ਖੇਡ ਰਤਨ ਪੰਜਾਬ ਦੇ : ਹਰ ਮੋਰਚੇ 'ਤੇ ਜੂਝਣ ਵਾਲਾ ਜਰਨੈਲ ‘ਜੁਗਰਾਜ ਸਿੰਘ’

Monday, Jun 15, 2020 - 04:28 PM (IST)

ਖੇਡ ਰਤਨ ਪੰਜਾਬ ਦੇ : ਹਰ ਮੋਰਚੇ 'ਤੇ ਜੂਝਣ ਵਾਲਾ ਜਰਨੈਲ ‘ਜੁਗਰਾਜ ਸਿੰਘ’

ਆਰਟੀਕਲ-13

ਨਵਦੀਪ ਸਿੰਘ ਗਿੱਲ

ਜੁਗਰਾਜ ਸਿੰਘ ਨੇ ਛੋਟੀ ਉਮਰੇ ਹੀ ਹਾਕੀ ਦੇ ਜੱਗ 'ਤੇ ਆਪਣਾ ਰਾਜ ਕਾਇਮ ਕਰ ਲਿਆ ਸੀ। ਉਸ ਨੇ ਛੋਟੀ ਉਮਰੇ ਹੀ ਆਪਣੀ ਖੇਡ ਦਾ ਸਿਖਰ ਛੋਹ ਲਿਆ ਸੀ। ਉਹ ਹਰ ਮੋਰਚੇ 'ਤੇ ਜਰਨੈਲ ਬਣ ਕੇ ਜੂਝਿਆ ਹੈ। ਚਾਹੇ ਉਹ ਖੇਡ ਮੈਦਾਨ ਹੋਵੇ ਜਾਂ ਫੇਰ ਸੱਟ ਲੱਗਣ ਤੋਂ ਬਾਅਦ ਉਭਰਨਾ ਹੋਵੇ। ਟੀਮ ਦਾ ਕੋਚ ਬਣਿਆ ਹੋਵੇ ਜਾਂ ਫੇਰ ਪੰਜਾਬ ਪੁਲਿਸ ਦੀ ਡਿਊਟੀ ਕਰਦਿਆਂ ਅਤਿਵਾਦੀਆਂ ਨਾਲ ਮੁਕਾਬਲੇ ਹੋਵੇ। ਉਸ ਨੇ ਹਰ ਮੋਰਚੇ 'ਤੇ ਫਤਿਹ ਹਾਸਲ ਕੀਤੀ ਹੈ। ਜੁਗਰਾਜ ਦੀਆਂ ਮਜ਼ਬੂਤ ਬਾਹਵਾਂ ਨਾਲ ਲਗਾਈਆਂ ਡਰੈਗ ਫਲਿੱਕਾਂ ਤੋਂ. ਜਿੱਥੇ ਵਿਰੋਧੀ ਟੀਮਾਂ ਦੇ ਗੋਲਚੀ ਭੈਅ ਖਾਣ ਲੱਗ ਪਏ ਸਨ ਉਥੇ ਵਿਰੋਧੀ ਟੀਮਾਂ ਵੱਲੋਂ ਪੈਨਲਟੀ ਕਾਰਨਰ ਲਗਾਉਂਦੇ ਸਮੇਂ ਉਹ ਡਰੈਗ ਫਲਿੱਕਰਾਂ ਲਈ ਚੀਨ ਦੀ ਦੀਵਾਰ ਬਣ ਜਾਂਦਾ ਸੀ। ਜੁਗਰਾਜ ਦੀ ਨਿਸ਼ਾਨੀ ਮਜ਼ਬੂਤ ਡਿਫੈਂਸ, ਮਿਡਫੀਲਡ ਵਿੱਚ ਟੀਮ ਦਾ ਧੁਰਾ ਬਣਨਾ ਅਤੇ ਡਰੈਗ ਫਲਿੱਕਾਂ ਨਾਲ ਗੋਲਾਂ ਦੀਆਂ ਝੜੀਆਂ ਲਗਾਉਣਾ ਸੀ। 20 ਵਰ੍ਹਿਆਂ ਦੀ ਉਮਰੇ ਉਸ ਦੀ ਗਿਣਤੀ ਵਿਸ਼ਵ ਦੇ ਚੋਟੀ ਦੇ ਡਰੈਗ ਫਲਿੱਕਰਾਂ ਵਿੱਚ ਹੋਣ ਲੱਗ ਗਈ ਸੀ। ਉਸ ਤੋਂ ਬਾਅਦ ਨਾ ਸਿਰਫ ਜੁਗਰਾਜ ਬਲਕਿ ਭਾਰਤੀ ਹਾਕੀ ਲਈ ਕਾਲਾ ਦਿਨ ਆਇਆ ਜਦੋਂ ਹਾਕੀ ਮੈਦਾਨ ਦੇ ਚੜ੍ਹਦੇ ਸੂਰਜ ਜੁਗਰਾਜ ਸਿੰਘ ਨੂੰ ਛੋਟੀ ਉਮਰੇ ਗ੍ਰਹਿਣ ਲੱਗ ਗਿਆ। ਉਹ ਆਪਣੀ ਖੇਡ ਦੀ ਸਿਖਰ 'ਤੇ ਸੀ ਜਦੋਂ 2003 ਵਿੱਚ ਸੜਕ ਹਾਦਸੇ 'ਚ ਫੱਟੜ ਹੋ ਗਿਆ। ਜੁਗਰਾਜ ਦਾ ਹਾਦਸਾ ਭਾਰਤੀ ਹਾਕੀ ਦੇ ਸਭ ਤੋਂ ਮਾੜੇ ਦਿਨਾਂ ਵਿੱਚੋਂ ਇਕ ਹੈ। ਜੁਗਰਾਜ ਜਦੋਂ ਆਪਣੀ ਪੂਰੀ ਸਿਖਰ 'ਤੇ ਸੀ ਅਤੇ ਭਾਰਤੀ ਹਾਕੀ ਲਈ ਠੰਡੀ ਹਵਾ ਦਾ ਬੁੱਲ੍ਹਾ ਬਣ ਕੇ ਵਗਣਾ ਸੀ, ਉਸ ਵੇਲੇ ਉਹਦੀ ਕਿਸਮਤ ਵਿੱਚ ਹਸਪਤਾਲ ਦੇ ਓਪਰੇਸ਼ਨ ਥਿਏਟਰ ਆ ਗਏ। ਉਸ ਸਮੇਂ ਜੁਗਰਾਜ ਸਿੰਘ ਦੇ ਇਲਾਜ ਦੌਰਾਨ ਕਿਸੇ ਨੂੰ ਵੀ ਆਸ ਨਹੀਂ ਸੀ ਕਿ ਇਹ ਖਿਡਾਰੀ ਮੁੜ ਖੇਡ ਮੈਦਾਨ 'ਤੇ ਵਾਪਸੀ ਕਰੇਗਾ ਪਰ ਇਹ ਜੁਗਰਾਜ ਦੀ ਹਿੰਮਤ ਅਤੇ ਜੁਝਾਰੂ ਰਵੱਈਆ ਹੀ ਸੀ ਜਿਹੜਾ ਉਸ ਨੂੰ ਖੇਡ ਮੈਦਾਨ 'ਤੇ ਵਾਪਸ ਲੈ ਆਇਆ। ਕੂਹਣੀ, ਪੱਟ ਤੇ ਚੂਲੇ ਦੇ ਵੱਡੀ ਸੱਟ ਕਾਰਨ ਉਸ ਦਾ ਤੁਰਨਾ-ਫਿਰਨਾ ਵੀ ਮੁਸ਼ਕਲ ਲੱਗ ਗਿਆ ਸੀ ਪਰ ਜੁਗਰਾਜ ਨੇ ਹਿੰਮਤ ਨਾ ਹਾਰੀ ਅਤੇ ਆਪਣੇ ਜੁਝਾਰੂਪੁਣੇ ਅਤੇ ਸਖਤ ਮਿਹਨਤ ਨਾਲ ਮੁੜ ਖੇਡਣ ਦੇ ਕਾਬਲ ਬਣਾਇਆ। ਹਾਲਾਂਕਿ ਜੁਗਰਾਜ ਕੌਮਾਂਤਰੀ ਪੱਧਰ ਉਪਰ ਤਾਂ ਭਾਰਤੀ ਹਾਕੀ ਦੀ ਨੁਮਾਇੰਦਗੀ ਨਾ ਕਰ ਸਕਿਆ ਪਰ ਕੌਮੀ ਪੱਧਰ 'ਤੇ ਉਸ ਨੇ ਪੰਜਾਬ ਪੁਲਿਸ ਅਤੇ ਪ੍ਰੀਮੀਅਰ ਹਾਕੀ ਲੀਗ ਵਿੱਚ ਚੰਡੀਗੜ੍ਹ ਡਾਇਨੋਮੋਜ਼ ਤੇ ਸ਼ੇਰ-ਏ-ਜਲੰਧਰ ਵੱਲੋਂ ਖੇਡਦਿਆਂ ਹਾਕੀ ਮੈਦਾਨ ਵਿੱਚ ਜੌਹਰ ਦਿਖਾਏ। ਜੁਗਰਾਜ ਸਿੰਘ ਨੇ ਜੂਨੀਅਰ ਪੱਧਰ 'ਤੇ ਟੀਮ ਦੀ ਕੋਚਿੰਗ ਵੀ ਕੀਤੀ।

 ਗੋਲ ਕਰਨ ਤੋਂ ਬਾਅਦ ਜੁਗਰਾਜ ਦਾ ਜਸ਼ਨ ਮਨਾਉਣ ਦਾ ਅੰਦਾਜ਼

PunjabKesari

ਛੋਟੀ ਉਮਰੇ ਭਾਰਤ ਦੀ ਕਪਤਾਨੀ ਕਰ ਕੇ ਜੁਗਰਾਜ ਨੇ ਏਸ਼ੀਆ ਕੱਪ ਜਿੱਤਿਆ ਅਤੇ ਫੇਰ ਡਰੈਗ ਫਲਿੱਕਾਂ ਨਾਲ ਭਾਰਤ ਨੂੰ ਜੂਨੀਅਰ ਵਿਸ਼ਵ ਕੱਪ ਜਿਤਾਇਆ। ਸੀਨੀਅਰ ਟੀਮ ਵਿੱਚ ਪਾਕਿਸਤਾਨ, ਜਰਮਨੀ, ਆਸਟਰੇਲੀਆ ਵਰਗੀਆਂ ਟੀਮਾਂ ਨੂੰ ਧੂੜ ਚਟਾਈ। ਹਾਕੀ ਇੰਡੀਆਂ ਨੇ ਉਸ ਦੀਆਂ ਬਤੌਰ ਪੈਨਲਟੀ ਕਾਰਨਰ ਮਾਹਿਰ ਕੋਚ ਵਜੋਂ ਸੇਵਾਵਾਂ ਲੈਣੀਆਂ ਸ਼ੁਰੂ ਕੀਤੀਆਂ। ਅਜੋਕੇ ਸਮੇਂ ਵਿਸ਼ਵ ਪ੍ਰਸਿੱਧ ਡਰੈਗ ਫਲਿੱਕਰ ਰੁਪਿੰਦਰ ਪਾਲ ਸਿੰਘ ਜੁਗਰਾਜ ਸਿੰਘ ਦਾ ਹੀ ਚੰਡਿਆ ਹੋਇਆ ਹੈ। ਜੁਗਰਾਜ ਨੂੰ ਇਹ ਮਾਣ ਹਾਸਲ ਹੈ ਕਿ ਉਸ ਨੇ ਬਤੌਰ ਖਿਡਾਰੀ ਤੇ ਕੋਚ ਤਾਂ ਸੇਵਾਵਾਂ ਨਿਭਾਈਆਂ ਵੀ ਹਨ ਸਗੋਂ ਪੰਜਾਬ ਪੁਲਸ ਲਈ ਵੀ ਬੇਮਿਸਾਲ ਸੇਵਾ ਨਿਭਾਈ ਹੈ। ਸਾਲ 2017 ਵਿੱਚ ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਵਿੱਚ ਜੁਗਰਾਜ ਸਿੰਘ ਸਹਾਇਕ ਕੋਚ (ਪੈਨਲਟੀ ਕਾਰਨਰ ਮਾਹਿਰ) ਤੇ ਮੈਨੇਜਰ ਵਜੋਂ ਤਾਇਨਾਤ ਸੀ। ਭਾਰਤੀ ਟੀਮ ਦੇ ਚੋਟੀ ਦੇ ਡਰੈਗ ਫਲਿੱਕਰ ਰੁਪਿੰਦਰ ਪਾਲ ਸਿੰਘ ਤੇ ਹਰਮਨਪ੍ਰੀਤ ਸਿੰਘ ਦੋਵੇਂ ਹੀ ਉਸ ਦੀ ਦੇਖ-ਰੇਖ ਹੇਠ ਤਿਆਰੀ ਕਰ ਰਹੇ ਹਨ। ਜੁਗਰਾਜ ਨੇ ਭਾਰਤੀ ਹਾਕੀ ਵਿੱਚ ਡਰੈਗ ਫਲਿੱਕਰਾਂ ਦੀ ਰੀਤ ਤੋਰੀ ਅਤੇ ਉਸ ਦੀ ਦੇਖੋ-ਦੇਖ ਭਾਰਤ ਟੀਮ ਵਿੱਚ ਕਈ ਡਰੈਗ ਫਲਿੱਕਰ ਆਏ, ਜਿਨ੍ਹਾਂ ਨੇ ਨਾਮਣਾ ਖੱਟਿਆ। ਜੁਗਰਾਜ ਸਿੰਘ ਦੀ ਪ੍ਰਸਿੱਧੀ ਇੰਨੀ ਹੋ ਗਈ ਕਿ ਹਾਕੀ ਇੰਡੀਆ ਵੱਲੋਂ ਜਦੋਂ ਭਾਰਤੀ ਹਾਕੀ ਖਿਡਾਰੀਆਂ ਲਈ ਸਾਲਾਨਾ ਐਵਾਰਡਾਂ ਦੀ ਸ਼ੁਰੂਆਤ ਕੀਤੀ ਤਾਂ ਉਭਰਦੇ ਖਿਡਾਰੀ ਨੂੰ ਦਿੱਤਾ ਜਾਂਦਾ ਐਵਾਰਡ ਜੁਗਰਾਜ ਸਿੰਘ ਦੇ ਨਾਂ ਉਤੇ ਹੈ। ਦੀਨਾਨਗਰ ਪੁਲਸ ਸਟੇਸ਼ਨ 'ਤੇ ਅਤਿਵਾਦੀ ਹਮਲੇ ਵੇਲੇ ਜੁਗਰਾਜ ਸਿੰਘ ਨੇ ਪੁਲਸ ਦੀ ਡਿਊਟੀ ਕਰਦਿਆਂ ਦਹਿਸ਼ਤਗਰਦਾਂ ਦਾ ਦਲੇਰੀ ਤੇ ਹੌਸਲੇ ਨਾਲ ਸਾਹਮਣਾ ਕੀਤਾ ਅਤੇ ਅੰਤ ਦਹਿਸ਼ਤਗਰਦਾਂ ਨੂੰ ਮਾਰ-ਮੁਕਾਣ ਅਤੇ ਆਮ ਲੋਕਾਂ ਦੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਵਿੱਚ ਅਹਿਮ ਭੂਮਿਕਾ ਨਿਭਾਈ। ਜਿਵੇਂ ਉਸ ਦੀ ਡਰੈਗ ਫਲਿੱਕ ਬਿਨਾਂ ਗੋਲ ਤੋਂ ਖਾਲੀ ਨਹੀਂ ਮੁੜਦੀ ਸੀ ਉਵੇਂ ਹੀ ਉਸ ਦੀ ਗੋਲੀ ਵੀ ਦੁਸ਼ਮਣ ਨੂੰ ਮਾਰਨ ਤੋਂ ਬਿਨਾਂ ਖਾਲੀ ਨਹੀਂ ਗਈ।

ਬਤੌਰ ਸਹਾਇਕ ਕੋਚ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਟਰਾਫੀ ਨਾਲ ਜੁਗਰਾਜ ਸਿੰਘ

PunjabKesari

ਜੁਗਰਾਜ ਦਾ ਜਨਮ 22 ਅਪ੍ਰੈਲ 1983 ਨੂੰ ਰਈਆ ਵਿਖੇ ਸਰੀਰਕ ਸਿੱਖਿਆ ਅਧਿਆਪਕਾਂ ਦੀ ਜੋੜੀ ਹਰਜਿੰਦਰ ਸਿੰਘ ਅਤੇ ਗੁਰਮੀਤ ਕੌਰ ਦੇ ਘਰ ਹੋਇਆ ਸੀ। ਉਸ ਦਾ ਅਸਲੀ ਪਿੰਡ ਫਾਜਲਪੁਰ ਹੈ। ਘਰ ਵਿੱਚ ਹੀ ਹਾਕੀ ਦਾ ਮਾਹੌਲ ਹੋਣ ਕਰਕੇ ਜੁਗਰਾਜ ਨੇ ਇਸ ਖੇਡ ਨੂੰ ਹੀ ਪਹਿਲ ਦਿੱਤੀ। ਜੁਗਰਾਜ ਦੀ ਵੱਡੀ ਭੈਣ ਰਾਜਬੀਰ ਕੌਰ ਭਾਰਤੀ ਹਾਕੀ ਟੀਮ ਦੀ ਸਾਬਕਾ ਕਪਤਾਨ ਤੇ ਅਰਜੁਨਾ ਐਵਾਰਡੀ ਹੈ। 1982 ਵਿੱਚ ਰਾਜਬੀਰ ਕੌਰ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦੀ ਅਹਿਮ ਖਿਡਾਰਨ ਸੀ। ਰਾਜਬੀਰ ਕੌਰ ਦੇ ਪਤੀ ਗੁਰਮੇਲ ਸਿੰਘ 1980 ਦੀਆਂ ਮਾਸਕੋ ਓਲੰਪਿਕ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਸਨ। ਇਸ ਤਰ੍ਹਾਂ ਜੁਗਰਾਜ ਨੂੰ ਘਰੋਂ ਹੀ ਹਾਕੀ ਖੇਡਣ ਦੀ ਪ੍ਰੇਰਨਾ ਮਿਲੀ। ਇਸ ਸੰਬੰਧੀ ਉਹ ਕਹਿੰਦਾ ਵੀ ਹੈ ਕਿ, ''ਜਦੋਂ ਮੈਂ ਛੋਟਾ ਹੁੰਦਾ ਆਪਣੀ ਦੀਦੀ ਨੂੰ ਇਨਾਮ ਜਿੱਤ ਕੇ ਘਰ ਵਾਪਸ ਆਉਂਦਾ ਦੇਖਦਾ ਹੁੰਦਾ ਸੀ ਤਾਂ ਮੇਰਾ ਵੀ ਮਨ ਕਰਦਾ ਹੁੰਦਾ ਕਿ ਮੈਂ ਵੀ ਇਸ ਤਰ੍ਹਾਂ ਬਾਹਰੋਂ ਇਨਾਮ ਜਿੱਤ ਕੇ ਲਿਆਵਾਂ''। ਉਸ ਨੇ 1994 ਵਿੱਚ ਮੋਹਨ ਸਿੰਘ ਤੇ ਝਿਲਮਲ ਸਿੰਘ ਦੀ ਦੇਖ ਰੇਖ ਹੇਠ ਸੁਰਜੀਤ ਹਾਕੀ ਅਕੈਡਮੀ ਤੋਂ ਆਪਣੇ ਖੇਡ ਜੀਵਨ ਦੀ ਸ਼ੁਰੂਆਤ ਕੀਤੀ।

ਰੁਪਿੰਦਰ ਪਾਲ ਸਿੰਘ ਆਪਣੇ ਆਦਰਸ਼ ਜੁਗਰਾਜ ਸਿੰਘ ਨਾਲ

PunjabKesari

ਜੁਗਰਾਜ ਛੋਟੀ ਉਮਰੇ ਹੀ ਹਾਕੀ ਦੇ ਅੰਬਰ ਉਤੇ ਉਡਾਰੀਆਂ ਮਾਰਨ ਲੱਗ ਗਿਆ। 2000 ਵਿੱਚ ਜੰਮੂ ਵਿਖੇ ਹੋਏ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਵਿੱਚ ਜੁਗਰਾਜ ਨੇ ਆਪਣੀ ਡਰੈਗ ਫਲਿੱਕ ਦੇ ਜੌਹਰ ਦਿਖਾਉਂਦਿਆਂ ਸੱਤ ਗੋਲ ਕੀਤੇ। ਇਸ ਤਰ੍ਹਾ ਹਾਕੀ ਖੇਡ ਵਿੱਚ ਉਸ ਦੇ ਖੇਡ-ਜੀਵਨ ਦੀ ਸ਼ੁਰੂਆਤ ਹੋ ਗਈ। ਰਾਸ਼ਟਰੀ ਖੇਡਾਂ, ਨਹਿਰੂ ਹਾਕੀ ਕੱਪ, ਸੁਰਜੀਤ ਹਾਕੀ ਟੂਰਨਾਮੈਂਟ, ਗੁਰਮੀਤ ਮੈਮੋਰੀਅਲ ਹਾਕੀ ਟੂਰਨਾਮੈਂਟ, ਬੇਟਨ ਕੱਪ ਤੇ ਮਰਗੁੱਪਾ ਗੋਲਡ ਕੱਪ ਵਿੱਚ ਜੁਗਰਾਜ ਸਿੰਘ ਨੇ ਜਿੱਤਾਂ ਹਾਸਲ ਕੀਤੀਆਂ। ਸੀਨੀਅਰ ਗਰੁੱਪ ਵਿੱਚ ਜੁਗਰਾਜ ਦੀ ਪ੍ਰਸਿੱਧੀ ਨੇ ਉਸ ਨੂੰ ਜੂਨੀਅਰ ਭਾਰਤੀ ਟੀਮਾਂ ਦੀ ਕਪਤਾਨੀ ਦਿਵਾਈ। 2001 ਵਿੱਚ ਇਪੋਹ ਵਿਖੇ ਖੇਡੇ ਗਏ ਅੰਡਰ-18 ਏਸ਼ੀਆ ਕੱਪ ਦੀ ਕਪਤਾਨੀ ਜੁਗਰਾਜ ਸਿੰਘ ਕੋਲ ਸੀ। ਜੁਗਰਾਜ ਨੇ ਵੀ ਕਪਤਾਨੀ ਖੇਡ ਦਿਖਾਉਂਦਿਆਂ 14 ਗੋਲ ਕਰਕੇ ਭਾਰਤ ਨੂੰ ਏਸ਼ੀਆ ਕੱਪ ਜਿਤਾਇਆ। ਜੁਗਰਾਜ ਟਾਪ ਸਕੋਰਰ ਦੇ ਨਾਲ 'ਪਲੇਅਰ ਆਫ ਦਾ ਟੂਰਨਾਮੈਂਟ' ਅਤੇ 'ਆਲ-ਸਟਾਰ ਏਸ਼ੀਅਨ ਟੀਮ' ਵਿੱਚ ਚੁਣਿਆ ਗਿਆ। ਜੂਨੀਅਰ ਟੀਮ ਵਿੱਚ ਖੇਡਦਿਆਂ ਹੀ ਜੁਗਰਾਜ 19 ਸਾਲ ਦੀ ਉਮਰੇ ਭਾਰਤੀ ਸੀਨੀਅਰ ਟੀਮ ਵਿੱਚ ਚੁਣਿਆ ਗਿਆ। 2001 ਵਿੱਚ ਸੀਨੀਅਰ ਟੀਮ ਵੱਲੋਂ ਜੁਗਰਾਜ ਨੇ ਸੁਲਤਾਨ ਅਜਲਾਨ ਸ਼ਾਹ ਹਾਕੀ ਕੱਪ ਵਿੱਚ ਹਿੱਸਾ ਲਿਆ ਅਤੇ ਉਥੇ ਉਸ ਨੇ ਆਪਣਾ ਪਹਿਲਾ ਗੋਲ ਵੀ ਕੀਤਾ। ਇਸ ਸਾਲ ਦੇ ਅਖੀਰ ਵਿੱਚ ਚੈਂਪੀਅਨਜ਼ ਚੈਲੇਂਜ ਟੂਰਨਾਮੈਂਟ ਵਿੱਚ ਭਾਰਤ ਜੇਤੂ ਬਣਿਆ ਅਤੇ ਜੁਗਰਾਜ ਨੇ ਦੋ ਗੋਲ ਕੀਤੇ।

 ਜੁਗਰਾਜ ਸਿੰਘ ਜੂਨੀਅਰ ਵਿਸ਼ਵ ਕੱਪ ਦੀ ਟਰਾਫੀ ਨਾਲ

PunjabKesari

ਜੁਗਰਾਜ ਇਕੋ ਵੇਲੇ ਸੀਨੀਅਰ ਤੇ ਜੂਨੀਅਰ ਭਾਰਤੀ ਟੀਮ ਵਿੱਚ ਖੇਡਦਿਆਂ ਰਿਹਾ। 2001 ਵਿੱਚ ਜੁਗਰਾਜ ਜੂਨੀਅਰ ਭਾਰਤੀ ਟੀਮ ਦਾ ਅਹਿਮ ਮੈਂਬਰ ਸੀ, ਜਿਸ ਨੇ ਆਸਟਰੇਲੀਆ ਦੇ ਸ਼ਹਿਰ ਹੋਬਾਰਟ ਵਿਖੇ ਖੇਡੇ ਗਏ ਜੂਨੀਅਰ ਵਿਸ਼ਵ ਕੱਪ ਵਿੱਚ ਹਿੱਸਾ ਲਿਆ। ਕੈਨੇਡਾ ਖਿਲਾਫ ਪਹਿਲੇ ਹੀ ਮੈਚ ਵਿੱਚ ਜੁਗਰਾਜ ਨੇ ਦੋ ਗੋਲ ਕੀਤੇ ਅਤੇ ਭਾਰਤੀ ਟੀਮ ਪੰਜ ਗੋਲਾਂ ਨਾਲ ਜਿੱਤੀ। ਸਪੇਨ ਖਿਲਾਫ ਜੁਗਰਾਜ ਦੇ ਸ਼ੁਰੂਆਤੀ ਗੋਲ ਵਿੱਚ ਦਿਵਾਈ ਲੀਡ ਨੇ ਭਾਰਤ ਨੂੰ ਤਿੰਨ ਗੋਲਾਂ ਨਾਲ ਮੈਚ ਜਿਤਾਇਆ। ਅਗਲੇ ਰਾਊਂਡ ਵਿੱਚ ਜੁਗਰਾਜ ਨੇ ਹਾਲੈਂਡ ਤੇ ਆਸਟਰੇਲੀਆ ਜਿਹੀਆਂ ਤਕੜੀਆਂ ਟੀਮਾਂ ਖਿਲਾਫ ਖੇਡਦਿਆਂ ਇਕ-ਇਕ ਗੋਲ ਕੀਤਾ। ਫਾਈਨਲ ਵਿੱਚ ਭਾਰਤੀ ਟੀਮ ਨੇ ਅਰਜਨਟਾਈਨਾ ਦੇ ਪੈਰ ਨਹੀਂ ਲੱਗਣ ਦਿੱਤੇ ਅਤੇ 6-1 ਨਾਲ ਲਾਤੀਨੀ ਅਮਰੀਕੀ ਟੀਮ ਨੂੰ ਹਰਾਉਂਦਿਆਂ ਪਲੇਠਾ ਜੂਨੀਅਰ ਵਿਸ਼ਵ ਖਿਤਾਬ ਝੋਲੀ ਪਾਇਆ। ਇਸ ਜਿੱਤ ਵਿੱਚ ਜੁਗਰਾਜ ਦੇ ਦੋ ਗੋਲਾਂ ਦਾ ਵੱਡਾ ਯੋਗਦਾਨ ਸੀ। ਗਗਨ ਅਜੀਤ ਦੀ ਕਪਤਾਨ ਹੇਠ ਭਾਰਤੀ ਟੀਮ ਦੀ ਇਸ ਜਿੱਤ ਨੇ ਭਾਰਤੀ ਹਾਕੀ ਦੀ ਗੁੱਡੀ ਅਸਮਾਨੀ ਚਾੜ੍ਹ ਦਿੱਤੀ। 10 ਗੋਲਾਂ ਨਾਲ ਟਾਪ ਸਕੋਰਰ ਬਣੇ ਸਟਰਾਈਕਰ ਦੀਪਕ ਠਾਕੁਰ ਤੋਂ ਬਾਅਦ ਜੁਗਰਾਜ ਗੋਲ ਕਰਨ ਵਿੱਚ ਦੂਜੇ ਨੰਬਰ 'ਤੇ ਰਿਹਾ। ਉਸ ਨੇ ਆਪਣੀ ਪੈਨਲਟੀ ਕਾਰਨਰ ਮੁਹਾਰਤ ਕਰਕੇ ਸੱਤ ਗੋਲ ਕੀਤੇ। ਜੁਗਰਾਜ ਨੇ ਵਿਰੋਧੀ ਟੀਮਾਂ ਦੇ ਫਾਰਵਰਡਾਂ ਨੂੰ ਡੱਕਦਿਆ ਭਾਰਤ ਨੂੰ ਵਿਸ਼ਵ ਚੈਂਪੀਅਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

 ਜੁਗਰਾਜ ਸਿੰਘ ਸੀਨੀਅਰ ਭਾਰਤੀ ਟੀਮ ਨਾਲ

PunjabKesari

ਜੂਨੀਅਰ ਵਿਸ਼ਵ ਕੱਪ ਦੀ ਜਿੱਤ ਤੋਂ ਬਾਅਦ ਜੁਗਰਾਜ ਸਮੇਤ ਉਸ ਦਾ ਪੂਰਾ ਬੈਚ ਭਾਰਤੀ ਸੀਨੀਅਰ ਟੀਮ ਦਾ ਵੀ ਅਹਿਮ ਅੰਗ ਬਣ ਗਿਆ। ਪੰਜਾਬ ਦੇ ਇਨ੍ਹਾਂ ਖਿਡਾਰੀਆਂ ਵਿੱਚ ਜੁਗਰਾਜ ਤੋਂ ਇਲਾਵਾ ਗਗਨ ਅਜੀਤ ਸਿੰਘ, ਦੀਪਕ ਠਾਕੁਰ, ਪ੍ਰਭਜੋਤ ਸਿੰਘ, ਕੰਵਲਪ੍ਰੀਤ ਸਿੰਘ, ਤੇਜਬੀਰ ਸਿੰਘ, ਇੰਦਰਜੀਤ ਚੱਢਾ ਵੀ ਸ਼ਾਮਲ ਸਨ। ਰਾਜਪਾਲ ਸਿੰਘ ਨੇ ਬਾਅਦ ਵਿੱਚ ਭਾਰਤੀ ਹਾਕੀ ਦੀ ਕਪਤਾਨੀ ਵੀ ਕੀਤੀ। 2002 ਵਿੱਚ ਜੁਗਰਾਜ ਨੇ ਭਾਰਤੀ ਸੀਨੀਅਰ ਟੀਮ ਵੱਲੋਂ ਵਿਸ਼ਵ ਕੱਪ ਖੇਡਦਿਆਂ ਤਿੰਨ ਗੋਲ ਕੀਤੇ। 2002 ਵਿੱਚ ਬੁਸਾਨ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ, ਜਿਸ ਵਿੱਚ ਜੁਗਰਾਜ ਦੇ ਚਾਰ ਗੋਲਾਂ ਦਾ ਵੱਡਾ ਯੋਗਦਾਨ ਸੀ। 2002 ਵਿੱਚ ਭਾਰਤੀ ਹਾਕੀ ਟੀਮ ਨੇ ਵਿਸ਼ਵ ਹਾਕੀ ਦੇ ਸਭ ਤੋਂ ਵੱਡੇ ਤੇ ਵੱਕਾਰੀ ਟੂਰਨਾਮੈਂਟ ਚੈਂਪੀਅਨਜ਼ ਟਰਾਫੀ ਵਿੱਚ ਛੇ ਸਾਲਾਂ ਬਾਅਦ ਹਾਜ਼ਰੀ ਲਗਾਈ। ਕਲੋਨ ਵਿਖੇ ਖੇਡੀ ਚੈਂਪੀਅਨਜ਼ ਟਰਾਫੀ ਵਿੱਚ ਭਾਰਤੀ ਟੀਮ ਚੌਥੇ ਸਥਾਨ 'ਤੇ ਰਹੀ ਅਤੇ ਜੁਗਰਾਜ ਸਿੰਘ ਨੇ ਇਥੇ ਪੰਜ ਗੋਲ ਕੀਤੇ। ਹਾਲੈਂਡ ਵਿਖੇ ਖੇਡੇ ਚਾਰ ਦੇਸ਼ੀ ਟੂਰਨਾਮੈਂਟ ਵਿੱਚ ਵੀ ਜੁਗਰਾਜ ਨੇ ਇਕ ਗੋਲ ਕੀਤਾ। ਐਡੀਲੇਡ ਤੇ ਮੈਲਬਰਨ ਵਿਖੇ ਖੇਡੀ ਗਏ ਚਾਰ ਦੇਸ਼ੀ ਟੂਰਨਾਮੈਂਟ ਵਿੱਚ ਭਾਰਤ ਦੂਜੇ ਸਥਾਨ 'ਤੇ ਰਿਹਾ, ਜਿਸ ਵਿੱਚ ਜੁਗਰਾਜ ਦੇ ਤਿੰਨ ਗੋਲਾਂ ਦਾ ਯੋਗਦਾਨ ਸੀ। ਆਪਣੇ ਸਾਥੀ ਖਿਡਾਰੀਆਂ ਵੱਲੋਂ 'ਜਜ' ਨਾਂ ਨਾਲ ਪੁਕਾਰੇ ਜਾਂਦੇ ਜੁਗਰਾਜ ਸਿੰਘ ਨੇ ਅਹਿਮ ਮੌਕਿਆਂ 'ਤੇ ਭਾਰਤੀ ਟੀਮ ਲਈ ਕਈ ਜਜਮੈਂਟ ਗੋਲ ਕੀਤੇ।

ਜੁਗਰਾਜ ਸਿੰਘ ਆਪਣੇ ਵੱਖ-ਵੱਖ ਸ਼ੌਕ ਪੂਰੇ ਕਰਦਾ ਹੋਇਆ

PunjabKesari

PunjabKesari

ਜੁਗਰਾਜ ਸਿੰਘ ਮਿਡਫੀਲਡਰ ਵਜੋਂ ਖੇਡਦਾ ਜਿੱਥੇ ਭਾਰਤੀ ਡਿਫੈਂਸ ਦੀ ਅਹਿਮ ਕੜੀ ਸੀ ਉਥੇ ਡਰੈਗ ਫਲਿੱਕਰ ਹੋਣ ਕਰ ਕੇ ਪੈਨਲਟੀ ਕਾਰਨਰ ਮਾਹਰ ਵਜੋਂ ਉਹ ਭਾਰਤੀ ਟੀਮ ਲਈ ਜਿੱਤ ਸੋਨੇ 'ਤੇ ਸੁਹਾਗੇ ਦਾ ਕੰਮ ਕਰਦਾ ਸੀ। ਹਾਕੀ ਖੇਡ ਦੇ ਸਭ ਤੋਂ ਉਘੇ ਪੱਤਰਕਾਰ ਕੇ.ਅਰੂਮੁੱਗਮ ਨੇ 'ਜੁਗਰਾਜ ਨੂੰ ਭਾਰਤੀ ਜਿੱਤਾਂ ਦਾ ਟਰੰਪ ਕਾਰਡ' ਲਿਖਿਆ। ਜੁਗਰਾਜ ਤੋਂ ਪਹਿਲਾਂ ਭਾਰਤੀ ਟੀਮ ਕੋਲ ਪ੍ਰਿਥੀਪਾਲ ਸਿੰਘ, ਸੁਰਜੀਤ ਸਿੰਘ, ਰਾਜਿੰਦਰ ਸਿੰਘ ਸੀਨੀਅਰ, ਪਰਗਟ ਸਿੰਘ, ਦਿਲੀਪ ਟਿਰਕੀ ਜਿਹੇ ਪੈਨਲਟੀ ਕਾਰਨਰ ਮਾਹਿਰ ਤਾਂ ਹੋਏ ਪਰ ਸਾਰੇ ਹਿੱਟ ਨਾਲ ਹੀ ਗੋਲ ਕਰਦੇ ਸਨ। ਜੁਗਰਾਜ ਭਾਰਤੀ ਦਾ ਵੱਡਾ ਡਰੈਗ ਫਲਿੱਕਰ ਹੋਇਆ। ਉਹ ਬਾਲ ਨੂੰ ਆਪਣੀ ਹਾਕੀ ਨਾਲ ਵਲੇਟ ਕੇ ਸਿੱਧਾ ਵਿਰੋਧੀ ਟੀਮ ਦੇ ਗੋਲਾਂ ਦੇ ਜਾਲ ਵਿੱਚ ਮਾਰਨ ਦੀ ਸਮਰੱਥਾ ਰੱਖਦਾ ਸੀ। ਉਹ ਡੌਜ ਦੇ ਕੇ ਵੀ ਬਾਲ ਨੂੰ ਸਿੱਧਾ ਦੋਵੇਂ ਕੋਨਿਆਂ ਵਿੱਚ ਮਾਰ ਦਿੰਦਾ ਸੀ। ਉਸ ਵੇਲੇ ਵਿਸ਼ਵ ਹਾਕੀ ਵਿੱਚ ਸੋਹੇਲ ਅੱਬਾਸ (ਪਾਕਿਸਤਾਨ), ਫਲੋਰੀਨ ਕੁੰਜ (ਜਰਮਨੀ), ਬਰੋਮ ਲੈਮਨ (ਹਾਲੈਂਡ) ਨਾਮੀਂ ਡਰੈਗ ਫਲਿੱਕਰ ਸਨ। ਇਸ ਸੰਬੰਧੀ ਜੁਗਰਾਜ ਦੱਸਦਾ ਹੈ ਕਿ, ''ਮੈਂ ਛੋਟਾ ਹੁੰਦਾ ਹੀ ਪੈਨਲਟੀ ਕਾਰਨਰ ਮਾਹਿਰ ਬਣਨਾ ਚਾਹੁੰਦਾ ਸੀ।'' ਇਸ ਸ਼ੌਕ ਨੂੰ ਪੂਰਾ ਕਰਨ ਲਈ ਜੁਗਰਾਜ ਨੇ ਆਪਣੇ ਚਹੇਤੇ ਡਰੈਗ ਫਲਿੱਕਰਾਂ ਸੋਹੇਲ ਅੱਬਾਸ ਤੇ ਬਰੋਮ ਲੈਮਨ ਦੀਆਂ ਵੀਡੀਓਜ਼ ਦੇਖੀਆਂ। ਜੁਗਰਾਜ ਦੀ ਲਗਨ, ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨੇ ਇਕ ਦਿਨ ਉਸ ਨੂੰ ਵੀ ਮਹਾਨ ਖਿਡਾਰੀਆਂ ਦਾ ਵਾਰਸ ਬਣ ਦਿੱਤਾ। ਜੁਗਰਾਜ ਤੋਂ ਭਾਰਤੀ ਹਾਕੀ ਵਿੱਚ ਕਈ ਚੋਟੀ ਦੇ ਡਰੈਗ ਫਲਿੱਕਰ ਆਏ ਜਿਨ੍ਹਾਂ ਵਿੱਚ ਸੰਦੀਪ ਸਿੰਘ, ਲੇਨ ਆਈਅੱਪਾ, ਰਘੂਨਾਥ, ਰੁਪਿੰਦਰ ਪਾਲ ਸਿੰਘ, ਹਰਮਨਪ੍ਰੀਤ ਸਿੰਘ ਪ੍ਰਮੁੱਖ ਹਨ।

ਹਾਕੀ ਮੈਦਾਨ ਜੁਗਰਾਜ ਸਿੰਘ ਐਕਸ਼ਨ ਵਿੱਚ

PunjabKesari

ਸਾਲ 2003 ਵਿੱਚ ਭਾਰਤੀ ਹਾਕੀ ਅਤੇ ਜੁਗਰਾਜ ਦੀ ਖੇਡ ਪੂਰੀ ਸਿਖਰ 'ਤੇ ਸੀ। ਭਾਰਤ ਨੇ ਵਿਸ਼ਵ ਚੈਂਪੀਅਨ ਜਰਮਨੀ ਅਤੇ ਆਸਟ੍ਰੈਲੀਆ ਨੂੰ ਹਰਾਇਆ। ਜੁਗਰਾਜ ਬਦੌਲਤ ਭਾਰਤ ਨੇ ਆਸਟ੍ਰੈਲੀਆ ਤੇ ਜਰਮਨੀ ਵਿਖੇ ਹੋਈਆਂ ਵੱਖ-ਵੱਖ ਦੋ ਚਾਰ ਦੇਸ਼ੀ ਲੜੀਆਂ ਵਿੱਚ ਚੈਂਪੀਅਨ ਹੋਣ ਦਾ ਮਾਣ ਹਾਸਲ ਕੀਤਾ। ਦੋਵਾਂ ਟੂਰਾਂ 'ਤੇ ਜੁਗਰਾਜ ਨੇ ਤਿੰਨ ਗੋਲ ਕੀਤੇ। 2003 ਦੀ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਨੇ ਪਹਿਲੇ ਹੀ ਮੈਚ ਵਿੱਚ ਹਾਲੈਂਡ ਖਿਲਾਫ ਖੇਡਦਿਆਂ ਇਕ ਮੌਕੇ 'ਤੇ ਤਿੰਨ ਗੋਲਾਂ ਦੀ ਲੀਡ ਲੈ ਲਈ ਜਿਸ ਤੋਂ ਬਾਅਦ ਭਾਰਤ ਨੂੰ ਭਾਵੇਂ ਹਾਰ ਗਿਆ ਸੀ ਪਰ ਵਿਸ਼ਵ ਹਾਕੀ ਨੇ ਲੰਬੇ ਸਮੇਂ ਬਾਅਦ ਭਾਰਤ ਦਾ ਅਜਿਹਾ ਹਮਲਾਵਰ ਰੁਖ ਦੇਖਿਆ ਸੀ। ਜੁਗਰਾਜ ਨੇ ਪਹਿਲਾ ਗੋਲ 44ਵੇਂ ਮਿੰਟ ਵਿੱਚ ਕੀਤਾ ਸੀ। ਭਾਰਤ ਦਾ ਆਖਰੀ ਲੀਗ ਮੈਚ ਪਾਕਿਸਤਾਨ ਨਾਲ ਸੀ। ਸਿਰ ਉੱਪਰ ਪੱਟੀ ਬੰਨ੍ਹੀ ਜੁਗਰਾਜ ਰੱਖਿਆ ਪੰਕਤੀ ਵਿੱਚ ਖੜ੍ਹਿਆ ਆਪਣੀਆਂ ਤੇਜ਼ ਤਰਾਰ ਪੁਸ਼ਾਂ ਅਤੇ ਸਕੂਪਾਂ ਨਾਲ ਵਿਰੋਧੀ ਫਾਰਵਾਰਡਾਂ ਨੂੰ ਭਾਜੜਾਂ ਪਾਈ ਫਿਰਦਾ ਰਿਹਾ। ਉਹ ਕਈ ਵਾਰ ਗੇਂਦ ਨੂੰ ਲੈ ਕੇ ਵਿਰੋਧੀ  ਗੋਲਾਂ ਵੱਲ ਦੌੜਦਿਆਂ ਆਪਣੇ ਫਾਰਵਰਡ ਖਿਡਾਰੀਆਂ ਨੂੰ ਵੀ ਮਿਣਵੇਂ ਪਾਸ ਦਿੰਦਾ।

ਪਾਕਿ ਟੀਮ ਨੂੰ ਪੈਨਲਟੀ ਕਾਰਨਰ ਮਿਲਣ ਮੌਕੇ ਜੁਗਰਾਜ ਨੇ ਆਪਣੇ ਚਹੇਤੇ ਸੋਹੇਲ ਅੱਬਾਸ ਦੀਆਂ ਖਤਰਨਾਕ ਡਰੈਗ ਫਲਿੱਕਾਂ ਨੂੰ ਵੀ ਰੋਕ ਕੇ ਆਪਣੇ ਡਿਫੈਂਸ ਦੀ ਮਦਦ ਕੀਤੀ। ਪਾਕਿ ਟੀਮ ਨੇ 18ਵੇਂ ਤੇ 20ਵੇਂ ਮਿੰਟ ਵਿੱਚ ਰੇਹਾਨ ਬੱਟ ਤੇ ਨਦੀਮ ਦੇ ਗੋਲਾਂ ਨਾਲ ਲੀਡ ਲੈ ਲਈ ਸੀ। ਇਸ ਤੋਂ ਬਾਅਦ ਭਾਰਤੀ ਟੀਮ ਵੱਲੋਂ ਅਜਿਹਾ ਤੂਫਾਨ ਆਇਆ ਜਿਸ ਦੀ ਅਗਵਾਈ ਜੁਗਰਾਜ ਨੇ ਕਰਦਿਆਂ ਪਾਕਿਸਤਾਨ ਨੂੰ 7-4 ਨਾਲ ਹਰਾ ਕੇ 1982 ਦੀਆਂ ਨਵੀਂ ਦਿੱਲੀ ਏਸ਼ਿਆਈ ਖੇਡਾਂ ਵਿੱਚ 1-7 ਗੋਲਾਂ ਦੀ ਮਿਲੀ ਹਾਰ ਦਾ ਬਦਲਾ ਲਿਆ। ਜੁਗਰਾਜ ਨੇ 24ਵੇਂ ਤੇ 35ਵੇਂ ਮਿੰਟ ਵਿੱਚ ਦੋ ਦਨਦਨਾਉਂਦਿਆਂ ਡਰੈਗ ਫਲਿੱਕਾਂ ਨਾਲ ਗੋਲ ਕਰਕੇ ਪਾਕਿਸਤਾਨੀ ਗੋਲਾਂ ਦਾ ਜਾਲ ਫਾੜਨ ਵਾਲਾ ਕਰ ਦਿੱਤਾ। ਭਾਰਤੀ ਟੀਮ ਚੌਥੇ ਸਥਾਨ 'ਤੇ ਰਹੀ ਪਰ ਚਹੁੰ ਪਾਸੇ ਹਾਕੀ ਦੀ ਦੁਨੀਆਂ ਵਿੱਚ ਜੁਗਰਾਜ ਦੀ ਚੜ੍ਹਤ ਮਚ ਗਈ। ਕੋਈ ਜੁਗਰਾਜ ਨੂੰ ਭਾਰਤੀ ਹਾਕੀ ਦਾ ਭਵਿੱਖ ਆਖੇ ਤੇ ਕੋਈ ਰੌਸ਼ਨ ਚਿਰਾਗ। ਜੁਗਰਾਜ ਬਦੌਲਤ ਭਾਰਤ ਨੂੰ ਵਿਸ਼ਵ ਹਾਕੀ ਦੀਆਂ ਸਿਖਰਲੀਆਂ ਟੀਮਾਂ ਵਿੱਚ ਗਿਣਿਆ ਜਾਣ ਲੱਗਾ। ਜੁਗਰਾਜ ਦੁਨੀਆਂ ਦਾ ਚੋਟੀ ਦਾ ਡਰੈਗ ਫਲਿੱਕਰ ਕਹਾਉਣ ਲੱਗਾ ਪਰ ਕੁਦਰਤ ਨੂੰ ਉਸ ਵੇਲੇ ਕੁਝ ਹੋਰ ਹੀ ਮਨਜ਼ੂਰ ਸੀ।

ਹਰਭਜਨ ਸਿੰਘ ਦੇ ਵਿਆਹ ਮੌਕੇ ਵਿਰਾਟ ਕੋਹਲੀ ਤੇ ਜੁਗਰਾਜ ਦੀ ਜੋੜੀ ਭੰਗੜਾ ਪਾਉਂਦੀ ਹੋਈ

PunjabKesari

ਚੈਂਪੀਅਨਜ਼ ਟਰਾਫੀ ਤੋਂ 10 ਦਿਨਾਂ ਬਾਅਦ 2 ਸਤੰਬਰ 2003 ਦੀ ਕਾਲੀ ਬੋਲੀ ਰਾਤ ਜੁਗਰਾਜ ਸਿੰਘ ਦੀ ਕਾਰ ਨਾਲ ਅਜਿਹਾ ਹਾਦਸਾ ਵਾਪਰਿਆ ਕਿ ਭਾਰਤੀ ਹਾਕੀ ਹੀ ਜ਼ਖਮੀ ਹੋ ਗਈ। ਜਲੰਧਰ ਨੇੜੇ ਪਿੰਡ ਪਰਾਗਪੁਰ ਕੋਲ ਨੈਸ਼ਨਲ ਹਾਈਵੇ ਉਤੇ ਰਾਤ ਪੌਣੇ 11 ਵਜੇ ਦੇ ਕਰੀਬ ਜ਼ੈਨ ਕਾਰ ਵਿੱਚ ਆ ਰਹੇ ਜੁਗਰਾਜ ਦੀ ਕਾਰ ਹਾਦਸਾਗ੍ਰਸਤ ਹੋ ਗਈ। ਉਹ ਆਪਣੇ ਦੋਸਤਾਂ ਰਾਜਵਿੰਦਰ ਤੇ ਪ੍ਰਭਜੋਤ ਨਾਲ ਰੈਸਟੋਰੈਂਟ ਤੋਂ ਖਾਣਾ ਖਾ ਕੇ ਆ ਰਿਹਾ ਸੀ। ਵਾਪਸੀ 'ਤੇ ਸੜਕ ਕਰਾਸ ਕਰ ਰਹੇ ਰਿਕਸ਼ਾ ਚਾਲਕ ਨੂੰ ਬਚਾਉਂਦਿਆਂ ਉਸ ਦੀ ਕਾਰ ਡਿਵਾਇਡਰ ਉਤੇ ਚੜ੍ਹ ਕੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਅਗਲੀ ਸਵੇਰੇ ਜਦੋਂ ਉਸ ਨੂੰ ਡੀ.ਐੱਮ.ਸੀ. ਲੁਧਿਆਣਾ ਦਾਖਲ ਕਰਨ ਦੀਆਂ ਤਸਵੀਰਾਂ ਅਤੇ ਟੀ.ਵੀ. ਰਿਪੋਰਟਾਂ ਚੈਨਲਾਂ ਉਤੇ ਆਈਆਂ ਤਾਂ ਹਾਕੀ ਪ੍ਰੇਮੀ ਧਾਂਹੀ ਰੋਏ। ਪੂਰੇ ਦੇਸ਼ ਵਿੱਚ ਉਦਾਸੀ ਫੈਲ ਗਈ। ਪੂਰਾ ਦੇਸ਼ ਉਸ ਦੀ ਸਿਹਤਯਾਬੀ ਲਈ ਪ੍ਰਾਥਨਾਵਾਂ ਕਰਨ ਲੱਗਾ। ਮੇਰੇ ਅੱਜ ਵੀ ਚੇਤੇ ਹੈ ਕਿ ਉਸ ਵੇਲੇ ਮੈਂ ਵੀ ਖੁਦ ਉਸ ਨੂੰ ਦੇਖਣ ਡੀ.ਐਮ.ਸੀ. ਗਿਆ ਸਾਂ ਉਥੇ ਜੁਗਰਾਜ ਦੇ ਪ੍ਰਸੰਸਕਾਂ ਦੀਆਂ ਭੀੜਾਂ ਲੱਗੀਆਂ ਹੋਈਆਂ ਸਨ।

ਧਨਰਾਜ ਪਿੱਲੈ ਤੇ ਸਾਥੀ ਖਿਡਾਰੀ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਜ਼ੇਰੇ ਇਲਾਜ ਜੁਗਰਾਜ ਸਿੰਘ ਨੂੰ ਸੋਨ ਤਮਗੇ ਪਹਿਨਾਉਂਦੇ ਹੋਏ

PunjabKesariਹਸਪਤਾਲ ਵਿੱਚ ਪਲਸਤਰ ਬੰਨ੍ਹੀ ਬਿਸਤਰ ਉੱਪਰ ਲਾਚਾਰ ਪਏ ਜੁਗਰਾਜ ਨੂੰ ਦੇਖ ਕੇ ਹਰੇਕ ਖੇਡ ਪ੍ਰੇਮੀ ਦੀ ਆਤਮਾ ਝੰਜੋੜੀ ਗਈ ਸੀ। ਉਸ ਸਮੇਂ ਦੇ ਰਾਸ਼ਟਰਪਤੀ ਡਾ.ਏ.ਪੀ.ਜੇ.ਅਬਦੁਲ ਕਲਾਮ, ਜੋ ਲੁਧਿਆਣਾ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤੀ ਮੇਲੇ ਦੌਰਾਨ ਆਏ ਸਨ, ਨੇ ਵੀ ਜੁਗਰਾਜ ਦੀ ਸਿਹਤਯਾਬੀ ਲਈ ਦੁਆਂ ਕੀਤੀ। ਹਰ ਸਮੇਂ ਪੈਨਲਟੀ ਕਾਰਨਰ ਮੌਕੇ ਵਿਰੋਧੀਆਂ ਲਈ ਹਊਆ ਬਣਿਆਂ ਜੁਗਰਾਜ ਪਲਸਤਰ ਬੰਨ੍ਹੀ ਆਸੇ ਪਾਸੇ ਅਜਨਬੀਆਂ ਵਾਂਗ ਦੇਖ ਰਿਹਾ ਸੀ। ਇਕ ਪਾਸੇ ਬੈਨਰ ਟੰਗਿਆ ਪਿਆ ਸੀ ਜਿਸ ਉਪਰ ਦੇਖਣ ਆਏ ਲੋਕ ਜੁਗਰਾਜ ਦੀ ਸਿਹਤਯਾਬੀ ਲਈ ਉਸ ਉੱਪਰ ਪ੍ਰਾਥਨਾਵਾਂ ਲਿਖ ਰਹੇ ਸਨ। ਪੂਰਾ ਦੇਸ਼ ਹੀ ਉਸ ਦੀ ਹਾਦਸੇ ਦੀ ਖਬਰ ਨਾਲ ਚਿੰਤਤ ਹੋ ਗਿਆ ਸੀ। ਉਸ ਵੇਲੇ 2004 ਵਿੱਚ ਹੋਣ ਵਾਲੀਆਂ ਏਥਨਜ਼ ਓਲੰਪਿਕ ਲਈ ਭਾਰਤੀ ਤਿਆਰੀਆਂ ਨੂੰ ਵੱਡਾ ਝਟਕਾ ਦੱਸਿਆ ਗਿਆ। ਜੁਗਰਾਜ ਨੂੰ ਹੈਲੀਕਾਪਟਰ ਰਾਹੀਂ ਇਲਾਜ ਲਈ ਡੀ.ਐੱਮ.ਸੀ. ਤੋਂ ਨਵੀਂ ਦਿੱਲੀ ਸ਼ਿਫਟ ਕੀਤਾ ਗਿਆ। ਜੁਗਰਾਜ ਦੀ ਸੱਟ ਤੋਂ ਕੁਝ ਦਿਨਾਂ ਬਾਅਦ ਹੀ ਕੁਆਲਾ ਲੰਪਰ ਵਿਖੇ ਏਸ਼ੀਆ ਕੱਪ ਖੇਡਿਆ ਜਾਣਾ ਸੀ। ਭਾਰਤੀ ਹਾਕੀ ਟੀਮ ਏਸ਼ੀਆ ਕੱਪ ਜਿੱਤ ਕੇ ਸਿੱਧੀ ਜੁਗਰਾਜ ਕੋਲ ਗਈ। ਉਸ ਵੇਲੇ ਦੇ ਭਾਰਤੀ ਹਾਕੀ ਟੀਮ ਦੇ ਕਪਤਾਨ ਧਨਰਾਜ ਪਿੱਲੈ ਸਣੇ ਸਾਰੀ ਟੀਮ ਨੇ ਆਪਣੇ ਜਿੱਤੇ ਸੋਨ ਤਮਗੇ ਜੁਗਰਾਜ ਦੇ ਗਲੇ ਵਿੱਚ ਪਾਏ।

ਕਪਿਲ ਸ਼ਰਮਾ ਦੇ ਸ਼ੋਅ ਵਿੱਚ ਜੁਗਰਾਜ ਸਿੰਘ ਟੀਮ ਦੇ ਸਾਥੀ ਖਿਡਾਰੀਆਂ ਨਾਲ

PunjabKesari

ਜੁਗਰਾਜ ਸਿੰਘ ਕਰੀਬ ਇਕ ਸਾਲ ਇਲਾਜ ਕਰਵਾਉਣ ਉਪਰੰਤ ਦੁਬਾਰਾ ਫਿੱਟ ਹੋਣ ਤੋਂ ਬਾਅਦ ਪਹਿਲਾਂ ਦੀ ਤਰ੍ਹਾਂ ਹੀ ਆਪਣੀ ਸਖਤ ਮਿਹਨਤ ਵਿੱਚ ਜੁੱਟ ਗਿਆ। ਉਸ ਵੇਲੇ ਏਥਨਜ਼ ਓਲੰਪਿਕ ਖੇਡਾਂ ਲਈ ਲੱਗੇ ਕੈਂਪ ਵਿੱਚ ਜੁਗਰਾਜ ਨੇ ਸ਼ਮੂਲੀਅਤ ਕੀਤੀ ਅਤੇ ਇੰਡੀਆ ਗੇਟ ਦੁਆਲੇ ਟੀਮ ਜਦੋਂ ਪ੍ਰੈਕਟਿਸ ਕਰਦੀ ਤਾਂ ਜੁਗਰਾਜ ਵੀ ਨਾਲ ਦੌੜਦਾ। ਪਹਿਲੀ ਵਾਰ ਵਾਪਸੀ ਕਰਦਿਆਂ ਜਦੋਂ ਉਹ ਤਿਆਰੀ ਕੈਂਪ ਲਈ ਚੁਣਿਆ ਗਿਆ ਤਾਂ ਮੈਂ ਉਸ ਨੂੰ ਮਿਲਣ ਲਈ ਧਿਆਨ ਚੰਦ ਨੈਸ਼ਨਲ ਹਾਕੀ ਸਟੇਡੀਅਮ ਨਵੀਂ ਦਿੱਲੀ ਵਿਖੇ ਗਿਆ, ਜਿੱਥੇ ਉਹ ਭਾਰਤੀ ਟੀਮ ਦੇ ਕੈਂਪ ਸ਼ਾਮਲ ਸੀ। ਹਾਲਾਂਕਿ ਉਹ ਦੇਸ਼ ਦੀ ਕੌਮੀ ਟੀਮ ਵਿਚ ਤਾਂ ਹਾਲੇ ਨਹੀਂ ਪਰਤਿਆ ਪਰ ਓਲੰਪਿਕ ਲਈ ਲਗਵਾਏ ਕੈਂਪਾਂ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਉਹ ਰਾਸ਼ਟਰੀ ਪੱਧਰ 'ਤੇ ਮੁੜ ਖੇਡਣ ਲੱਗ ਪਿਆ ਹੈ। ਜੁਗਰਾਜ ਦੀ ਟੀਮ ਵਿੱਚ ਵਾਪਸੀ ਦੀ ਚੀਸ ਉਹ ਖੁਦ ਹੀ ਮਹਿਸੂਸ ਕਰ ਸਕਦਾ ਸੀ ਪਰ ਫੇਰ ਵੀ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਘਰੇਲੂ ਮੁਕਾਬਲਿਆਂ ਵਿੱਚ ਜ਼ਿੰਦਾਦਿਲੀ ਨਾਲ ਉਤਰਿਆ। ਚੰਡੀਗੜ੍ਹ ਵਿਖੇ ਗੁਰਮੀਤ ਮੈਮੋਰੀਅਲ ਹਾਕੀ ਟੂਰਨਾਮੈਂਟ ਵਿੱਚ ਉਸ ਨੇ ਦਰਸ਼ਕ ਗੈਲਰੀ ਵਿੱਚ ਬੈਠ ਕੇ ਆਪਣੀ ਪੰਜਾਬ ਪੁਲਸ ਟੀਮ ਦਾ ਹੌਸਲਾ ਵਧਾਇਆ। ਸਾਲ 2004 ਵਿੱਚ ਸੁਰਜੀਤ ਹਾਕੀ ਕੱਪ ਤੋਂ ਬਾਅਦ ਪਹਿਲੀ ਵਾਰ ਸ਼ੁਰੂ ਹੋਈ ਪ੍ਰੀਮੀਅਮ ਹਾਕੀ ਲੀਗ ਵਿੱਚ ਉਹ 'ਟੀਅਰ ਟੂ' ਦੀ ਟੀਮ 'ਚੰਡੀਗੜ੍ਹ ਡਾਈਨੋਮੋਜ਼' ਵੱਲੋਂ ਖੇਡਿਆ ਜਿੱਥੇ ਉਸ ਨੇ ਮੁੜ ਆਪਣੀ ਪਹਿਲਾਂ ਵਾਲੀ ਪੈਨਲਟੀ ਕਾਰਨਰ ਦੀ ਮੁਹਾਰਤ ਨਾਲ ਕਈ ਗੋਲ ਵੀ ਕੀਤੇ। ਜੁਗਰਾਜ ਦੇ ਕੀਤੇ ਅੱਠ ਗੋਲਾਂ ਕਰਕੇ ਹੀ ਉਸ ਦੀ ਟੀਮ 'ਟੀਅਰ ਟੂ' ਵਿੱਚ ਜੇਤੂ ਰਹੀ। ਸੁਰਜੀਤ ਹਾਕੀ ਟੂਰਨਾਮੈਂਟ ਵਿੱਚ ਪੰਜਾਬ ਪੁਲਸ ਦੀ 'ਬੀ' ਟੀਮ ਵਿੱਚ ਖੇਡਦਿਆਂ ਉਸ ਨੇ ਇੰਡੀਅਨ ਏਅਰਲਾਈਨਜ਼ ਵਿਰੁੱਧ ਮੈਚ ਖੇਡਦਿਆਂ ਤੇਜ਼ ਤਰਾਰ ਫਾਰਵਰਡ ਧਨਰਾਜ ਪਿੱਲੈ ਨੂੰ ਮੂਵ ਬਣਾਉਣ ਤੋਂ ਕਈ ਵਾਰ ਰੋਕਿਆ। ਜੁਗਰਾਜ ਨੇ ਕੌਮੀ ਹਾਕੀ ਵਿੱਚ ਆਪਣੀ ਨਿਰੰਤਰ ਹਾਜ਼ਰੀ ਰੱਖੀ ਅਤੇ ਪੰਜਾਬ ਪੁਲਸ ਵੱਲੋਂ ਹਰ ਵੱਡਾ-ਛੋਟਾ ਟੂਰਨਾਮੈਂਟ ਖੇਡਿਆ। ਭਾਰਤੀ ਹਾਕੀ ਨੂੰ ਉਸ ਦੀ ਸੱਟ ਲੱਗਣ ਕਾਰਨ ਪਿਆ ਘਾਟਾ ਹੁਣ ਤੱਕ ਨਹੀਂ ਪੂਰਾ ਹੋਇਆ।

ਜੁਗਰਾਜ ਸਿੰਘ ਇਕ ਪਰਿਵਾਰਕ ਸਮਾਗਮ ਵਿੱਚ ਆਪਣੇ ਮਾਤਾ-ਪਿਤਾ ਨਾਲ

PunjabKesari

ਜੁਗਰਾਜ ਨੇ ਪੰਜਾਬ ਪੁਲਸ ਟੀਮ ਦੀ ਕੋਚਿੰਗ ਕਮਾਨ ਵੀ ਸਾਂਭ ਲਈ ਅਤੇ ਪੰਜਾਬ ਪੁਲਸ ਵੱਲੋਂ ਫੀਲਡ ਡਿਊਟੀ ਵੀ। ਉਸ ਨੇ ਛੋਟੀ ਉਮਰ ਦੇ ਡਰੈਗ ਫਲਿੱਕਰਾਂ ਨੂੰ ਤਰਾਸ਼ਣਾ ਤੇ ਸ਼ਿੰਗਾਰਨਾ ਸ਼ੁਰੂ ਕੀਤਾ। ਰੁਪਿੰਦਰ ਪਾਲ ਸਿੰਘ ਤੇ ਹਰਮਨਪ੍ਰੀਤ ਸਿੰਘ ਨੇ ਉਸ ਕੋਲੋਂ ਗੁਰ ਸਿੱਖਣੇ ਸ਼ੁਰੂ ਕੀਤੇ। ਜੁਗਰਾਜ ਦੀ ਮੁਹਾਰਤ ਦਾ ਫਾਇਦਾ ਲੈਂਦਿਆਂ ਇਕ ਵਾਰ ਭਾਰਤੀ ਟੀਮ ਨੇ ਉਸ ਨੂੰ ਸਹਾਇਕ ਕੋਚ ਤੇ ਮੈਨੇਜਰ ਰੱਖ ਲਿਆ। ਉਸ ਦੇ ਭਾਰਤੀ ਟੀਮ ਵਿੱਚ ਬੈਚ 'ਤੇ ਬੈਠਿਆ ਸਭ ਤੋਂ ਵੱਧ ਮਦਦ ਡਰੈਗ ਫਲਿੱਕਰਾਂ ਨੂੰ ਮਿਲੀ। ਜੁਗਰਾਜ ਦੇ ਹੁੰਦਿਆਂ ਭਾਰਤੀ ਟੀਮ ਨੇ ਏਸ਼ੀਆ ਕੱਪ ਜਿੱਤਿਆ। ਸਾਲ 2003 ਵਿੱਚ ਜੁਗਰਾਜ ਨੂੰ ਐਨ ਏਸ਼ੀਆ ਕੱਪ ਤੋਂ ਪਹਿਲਾਂ ਸੱਟ ਲੱਗੀ ਸੀ ਅਤੇ ਉਦੋਂ ਉਸ ਦੀ ਟੀਮ ਨੇ ਸੋਨ ਤਮਗਾ ਜਿੱਤ ਕੇ ਜੁਗਰਾਜ ਨੂੰ ਤੋਹਫਾ ਦਿੱਤਾ ਸੀ। 14 ਵਰ੍ਹਿਆਂ ਬਾਅਦ ਜੁਗਰਾਜ ਨੇ ਸਹਾਇਕ ਕੋਚ ਵਜੋਂ ਭਾਰਤ ਨੂੰ ਏਸ਼ੀਆ ਕੱਪ ਜਿਤਾਇਆ। ਉਸ ਤੋਂ ਬਾਅਦ ਜੁਗਰਾਜ ਪੰਜਾਬ ਪੁਲਸ ਵਿੱਚ ਆਪਣੀ ਨਿਰੰਤਰ ਡਿਊਟੀ ਨਿਭਾ ਰਿਹਾ ਹੈ। ਐੱਸ.ਪੀ. ਰੈਂਕ ਉਤੇ ਪਹੁੰਚਿਆ ਜੁਗਰਾਜ ਇੰਨੀਂ ਦਿਨੀਂ ਅੰਮ੍ਰਿਤਸਰ ਵਿਖੇ ਏ.ਡੀ.ਸੀ.ਪੀ. ਡਿਟੈਕਟਿਵ ਹੈ। ਚਾਰ ਸਾਲ ਪਹਿਲਾਂ ਜਦੋਂ ਦੀਨਾਨਗਰ ਪੁਲਿਸ ਸਟੇਸ਼ਨ ਉਤੇ ਅਤਿਵਾਦੀ ਹਮਲਾ ਹੋਇਆ ਸੀ ਤਾਂ ਜੁਗਰਾਜ ਮੁਕਾਬਲਾ ਕਰਨ ਲਈ ਸਭ ਤੋਂ ਪਹਿਲਾ ਉਥੇ ਪੁੱਜਾ ਸੀ। ਜੋ ਰੋਲ ਉਹ ਡਰੈਗ ਫਲਿੱਕਰ ਵਜੋਂ ਭਾਰਤੀ ਟੀਮ ਲਈ ਨਿਭਾਉਂਦਾ ਸੀ, ਉਹੀ ਰੋਲ ਉਸ ਨੇ ਪੰਜਾਬ ਪੁਲਸ ਦੀ ਡਿਊਟੀ ਕਰਦਿਆਂ ਦੇਸ਼ ਲਈ ਨਿਭਾਇਆ। ਉਸ ਦੀ ਡਰੈਗ ਫਲਿੱਕ ਵਾਂਗ ਉਸ ਦੀ ਗੋਲੀ ਦਾ ਨਿਸ਼ਾਨਾ ਵੀ ਅਚੂਕ ਸੀ ਅਤੇ ਅਤਿਵਾਦੀ ਮਾਰ ਮੁਕਾਏ। ਅਖਬਾਰਾਂ ਦੀਆਂ ਸੁਰਖੀਆਂ ਵਿੱਚ ਉਹ ਚੈਂਪੀਅਨਜ਼ ਟਰਾਫੀ ਵਾਂਗ ਛਾ  ਗਿਆ। ਜੁਗਰਾਜ ਇੰਨੀ ਦਿਨੀਂ ਵੀ ਕੋਰੋਨਾ ਖਿਲਾਫ ਜੰਗ ਵਿੱਚ ਫਰੰਟ ਲਾਈਨ ਉਤੇ ਡਟਿਆ ਹੋਇਆ ਹੈ।

ਅਰਜੁਨਾ ਐਵਾਰਡੀ ਰਾਜਬੀਰ ਕੌਰ ਆਪਣੇ ਵੀਰ ਜੁਗਰਾਜ ਸਿੰਘ ਦੇ ਰੱਖੜੀ ਬੰਨ੍ਹਦੀ ਹੋਈ

PunjabKesari

ਜੁਗਰਾਜ ਆਪਣੇ ਦੋਸਤਾਂ ਵਿੱਚ ਮਸਤ ਮੌਲੇ ਤੇ ਮਜਾਹੀਆ ਸੁਭਾਅ ਵਜੋਂ ਜਾਣਿਆ ਜਾਂਦਾ ਹੈ। ਸਾਥੀ ਖਿਡਾਰੀਆਂ ਦੇ ਵਿਆਹ-ਸ਼ਾਦੀਆਂ ਮੌਕੇ ਸਭ ਤੋਂ ਵੱਧ ਮਸਤੀ ਉਹ ਹੀ ਕਰਦਾ ਹੈ। ਕੋਈ ਵੀ ਵਿਆਹ ਸ਼ਾਦੀ ਉਸ ਦੇ ਭੰਗੜੇ ਬਿਨਾਂ ਅਧੂਰੀ ਜਾਪਦੀ ਹੈ। ਕ੍ਰਿਕਟਰ ਹਰਭਜਨ ਦੇ ਵਿਆਹ ਮੌਕੇ ਵਿਰਾਟ ਕੋਹਲੀ ਤੇ ਜੁਗਰਾਜ ਦੇ ਭੰਗੜੇ ਦੀ ਜੋੜੀ ਨੇ ਧਮਾਲ ਪਾਈ। ਮਕਬੂਲੀਅਤ ਦੀ ਸਿਖਰ 'ਤੇ ਉਹ ਮੁੜ 'ਤੇ ਰਿਹਾ। ਉਹ ਜਿੱਥੇ ਵੀ ਜਾਂਦਾ ਹੈ ਤਾਂ ਉਥੇ ਹੀ ਪ੍ਰਸੰਸਕਾਂ ਦੀਆਂ ਭੀੜਾਂ ਜੁਟ ਜਾਂਦੀਆਂ ਹਨ। ਜੁਗਰਾਜ ਦੀ ਪ੍ਰਸਿੱਧੀ ਦਾ ਇਸ ਗੱਲੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਿਸ ਸਮੇਂ ਓਲੰਪਿਕ ਤਿਆਰੀ ਕੈਂਪਾਂ ਵਿੱਚ ਬੜੋਗ ਅਤੇ ਨਵੀਂ ਦਿੱਲੀ ਵਿੱਚ ਉਹ ਪ੍ਰੈਕਟਿਸ ਕਰ ਰਿਹਾ ਸੀ ਤਾਂ ਉਸ ਕੋਲੋਂ ਆਟੋਗ੍ਰਾਫ ਲੈਣ ਵਾਲਿਆਂ ਦੀ ਭੀੜ ਹਰ ਸਮੇਂ ਦੇਖਣ ਨੂੰ ਮਿਲਦੀ ਸੀ। ਭਾਰਤੀ ਹਾਕੀ ਟੀਮ ਵਿੱਚ ਸਭ ਤੋਂ ਵੱਧ ਮਕੂਲੀਅਤ ਹਾਸਲ ਕਰਨ ਵਾਲੇ ਖਿਡਾਰੀਆਂ ਵਿੱਚੋਂ ਜੁਗਰਾਜ ਇੱਕ ਹੈ। ਦੋਸਤਾਂ ਦੇ ਸਰਕਲ ਵਿੱਚ ਉਹ ਸ਼ਰਾਰਤੀ ਬਹੁਤ ਹੈ। ਜੀਪਾਂ ਸ਼ਿੰਗਾਰ ਕੇ ਰੱਖਣ ਦਾ ਸ਼ੌਕੀਨ ਜੁਗਰਾਜ ਹਰ ਸਮੇਂ ਬਣ ਠਣ ਤੇ ਰਹਿੰਦਾ ਹੈ। ਜੁਗਰਾਜ ਅੰਦਰ ਖੇਡ ਪੱਤਰਕਾਰੀ ਵਾਲੇ ਵੀ ਗੁਣ ਹੈ। ਉਹ ਭਾਰਤੀ ਹਾਕੀ ਨਾਲ ਜੁੜੀ ਹਰ ਛੋਟੀ ਤੇ ਵੱਡੀ ਘਟਨਾ ਸੋਸ਼ਲ ਸਾਈਟ ਉਪਰ ਸਾਂਝੀ ਕਰਦਾ ਹੈ। ਭਾਰਤੀ ਟੀਮ ਦੇ ਨਾਲ ਸਹਾਇਕ ਕੋਚ ਵਜੋਂ ਵਿਚਰਦਿਆਂ ਉਸ ਨੇ ਭਾਰਤੀ ਟੀਮ ਬਾਰੇ ਹਰ ਜਾਣਕਾਰੀ ਫੇਸਬੁੱਕ, ਇੰਸਟਾਗਰਾਮ ਅਤੇ ਟਵਿੱਟਰ ਰਾਹੀਂ ਸਾਂਝੀ ਕੀਤੀ ਜਿਸ ਨਾਲ ਪੱਤਰਕਾਰਾਂ ਨੂੰ ਵੀ ਸੌਖਾ ਹੁੰਦਾ ਅਤੇ ਹਾਕੀ ਪ੍ਰੇਮੀਆਂ ਨੂੰ ਵੀ ਹਰ ਜਾਣਕਾਰੀ ਮਿਲਦੀ ਹੈ। ਜੁਗਰਾਜ ਕੌਮਾਂਤਰੀ ਹਾਕੀ ਟੂਰਨਾਮੈਂਟ ਦੀ ਕੁਮੈਂਟਰੀ ਕਰਦਿਆਂ ਵੀ ਆਪਣਾ ਮਜਾਹੀ ਸੁਭਾਅ ਨਹੀਂ ਛੱਡਦਾ।

ਲੇਖਕ ਨਵਦੀਪ ਸਿੰਘ ਗਿੱਲ ਨਾਲ ਵੱਖ-ਵੱਖ ਮੌਕਿਆਂ 'ਤੇ ਵਿਚਰਦਾ ਜੁਗਰਾਜ ਸਿੰਘ

PunjabKesari

ਹਾਕੀ ਫੀਲਡ ਅਤੇ ਬਾਹਰ ਜੁਗਰਾਜ ਨੇ ਗਾਹੇ ਬਗਾਹੇ ਮੇਲੇ ਹੁੰਦੇ ਹੀ ਰਹਿੰਦੇ ਹਨ। ਪੁਲਸ ਦੀ ਡਿਊਟੀ ਕਰਦਿਆਂ ਉਸ ਨਾਲ ਹਾਕੀ ਦੇ ਦਿਨਾਂ ਦੀਆਂ ਗੱਲਾਂ ਛੇੜ ਲਈਏ ਤਾਂ ਉਸ ਦੇ ਚਿਹਰੇ ਉਤੇ ਨੂਰ ਆ ਜਾਂਦਾ ਹੈ। ਜੁਗਰਾਜ ਨੂੰ ਮਿਲ ਕੇ ਹਰ ਸਮੇਂ ਮਨ ਵਿੱਚ ਉਸ ਨਾਲ ਵਾਪਰੇ ਸੜਕ ਹਾਦਸੇ ਦੀ ਘਟਨਾ 'ਤੇ ਝੋਰਾ ਆਉਂਦਾ ਹੈ ਪਰ ਜੁਗਰਾਜ ਨੇ ਗੱਲ ਕਰਦਿਆਂ ਕਿਤੇ ਵੀ ਸ਼ਿਕਵਾ ਜ਼ਾਹਰ ਨਹੀਂ ਕੀਤਾ। ਜ਼ਿੰਦਾਦਿਲੀ ਉਸ ਦੇ ਖੂਨ ਵਿੱਚ ਹੈ। ਸੱਟ ਲੱਗਣ ਤੋਂ ਬਾਅਦ ਉਸ ਦਾ ਹੀਮੋਗਲੋਬਿਨ 6 ਤੋਂ ਘੱਟ ਗਿਆ ਸੀ ਪਰ ਉਹ ਆਪਣੀ ਵਿੱਲ ਪਾਵਰ ਸਦਕਾ ਹੀ ਹਾਦਸੇ ਤੋਂ ਉਭਰ ਸਕਿਆ ਸੀ। ਉਹ ਜਿਸ ਡਿਊਟੀ 'ਤੇ ਵੀ ਤਾਇਨਾਤ ਹੋਇਆ ਉਥੇ ਹੀ ਤਨਦੇਹੀ ਨਾਲ ਡਿਊਟੀ ਨਿਭਾਈ। ਜੁਗਰਾਜ ਨੂੰ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕੀਤਾ। ਅਸਲ ਸਨਮਾਨ ਉਸ ਦੇ ਪ੍ਰਸੰਸਕ ਹੈ। ਭਾਰਤੀ ਹਾਕੀ ਨੇ ਉਸ ਦੇ ਨਾਂ ਉਤੇ 'ਜੁਗਰਾਜ ਸਿੰਘ ਅੱਪ ਕਮਿੰਗ ਪਲੇਅਰ ਆਫ ਦਾ ਯੀਅਰ' ਪੁਰਸਕਾਰ ਸ਼ੁਰੂ ਕੀਤਾ ਜੋ ਹੁਣ ਤੱਕ ਹਰਮਨਪ੍ਰੀਤ ਸਿੰਘ, ਹਰਜੀਤ ਸਿੰਘ ਤੇ ਵਿਵੇਕ ਨੂੰ ਮਿਲ ਚੁੱਕਾ ਹੈ। ਜੁਗਰਾਜ ਨਵੀਂ ਉਮਰ ਦੇ ਡਰੈਗ ਫਲਿੱਕਰਾਂ ਲਈ ਪ੍ਰੇਰਨਾ ਸ੍ਰੋਤ ਹੈ। ਉਹ ਹਰ ਅਜਿਹੇ ਖਿਡਾਰੀ ਨੂੰ ਇਹ ਗੁਰ ਸਿਖਾਉਂਦਾ ਵੀ ਹੈ, ਜੋ ਉਸ ਵਰਗਾ ਬਣਨਾ ਲੋਚਦਾ ਹੈ। ਹਾਦਸੇ ਤੋਂ ਬਾਅਦ ਜੁਗਰਾਜ ਜਿਵੇਂ ਉਭਰਿਆ ਹੈ, ਉਹ ਬਹੁਤ ਵੱਡੀ ਮਿਸਾਲ ਹੈ ਅਤੇ ਆਪਣੇ ਜ਼ਿੰਦਾ ਦਿਲ ਸੁਭਾਅ ਅਤੇ ਜੁਝਾਰੂ ਰਵੱਈਏ ਕਾਰਨ ਹਾਕੀ ਖੇਡ ਜਗਤ ਵਿੱਚ ਜੁਗਰਾਜ ਦੀ ਸਦਾ ਜੈ-ਜੈ ਕਾਰ ਹੁੰਦੀ ਰਹੇਗੀ।

ਗੋਲ ਕਰਨ ਤੋਂ ਬਾਅਦ ਜੁਗਰਾਜ ਦਾ ਜਸ਼ਨ ਮਨਾਉਣ ਦਾ ਅੰਦਾਜ਼

PunjabKesari


author

rajwinder kaur

Content Editor

Related News