ਮੀਟਰ ਹਰਡਲ ਦੌੜ ਦਾ ਕਾਲਜ ਰਿਕਾਰਡ ਤੋੜ ਦਿੱਤਾ। ਫੇਰ ਉਸ ਨੇ ਲੰਬੀ ਛਾਲ ਵਿੱਚ ਆਪਣੇ ਹੀ ਪਿਤਾ ਦਾ 25 ਸਾਲ ਪਹਿਲਾ ਬਣਾਇਆ ਰਿਕਾਰਡ ਤੋੜਿਆ। ਇਸੇ ਸਾਲ ਹੀ ਉਹ ਪੰਜਾਬ ਯੂਨੀਵਰਸਿਟੀ ਦਾ ਬੈਸਟ ਅਥਲੀਟ ਬਣ ਗਿਆ। ਉਸ ਵੇਲੇ ਪੰਜਾਬ ਯੂਨੀਵਰਸਿਟੀ ਦਾ ਦਾਇਰਾ ਸਾਂਝੇ ਪੰਜਾਬ ਵਿੱਚ ਬਹੁਤ ਵੱਡਾ ਸੀ। ਉਸ ਵੇਲੇ ਯੂਨੀਵਰਸਿਟੀ ਚੈਂਪੀਅਨ ਦਾ ਰੁਤਬਾ ਅੱਜ ਦੇ ਉਤਰੀ ਭਾਰਤ ਦੇ ਚੈਂਪੀਅਨ ਜਿੰਨਾ ਸੀ।

18 ਵਰ੍ਹਿਆਂ ਦੀ ਉਮਰੇ ਯੂਨੀਵਰਸਿਟੀ ਚੈਂਪੀਅਨ ਬਣੇ ਗੁਰਬਚਨ ਨੂੰ ਭਰਤੀ ਕਰਨ ਲਈ ਪੰਜਾਬ ਪੁਲਸ ਤੇ ਰੇਲਵੇ ਪੁਲਸ ਫੋਰਸ ਵੱਲੋਂ ਆਫਰ ਆ ਗਈ। ਪਿਤਾ ਦਾ ਸੁਫਨਾ ਸੀ ਕਿ ਮੁੰਡਾ ਇੰਜਨੀਅਰ ਜਾਂ ਫੌਜੀ ਬਣੇ। ਗੁਰਬਚਨ ਨੇ ਪਿਤਾ ਦੀ ਇੱਛਾ ਦੇ ਖਿਲਾਫ ਜਾ ਕੇ ਭਰਤੀ ਦਾ ਮਨ ਬਣਾ ਲਿਆ। ਸੀ.ਆਰ.ਪੀ.ਐੱਫ. ਵਿੱਚ ਭਰਤੀ ਲਈ ਵੀ ਉਸ ਨੂੰ ਆਫਰ ਆਈ। ਉਦੋਂ ਉਸ ਨੂੰ ਇਸ ਫੋਰਸ ਬਾਰੇ ਪਤਾ ਨਹੀਂ ਸੀ, ਕਿਉਂਕਿ ਪੰਜਾਬ ਵਿੱਚ ਕੋਈ ਵੀ ਬਟਾਲੀਅਨ ਨਹੀਂ ਸੀ। ਫੇਰ ਜਦੋਂ ਉਸ ਨੂੰ ਪਤਾ ਲੱਗਿਆ ਕਿ ਇਹ ਪੰਡਤ ਜਵਾਹਰ ਲਾਲ ਨਹਿਰੂ ਦੀ ਪੁਲਸ ਹੈ ਤਾਂ ਉਹ ਇਸ ਵੱਲ ਖਿੱਚਿਆ ਗਿਆ। ਘਰਦਿਆਂ ਨੂੰ ਬਿਨਾਂ ਦੱਸੇ ਉਹ ਆਪਣੇ ਦੋਸਤ ਕੁਲਵੰਤ ਸਿੰਘ ਰੰਧਾਵਾ ਕੋਲੋਂ 20 ਰੁਪਏ ਉਧਾਰੇ ਲੈ ਕੇ ਪਿੰਡੋਂ ਪਠਾਨਕੋਟ, ਸ੍ਰੀਨਗਰ ਦੇ ਰਾਸਤੇ ਜਾਂਦਾ ਹੋਇਆ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਜੰਮੂ ਕਸ਼ਮੀਰ ਦੇ ਛੰਭ ਜੌੜੀਆਂ ਸਥਿਤ ਚੌਥੀ ਬਟਾਲੀਅਨ ਵਿੱਚ ਭਰਤੀ ਹੋਣ ਲਈ ਪੁੱਜ ਗਿਆ। ਪਹਿਲੀ ਰਾਤ ਤਾਂ ਉਸ ਨੂੰ ਬੈਰਕਾਂ ਵਿੱਚ ਡਰਾਉਣੇ ਮਾਹੌਲ ਵਿੱਚ ਰਹਿਣ ਕਰਕੇ ਆਪਣੇ ਫੈਸਲੇ ਉਤੇ ਪਛਤਾਵਾ ਹੋਣ ਲੱਗਾ ਪਰ ਹੁਣ ਘਰ ਮੁੜਨ ਤੋਂ ਵੀ ਉਹ ਡਰਦਾ ਸੀ।

ਭਾਰਤ ਦੇ ਰਾਸ਼ਟਰਪਤੀ ਡਾ.ਏ.ਪੀ.ਜੀ. ਅਬਦੁਲ ਕਲਾਮ ਕੋਲੋਂ ਪਦਮ ਸ੍ਰੀ ਪੁਰਸਕਾਰ ਹਾਸਲ ਕਰਦਿਆਂ 

PunjabKesari

ਅਗਲੇ ਦਿਨ ਟਰਾਇਲ ਕਿ ਹੋਏ ਸਾਰੀ ਸੀ.ਆਰ.ਪੀ.ਐੱਫ. ਉਸ ਦੀ ਦੀਵਾਨੀ ਹੋ ਗਈ। ਭਰਤੀ ਲਈ ਉਸ ਵੇਲੇ ਲੰਬੀ ਛਾਲ ਦਾ ਰਿਕਾਰਡ 18 ਫੁੱਟ ਸੀ ਪਰ ਉਸ ਨੇ ਪੌਣੇ 22 ਫੁੱਟ ਤੋਂ ਵੱਧ ਛਾਲ ਲਗਾ ਦਿੱਤੀ। ਫੇਰ ਉਚੀ ਛਾਲ ਦੀ 5 ਫੁੱਟ ਸਾਢੇ ਤਿੰਨ ਫੁੱਟ ਦੀ ਹੱਦ ਨੂੰ ਵੀ ਪਾਰ ਕਰਦਿਆਂ ਪੰਜ ਫੁੱਟ ਅੱਠ ਇੰਚ ਛਾਲ ਲਗਾ ਦਿੱਤੀ। ਉਸ ਦੀ ਜੈਵਲਿਨ ਥਰੋਅ ਦੇਖਦਿਆਂ ਸਾਰੇ ਦੰਗ ਰਹਿ ਗਏ। ਉਸ ਵੇਲੇ ਵੱਧ ਤੋਂ ਵੱਧ 115 ਫੁੱਟ ਥਰੋਅ ਸੁੱਟੀ ਜਾ ਰਹੀ ਸੀ ਪਰ ਗੁਰਬਚਨ ਨੇ ਪਹਿਲੀ ਹੀ ਥਰੋਅ 178 ਫੁੱਟ 5 ਇੰਚ ਸੁੱਟ ਦਿੱਤੀ। ਸਿੱਖ ਖਿਡਾਰੀਆਂ ਨੇ ਜੈਕਾਰੇ ਛੱਡ ਦਿੱਤੇ। ਗੁਰਬਚਨ ਸਬ ਇੰਸਪੈਕਟਰ ਭਰਤੀ ਹੋਣਾ ਚਾਹੁੰਦਾ ਸੀ ਪਰ ਡੀ.ਆਈ.ਜੀ. ਨੂੰ ਇਹ ਤਜਵੀਜ਼ ਮਨਜ਼ੂਰ ਨਹੀਂ ਸੀ। ਇਕ ਵਾਰ ਤਾਂ ਉਸ ਨੇ ਭਰਤੀ ਨਾ ਹੋਣ ਦਾ ਮਨ ਬਣਾ ਲਿਆ ਪਰ ਫੇਰ ਉਸ ਵੇਲੇ ਦੇ ਕਮਾਂਡੈਟ ਜੇ.ਐੱਸ.ਛਾਬੜਾ ਨੇ ਉਸ ਨੂੰ ਮਨਾਉਂਦਿਆਂ ਕਿਹਾ ਕਿ ਇਕ ਵਾਰ ਛੋਟੇ ਰੈਂਕ ਉਤੇ ਭਰਤੀ ਹੋ ਜਾ, ਫੇਰ ਥੋੜੇਂ ਥੋੜੇ ਦਿਨਾਂ ਬਾਅਦ ਤਰੱਕੀ ਦਿੰਦੇ ਰਹੇਗਾ ਅਤੇ ਆਲ ਇੰਡੀਆ ਪੁਲਿਸ ਖੇਡਾਂ ਦਾ ਚੈਂਪੀਅਨ ਬਣਨ 'ਤੇ ਸਬ ਇੰਸਪੈਕਟਰ ਬਣਾ ਦੇਵਾਂਗੇ। ਆਖਰ ਉਹ ਮੰਨ ਗਿਆ।

ਗੁਰਬਚਨ ਦੇ ਪਿਤਾ ਨੂੰ ਵੀ ਫੇਰ ਵੀ ਇਹ ਮਨਜ਼ੂਰ ਨਹੀਂ ਸੀ। ਉਹ ਤਾਂ ਇਥੋਂ ਤੱਕ ਕਹਿ ਦਿੰਦੇ ਸਨ,''ਜੇਕਰ ਨਾ ਪੜ੍ਹਿਆ ਤਾਂ ਤੂੰ ਸਾਰੀ ਉਮਰ ਭੁੱਖਾ ਮਰੇਗਾ।'' ਇਕ ਦਿਨ ਤਾਂ ਉਹ ਬਟਾਲੀਅਨ ਪੁੱਜ ਗਏ ਅਤੇ ਉਸ ਨੂੰ ਅਸਤੀਫਾ ਦੇਣ ਲਈ ਕਿਹਾ। ਆਪਣੀ ਹਿੰਡ ਅਤੇ ਧੁਨ ਦੇ ਪੱਕੇ ਗੁਰਬਚਨ ਨੇ ਅਸਤੀਫਾ ਦੇਣ ਤੋਂ ਨਾਂਹ ਕਰ ਦਿੱਤੀ। ਟਹਿਲ ਸਿੰਘ ਰੰਧਾਵਾ ਆਪਣੇ ਪੁੱਤਰ ਨਾਲ ਰੁੱਸ ਕੇ ਚਲੇ ਗਏ। ਗੁਰਬਚਨ ਨੂੰ ਖਿਡਾਰੀ ਕਰਕੇ ਰਸਮੀ ਟ੍ਰੇਨਿੰਗ ਤੋਂ ਛੋਟ ਮਿਲ ਗਈ। ਪਹਿਲੇ ਸਾਲ ਉਸ ਦੀ ਬਟਾਲੀਅਨ ਨੇ ਇੰਟਰ ਬਟਾਲੀਅਨ ਚੈਂਪੀਅਨਸ਼ਿਪ ਜਿੱਤ ਲਈ ਅਤੇ ਗੁਰਬਚਨ ਸਿੰਘ ਤਿੰਨ ਨਵੇਂ ਮੀਟ ਰਿਕਾਰਡਾਂ ਨਾਲ ਬੈਸਟ ਅਥਲੀਟ ਬਣਿਆ। ਭਰਤੀ ਹੋਣ ਦੇ ਚਾਰ ਮਹੀਨਿਆਂ ਅੰਦਰ ਹੀ ਉਸ ਨੇ ਜਨਵਰੀ 1959 ਵਿੱਚ ਹੋਈਆਂ ਆਲ ਇੰਡੀਆ ਪੁਲਸ ਖੇਡਾਂ ਵਿੱਚ 4 ਗੁਣਾਂ 100 ਮੀਟਰ ਰਿਲੇਅ ਦੌੜ ਵਿੱਚ ਸੋਨੇ ਦਾ ਤਮਗਾ ਜਿੱਤਿਆ ਅਤੇ ਇਕ ਅੰਕ ਨਾਲ ਉਹ ਬੈਸਟ ਅਥਲੀਟ ਨੂੰ ਦਿੱਤੇ ਜਾਣ ਵਾਲੇ ਹੋਮ ਮਨਿਸਟਰ ਮੈਡਲ ਤੋਂ ਖੁੰਝ ਗਿਆ। ਅਗਲੇ ਸਾਲ ਉਸ ਨੇ ਬੈਸਟ ਅਥਲੀਟ ਬਣਦਿਆਂ 'ਹੋਮ ਮਨਿਸਟਰ ਮੈਡਲ' ਜਿੱਤ ਲਿਆ। ਪੰਡਤ ਨਹਿਰੂ ਵੱਲੋਂ ਉਸ ਨੂੰ ਇਹ ਮੈਡਲ ਪਹਿਨਾਇਆ ਗਿਆ। ਇਸ ਤੋਂ ਬਾਅਦ ਉਹ ਲਗਾਤਾਰ ਛੇ ਸਾਲ ਇਸ ਮੈਡਲ ਨੂੰ ਜਿੱਤਦਾ ਰਿਹਾ।

ਟੋਕੀਓ ਓਲੰਪਿਕ ਖੇਡਾਂ ਲਈ ਸੋਵੀਨਾਰ ਉਤੇ ਕਵਰ ਪੰਨੇ ਉਤੇ ਮਸ਼ਾਲ ਫੜੇ ਗੁਰਬਚਨ ਸਿੰਘ ਰੰਧਾਵਾ ਦੀ ਤਸਵੀਰ

PunjabKesari

ਦੇਸ਼ ਦੀ ਅਥਲੈਟਿਕਸ ਵਿੱਚ ਗੁਰਬਚਨ ਸਿੰਘ ਰੰਧਾਵਾ ਦੀ ਗੁੱਡੀ 21 ਵਰ੍ਹਿਆਂ ਦੀ ਉਮਰੇ ਉਦੋਂ ਚੜ੍ਹ ਗਈ ਸੀ ਜਦੋਂ ਉਸ ਨੇ 1960 ਵਿੱਚ ਦਿੱਲੀ ਵਿਖੇ ਕੌਮੀ ਅਥਲੈਟਿਕਸ ਮੀਟ ਵਿੱਚ ਦੋ ਦਿਨਾਂ ਵਿੱਚ ਚਾਰ ਕੌਮੀ ਰਿਕਾਰਡ ਤੋੜ ਕੇ ਤਰਥਲੀ ਮਚਾ ਦਿੱਤੀ। ਇਹ ਰਿਕਾਰਡ 110 ਮੀਟਰ ਹਰਡਲ, ਉਚੀ ਛਾਲ, ਜੈਵਲਿਨ ਤੇ ਡਿਕੈਥਲਨ ਵਿੱਚ ਬਣਾਏ। ਦੌੜਾਂ, ਛਾਲਾਂ ਤੇ ਥਰੋਆਂ ਵਿੱਚ ਕੀਤੇ ਇਸ ਕਾਰਨਾਮੇ ਨਾਲ ਉਸ ਦੀ ਅਦਭੁੱਤ ਸਮਰੱਥਾ ਦੀ ਚਰਚਾ ਚਾਰੇ ਪਾਸੇ ਫੈਲ ਗਈ। ਇਨ੍ਹਾਂ ਖੇਡਾਂ ਵਿੱਚ ਜਦੋਂ ਉਸ ਵੇਲੇ ਡਿਕੈਥਲਨ ਦੇ ਕੌਮੀ ਚੈਂਪੀਅਨ ਸੀ.ਐਮ. ਮੁਥੱਈਆ ਕੋਲ ਪੰਜਾਬ ਦੇ ਅਥਲੀਟਾਂ ਜਗਮੋਹਨ ਸਿੰਘ, ਜਗਦੇਵ ਸਿੰਘ ਤੇ ਅਜੀਤ ਸਿੰਘ ਨੇ ਗੁਰਬਚਨ ਦੀ ਜਾਣ ਪਛਾਣ ਕਰਵਾਈ ਸੀ ਤਾਂ ਮੁਥੱਈਆ ਨੇ ਦਾਅਵਾ ਕੀਤਾ ਸੀ ਕਿ ਇਹ ਨਿਆਣਾ ਤਾਂ ਅੱਧ ਵਿਚਕਾਰ ਹੀ ਮੁਕਾਬਲਾ ਛੱਡ ਦੇਵੇਗਾ। ਗੁਰਬਚਨ ਨੇ ਡਿਕਥੈਲਨ ਦੇ ਪਹਿਲੇ ਈਵੈਂਟ ਲੰਬੀ ਛਾਲ ਵਿੱਚ ਮੁਥੱਈਆ ਨੂੰ ਪਛਾੜ ਦਿੱਤਾ। ਮੁਥੱਈਆ ਦਾ ਇਹ ਪਸੰਦੀਦਾ ਈਵੈਂਟ ਸੀ। ਹਾਲੇ ਚਾਰ ਈਵੈਂਟ ਹੀ ਹੋਏ ਸਨ ਕਿ ਗੁਰਬਚਨ ਦੀ ਲੀਡ ਨੂੰ ਦੇਖਦਿਆਂ ਮੁਥੱਈਆ ਖੁਦ ਹੀ ਈਵੈਂਟ ਛੱਡ ਕੇ ਦੌੜ ਗਿਆ। ਗੁਰਬਚਨ ਨੇ ਉਸ ਨੂੰ ਫੀਲਡ ਨਾ ਛੱਡਣ ਲਈ ਕਿਹਾ ਤਾਂ ਉਹ ਗੱਲ ਅਣਸੁਣੀ ਕਰਕੇ ਚਲਾ ਗਿਆ। ਹਾਲਾਂਕਿ ਪੋਲ ਵਾਲਟ ਲਈ ਉਸ ਕੋਲ ਫਾਈਬਰ ਦਾ ਪੋਲ ਸੀ ਅਤੇ ਗੁਰਬਚਨ ਬਾਂਸ ਦੇ ਦੇਸੀ ਪੋਲ ਨਾਲ ਹਿੱਸਾ ਲੈਣ ਆਇਆ ਸੀ। ਅਥਲੈਟਿਕਸ ਦੇ ਟਰੈਕ ਤੇ ਫੀਲਡ ਦੇ 10 ਈਵੈਂਟਾਂ ਦੇ ਸੁਮੇਲ ਵਾਲੇ ਜਾਨ ਹਲੂਣਵੇ ਸਭ ਤੋਂ ਔਖੇ ਈਵੈਂਟ ਡਿਕਥੈਲਨ ਵਿੱਚ ਗੁਰਬਚਨ ਨੇ 5793 ਨਾਲ ਨਵਾਂ ਕੌਮੀ ਰਿਕਾਰਡ ਬਣਾਇਆ। 110 ਮੀਟਰ ਹਰਡਲਜ਼, ਉਚੀ ਛਾਲ ਤੇ ਜੈਵਲਿਨ ਥਰੋਅ ਵਿੱਚ ਉਹ ਪਹਿਲਾ ਹੀ ਨਵੇਂ ਰਿਕਾਰਡ ਬਣਾ ਚੁੱਕਾ ਸੀ। ਇਹ ਉਸ ਦੇ ਖੇਡ ਜੀਵਨ ਦੀ ਪਲੇਠੀ ਉਡਾਣ ਸੀ ਜਿਸ ਨੇ ਅੱਗੇ ਜਾ ਕੇ ਓਲੰਪਿਕ ਤੇ ਏਸ਼ਿਆਈ ਖੇਡਾਂ ਦੇ ਮੰਚ ਉਪਰ ਜਾ ਕੇ ਸਿਖਰ ਹਾਸਲ ਕੀਤਾ।

1960 ਦੀਆਂ ਰੋਮ ਓਲੰਪਿਕ ਖੇਡਾਂ ਦੇ ਟਰਾਇਲਾਂ ਲਈ ਮਾਊਂਟ ਆਬੂ ਵਿਖੇ ਟਰਾਇਲ ਹੋਏ ਜਿੱਥੇ ਉਸ ਨੇ ਡਿਕੈਥਲਨ ਲਈ ਓਲੰਪਿਕ ਦੀ ਟਿਕਟ ਕਟਾ ਲਈ। ਉਥੇ ਉਹ ਉਚੀ ਛਾਲ ਵਿੱਚ 2.02 ਮੀਟਰ ਛਾਲ ਲਗਾ ਕੇ ਦੋ ਮੀਟਰ ਦੀ ਹੱਦ ਟੱਪਣ ਵਾਲਾ ਦੇਸ਼ ਦਾ ਪਹਿਲਾ ਅਥਲੀਟ ਬਣਿਆ। 1960 ਦੀਆਂ ਰੋਮ ਓਲੰਪਿਕਸ ਲਈ ਸ੍ਰੀਨਗਰ ਵਿਖੇ ਕੈਂਪ ਵਿੱਚ ਹਿੱਸਾ ਰਿਹਾ ਜਿੱਥੇ ਉਸ ਨੂੰ ਮਾੜਾ ਤਜ਼ਰਬਾ ਹੋਇਆ। ਅਮਰ ਸਿੰਘ ਕਾਲਜ ਦੇ ਟਰੈਕ ਦੀ ਹਾਲਤ ਵੀ ਖਸਤਾ ਸੀ ਅਤੇ ਥਰੋਆਂ ਲਈ ਸੀਮੈਂਟਡ ਸਰਕਲ ਵੀ ਨਹੀਂ ਸੀ। ਟਰੈਕ ਉਤੇ ਕੋਈ ਮਾਰਕਿੰਗ ਨਹੀਂ ਸੀ। ਪੋਲ ਵਾਲਟ ਤੇ ਉਚੀ ਛਾਲ ਦੀ ਪਿੱਟ ਲਈ ਮਿੱਟੀ ਦਾ ਅਖਾੜਾ ਵੀ ਚੰਗੀ ਤਰ੍ਹਾਂ ਨਹੀਂ ਪੁੱਟਿਆ ਸੀ। ਹਰਡਲਾਂ ਟੁੱਟੀਆਂ ਹੋਈਆਂ ਜਿਨ੍ਹਾਂ ਉਤੇ ਬਾਰ ਵੀ ਨਹੀਂ ਸੀ। ਖਿਡਾਰੀਆਂ ਨੇ ਟੁੱਟੀਆਂ ਜੈਵਲਿਨਾਂ ਦੀਆਂ ਬਾਰ ਬਣਾਈਆਂ। ਅਸਲ ਵਿੱਚ ਇਹ ਕੈਂਪ ਖਿਡਾਰੀਆਂ ਦੀ ਬਜਾਏ ਉਸ ਵੇਲੇ ਦੇ ਚੀਫ ਕੋਚ ਐਮ.ਸੀ.ਧਵਨ ਨੂੰ ਦੇਖ ਕੇ ਲਗਾਇਆ ਗਿਆ ਸੀ, ਜੋ ਆਪਣੇ ਪਰਿਵਾਰ ਨਾਲ ਛੁੱਟੀਆਂ ਬਿਤਾਉਣਾ ਚਾਹੁੰਦਾ ਸੀ। ਕੋਚ ਦਾ ਪਰਿਵਾਰ ਆਲੀਸ਼ਾਨ ਹੋਟਲ ਵਿੱਚ ਰੁਕਿਆ ਅਤੇ ਖਿਡਾਰੀ ਬੈਰਕਾਂ ਵਿੱਚ। ਮਾੜੀ ਤਿਆਰੀ ਤੋਂ ਬਾਅਦ ਉਹ ਆਪਣੀ ਪਹਿਲੀ ਓਲਪਿੰਕਸ ਵਿੱਚ ਹਿੱਸਾ ਲੈ ਲਈ ਰੋਮ ਪੁੱਜਿਆ। ਰੋਮ ਵਿਖੇ ਉਹ ਸਭ ਤੋਂ ਛੋਟੀ ਉਮਰ ਦਾ ਭਾਰਤੀ ਅਥਲੀਟ ਸੀ। ਡਿਕੈਥਲਨ ਦਾ ਈਵੈਂਟ ਉਸ ਨੂੰ ਅੱਧ ਵਿਚਕਾਰ ਹੀ ਛੱਡਣਾ ਪਿਆ ਜਦੋਂ ਉਹ 27 ਅਥਲੀਟਾਂ ਵਿੱਚੋਂ 18ਵੇਂ ਨੰਬਰ 'ਤੇ ਸੀ। ਰੋਮ ਵਿਖੇ ਉਸ ਨੇ ਮਿਲਖਾ ਸਿੰਘ ਨੂੰ ਭੱਜਦਿਆਂ ਟਰੈਕ ਦੇ ਨੇੜਿਓ ਦੇਖਿਆ, ਜਿੱਥੇ ਉਹ ਚੌਥੇ ਨੰਬਰ 'ਤੇ ਆਇਆ ਸੀ। ਓਲੰਪਿਕ ਖੇਡਾਂ ਵਿੱਚ ਪਹਿਲੀ ਵਾਰ ਉਸ ਨੇ ਵੱਡੇ ਕੌਮਾਂਤਰੀ ਖੇਡ ਮੁਕਾਬਲੇ ਦਾ ਹਿੱਸਾ ਲੈਣ ਦਾ ਤਜ਼ਰਬਾ ਹਾਸਲ ਕੀਤਾ ਜੋ ਅੱਗੇ ਜਾ ਕੇ ਉਸ ਦੀਆਂ ਖੇਡ ਪ੍ਰਾਪਤੀਆਂ ਲਈ ਬਹੁਤ ਕੰਮ ਆਇਆ।

ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸਾਸ਼ਤਰੀ ਕੋਲੋਂ 'ਹੋਮ ਮਨਿਸਟਰ ਮੈਡਲ' ਹਾਸਲ ਕਰਨ ਸਮੇਂ

PunjabKesari

ਰੋਮ ਓਲੰਪਿਕਸ ਤੋਂ ਬਾਅਦ ਗੁਰਬਚਨ ਨੂੰ ਸਕਾਲਰਸ਼ਿਪ ਨਾਲ ਅਮਰੀਕਾ ਚਲਾ ਗਿਆ ਪਰ ਉਥੇ ਕਲਾਸ ਰੂਮ ਵਿੱਚ ਉਸ ਦਾ ਦਿਲ ਨਾ ਲੱਗਦਾ ਅਤੇ ਜਲਦੀ ਦੇਸ਼ ਪਰਤ ਆਇਆ। ਅਮਰੀਕਾ ਰਹਿ ਕੇ ਭਾਵੇਂ ਉਹ ਹੋਰ ਵਧੀਆ ਅਥਲੀਟ ਬਣ ਸਕਦਾ ਸੀ ਪਰ ਉਸ ਨੂੰ ਇਸ ਗੱਲ ਦਾ ਕੋਈ ਪਛਤਾਵਾ ਨਹੀਂ ਹੈ। ਦੋ ਸਾਲ ਉਸ ਨੇ ਸਾਧ ਬਣ ਕੇ ਪ੍ਰੈਕਟਿਸ ਕੀਤੀ। 1962 ਦੀਆਂ ਤ੍ਰਿਵੇਂਦਰਮ ਵਿਖੇ ਹੋਈਆਂ ਆਲ ਇੰਡੀਆ ਪੁਲਸ ਖੇਡਾਂ ਵਿੱਚ ਉਸ ਸਖਤ ਬੁਖਾਰ ਸੀ। ਇਕ ਵਾਰ ਤਾਂ ਉਸ ਨੂੰ ਅਰਾਮ ਦੀ ਸਲਾਹ ਦਿੱਤੀ ਗਈ। ਜਦੋਂ ਉਸ ਨੇ ਟਰੈਕ ਸੂਟ ਪਾ ਕੇ ਅਥਲੈਟਿਕਸ ਫੀਲਡ ਵਿੱਚ ਦਾਖਲਾ ਪਾਇਆ ਤਾਂ ਕੋਚ ਐਨ.ਕੇ. ਦਾਸ ਬਹੁਤ ਨਾਰਾਜ਼ ਹੋਇਆ। ਗੁਰਬਚਨ ਮੁੱਢ ਤੋਂ ਹੀ ਸਿਰੜੀ ਸੀ ਅਤੇ ਉਲਟ ਸਥਿਤੀਆਂ ਵਿੱਚ ਉਸ ਦੀ ਖੇਡ ਹੋਰ ਵੀ ਨਿਖਰਦੀ ਸੀ। ਤ੍ਰਿਵੇਂਦਰਮ ਵਿਖੇ ਉਸ ਨੇ ਪਹਿਲਾ ਜੈਵਲਿਨ ਰਿਕਾਰਡ ਸੁੱਟੀ ਅਤੇ ਫੇਰ 110 ਮੀਟਰ ਹਰਡਲ ਤੇ ਲੰਬੀ ਛਾਲ ਨਵੇਂ ਮੀਟ ਰਿਕਾਰਡ ਨਾਲ ਜਿੱਤੀ। ਡਿਕੈਥਲਨ ਜਿੱਤਦਿਆਂ ਉਸ ਨੇ ਬੈਸਟ ਅਥਲੀਟ ਦਾ ਖਿਤਾਬ ਜਿੱਤਿਆ। ਜਬਲਪੁਰ ਵਿਖੇ ਨੈਸ਼ਨਲ ਚੈਂਪੀਅਨਸ਼ਿਪ ਦੌਰਾਨ ਉਸ ਨੂੰ ਉਲਟੀਆਂ ਲੱਗ ਗਈਆਂ। ਕੁੱਝ ਵੀ ਅੰਦਰ ਨਾ ਲੰਘੇ। ਸਿਰਫ ਗੰਨੇ ਦੇ ਜੂਸ ਨਾਲ ਦਿਨ ਕੱਟਦਾ। ਸਾਥੀ ਡਿਕੈਥਲਟ ਨੇ ਉਸ ਦੀ ਮਾਲਸ਼ ਕਰਨੀ। ਅੰਤ ਉਹ ਫੇਰ ਸਿਰੜ ਨਾਲ ਮੁਕਾਬਲੇ ਵਿੱਚ ਹਿੱਸਾ ਲੈਣ ਉਤਰ ਆਇਆ। 100 ਮੀਟਰ ਦੌੜ ਉਸ ਨੇ ਮਸਾਂ ਪੂਰੀ ਕੀਤੀ। ਸਖਤ ਬਿਮਾਰ ਹੋਣ ਦੇ ਬਾਵਜੂਦ ਗੁਰਬਚਨ ਨੇ ਦੋ ਦਿਨਾਂ ਵਿੱਚ 9 ਈਵੈਂਟਾਂ ਬਾਅਦ ਹੀ ਡਿਕੈਥਲਨ ਦਾ ਨਵਾਂ ਰਿਕਾਰਡ ਬਣਾ ਦਿੱਤਾ। 1500 ਮੀਟਰ ਦਾ ਆਖਰੀ ਈਵੈਂਟ ਉਸ ਨੂੰ ਛੱਡਣ ਦੀ ਛੋਟ ਮਿਲ ਗਈ। ਗੁਰਬਚਨ ਨੇ ਸੋਨੇ ਅਤੇ ਉਸ ਦੀ ਮਾਲਸ਼ ਕਰਨ ਵਾਲੇ ਲਸ਼ਕਰ ਸਿੰਘ ਨੇ ਚਾਂਦੀ ਦਾ ਤਮਗਾ ਜਿੱਤਿਆ। ਜਬਲਪੁਰ ਵਿਖੇ ਉਸ ਨੇ ਦੂਜਾ ਸੋਨ ਤਮਗਾ 110 ਮੀਟਰ ਹਰਡਲ ਵਿੱਚ ਜਿੱਤਿਆ।

1962 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਲਈ ਗਏ ਭਾਰਤੀ ਦਲ ਵਿੱਚ ਗੁਰਬਚਨ ਸਿੰਘ ਰੰਧਾਵਾ ਉਪਰ ਸਭ ਦੀਆਂ ਨਜ਼ਰਾ ਟਿਕੀਆਂ ਹੋਈਆਂ ਸਨ। ਜਕਾਰਤਾ ਏਸ਼ੀਆਡ ਤੋਂ ਪਹਿਲਾਂ ਉਸ  ਮੋਢੇ, ਕੂਹਣੀ ਦੀ ਸੱਟ ਕਾਰਨ ਬਹੁਤ ਤਕਲੀਫ ਸੀ। ਬੰਗਲੌਰ ਵਿਖੇ ਟਰਾਇਲਾਂ ਵਿੱਚ ਉਸ ਨੇ 6912 ਸਕੋਰ ਨਾਲ ਨਵਾਂ ਰਿਕਾਰਡ ਬਣਾਇਆ ਸੀ। ਇਸ ਤੋਂ ਇਲਾਵਾ ਉਸ ਨੇ ਲੰਬੀ ਛਾਲ ਤੇ ਜੈਵਲਿਨ ਥਰੋਅ ਲਈ ਏਸ਼ਿਆਈ ਖੇਡਾਂ ਲਈ ਕੁਆਲੀਫਾਈ ਕਰ ਲਿਆ ਸੀ। ਜਕਾਰਤਾ ਵਿਖੇ ਤਕਲੀਫ ਕਾਰਨ ਇਕ ਵਾਰ ਤਾਂ ਉਸ ਦਾ ਮੁਕਾਬਲਾ ਛੱਡਣ ਦਾ ਮਨ ਬਣ ਗਿਆ ਸੀ। ਕੋਚ ਜੋਗਿੰਦਰ ਸਿੰਘ ਸੈਣੀ ਦੀ ਹੱਲਾਸ਼ਾਰੀ ਹੀ ਉਸ ਦਾ ਇਕਮਾਤਰ ਸਹਾਰਾ ਸੀ। ਗੁਰਬਚਨ ਦਾ ਮੁਕਾਬਲਾ ਜਪਾਨ ਦੇ ਸ਼ੂਸ਼ੋਕੇ ਸ਼ਜੂਕੀ ਨਾਲ ਸੀ। ਡਿਕੈਥਲਨ ਦੇ ਪਹਿਲੇ ਈਵੈਂਟ 100 ਮੀਟਰ ਵਿੱਚ ਉਹ ਪਿੱਛੇ ਰਹਿ ਗਿਆ। ਲੰਬੀ ਛਾਲ ਵਿੱਚ ਉਹ ਅੱਗੇ ਰਿਹਾ।

ਰਾਜਾ ਭਲਿੰਦਰਾ ਸਿੰਘ ਨਾਲ ਗੁਰਬਚਨ ਸਿੰਘ ਰੰਧਾਵਾ

PunjabKesari

ਸ਼ਾਟਪੁੱਟ ਤੇ ਉਚੀ ਛਾਲ ਵਿੱਚ ਉਹ ਠੀਕ-ਠਾਕ ਰਿਹਾ। 400 ਮੀਟਰ ਭੱਜਣ ਲਈ ਉਸ ਵਿੱਚ ਦਮ ਨਹੀਂ ਸੀ। ਇਕ ਵਾਰ ਛੱਡਣ ਦਾ ਮਨ ਬਣਾਇਆ ਤਾਂ ਕੋਚ ਸੈਣੀ ਨੇ ਕਿਹਾ ਭਾਵੇਂ 52 ਸਕਿੰਟਾਂ ਵਿੱਚ ਹੀ ਭੱਜ ਲੈ ਪਰ ਦੌੜਨਾ ਜ਼ਰੂਰ ਹੈ। ਕੋਚ ਦੇ ਬੋਲਾਂ ਦਾ ਮਾਣ ਰੱਖਦਿਆਂ ਉਸ ਨੇ ਪੂਰੀ ਵਾਹ ਲਗਾ ਕੇ 400 ਮੀਟਰ ਦੌੜੀ ਅਤੇ ਸਾਹ ਸੱਤਹੀਣ ਹੋ ਕੇ ਡਿੱਗ ਪਿਆ। ਇਕ ਵਾਰ ਤਾਂ ਉਸ ਨੇ ਸਕੋਰ ਬੋਰਡ ਉਪਰ ਸਮਾਂ 58.4 ਹੀ ਪੜ੍ਹ ਲਿਆ ਜਦੋਂ ਕਿ ਅਸਲੀਅਤ ਵਿੱਚ ਉਸ ਨੇ 48.4 ਸਕਿੰਟ ਦਾ ਸਮਾਂ ਕੱਢਿਆ ਸੀ। ਕੋਈ ਵੀ ਅਥਲੀਟ 50 ਸਕਿੰਟ ਤੋਂ ਥੱਲੇ ਨਹੀਂ ਦੌੜ ਸਕਿਆ ਸੀ। ਪਹਿਲੇ ਦਿਨ ਦੇ ਪੰਜ ਈਵੈਂਟ ਮਸਾਂ ਪੂਰੇ ਕਰ ਕੇ ਉਸ ਨੇ ਸੁੱਖ ਦਾ ਸਾਹ ਲਿਆ। ਅਗਲੇ ਦਿਨ ਉਸ ਨੇ 110 ਮੀਟਰ ਹਰਡਲ, ਡਿਸਕਸ, ਜੈਵਲਿਨ ਤੇ 1500 ਮੀਟਰ ਦੀ ਦੌੜ ਵਿੱਚ ਉਹ ਤੇਜ਼ੀ ਦਿਖਾਈ ਕਿ ਸ਼ਜੂਕੀ ਤੋਂ 550 ਅੰਕਾਂ ਦੇ ਵੱਡੇ ਫਰਕ ਨਾਲ ਸੋਨੇ ਦਾ ਤਮਗਾ ਜਿੱਤ ਲਿਆ। ਡਿਕਥੈਲਨ ਦੇ ਚੈਂਪੀਅਨ ਦੇ ਨਾਲ ਹੀ ਉਹ ਏਸ਼ੀਆ ਦੇ ਬੈਸਟ ਅਥਲੀਟ ਐਲਾਨਿਆ ਗਿਆ। ਪੂਰੇ ਦੇਸ਼ ਵਿੱਚ ਉਸ ਦੀਆਂ ਧੁੰਮਾਂ ਪੈ ਗਈਆਂ। ਸੀ.ਆਰ.ਪੀ.ਐਫ. ਨੇ ਵੀ ਤਰੱਕੀ ਦੇ ਕੇ ਇੰਸਪੈਕਟਰ ਬਣਾ ਦਿੱਤਾ। ਛੋਟੇ ਜਿਹੇ ਪਿੰਡ ਨੰਗਲੀ ਦਾ ਇਹ ਮੁੰਡਾ ਦੁਨੀਆਂ ਦੀ ਦੋ ਤਿਹਾਈ ਵਸੋਂ ਦਾ ਬੈਸਟ ਅਥਲੀਟ ਬਣ ਗਿਆ ਸੀ।

ਜਕਾਰਤਾ ਤੋਂ ਵਾਪਸ ਆ ਕੇ ਗੁਰਬਚਨ ਨੇ ਮੋਢੇ ਦੀਆਂ ਸੱਟਾਂ ਕਾਰਨ ਥਰੋਅ ਈਵੈਂਟ ਛੱਡਣ ਦਾ ਮਨ ਬਣਾਇਆ, ਜਿਸ ਕਾਰਨ ਉਸ ਨੇ ਡਿਕੈਥਲਨ ਦੀ ਬਜਾਏ ਸਿਰਫ 110 ਮੀਟਰ ਹਰਡਲਜ਼ ਦੌੜ ਨੂੰ ਅਪਣਾਉਣ ਦਾ ਮਨ ਬਣਾ ਲਿਆ। ਜਕਾਰਤਾ ਤੋਂ ਵਾਪਸ ਆ ਕੇ ਪਹਿਲਾਂ ਤਾਂ ਉਸ ਨੇ ਫਿਜਿਓਥੈਰਪੇਸਟਾਂ ਕੋਲੋਂ ਆਪਣੀ ਸੱਟ ਦੀ ਰਿਕਵਰੀ ਕੀਤੀ ਅਤੇ ਫੇਰ 110 ਮੀਟਰ ਹਰਲਡ ਲਈ ਓਲੰਪਿਕ ਦਾ ਨਿਸ਼ਾਨਾ ਮਿੱਥ ਲਿਆ। ਸਾਲ 1964 ਵਿੱਚ ਉਸ ਨੇ ਦਿੱਲੀ ਵਿਖੇ ਇਸ ਦੌੜ ਵਿੱਚ 14.3 ਸਕਿੰਟ ਦੇ ਨਵਾਂ ਰਿਕਾਰਡ ਰੱਖਿਆ। ਦੋ ਮਹੀਨਿਆਂ ਬਾਅਦ ਹੀ ਉਸ ਨੇ ਇਹ ਸਮਾਂ ਹੋਰ ਬਿਹਤਰ ਕਰਦਿਆਂ 14.2 ਕਰ ਲਿਆ। ਟੋਕੀਓ ਓਲੰਪਿਕਸ ਤੋਂ ਪਹਿਲਾਂ ਭਾਰਤੀ ਅਥਲੈਟਿਕਸ ਟੀਮ ਨੂੰ ਯੂਰੋਪ ਦੇ ਦੌਰੇ ਉਤੇ ਭੇਜਿਆ ਗਿਆ, ਜਿੱਥੇ ਉਸ ਨੇ 9 ਵਿੱਚੋਂ 8 ਮੀਟਾਂ ਜਿੱਤ ਕੇ ਤਿਆਰੀ ਨੂੰ ਸਿਖਰ ਉਤੇ ਪਹੁੰਚਾ ਲਿਆ। ਕਾਸੇਲ ਵਿਖੇ ਉਸ ਨੇ 14.1 ਸਕਿੰਟ ਦਾ ਸਮਾਂ ਕੱਢਿਆ, ਜਿਸ ਨਾਲ ਉਸ ਦੀਆਂ ਆਸਾਂ ਨੂੰ ਬੂਰ ਪੈਂਦਾ ਨਜ਼ਰ ਆਉਣ ਲੱਗਾ। ਉਸ ਵੇਲੇ ਗੁਰਬਚਨ ਦੀ ਗਿਣਤੀ ਦੁਨੀਆਂ ਦੇ ਪਹਿਲੇ 10 ਅਥਲੀਟਾਂ ਵਿੱਚ ਆਉਣ ਲੱਗੀ। ਓਲੰਪਿਕ ਜਾਣ ਤੋਂ ਪਹਿਲਾਂ ਐੱਨ.ਆਈ.ਐੱਸ. ਪਟਿਆਲਾ ਵਿਖੇ 19 ਸਤੰਬਰ 1964 ਨੂੰ ਹੋਏ ਟਰਾਇਲਾਂ ਵਿੱਚ ਉਸ ਨੇ 14.2 ਸਕਿੰਟ ਦਾ ਸਮਾਂ ਕੱਢਿਆ।

ਗੁਰਬਚਨ ਸਿੰਘ ਰੰਧਾਵਾ ਲਾਰਡ ਸਬੈਸਟੀਅਨ ਕੋਅ ਤੇ ਆਪਣੇ ਬੇਟੇ ਰਣਜੀਤ ਸਿੰਘ ਰੰਧਾਵਾ ਨਾਲ

PunjabKesari

1964 ਦੀਆਂ ਟੋਕੀਓ ਓਲੰਪਿਕ ਖੇਡਾਂ ਲਈ ਉਸ ਨੂੰ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ। ਉਦਘਾਟਨੀ ਸਮਾਰੋਹ ਵਿੱਚ ਉਹ ਭਾਰਤੀ ਖੇਡ ਦਲ ਦਾ ਝੰਡਾਬਰਦਾਰ ਸੀ। ਹਾਲਾਂਕਿ ਉਸ ਵੇਲੇ ਭਾਰਤੀ ਖੇਡ ਦਲ ਵਿੱਚ ਚਰਨਜੀਤ ਸਿੰਘ, ਊਧਮ ਸਿੰਘ ਤੇ ਪ੍ਰਿਥੀਪਾਲ ਸਿੰ ਜਿਹੇ ਧੁਨੰਤਰ ਹਾਕੀ ਖਿਡਾਰੀ ਅਤੇ ਅਥਲੈਟਿਕਸ ਵਿੱਚ ਮਿਲਖਾ ਸਿੰਘ ਜਿਹੇ ਅਥਲੀਟ ਸਨ ਪਰ ਫੇਰ ਵੀ ਉਸ ਵੇਲੇ ਦੇ ਦੋ ਵੱਡੇ ਖੇਡ ਪ੍ਰਸ਼ਾਸਕਾਂ ਰਾਜਾ ਭਲਿੰਦਰਾ ਸਿੰਘ ਤੇ ਅਸ਼ਵਨੀ ਕੁਮਾਰ ਨੇ ਗੁਰਬਚਨ ਸਿੰਘ ਉਤੇ ਹੀ ਗੁਣੀਆਂ ਪਾਇਆ। 110 ਮੀਟਰ ਹਰਡਲਜ਼ ਦੇ ਪਹਿਲੇ ਰਾਊਂਡ ਵਿੱਚ ਉਹ 14.3 ਸਕਿੰਟ ਦੇ ਸਮੇਂ ਨਾਲ ਉਹ ਹੀਟ ਵਿੱਚੋਂ ਚੌਥੇ ਸਥਾਨ 'ਤੇ ਆਇਆ। ਪੰਜ ਹੀਟਾਂ ਵਿੱਚੋਂ ਪਹਿਲੇ ਤਿੰਨ-ਤਿੰਨ ਅਥਲੀਟ ਸੈਮੀ ਫਾਈਨਲ ਲਈ ਸਿੱਧੇ ਕੁਆਲੀਫਾਈ ਹੋ ਗਏ। ਚੌਥੇ ਨੰਬਰ 'ਤੇ ਆਉਣ ਵਾਲੇ ਪੰਜ ਅਥਲੀਟਾਂ ਵਿੱਚ ਗੁਰਬਚਨ ਦਾ ਸਮਾਂ ਸਭ ਤੋਂ ਬਿਹਤਰ ਹੋਣ ਕਰ ਕੇ ਉਹ 'ਬੈਸਟ ਲੂਜ਼ਰ' ਕਾਰਨ ਸੈਮੀ ਫਾਈਨਲ ਵਿੱਚ ਪਹੁੰਚਣ ਵਾਲਾ 16ਵਾਂ ਤੇ ਆਖਰੀ ਅਥਲੀਟ ਸੀ।

ਉਸ ਵੇਲੇ ਏਸ਼ੀਆ ਦੇ ਚੈਂਪੀਅਨ ਪਾਕਿਸਤਾਨ ਦੇ ਗੁਲਾਮ ਰਜ਼ੀਕ ਨੇ ਗੁਰਬਚਨ ਕੋਲ ਆ ਕੇ ਤੰਜ ਕਸਦਿਆਂ ਕਿਹਾ, ''ਸੈਮੀ ਫਾਈਨਲ ਵਿੱਚ ਤਾਂ ਔਖਾ ਸੌਖਾ ਪਹੁੰਚ ਗਿਆ ਪਰ ਉਥੇ ਫਾਡੀ ਆਵੇਗਾ।'' 18 ਅਕਤੂਬਰ ਦਾ ਦਿਨ ਸੀ ਅਤੇ ਪਹਿਲੀ ਸੈਮੀ ਫਾਈਨਲ ਦੌੜ ਹੋਣ ਵਾਲੀ ਸੀ। ਉਸ ਦਿਨ ਮੀਂਹ ਵੀ ਲੋਹੜੇ ਦਾ ਪਿਆ ਅਤੇ ਤਾਪਮਾਨ ਵੀ ਸਿੱਧਾ 23 ਡਿਗਰੀ ਤੋਂ ਡਿੱਗ ਕੇ 14 ਡਿਗਰੀ ਆ ਗਿਆ। ਹੱਡ ਚੀਰਵੀਂ ਠੰਡ ਵਿੱਚ ਗੁਰਬਚਨ ਸਿੰਘ ਪੂਰੇ ਜਲੌਅ ਤੇ ਜੋਸ਼ ਨਾਲ ਹਿੱਸਾ ਲੈਣ ਟਰੈਕ ਉਤੇ ਆਇਆ। ਫਾਇਰ ਨਾਲ ਸਟਾਰਟ ਹੁੰਦਿਆਂ ਉਹ ਗੋਲੀ ਵਾਂਗ ਨਿਕਲਿਆ। ਦੇਖਣ ਵਾਲੇ ਵੀ ਦੰਗ ਰਹਿ ਗਏ ਕਿ ਅੱਜ ਗੁਰਬਚਨ ਨੂੰ ਕੀ ਹੋ ਗਿਆ। ਆਪਣੇ ਖੇਡ ਜੀਵਨ ਦਾ ਬਿਹਤਰ ਸਮਾਂ 14 ਸਕਿੰਟ ਕੱਢਦਿਆਂ ਉਸ ਨੇ ਸੈਮੀ ਫਾਈਨਲ ਵਿੱਚ ਦੂਜੇ ਨੰਬਰ 'ਤੇ ਆਉਂਦਿਆਂ ਫਾਈਨਲ ਦੀ ਟਿਕਟ ਕਟਾ ਲਈ। 110 ਮੀਟਰ ਹਰਡਲ ਦੇ ਫਾਈਨਲ ਵਿੱਚ ਪੁੱਜਣ ਵਾਲਾ ਉਹ ਏਸ਼ੀਆ ਦਾ ਪਹਿਲਾ ਅਥਲੀਟ ਸੀ। ਇਸ ਸਮੇਂ ਨਾਲ ਉਸ ਨੇ ਕੌਮੀ, ਏਸ਼ੀਆ ਅਤੇ ਰਾਸ਼ਟਰਮੰਡਲ ਤਿੰਨੋਂ ਖੇਡਾਂ ਦਾ ਰਿਕਾਰਡ ਬਣਾਇਆ।

ਫਾਈਨਲ ਦੋ ਘੰਟਿਆਂ ਬਾਅਦ ਹੀ ਸੀ ਅਤੇ ਉਸ ਕੋਲ ਇਕੋ ਹੀ ਬੂਟ, ਬੁਣੈਨ, ਨਿੱਕਰ ਤੇ ਜ਼ੁਰਾਬਾਂ ਦਾ ਜੋੜਾ ਸੀ ਜੋ ਮੀਂਹ ਕਾਰਨ ਬੁਰੀ ਤਰ੍ਹਾਂ ਭਿੱਜ ਗਿਆ ਸੀ। ਉਸ ਕੋਲ ਫਾਈਨਲ ਲਈ ਰਿਲੈਕਸ ਹੋਣ ਲਈ ਥੋੜਾਂ ਸਮਾਂ ਹੀ ਸੀ। ਗੁਰਬਚਨ ਨੂੰ ਤੰਜ ਕਸਣ ਵਾਲਾ ਪਾਕਿਸਤਾਨੀ ਅਥਲੀਟ ਰਜ਼ੀਕ ਉਸ ਕੋਲ ਆ ਗਿਆ। ਰਜ਼ੀਕ ਨੇ ਨਾ ਸਿਰਫ ਸਾਬਾਸ਼ੀ ਦਿੱਤੀ ਸਗੋਂ ਘੰਟਾ ਭਰ ਮਾਲਸ਼ ਕਰਕੇ ਉਸ ਨੂੰ ਫਾਈਨਲ ਲਈ ਤਿਆਰ ਵੀ ਕੀਤਾ। ਹੈ ਤਾਂ ਫੇਰ ਵੀ ਇਕੋ ਮੁਲਕ ਦੇ ਹੋਏ ਦੋ ਟੁੱਟਿਆਂ ਦੇ ਬਾਸ਼ਿੰਦੇ ਸਨ। ਆਖਰ ਕੋਈ ਤਾਂ ਸਾਂਝ ਹੈ ਸੀ ਦੋਵਾਂ ਵਿਚਕਾਰ।  ਰਜ਼ੀਕ ਦੀ ਹੱਲਾਸ਼ੇਰੀ ਨਾਲ ਗੁਰਬਚਨ ਫੇਰ ਟਰੈਕ ਉਤੇ ਉਤਰ ਆਇਆ ਅਤੇ ਫਾਈਨਲ ਵਿੱਚ ਉਹ ਦੁਨੀਆਂ ਦੇ ਮੰਨੇ ਪ੍ਰਮੰਨੇ ਹਰਡਲਰਾਂ ਨਾਲ ਦੌੜਿਆ। ਸਟਾਰਟ ਉਸ ਦਾ ਹੌਲੀ ਹੋਣ ਕਾਰਨ ਪੰਜਵੀਂ ਹਰਡਲ ਤੱਕ ਉਹ ਸੱਤਵੇਂ ਨੰਬਰ ਉਤੇ ਸੀ। ਆਖਰ ਵਿੱਚ ਮਾਰੇ ਹੰਭਲੇ ਨੇ ਉਸ ਨੂੰ ਪੰਜਵੇਂ ਨੰਬਰ 'ਤੇ ਲੈ ਆਦਾਂ ਅਤੇ ਸਮਾਂ ਉਹੀ ਸੈਮੀ ਫਾਈਨਲ ਵਾਲਾ 14 ਸਕਿੰਟ ਕੱਢਿਆ। ਮਿਲਖਾ ਸਿੰਘ ਵਾਂਗ ਉਹ ਵੀ ਥੋੜੇ ਫਰਕ ਨਾਲ ਓਲੰਪਿਕ ਤਮਗੇ ਤੋਂ ਖੁੰਝ ਗਿਆ ਪਰ ਉਸ ਨੇ ਮਿਲਖਾ ਸਿੰਘ ਵਾਂਗ ਕਦੇ ਕੋਈ ਪਛਤਾਵਾ ਨਹੀਂ ਕੀਤਾ ਅਤੇ ਨਾ ਹੀ ਕੋਈ ਬਹਾਨਾ ਬਣਾਇਆ। ਹੱਡ ਚੀਰਵੀਂ ਠੰਡ ਅਤੇ ਮੀਂਹ ਵਿਚਕਾਰ ਦੁਨੀਆਂ ਦੇ ਚੋਟੀ ਦੇ 40 ਅਥਲੀਟਾਂ ਵਿੱਚੋਂ ਪੰਜਵੇਂ ਨੰਬਰ ਉਤੇ ਆਉਣਾ ਉਸ ਲਈ ਮਾਣ ਵਾਲੀ ਗੱਲ ਸੀ। ਪਹਿਲੇ ਛੇ ਅਥਲੀਟਾਂ ਨੂੰ ਓਲੰਪਿਕ ਡਿਪਲੋਮਾ ਮਿਲਿਆ। ਗੁਰਬਚਨ ਨੇ ਟੀਮ ਦਾ ਕਪਤਾਨ ਬਣਨ ਦੀ ਲਾਜ ਰੱਖ ਲਈ ਅਤੇ ਦੇਸ਼ ਵਾਪਸੀ ਉਤੇ ਉਸ ਦਾ ਹੀਰੋਆਂ ਵਾਂਗ ਸਵਾਗਤ ਹੋਇਆ।

ਦੌੜਦੇ ਹੋਏ ਗੁਰਬਚਨ ਸਿੰਘ ਰੰਧਾਵਾ

PunjabKesari

1964 ਵਿੱਚ ਹੀ ਭਾਰਤ-ਜਰਮਨੀ ਅਥਲੈਟਿਕਸ ਮੀਟ ਵਿੱਚ ਵੀ ਉਸ ਦੇ ਸਿਰੜ ਦੀ ਇਕ ਵਾਰ ਫੇਰ ਪਰਖ ਹੋਈ। ਕਲੱਕਤਾ ਵਿਖੇ ਪਹਿਲੀ ਮੀਟ ਤੋਂ ਬਾਅਦ ਅਗਲਾ ਮੁਕਾਬਲਾ ਜਲੰਧਰ ਵਿਖੇ ਹੋਣਾ ਸੀ। ਉਧਰ ਉਸ ਦੇ ਪੈਰ ਦਾ ਛਾਲਾ ਫੁੱਟਣ ਕਰਕੇ ਬੂਟ ਵੀ ਨਹੀਂ ਪਾਏ ਜਾ ਰਹੇ ਸਨ। ਜਲੰਧਰ ਵਿਖੇ ਮੁਕਾਬਲਾ ਦੇਖਣ ਲਈ ਉਸ ਦੇ ਪਿੰਡ ਨੰਗਲੀ ਤੋਂ ਵੱਡੇ ਭਰਾ ਅਤੇ ਪਿੰਡ ਵਾਸੀ ਆਏ ਹੋਏ ਸਨ। ਇਕ ਵਾਰ ਤਾਂ ਬੂਟ ਨਾ ਪਾਏ ਜਾਣ ਕਰਕੇ ਉਹ ਮੁਕਾਬਲਾ ਛੱਡਣ ਬਾਰੇ ਸੋਚ ਰਿਹਾ ਸੀ ਪਰ ਪੱਕਾ ਸਿਰੜੀ ਅਤੇ ਪਿੰਡ ਵਾਲਿਆਂ ਦੀ ਲਾਜ ਰੱਖਣ ਲਈ ਉਹ ਔਖਾ ਸੌਖਾ ਬੂਟ ਪਾ ਕੇ ਟਰੈਕ ਉਤੇ ਉਤਰ ਆਇਆ। ਟਰੈਕ ਉਤੇ ਉਹ ਫੇਰ ਵਾਵਰੋਲਾ ਬਣ ਕੇ ਦੌੜਿਆ ਅਤੇ ਓਲੰਪਿਕਸ ਤੋਂ ਬਾਅਦ ਦੂਜੀ ਵਾਰ 14 ਸਕਿੰਟ ਦਾ ਸਮਾਂ ਕੱਢ ਕੇ ਸੋਨੇ ਦਾ ਤਮਗਾ ਜਿੱਤਿਆ। 1966 ਦੀਆਂ ਕਿੰਗਸਟਨ ਰਾਸ਼ਟਰਮੰਡਲ ਖੇਡਾਂ ਵਿੱਚ ਉਸ ਨੇ ਆਖਰੀ ਵਾਰ ਕੌਮਾਂਤਰੀ ਮੁਕਾਬਲੇ ਵਿੱਚ ਹਿੱਸਾ ਲਿਆ। ਉਥੇ ਉਹ 120 ਮੀਟਰ ਹਰਡਲ ਦੌੜ ਵਿੱਚ 14.6 ਸਕਿੰਟ ਦੇ ਸਮੇਂ ਨਾਲ ਸੱਤਵੇਂ ਸਥਾਨ ਉਤੇ ਆਇਆ।

ਸੀ.ਆਰ.ਪੀ.ਐਫ. ਵੱਲੋਂ ਖੇਡਦਿਆਂ ਜਿੱਥੇ ਉਹ ਛੇ ਸਾਲ ਬੈਸਟ ਅਥਲੀਟ ਰਿਹਾ ਉਥੇ ਉਸ ਨੂੰ ਇਸ ਨੌਕਰੀ ਕਾਰਨ ਕਈ ਕੁਰਬਾਨੀਆਂ ਕਰਨੀਆਂ ਪਈਆਂ। ਉਸ ਵੇਲੇ ਉਸ ਨੂੰ ਸਿਰਫ 20 ਦਿਨਾਂ ਦੀ ਇਤਫਾਕੀਆ ਛੁੱਟੀ ਮਿਲਦੀ ਸੀ ਅਤੇ ਭਾਰਤੀ ਟੀਮ ਦੇ ਕੈਂਪਾਂ ਵਿੱਚ ਰਹਿਣ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਕਮਾਈ ਛੁੱਟੀ ਲੈਣੀ ਪੈਂਦੀ ਸੀ। ਉਸ ਨੂੰ ਕਈ ਕਈ ਮਹੀਨੇ ਤਨਖਾਹ ਨਹੀਂ ਮਿਲਦੀ ਸੀ। 1960 ਵਿੱਚ ਤਾਂ ਉਸ ਨੂੰ ਅੱਧੇ ਸਾਲ ਤੋਂ ਵੱਧ ਸਮੇਂ ਦੀ ਤਨਖਾਹ ਛੱਡਣੀ ਪਈ। ਇਕ ਵਾਰ ਤਾਂ ਉਸ ਨੇ 1964 ਦੀਆਂ ਟੋਕੀਓ ਓਲੰਪਿਕਸ ਵਿੱਚ ਹਿੱਸਾ ਲੈਣ ਤੋਂ ਨਾਂਹ ਕਰ ਦਿੱਤੀ ਸੀ ਫੇਰ ਆਈ.ਜੀ. ਵੀ.ਜੀ. ਕਾਨੇਤਕਰ ਤੇ ਏ.ਆਈ.ਜੀ. ਆਰ.ਟੀ. ਨਾਗਰਾਨੀ ਨੇ ਮਨਾਇਆ ਅਤੇ ਆਈ.ਬੀ. ਦੇ ਡਾਇਰੈਕਟਰ ਜਨਰਲ ਬੀ.ਐਨ.ਮਲਿਕ ਵੱਲੋਂ ਡੈਪੂਟੇਸ਼ਨ ਉਤੇ ਲੈਣ ਦਾ ਭਰੋਸਾ ਦਿੱਤਾ ਗਿਆ। ਉਹ ਕੁਝ ਸਾਲ ਆਈ.ਬੀ. ਅਤੇ ਫੇਰ ਆਈ.ਟੀ.ਬੀ.ਪੀ. ਵਿੱਚ ਡੈਪੂਟੇਸ਼ਨ 'ਤੇ ਰਿਹਾ। 1969 ਵਿੱਚ ਉਹ ਸੀ.ਆਰ.ਪੀ.ਐਫ. ਵਿੱਚ ਵਾਪਸ ਆ ਗਿਆ ਜਿੱਥੇ ਉਸ ਨੇ ਅਥਲੈਟਿਕਸ ਟੀਮ ਤਿਆਰ ਕੀਤੀ। ਦੋ ਸਾਲ 1970 ਤੇ 1971 ਵਿੱਚ ਆਲ ਇੰਡੀਆ ਪੁਲਿਸ ਖੇਡਾਂ ਵਿੱਚ ਸੀ.ਆਰ.ਪੀ.ਐਫ. ਦੂਜੇ ਨੰਬਰ 'ਤੇ ਆਈ।

ਦੁਨੀਆਂ ਦੇ ਚੋਟੀ ਦੇ ਅਥਲੀਟ ਜੈਸੀ ਓਵੈਂਸ ਤੇ ਸਾਥੀ ਖਿਡਾਰੀਆਂ ਨਾਲ ਗੁਰਬਚਨ ਸਿੰਘ ਰੰਧਾਵਾ

PunjabKesari

ਬੀ.ਐਸ.ਐਫ. ਹਮੇਸ਼ਾ ਪਹਿਲੇ ਨੰਬਰ 'ਤੇ ਆਉਂਦੀ। ਉਸ ਵੇਲੇ ਬ੍ਰਿਗੇਡੀਅਰ ਐਸ.ਬੀ. ਰਜ਼ਾ ਨੇ ਉਸ ਨੂੰ ਬੁਲਾ ਕੇ ਕਿਹਾ ਕਿ ਡਾਇਰੈਕਟਰ ਜਨਰਲ ਦੀ ਇੱਛਾ ਹੈ ਕਿ ਸੀ.ਆਰ.ਪੀ.ਐਫ. ਪੁਲਿਸ ਖੇਡਾਂ ਦੀ ਟਰਾਫੀ ਜਿੱਤੇ, ਚਾਹੇ ਗੁਰਬਚਨ ਨੂੰ ਖੁਦ ਹੀ ਕਿਉਂ ਨਾ ਦੌੜਨਾ ਪਵੇ। ਇਸ ਨੂੰ ਚੁਣੌਤੀ ਲੈਂਦਿਆਂ ਗੁਰਬਚਨ ਫੇਰ ਕਈ ਵਰ੍ਹਿਆਂ ਬਾਅਦ ਟਰੈਕ ਉਤੇ ਉਤਰ ਆਇਆ। ਥੋੜੇਂ ਹੀ ਸਮੇਂ ਵਿੱਚ ਉਹ ਪੂਰੀ ਤਰ੍ਹਾਂ ਫਿੱਟ ਹੋ ਗਿਆ। 1972 ਵਿੱਚ ਹੋਈਆਂ ਆਲ ਇੰਡੀਆ ਪੁਲਿਸ ਖੇਡਾਂ ਵਿੱਚ ਗੁਰਬਚਨ ਨੇ 110 ਮੀਟਰ ਹਰਡਲ ਦੌੜ ਵੀ ਜਿੱਤੀ ਅਤੇ ਸੀ.ਆਰ.ਪੀ.ਐਫ. ਪਹਿਲੀ ਵਾਰ ਪੁਲਿਸ ਖੇਡਾਂ ਦੀ ਚੈਂਪੀਅਨ ਵੀ ਬਣੀ। ਬੀ.ਐਸ.ਐਫ. ਨੂੰ ਵੱਡੇ ਫਰਕ ਨਾਲ ਹਰਾਇਆ। ਫੇਰ ਕੀ ਸੀ ਅਗਲੇ ਦੋ ਸਾਲ ਉਸ ਦੀ ਟੀਮ ਨੇ ਫੇਰ ਜੇਤੂ ਰਹਿੰਦਿਆਂ ਖਿਤਾਬੀ ਹੈਟ੍ਰਿਕ ਲਗਾਈ।

ਗੁਰਬਚਨ ਦੀ ਸੀ.ਆਰ.ਪੀ.ਐਫ. ਵੱਡੀ ਦੇਣ ਦੇ ਬਾਵਜੂਦ ਉਸ ਨੂੰ ਪ੍ਰਮੋਸ਼ਨ ਲਈ ਲਗਾਤਾਰ ਸੱਤ ਸਾਲ ਅਣਗੌਲੀ ਰੱਖੀਆ। 1974 ਵਿੱਚ ਉਹ ਕਮਾਂਡੈਟ ਦੀ ਪ੍ਰਮੋਸ਼ਨ ਲਈ ਯੋਗ ਸੀ ਜੋ ਕਿ 1982 ਵਿੱਚ ਮਿਲੀ ਉਹ ਵੀ ਪੂਰਾ ਟਿੱਲ ਲਾ ਕੇ। ਉਸ ਵੇਲੇ ਉਚ ਅਧਿਕਾਰੀ ਉਸ ਦੀ ਫਾਈਨਲ ਉਤੇ ਤਰੱਕੀ ਲਈ ਅਯੋਗ ਕਹਿ ਕੇ ਨਾਂਹ ਕਰ ਦਿੰਦੇ ਸੀ। ਗੁਰਬਚਨ ਦੇ ਦੱਸਣ ਉਤੇ ਸਾਬਕਾ ਆਈ.ਪੀ.ਐਸ. ਅਤੇ ਉਘੇ ਖੇਡ ਪ੍ਰਸ਼ਾਸਕ ਅਸ਼ਵਨੀ ਕੁਮਾਰ ਨੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਫੋਨ ਦੀਆਂ ਅਜਿਹੀਆਂ ਤਾਰਾਂ ਖੜਕਾਈਆਂ ਕਿ ਉਸ ਦੀ ਫਾਈਲ ਉਤੇ ਲਿਖੇ ਅਯੋਗ ਸ਼ਬਦ ਅੱਗੋਂ 'ਅ' ਫਲਿਊਟ ਲਾ ਕੇ ਸਾਫ ਕੀਤਾ ਗਿਆ। ਗੁਰਬਚਨ ਦੱਸਦਾ ਹੈ, ''ਕੁਮਾਰ ਸਾਬ ਨੇ ਜਦੋਂ ਕੋਰਡ ਲੈਸ ਫੋਨ ਤੋਂ ਸਿਫਾਰਸ਼ ਲਈ ਗੱਲ ਕੀਤੀ ਤਾਂ ਪਹਿਲੀ ਵਾਰ ਮੈਨੂੰ ਲੱਗਿਆ ਕਿ ਮੇਰਾ ਮਜ਼ਾਕ ਕੀਤਾ ਜਾ ਰਿਹਾ ਕਿਉਂਕਿ ਮੈਂ ਪਹਿਲੀ ਵਾਰ ਕੋਰਡ ਲੈਸ ਫੋਨ ਦੇਖ ਰਿਹਾ ਸੀ।'' ਸੀ.ਆਰ.ਪੀ.ਐਫ.ਦੀ ਡਿਊਟੀ ਕਰਦਿਆਂ ਗੁਰਬਚਨ ਨੇ ਕਈ ਲਾਮਿਸਾਲ ਸੇਵਾਵਾਂ ਦਿੱਤੀਆਂ ਜਿਹੜੇ ਉਚ ਅਧਿਕਾਰੀ ਉਸ ਖਿਡਾਰੀ ਹੋਣ ਕਰਕੇ ਬਟਾਲੀਅਨ ਦੀ ਅਗਵਾਈ ਦੇ ਅਯੋਗ ਮੰਨਦੇ ਸੀ, ਉਹੀ ਫੇਰ ਉਸ ਨੂੰ ਬਿਹਤਰੀਨ ਅਫਸਰ ਦੱਸਦੇ ਰਹੇ। ਆਈ.ਜੀ. ਵੱਲੋਂ ਬਟਾਲੀਅਨਾਂ ਦੀ ਇੰਸਪੈਕਸ਼ਨ ਵਿੱਚ ਉਸ ਦੀ ਬਟਾਲੀਅਨ ਨੂੰ ਬੈਸਟ ਇੰਸਪੈਕਸ਼ਨ ਐਵਾਰਡ ਮਿਲਦਾ ਰਿਹਾ। ਉਸ ਨੂੰ ਪੁਲਿਸ ਮੈਡਲ ਫੇਰ ਅਤੇ ਫੇਰ ਬਿਹਤਰੀਨ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਮਿਲਿਆ।

ਚੰਡੀਗੜ੍ਹ ਵਿਖੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਸਮਾਰੋਹ ਦੌਰਾਨ ਗੁਰਬਚਨ ਸਿੰਘ ਰੰਧਾਵਾ ਤੇ ਪ੍ਰਸਿੱਧ ਹਾਕੀ ਖਿਡਾਰੀ ਅਜੀਤ ਪਾਲ ਸਿੰਘ ਨਾਲ ਲੇਖਕ ਨਵਦੀਪ ਸਿੰਘ ਗਿੱਲ

PunjabKesari

ਗੁਰਬਚਨ ਵੱਲੋਂ ਡਿਕਥੈਲਨ ਵਿੱਚ 6912 ਅੰਕਾਂ ਨਾਲ ਬਣਾਇਆ ਕੌਮੀ ਰਿਕਾਰਡ 12 ਸਾਲਾਂ ਤੱਕ ਕਾਇਮ ਰਿਹਾ ਜਦੋਂ ਕਿ 110 ਮੀਟਰ ਹਰਡਲਜ਼ ਦੌੜ ਵਿੱਚ ਬਣਾਇਆ ਕੌਮੀ ਰਿਕਾਰਡ 37 ਸਾਲ ਕਾਇਮ ਰਿਹਾ। 110 ਹਰਡਲ ਦਾ ਰਿਕਾਰਡ ਜਦੋਂ 37 ਵਰ੍ਹਿਆਂ ਬਾਅਦ ਗੁਰਪ੍ਰੀਤ ਸਿੰਘ ਨੇ 2001 ਵਿੱਚ ਲਖਨਊ ਵਿਖੇ ਤੋੜਿਆ ਤਾਂ ਉਨ੍ਹਾਂ ਨੇ ਵੱਡਾ ਦਿਲ ਦਿਖਾਉਂਦਿਆਂ ਗੁਰਪ੍ਰੀਤ ਨੂੰ ਆਪਣੀ ਗਲਵਕੜੀ ਵਿੱਚ ਲੈ ਲਿਆ। ਲੋਕਾਂ ਨੇ ਉਸ ਵੇਲੇ ਮਿਲਖਾ ਸਿੰਘ ਦੀ ਤੰਗ ਦਿਲੀ ਮੁਕਾਬਲੇ ਰੰਧਾਵਾ ਦੇ ਵੱਡੇ ਦਿਲ 'ਤੇ ਚਰਚੇ ਕੀਤੇ ਕਿਉਂਕਿ ਪਰਮਜੀਤ ਸਿੰਘ ਵੱਲੋਂ ਮਿਲਖਾ ਸਿੰਘ ਦਾ ਰਿਕਾਰਡ ਤੋੜਨ ਦੇ ਬਾਵਜੂਦ ਮਿਲਖਾ ਸਿੰਘ ਵੱਲੋਂ ਇਹ ਰਿਕਾਰਡ ਤੋੜੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਗੁਰਬਤ ਨਾਲ ਜੂਝਣ ਵਾਲੇ ਅਥਲੀਟ ਮੱਖਣ ਸਿੰਘ ਦੀ ਪਤਨੀ ਨੂੰ ਗੁਰਬਚਨ ਦੀਆਂ ਕੋਸ਼ਿਸ਼ਾਂ ਸਦਕਾ ਹੀ ਤਿੰਨ ਲੱਖ ਰੁਪਏ ਦੀ ਇਨਾਮ ਰਾਸ਼ੀ ਦਿੱਤੀ। ਇਸੇ ਤਰ੍ਹਾਂ ਪ੍ਰਦੁੱਮਣ ਸਿੰਘ  ਪੈਨਸ਼ਨ ਲਵਾਈ। ਖਿਡਾਰੀਆਂ ਦੀ ਪੈਨਸ਼ਨ 3500 ਤੋਂ 7000 ਰੁਪਏ ਅਤੇ ਫੇਰ 15000 ਰੁਪਏ ਕਰਨ ਵਿੱਚ ਗੁਰਬਚਨ ਦੀ ਕੋਸ਼ਿਸ਼ਾਂ ਦਾ ਵੱਡਾ ਯੋਗਦਾਨ ਸੀ। ਪਰਵੀਨ ਕੁਮਾਰ ਦੱਸਦਾ ਹੈ ਕਿ ਵਿਦੇਸ਼ੀ ਟੂਰਾਂ ਉਤੇ ਗੁਰਬਚਨ ਰੰਧਾਵਾ ਉਨ੍ਹਾਂ ਦੀ ਅੰਗਰੇਜ਼ੀ ਭਾਸ਼ਾ ਵਿੱਚ ਮੱਦਦ ਕਰਦੇ।

ਗੁਰਬਚਨ ਨੇ ਪਟਿਆਲਾ ਵਿਖੇ ਭਾਰਤੀ ਅਥਲੈਟਿਕਸ ਟੀਮ ਦੇ ਕੋਚ ਰਹਿੰਦਿਆਂ ਐਨ.ਆਈ.ਐਸ. ਡਿਪਲੋਮਾ ਵੀ ਕਰ ਲਿਆ। ਉਸ ਦੇ ਸ਼ਾਗਿਰਦ ਪਰਵੀਨ ਜੌਲੀ ਨੇ 1982 ਦੀਆਂ ਨਵੀਂ ਦਿੱਲੀ ਏਸ਼ਿਆਈ ਖੇਡਾਂ ਵਿੱਚ 110 ਮੀਟਰ ਹਰਡਲ ਵਿੱਚ ਕਾਂਸੀ ਦਾ ਤਮਗਾ ਵੀ ਜਿੱਤਿਆ। 50 ਵਰ੍ਹਿਆਂ ਦੀ ਉਮਰੇ ਵੀ ਗੁਰਬਚਨ ਨੂੰ ਕੋਚਿੰਗ ਦੇ ਗੁਰ ਸਿਖਾਉਂਦਿਆਂ ਹਰਡਲਾਂ ਉਤੇ ਦੌੜਦਿਆਂ ਦੇਖਿਆ ਜਾਂਦਾ। 2002 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਸਵਰਨ ਸਿੰਘ ਬੋਪਾਰਾਏ ਜੋ ਰੰਧਾਵਾ ਦੇ ਜਮਾਤੀ ਸਨ, ਨੇ ਉਸ ਨੂੰ ਖੇਡ ਸਲਾਹਕਾਰ ਲਾ ਲਿਆ। ਉਦੋਂ ਤੱਕ ਪੰਜਾਬੀ ਯੂਨੀਵਰਸਿਟੀ ਨੇ ਕਦੇ ਵੀ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ ਨਹੀਂ ਜਿੱਤੀ ਸੀ ਜੋ ਖੇਡ ਦਿਵਸ ਵਾਲੇ ਦਿਨ ਖੇਡਾਂ ਵਿੱਚ ਦੇਸ਼ ਦੀ ਸਰਵਉਚ ਯੂਨੀਵਰਸਿਟੀ ਨੂੰ ਦਿੱਤੀ ਜਾਂਦੀ ਸੀ। ਰੰਧਾਵਾ ਦੀ ਯੋਜਨਾਬੰਦੀ ਕੰਮ ਲਿਆਈ ਅਤੇ ਪੰਜਾਬੀ ਯੂਨੀਵਰਸਿਟੀ ਨੇ ਪਹਿਲੀ ਵਾਰ ਮਾਕਾ ਟਰਾਫੀ ਜਿੱਤੀ ਅਤ ਇਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਨਿਰੰਤਰ ਦੇਸ਼ ਦੀ ਸਿਖਰਲੀ ਯੂਨੀਵਰਸਿਟੀ ਬਣੀ ਹੋਈ ਹੈ। ਪੰਜਾਬੀ ਯੂਨੀਵਰਸਿਟੀ ਨਾਲ ਇਹ ਪਿਆਰ ਤੇ ਸਨੇਹ ਹੀ ਹੈ ਕਿ ਜਦੋਂ ਉਹ ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਹਾਸਲ ਕਰਨ ਆਏ ਤਾਂ ਰਾਤ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਜਾ ਕੇ ਹੀ ਗੁਜ਼ਾਰੀ। ਫੁਟਬਾਲ ਕੋਚ ਅਤੇ ਉਨ੍ਹਾਂ ਦੇ ਗੁਆਂਢੀ ਪਿੰਡ ਕਾਲਾ ਅਫਗਾਨਾ ਦੇ ਰਹਿਣ ਵਾਲੇ ਦਲਬੀਰ ਸਿੰਘ ਦੇ ਨਾਲ ਉਹ ਚੰਡੀਗੜ੍ਹ ਹੋਟਲ ਵਿਚਲੀ ਰਿਹਾਇਸ਼ ਛੱਡ ਕੇ ਪਟਿਆਲਾ ਗਏ।

ਗੁਰਬਚਨ ਸਿੰਘ ਰੰਧਾਵਾ ਦਾ ਬੇਟਾ ਰਣਜੀਤ ਸਿੰਘ ਆਪਣੇ ਪਰਿਵਾਰ ਨਾਲ

PunjabKesari

ਗੁਰਬਚਨ ਭਾਰਤੀ ਅਥਲੈਟਿਕਸ ਟੀਮ ਦੇ ਲੰਬਾ ਸਮਾਂ ਚੋਣਕਾਰ, ਖੇਡ ਐਵਾਰਡ ਕਮੇਟੀ ਦੇ ਮੈਂਬਰ ਅਤੇ ਡੋਪਿੰਗ ਕੇਸਾਂ ਸਬੰਧੀ ਬਣਨ ਵਾਲੇ ਜਿਊਰੀ ਪੈਨਲਾਂ ਦੇ ਵੀ ਮੈਂਬਰ ਰਹੇ। 2010 ਨਵੀਂ ਦਿੱਲੀ ਰਾਸ਼ਟਰਮੰਡਲ ਖੇਡਾਂ ਲਈ ਟੀਮ ਦੇ ਖਿਡਾਰੀਆਂ ਦੀ ਗਲਤ ਚੋਣ ਹੋਈ ਤਾਂ ਉਨ੍ਹਾਂ ਨੇ ਤੁਰੰਤ ਅਸਤੀਫਾ ਦੇ ਦਿੱਤਾ। ਫੇਰ ਉਨ੍ਹਾਂ ਨੂੰ ਮਿੰਨਤ ਕਰਕੇ ਲਿਆਂਦਾ ਗਿਆ ਅਤੇ ਉਨ੍ਹਾਂ ਆਪਣੀਆਂ ਸ਼ਰਤਾਂ ਉਤੇ ਕੰਮ ਕੀਤਾ। ਕਿਸੇ ਸੂਬੇ ਦੇ ਮੁੱਖ ਮੰਤਰੀ ਦੀ ਵੀ ਸਿਫਾਰਸ਼ ਆ ਜਾਣੀ ਤਾਂ ਵੀ ਉਨ੍ਹਾਂ ਮੈਰਿਟ ਉਤੇ ਹੀ ਟੀਮ ਚੁਣਨੀ। ਡੋਪਿੰਗ ਪੈਨਲਾਂ ਉਤੇ ਉਨ੍ਹਾਂ ਦੇ ਸਖਤ ਫੈਸਲੇ ਸੁਰਖੀਆਂ ਬਣਦੇ। ਖੇਡਾਂ ਵਿੱਚ ਡੋਪਿੰਗ ਦੇ ਤਾਂ ਉਹ ਸਖਤ ਵਿਰੋਧੀ ਹੈ ਹੀ ਸਨ ਸਗੋਂ ਫੂਡ ਸਪਲੀਮੈਂਟਾਂ ਦੇ ਹੱਕ ਵਿੱਚ ਨਹੀਂ ਸਨ। ਡੋਪਿੰਗ ਬਦਲੇ ਕੁਝ ਸਾਲਾਂ ਦੇ ਬੈਨ ਨੂੰ ਉਹ ਛੋਟੀ ਸਜ਼ਾ ਮੰਨਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਘੱਟੋਂ-ਘੱਟ ਨੌਕਰੀ ਤੋਂ ਬਰਖਾਸਤੀ ਅਤੇ ਜੇਲ੍ਹ ਵੀ ਭੇਜਣਾ ਚਾਹੀਦਾ ਕਿਉਂਕਿ ਸੱਚੀ ਸੁੱਚੀ ਖੇਡ ਭਾਵਨਾ ਵਿੱਚ ਤਾਕਤ ਵਧਾਊ ਦਵਾਈ ਦੀ ਕੋਈ ਥਾਂ ਨਹੀਂ।

ਗੁਰਬਚਨ ਸਿੰਘ ਰੰਧਾਵਾ ਦੀ ਪਤਨੀ ਜਸਵਿੰਦਰ ਕੌਰ ਵੀ ਡਿਸਕਸ ਥਰੋਅ ਤੇ ਸ਼ਾਟਪੁੱਟ ਵਿੱਚ ਕੌਮੀ ਪੱਧਰ ਦੀ ਅਥਲੀਟ ਰਹੀ ਹੈ। ਉਨ੍ਹਾਂ 1965 ਵਿੱਚ ਕੁਰੂਕਸ਼ੇਤਰਾ ਯੂਨੀਵਰਸਿਟੀ ਵੱਲੋਂ ਖੇਡਦਿਆਂ ਡਿਸਕਸ ਥਰੋਅ ਵਿੱਚ ਆਲ ਇੰਡੀਆ ਇੰਟਰ 'ਵਰਸਿਟੀ ਵਿੱਚ ਸੋਨੇ ਦਾ ਤਮਗਾ ਅਤੇ 1966 ਵਿੱਚ ਪੰਜਾਬ ਵੱਲੋਂ ਖੇਡਦਿਆਂ ਕੌਮੀ ਮੀਟ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਦੋਵੇਂ ਦਾ ਵਿਆਹ ਦਾ ਕਿੱਸਾ ਵੀ ਦਿਲਚਸਪ ਹੈ। ਜਸਵਿੰਦਰ ਦੇ ਪੜ੍ਹੇ ਲਿਖੇ ਪਿਤਾ ਨੂੰ ਕਾਲਜ ਡਰਾਪ ਆਊਟ ਮੁੰਡਾ ਪਸੰਦ ਨਹੀਂ ਸੀ ਜਿਸ ਕਾਰਨ ਦੋਵਾਂ ਨੇ ਰਜ਼ਾ ਤੋਂ ਬਗੈਰ 1969 ਵਿੱਚ ਵਿਆਹ ਕਰਵਾਇਆ। 1970 ਵਿੱਚ ਜਦੋਂ ਉਨ੍ਹਾਂ ਦੇ ਪਹਿਲੀ ਬੇਟੀ ਹੋਈ ਤਾਂ ਫੇਰ ਗੁਰਬਚਨ ਦੇ ਸਹੁਰਾ ਪਰਿਵਾਰ ਨੇ ਬੋਲਚਾਲ ਸ਼ੁਰੂ ਕੀਤੀ।  ਜਸਵਿੰਦਰ ਕੌਰ ਦੇ ਦੋਵੇਂ ਭਰਾ ਬਲਰਾਜ ਸੰਧੂ ਤੇ ਜਸਕਰਨ ਸੰਧੂ ਵੀ ਅਥਲੀਟ ਰਹੇ ਜਦੋਂ ਕਿ ਪਿਤਾ ਕਰਮ ਸਿੰਘ ਸੰਧੂ ਤੈਰਾਕੀ ਅਤੇ ਦਾਦਾ ਕੁਸ਼ਤੀ ਖੇਡਦੇ ਰਹੇ। ਗੁਰਬਚਨ ਸਿੰਘ ਰੰਧਾਵਾ ਤੇ ਜਸਵਿੰਦਰ ਕੌਰ ਦਾ ਪੁੱਤਰ ਰਣਜੀਤ ਸਿੰਘ ਰੰਧਾਵਾ ਵੀ 110 ਮੀਟਰ ਹਰਡਲਜ਼ ਦੌੜਦਾ ਰਿਹਾ ਜੋ ਕੰਪਿਊਟਰ ਸਾਇੰਸ ਤੇ ਇੰਟਰਨੈਸ਼ਨਲ ਰਿਲੇਸ਼ਨਜ਼ ਦੀ ਮਾਸਟਰ ਡਿਗਰੀ ਕਰਨ ਤੋਂ ਬਾਅਦ ਅਮਰੀਕਾ ਵਿੱਚ ਸੈੱਟ ਹੋ ਗਿਆ ਸੀ ਜੋ ਹੁਣ ਬਿਜਨਿਸ ਦੇ ਸਿਲਸਿਲੇ ਵਿੱਚ ਕਦੇ ਸਿਆਟਲ ਤੇ ਕਦੇ ਦਿੱਲੀ ਰਹਿੰਦਾ ਹੈ। ਰਣਜੀਤ ਸਿੰਘ ਰੰਧਾਵਾ ਨੇ 13.49 ਸਕਿੰਟ ਵਿੱਚ 110 ਮੀਟਰ ਹਰਡਲਜ਼ ਦੌੜ ਪੂਰੀ ਕੀਤੀ ਹੈ ਅਤੇ ਉਹ ਜੂਨੀਅਰ ਹੁੰਦਿਆਂ ਹੀ ਸੀਨੀਅਰ ਵਰਗ ਵਿੱਚ ਖੇਡਦਾ ਰਿਹਾ ਹੈ। ਗੁਰਬਚਨ ਦਾ ਪਿਤਾ, ਉਹ ਖੁਦ ਤੇ ਫੇਰ ਬੇਟਾ ਤਿੰਨੋਂ ਹੀ ਆਲ ਇੰਡੀਆ ਯੂਨੀਵਰਸਿਟੀ ਦੇ ਚੈਂਪੀਅਨ ਹੋਏ ਹਨ। ਖੇਡਾਂ 'ਚ ਓਤ-ਪੋਤ ਰੰਧਾਵਾ ਤੇ ਸੰਧੂ ਪਰਿਵਾਰ ਲਈ ਖੇਡਾਂ ਹੀ ਖੁਰਾਕ ਹੈ, ਖੇਡਾਂ ਹੀ ਅੰਬਰ, ਖੇਡਾਂ ਹੀ ਧਰਤੀ, ਖੇਡਾਂ ਹੀ ਦੀਵਾਰਾਂ ਤੇ ਖੇਡਾਂ ਹੀ ਬਿਸਤਰਾ ਹੈ।

1964 ਦੀਆਂ ਟੋਕੀਓ ਓਲੰਪਿਕ ਖੇਡਾਂ ਵਿੱਚ 110 ਮੀਟਰ ਹਰਡਲਜ਼ ਦੀ ਫਾਈਨਲ ਦੌੜ ਵਿੱਚ ਹਿੱਸਾ ਲੈ ਰਿਹਾ ਗੁਰਬਚਨ ਸਿੰਘ ਰੰਧਾਵਾ

PunjabKesari

ਗੁਰਬਚਨ ਸਿੰਘ ਰੰਧਾਵਾ ਦੇਸ਼ ਦਾ ਪਹਿਲਾ ਖਿਡਾਰੀ ਹੈ ਜਿਸ ਨੂੰ ਖਿਡਾਰੀਆਂ ਲਈ ਦੇਣ ਲਈ ਸ਼ੁਰੂ ਕੀਤਾ ਅਰਜੁਨਾ ਐਵਾਰਡ ਮਿਲਿਆ। 1961 ਵਿੱਚ ਜਦੋਂ ਉਸ ਨੂੰ ਇਸ ਵੱਕਾਰੀ ਐਵਾਰਡ ਲਈ ਚੁਣਿਆ ਗਿਆ ਤਾਂ ਉਸ ਨੂੰ ਇਸ ਐਵਾਰਡ ਬਾਰੇ ਪੂਰਾ ਇਲਮ ਨਹੀਂ ਸੀ। ਐਵਾਰਡ ਹਾਸਲ ਕਰਨ ਵਾਸਤੇ ਉਹ ਆਟੋ ਰਿਕਸ਼ਾ ਉਤੇ ਬੈਠ ਕੇ ਰਾਸ਼ਟਰਪਤੀ ਭਵਨ ਪੁੱਜਾ ਸੀ। 2005 ਵਿੱਚ ਉਨ੍ਹਾਂ ਨੂੰ ਦੇਸ਼ ਦੇ ਸਰਵਉੱਚ ਚੌਥੇ ਨਾਗਰਿਕ ਸਨਮਾਨ ਪਦਮ ਸ੍ਰੀ ਲਈ ਚੁਣਿਆ ਗਿਆ ਤਾਂ ਪਹਿਲੇ ਪਹਿਲ ਉਹ ਪੁਰਸਕਾਰ ਲੈਣ ਨੂੰ ਤਿਆਰ ਨਹੀਂ ਸੀ ਕਿਉਂਕਿ ਉਸ ਦਾ ਮੰਨਣਾ ਸੀ ਕਿ 1962 ਤੇ 1964 ਦੀ ਪ੍ਰਾਪਤੀ ਲਈ ਚਾਲੀ ਵਰ੍ਹਿਆਂ ਬਾਅਦ ਐਵਾਰਡ ਦੇਣ ਦੀ ਕੀ ਤੁਕ ਬਣਦੀ ਹੈ। ਆਪਣੇ ਦੋਸਤ ਸਵਰਨ ਸਿੰਘ ਬੋਪਾਰਾਏ ਦੇ ਕਹਿਣ ਉਤੇ ਉਹ ਐਵਾਰਡ ਲੈਣ ਲਈ ਤਿਆਰ ਹੋਇਆ। ਅਸਲ ਵਿੱਚ ਰਾਜਾ ਭਲਿੰਦਰਾ ਸਿੰਘ ਨੇ ਉਸ ਨੂੰ ਇਹ ਪੁਰਸਕਾਰ ਦੇਣ ਲਈ 1965 ਵਿੱਚ ਸਿਫਾਰਸ਼ ਕੀਤੀ ਸੀ। 1992 ਵਿੱਚ ਰਾਜਾ ਭਲਿੰਦਰਾ ਸਿੰਘ ਦੇ ਦੇਹਾਂਤ ਤੋਂ ਦੋ ਦਿਨ ਪਹਿਲਾ ਉਨ੍ਹਾਂ ਗੁਰਬਚਨ ਨੂੰ ਘਰ ਬੁਲਾ ਕੇ ਕਿਹਾ ਸੀ, ''ਮੇਰੀ ਦਿਲੀ ਇੱਛਾ ਹੈ ਕਿ ਮੇਰੇ ਜਿਉਂਦੇ ਜੀਅ ਤੈਨੂੰ ਪਦਮ ਸ੍ਰੀ ਮਿਲੇ ਪਰ ਮੈਨੂੰ ਮੇਰੇ ਜ਼ਿਆਦਾ ਸਮਾਂ ਜਿਉਣ ਦੀ ਆਸ ਨਹੀਂ ਲੱਗਦੀ। ਮੈਂ ਰਣਧੀਰ (ਰਾਜਾ ਭਲਿੰਦਰ ਸਿੰਘ ਦਾ ਪੁੱਤਰ ਰਾਜਾ ਰਣਧੀਰ ਸਿੰਘ) ਕਹਿ ਦਿੱਤਾ ਕਿ ਉਹ ਤੈਨੂੰ ਇਹ ਪੁਰਸਕਾਰ ਦੇਣ ਲਈ ਜ਼ੋਰ ਲਗਾਏ।'' ਸੁਰੇਸ਼ ਕਲਮਾਡੀ ਤੇ ਰਾਜਾ ਰਣਧੀਰ ਸਿੰਘ ਦੀਆਂ ਸਿਫਾਰਸ਼ਾਂ ਸਦਕਾ 2005 ਵਿੱਚ ਗੁਰਬਚਨ ਸਿੰਘ ਦਾ ਨਾਂ ਤਾਂ ਪਦਮ ਭੂਸ਼ਣ ਲਈ ਭੇਜਿਆ ਗਿਆ ਸੀ ਪਰ ਮਿਲਿਆ ਪਦਮ ਸ੍ਰੀ। ਗੁਰਬਚਨ ਸਿੰਘ ਰੰਧਾਵਾ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਇਹ ਪੁਰਸਕਾਰ ਪ੍ਰਸਿੱਧ ਵਿਗਿਆਨੀ ਅਤੇ ਉਸ ਵੇਲੇ ਦੇ ਰਾਸ਼ਟਰਪਤੀ ਏ.ਪੀ.ਜੀ.ਅਬਦੁਲ ਕਲਾਮ ਹੱਥੋਂ ਮਿਲਿਆ ਅਤੇ ਉਸ ਵੇਲੇ ਰਾਸ਼ਟਰਪਤੀ ਭਵਨ ਵਿੱਚ ਉਨ੍ਹਾਂ ਦੇ ਵੱਡੇ ਖੈਰ ਖਵਾਹ ਅਸ਼ਵਨੀ ਕੁਮਾਰ ਵੀ ਹਾਜ਼ਰ ਸਨ।

2010 ਵਿੱਚ ਜਦੋਂ ਨਵੀਂ ਦਿੱਲੀ ਵਿਖੇ ਭਾਰਤ ਨੇ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ਕਰਵਾਈਆਂ ਤਾਂ ਲੰਡਨ ਵਿਖੇ ਮਹਾਰਾਣੀ ਦੇ ਮਹਿਲ ਬਕਿੰਘਮ ਪੈਲੇਸ ਤੋਂ ਕੁਈਨਜ਼ ਬੈਟਨ ਰਿਲੇਅ ਦੀ ਸ਼ੁਰੂਆਤ ਲਈ ਗੁਰਬਚਨ ਸਿੰਘ ਰੰਧਾਵਾ ਚੋਣਵੇਂ ਅਥਲੀਟਾਂ ਵਿੱਚ ਸ਼ੁਮਾਰ ਸੀ। ਪਿਛਲੇ ਸਾਲ ਪੰਜਾਬ ਸਰਕਾਰ ਨੇ ਗੁਰਬਚਨ ਸਿੰਘ ਰੰਧਾਵਾ ਨੂੰ ਸੂਬੇ ਦੇ ਸਭ ਤੋਂ ਵੱਡਾ ਖੇਡ ਪੁਰਸਕਾਰ 'ਮਹਾਰਾਜਾ ਰਣਜੀਤ ਸਿੰਘ ਐਵਾਰਡ' ਦਿੱਤਾ। ਪੰਜਾਬ ਸਰਕਾਰ ਵੱਲੋਂ ਇਸ ਐਵਾਰਡ ਦੀ ਸ਼ੁਰੂਆਤ 1978 ਵਿੱਚ ਕੀਤੀ ਗਈ ਸੀ ਅਤੇ ਪੁਰਾਣੇ ਖਿਡਾਰੀਆਂ ਨੂੰ ਐਵਾਰਡ ਦੇਣ ਲਈ ਪਹਿਲੀ ਵਾਰ ਨੀਤੀ ਵਿੱਚ ਸੋਧ ਕੀਤੀ ਗਈ। ਗੁਰਬਚਨ ਸਿੰਘ ਰੰਧਾਵਾ ਆਪਣੇ ਸੂਬੇ ਵੱਲੋਂ ਮਿਲੇ ਐਵਾਰਡਾਂ ਨੂੰ ਆਪਣਾ ਸਭ ਤੋਂ ਵੱਡਾ ਸਨਮਾਨ ਮੰਨਦੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜਦੋਂ ਉਨ੍ਹਾਂ ਨੂੰ ਪੀਐਚ.ਡੀ. ਦੀ ਡਿਗਰੀ ਦਿੱਤੀ ਤਾਂ ਉਨ੍ਹਾਂ ਦੇ ਸਾਥੀ ਰਹੇ ਓਲੰਪੀਅਨ ਅਤੇ ਏਸ਼ੀਅਨ ਚੈਂਪੀਅਨ ਅਥਲੀਟ ਅਜਮੇਰ ਸਿੰਘ ਜੋ ਪੰਜਾਬ ਯੂਨੀਵਰਸਿਟੀ ਦੇ ਖੇਡ ਡਾਇਰੈਕਟਰ ਸਨ, ਨੇ ਵਾਈਸ ਚਾਂਸਲਰ ਨੂੰ ਡੀ.ਓ. ਪੱਤਰ ਲਿਖ ਕੇ ਇਸ ਫੈਸਲੇ ਦੀ ਪ੍ਰਸੰਸਾ ਕੀਤੀ। ਕਰੀਬ ਇਕ ਦਹਾਕਾ ਪਹਿਲਾ ਜਦੋਂ ਉਨ੍ਹਾਂ ਨੂੰ ਕੋਟਲਾ ਸ਼ਾਹੀਆ ਵਿਖੇ ਓਲੰਪਿਕ ਚਾਰਟਰ ਦੀਆਂ ਕਰਵਾਈਆਂ ਜਾਂਦੀਆਂ ਮਾਝੇ ਦੀਆਂ ਪ੍ਰਸਿੱਧ ਖੇਡਾਂ 'ਕਮਲਜੀਤ ਖੇਡਾਂ' ਦੌਰਾਨ ਸਨਮਾਨਿਆ ਗਿਆ ਤਾਂ ਉਨ੍ਹਾਂ ਕਿਹਾ ਸੀ ਕਿ ਆਪਣੀ ਧਰਤੀ 'ਤੇ ਸਨਮਾਨ ਮਿਲਣ ਦੀ ਸਭ ਤੋਂ ਵੱਧ ਖੁਸ਼ੀ ਹੁੰਦੀ ਹੈ। ਸਾਲ 2018 ਵਿੱਚ ਉਨ੍ਹਾਂ ਨੂੰ ਕਿਲਾ ਰਾਏਪੁਰ ਖੇਡਾਂ ਦੌਰਾਨ ਸਨਮਾਨਤ ਕੀਤਾ ਗਿਆ। ਸ਼੍ਰੋਮਣੀ ਪੰਜਾਬੀ ਕਵੀ ਗੁਰਭਜਨ ਗਿੱਲ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਗੁਰਬਚਨ ਸਿੰਘ ਰੰਧਾਵਾ ਪੰਜਾਬ ਦੀ ਧਰਤੀ 'ਤੇ ਖੇਡੇ ਜਾਂਦੇ ਖੇਡ ਮੁਕਾਬਲਿਆਂ ਵਿੱਚ ਨਵੀਂ ਪੀੜ੍ਹੀ ਦੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਲਈ ਪੁੱਜਣ। ਪ੍ਰਸਿੱਧ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਨੇ ਉਨ੍ਹਾਂ ਨੂੰ 'ਮੁੜ੍ਹਕੇ ਦਾ ਮੋਤੀ' ਟਾਈਟਲ ਦਿੱਤਾ।

ਕੋਟਲਾ ਸ਼ਾਹੀਆ ਵਿਖੇ ਕਮਲਜੀਤ ਖੇਡਾਂ ਦੌਰਾਨ ਗੁਰਬਚਨ ਸਿੰਘ ਰੰਧਾਵਾ, ਗੁਰਭਜਨ ਸਿੰਘ ਗਿੱਲ, ਪਿਰਥੀਪਾਲ ਸਿੰਘ ਤੇ ਲੇਖਕ

PunjabKesari

ਅਥਲੈਟਿਕਸ ਦੇ ਮੈਦਾਨ ਵਿੱਚ ਵੀ ਜਿੱਥੇ ਉਸ ਦਾ ਕੋਈ ਸਾਨੀ ਨਹੀਂ ਰਿਹਾ ਉਥੇ ਉਸ ਨੂੰ ਗੱਲਾਂ ਵੀ ਬਹੁਤ ਔੜਦੀਆਂ ਹਨ ਅਤੇ ਖੜ੍ਹਾ ਖਲੋਤਾ ਦੂਜੇ ਬੰਦੇ ਨੂੰ ਕਿਸੇ ਗੱਲ ਵਿੱਚ ਨਹੀਂ ਆਉਣ ਦਿੰਦਾ। ਜਿੰਨਾ ਵੱਡਾ ਉਹ ਖਿਡਾਰੀ ਹੈ ਉਸ ਤੋਂ ਵੀ ਵੱਡਾ ਇਨਸਾਨ ਜਿਸ ਵਿੱਚ ਨਾ ਕੋਈ ਆਪਣੀਆਂ ਪ੍ਰਾਪਤੀਆਂ ਦਾ ਘਮੰਡ ਅਤੇ ਨਾ ਹੀ ਉਚ ਅਹੁਦਿਆਂ ਤੇ ਸਨਮਾਨਾਂ ਦਾ ਅਹੰਕਾਰ ਹੈ ਸਗੋਂ ਜ਼ਮੀਨ ਨਾਲ ਜੁੜਿਆ ਹੋਇਆ ਜ਼ਿੰਦਾਦਿਲ ਇਨਸਾਨ ਹੈ। 81 ਵਰ੍ਹਿਆਂ ਦੇ ਗੁਰਬਚਨ ਸਿੰਘ ਰੰਧਾਵਾ ਦੇ ਚਿਹਰੇ ਹਾਲੇ ਵੀ ਨੌਜਵਾਨਾਂ ਨਾਲੋਂ ਵੱਧ ਜਲੌਅ ਅਤੇ ਉਤਸ਼ਾਹ ਹੈ। ਗੱਲਬਾਤ ਵਿੱਚ ਮਜ਼ਾਕੀਆ ਲਹਿਜ਼ਾ ਉਸ ਦੀ ਪਛਾਣ ਹੈ। ਦਿੱਲੀ ਵਸਦੇ ਨੂੰ ਉਸ ਨੂੰ ਕਈ ਦਹਾਕੇ ਹੋ ਗਏ ਹਨ ਪਰ ਉਸ ਨੂੰ ਕੁੜਤੇ-ਪਜਾਮੇ ਤੇ ਤਿੱਲੇਦਾਰੀ ਜੁੱਤੀ ਪਾਈ ਹੋਈ ਅਤੇ ਮਝੈਲੀ ਬੋਲਦਿਆਂ ਨੂੰ ਦੇਖ-ਸੁਣ ਕੇ ਕੋਈ ਨਹੀਂ ਕਹਿ ਸਕਦਾ ਕਿ ਉਹ ਦਿੱਲੀ ਰਹਿੰਦਾ ਹੈ ਜਾਂ ਅੰਮ੍ਰਿਤਸਰ ਦੇ ਪਿੰਡ ਨੰਗਲੀ। ਰਾਸ਼ਟਰਪਤੀ ਭਵਨ ਵਿੱਚ ਪਦਮ ਸ੍ਰੀ ਹਾਸਲ ਕਰਨ ਵੇਲੇ ਵੀ ਉਨ੍ਹਾਂ ਤਿੱਲੇਦਾਰੀ ਜੁੱਤੀ ਪਾਈ ਹੋਈ ਸੀ। ਜਿੰਨੀ ਉਹ ਠੇਠ ਤੇ ਫਰਾਟੇਦਾਰ ਪੰਜਾਬੀ ਬੋਲਦਾ ਹੈ ਉਨੀਂ ਹੀ ਉੱਚ ਪਾਏ ਦੀ ਅੰਗਰੇਜ਼ੀ ਵੱਟਸ ਐਪ ਉਪਰ ਭੇਜੇ ਜਾਂਦੇ ਸੰਦੇਸ਼ਾਂ 'ਚ ਲਿਖਦਾ ਹੈ। ਖੇਡਾਂ ਦੇ ਨਾਲ ਸਾਹਿਤਕ, ਫੋਟੋਗ੍ਰਾਫੀ ਅਤੇ ਸ਼ਿਕਾਰ ਖੇਡਣਾ ਉਸ ਦਾ ਸ਼ੌਕ ਰਿਹਾ ਹੈ।

ਗੁਰਬਚਨ ਸਿੰਘ ਰੰਧਾਵਾ ਦਿਲ ਆਈ ਗੱਲ ਕਹਿਣੋਂ ਨਹੀਂ ਰੁਕਦਾ, ਇਸੇ ਲਈ ਕੋਈ ਉਸ ਨੂੰ ਬੜਬੋਲਾ ਤੇ ਕੋਈ ਮੂੰਹ ਫੱਟ ਕਹਿੰਦਾ। ਉਸ ਨੂੰ ਕੋਈ ਪ੍ਰਵਾਹ ਨਹੀਂ ਕਿ ਕੋਈ ਉਸ ਬਾਰੇ ਕੀ ਸੋਚੇ। ਜੋ ਉਸ ਦੇ ਦਿਲ ਵਿੱਚ ਹੁੰਦਾ, ਉਹ ਕਹਿ ਦਿੰਦਾ। ਜਾਨ ਹਲੂਣਵੀਂ ਡਿਕੈਥਲਨ ਦੇ ਇਸ ਚੈਂਪੀਅਨ ਅਥਲੀਟ ਨੂੰ ਉਹ ਮਾਣ ਸਤਿਕਾਰ ਜਾਂ ਰੁਤਬਾ ਨਹੀਂ ਮਿਲਿਆ ਜਿਸ ਦਾ ਉਹ ਹੱਕਦਾਰ ਰਿਹਾ। ਉਸ ਦੀ ਮਕਬੂਲੀਅਤ ਉਸ ਦੀਆਂ ਪ੍ਰਾਪਤੀਆਂ ਨਾਲੋਂ ਘੱਟ ਹੈ, ਇਸੇ ਲਈ ਪ੍ਰਸਿੱਧ ਫਿਲਮ ਅਦਾਕਾਰ ਟਾਮ ਆਲਟਰ ਜੋ ਖੇਡਾਂ ਨੂੰ ਬਹੁਤ ਪਿਆਰ ਕਰਦੇ ਹਨ, ਨੇ ਕਿਹਾ ਸੀ ਕਿ ਗੁਰਬਚਨ ਭਾਰਤੀ ਅਥਲੈਟਿਕਸ ਦਾ ਵਿਨੋਦ ਖੰਨਾ ਹੈ ਜੋ ਸੋਹਣਾ, ਸਨੁੱਖਾ, ਸੂਝਵਾਨ ਤੇ ਸ਼ਾਨਦਾਰ ਹੋਣ ਦੇ ਬਾਵਜੂਦ ਅਮਿਤਾਬ ਬਚਨ ਰੂਪੀ ਮਿਲਖਾ ਸਿੰਘ ਦੇ ਪਰਛਾਵੇਂ ਹੇਠ ਹੀ ਰਹਿ ਗਿਆ। ਅਸਲ ਵਿੱਚ ਉਸ ਵਿੱਚ ਡਿਪਲੋਮੇਸੀ ਬਿਲਕੁਲ ਨਹੀਂ ਅਤੇ ਨਾ ਹੀ ਬਣਾਉਣੀਪੁਣਾ।

ਆਪਣੀ ਪਤਨੀ ਨਾਲ ਪੁਰਸਕਾਰ ਹਾਸਲ ਕਰਨ ਤੋਂ ਬਾਅਦ ਗੁਰਬਚਨ ਸਿੰਘ ਰੰਧਾਵਾ

PunjabKesari

ਅੰਗਰੇਜ਼ੀ ਖੇਡ ਪੱਤਰਕਾਰ ਜੀ.ਰਾਜਾਰਮਨ ਨੇ ਗੁਰਬਚਨ ਸਿੰਘ ਰੰਧਾਵਾ ਨਾਲ ਗੱਲਬਾਤ ਕਰਕੇ ਆਪਣੀ ਭਾਸ਼ਾ ਵਿੱਚ ਲਿਖੀ ਉਸ ਦੀ ਜੀਵਨੀ ਦਾ ਟਾਈਟਲ 'ਆਊਟਸਪੋਕਨ ਓਲੰਪੀਅਨ' ਰੱਖਿਆ ਹੈ। ਦੱਖਣੀ ਦਿੱਲੀ ਦੇ ਊਸ਼ਾ ਨਿਕੇਤਨ ਵਿੱਚ ਕਈ ਵਰ੍ਹਿਆਂ ਤੋਂ ਰਹਿੰਦੇ ਗੁਰਬਚਨ ਸਿੰਘ ਰੰਧਾਵਾ ਦੀ ਦਿਲੀ ਇੱਛਾ ਹੈ ਕਿ ਉਸ ਬਾਰੇ ਪੰਜਾਬੀ ਭਾਸ਼ਾ ਵਿੱਚ ਜੀਵਨੀ ਲਿਖੀ ਜਾਵੇ। ਮੈਂ ਗੁਰਬਚਨ ਸਿੰਘ ਰੰਧਾਵਾ ਨੂੰ 2017-18 ਵਿੱਚ ਪਹਿਲੀ ਵਾਰ ਕੋਟਲਾ ਸ਼ਾਹੀਆ ਵਿਖੇ ਕਮਲਜੀਤ ਖੇਡਾਂ ਦੌਰਾਨ ਮਿਲਿਆ ਸੀ। ਫੇਰ ਕਿਲਾ ਰਾਏਪੁਰ ਮੇਲ ਹੋਇਆ ਅਤੇ ਤੀਜੀ ਵਾਰ ਪਿਛਲੇ ਸਾਲ ਮਹਾਰਾਜਾ ਰਣਜੀਤ ਸਿੰਘ ਐਵਾਰਡ ਸਮਾਰੋਹ ਦੌਰਾਨ ਮਿਲੇ। ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪਿਛਲੇ ਦਿਨੀਂ ਲੱਗੇ ਲੌਕਡਾਊਨ ਸਮੇਂ ਮੈਂ ਗੁਰਬਚਨ ਸਿੰਘ ਰੰਧਾਵਾ ਦੇ ਹਵਾਲੇ ਨਾਲ ਪਰਵੀਨ ਕੁਮਾਰ ਨਾਲ ਗੱਲਬਾਤ ਕਰਕੇ ਉਸ ਬਾਰੇ ਆਰਟੀਕਲ ਲਿਖਿਆ। ਇਸ ਤੋਂ ਬਾਅਦ ਗੁਰਬਚਨ ਸਿੰਘ ਰੰਧਾਵਾ ਨੇ ਮੇਰੇ ਨਾਲ ਗੱਲ ਕਰਦਿਆਂ ਇੱਛਾ ਪ੍ਰਗਟਾਈ ਕਿ ਉਨ੍ਹਾਂ ਬਾਰੇ ਪੰਜਾਬੀ ਵਿੱਚ ਜੀਵਨੀ ਮੈਂ ਲਿਖਾ। ਮੇਰੇ ਲਈ ਇਹ ਮਾਣ ਵਾਲੀ ਗੱਲ ਸੀ ਕਿਉਂਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਮਿੱਤਰ ਅਤੇ ਮੇਰੇ ਗੁਰੂ ਜੀ ਪ੍ਰਿੰਸੀਪਲ ਸਰਵਣ ਸਿੰਘ ਤੇ ਗੁਰਭਜਨ ਸਿੰਘ ਗਿੱਲ ਨੇ ਵੀ ਮੈਨੂੰ ਇਸ ਕੰਮ ਲਈ ਕਿਹਾ ਸੀ। ਗੁਰਬਚਨ ਸਿੰਘ ਰੰਧਾਵਾ ਨੇ ਆਪਣੀ ਜੀਵਨ ਬਾਰੇ ਬਹੁਤ ਰੌਚਕ ਘਟਨਾਵਾਂ ਦੱਸੀਆ ਜੋ ਇਸ ਲੇਖ ਦਾ ਹਿੱਸਾ ਨਹੀਂ ਬਣੀਆਂ।

ਕੁਝ ਗੱਲਾਂ ਉਨ੍ਹਾਂ ਨੇ ਇਹ ਕਹਿ ਕੇ ਨਹੀਂ ਦੱਸੀਆ ਕਹਿੰਦੇ ਕਿ ਕਿਤਾਬ ਲਿਖਣ ਵੇਲੇ ਦੱਸਾਂਗੇ। ਖਾਸ ਕਰਕੇ ਪਿਤਾ ਨਾਲ ਰੁੱਸਣ ਤੋਂ ਬਾਅਦ ਪਿਤਾ ਦੇ ਖੁਸ਼ ਹੋਣ, ਸੰਤਾਲੀ ਦੀ ਵੰਡ ਅਤੇ ਪਿਤਾ ਦੇ ਪੁਰਾਣੇ ਪਾਕਿਸਤਾਨੀ ਦੋਸਤਾਂ ਨਾਲ ਸਬੰਧਤ। ਬਚਪਨ, ਪਰਿਵਾਰ, ਖੇਡ ਜੀਵਨ ਅਤੇ ਸੀ.ਆਰ.ਪੀ.ਐਫ. ਦੇ ਅਨੇਕਾਂ ਕਿੱਸੇ ਹਨ ਜੋ ਜਲਦ ਹੀ ਉਨ੍ਹਾਂ ਨੂੰ ਮਿਲ ਕੇ ਕਲਮਬੰਦ ਕਰਾਂਗਾ। ਅੱਜ ਉਨ੍ਹਾਂ ਬਾਰੇ 'ਖੇਡ ਰਤਨ ਪੰਜਾਬ ਦੇ' ਕਾਲਮ ਵਿੱਚ ਲਿਖਦਿਆਂ ਪਾਠਕਾਂ ਨਾਲ ਮੈਂ ਇਕ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਦੁਨੀਆਂ ਦੇ ਇਸ ਚੈਂਪੀਅਨ ਖਿਡਾਰੀ ਬਾਰੇ ਇਹ ਲੇਖ ਹਾਲੇ ਟ੍ਰੇਲਰ ਹੈ, ਪੂਰੀ ਫਿਲਮ ਜਲਦ ਹੀ ਜੀਵਨੀ ਦੇ ਰੂਪ ਵਿੱਚ ਦਿਖਾਉਣ ਲਈ ਕੋਸ਼ਿਸ਼ ਕਰਾਂਗੇ। ਗੁਰਬਚਨ ਸਿੰਘ ਰੰਧਾਵਾ ਵਰਗੇ ਖਿਡਾਰੀ ਸਦੀਆਂ ਵਿੱਚ ਹੀ ਜੰਮਦੇ ਹਨ ਜਿਸ ਨੇ ਸਰੀਰ ਦੀ ਅਥਾਹ ਸਮਰੱਥਾ ਨਾਲ ਦੱਸਿਆ ਕਿ ਇਨਸਾਨ ਚਾਹੇ ਤਾਂ ਕੀ ਕੁਝ ਨਹੀਂ ਕਰ ਸਕਦਾ।

ਦੋੜ ਲਗਾਉਂਦੇ ਹੋਏ ਗੁਰਬਚਨ ਸਿੰਘ ਰੰਧਾਵਾ

PunjabKesari


rajwinder kaur

Content Editor

Related News