ਖੇਡ ਰਤਨ ਪੰਜਾਬ ਦੇ: ਪ੍ਰਦੁੱਮਣ ਤੇ ਪਰਵੀਨ ਦਾ ਪਾਂਧੀ ਸਰਾਵਾਂ ਬੋਦਲਾ ਦਾ ਸੁਟਾਵਾ ‘ਕੁਲਦੀਪ ਭੁੱਲਰ’
Monday, Aug 24, 2020 - 01:12 PM (IST)
ਲੜੀ-22
ਨਵਦੀਪ ਸਿੰਘ ਗਿੱਲ
ਸਰਾਵਾਂ ਬੋਦਲਾ ਦੇ ਸੁਟਾਵਿਆਂ ਦਾ ਕੋਈ ਸਾਨੀ ਨਹੀਂ। ਜਿੰਨੇ ਇਸ ਪਿੰਡ ਨੇ ਸੁਟਾਵੇ ਪੈਦਾ ਕੀਤੇ, ਸ਼ਾਇਦ ਹੀ ਦੇਸ਼ ਵਿੱਚ ਕਿਸੇ ਹੋਰ ਪਿੰਡ ਨੇ ਪੈਦਾ ਕੀਤੇ ਹੋਣ। ਸਰਾਵਾਂ ਦੇ 10-12 ਸੁਟਾਵੇ ਹੋਏ ਨੇ ਜਿਨ੍ਹਾਂ ਨੇ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟਿਆ ਹੈ। ਸੁਟਾਵਿਆਂ ਵਿੱਚ ਵੱਡੀ ਗਿਣਤੀ ਡਿਸਕਸ ਥਰੋਅਰਾਂ ਦੀ ਹੈ। ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਪੰਜਾਬ ਦੇ ਛੇ ਸੁਟਾਵੇ ਹੋਏ ਹਨ ਜਿਨ੍ਹਾਂ ਨੇ ਡਿਸਕਸ ਥਰੋਅ ਵਿੱਚ ਤਮਗੇ ਜਿੱਤੇ ਹਨ। ਇਨ੍ਹਾਂ ਵਿੱਚੋਂ ਦੋ ਇਕੱਲੇ ਸਰਾਵਾਂ ਬੋਦਲਾਂ ਦੇ ਹਨ। ਮੱਖਣ ਸਿੰਘ, ਪ੍ਰਦੁੱਮਣ ਸਿੰਘ, ਬਲਕਾਰ ਸਿੰਘ, ਪਰਵੀਨ ਕੁਮਾਰ, ਕੁਲਦੀਪ ਸਿੰਘ ਭੁੱਲਰ ਤੇ ਮਨਜੀਤ ਸਿੰਘ। ਕੁਲਦੀਪ ਸਿੰਘ ਤੇ ਮਨਜੀਤ ਸਿੰਘ ਦੋਵੇਂ ਸਰਾਵਾਂ ਬੋਦਲਾਂ ਦੇ ਹਨ। ਮੱਖਣ ਸਿੰਘ ਨੇ 1951 ਦੀਆਂ ਨਵੀਂ ਦਿੱਲੀ ਏਸ਼ਿਆਈ ਖੇਡਾਂ ਵਿੱਚ ਚੈਂਪੀਅਨ ਬਣਿਆ। ਪ੍ਰਦੁੱਮਣ ਸਿੰਘ ਨੇ 1954 ਵਿੱਚ ਮਨੀਲਾ ਵਿਖੇ ਪਹਿਲਾ, 1958 ਵਿੱਚ ਟੋਕੀਓ ਵਿਖੇ ਦੂਜਾ ਤੇ 1962 ਵਿੱਚ ਜਕਾਰਤਾ ਵਿਖੇ ਤੀਜਾ ਸਥਾਨ ਹਾਸਲ ਕੀਤਾ। ਬਲਕਾਰ ਸਿੰਘ ਨੇ 1958 ਵਿੱਚ ਪਹਿਲਾ ਤੇ 1966 ਵਿੱਚ ਬੈਂਕਾਕ ਵਿਖੇ ਤੀਜਾ ਸਥਾਨ ਹਾਸਲ ਕੀਤਾ। ਪਰਵੀਨ ਕੁਮਾਰ ਨੇ 1966 ਤੇ 1970 (ਬੈਂਕਾਕ) ਵਿੱਚ ਪਹਿਲਾ ਅਤੇ 1974 ਵਿਚ ਤਹਿਰਾਨ ਵਿਖੇ ਦੂਜਾ ਸਥਾਨ ਹਾਸਲ ਕੀਤਾ। ਕੁਲਦੀਪ ਸਿੰਘ ਨੇ 1982 ਵਿੱਚ ਨਵੀਂ ਦਿੱਲੀ ਵਿਖੇ ਦੂਜਾ ਅਤੇ ਮਨਜੀਤ ਸਿੰਘ ਨੇ 1986 ਵਿੱਚ ਸਿਓਲ ਵਿਖੇ ਤੀਜਾ ਸਥਾਨ ਹਾਸਲ ਕੀਤਾ। ਸਿਓਲ ਤੋਂ ਬਾਅਦ 34 ਸਾਲ ਹੋ ਗਏ ਹੋਰ ਕਿਸੇ ਵੀ ਪੰਜਾਬੀ ਅਥਲੀਟ ਨੇ ਏਸ਼ਿਆਈ ਖੇਡਾਂ ਦੇ ਡਿਸਕਸ ਥਰੋਅ ਮੁਕਾਬਲੇ ਵਿੱਚ ਕੋਈ ਤਮਗਾ ਨਹੀਂ ਜਿੱਤਿਆ। ਦੋ ਗੈਰ ਪੰਜਾਬੀਆਂ ਅਨਿਲ ਕੁਮਾਰ ਤੇ ਵਿਕਾਸ ਗੌੜਾ ਨੇ ਜ਼ਰੂਰ ਜਿੱਤਿਆ।
ਅੱਜ ਦੇ ਕਾਲਮ ਦਾ ਪਾਤਰ ਕੌਮੀ ਤੇ ਕੌਮਾਂਤਰੀ ਪੱਧਰ ਦਾ ਅਥਲੀਟ ਕੁਲਦੀਪ ਸਿੰਘ ਭੁੱਲਰ ਹੈ। ਕੁਲਦੀਪ ਅਥਲੈਟਿਕਸ ਫੀਲਡ ਦਾ ਗੁੰਮਨਾਮ ਚੈਂਪੀਅਨ ਹੈ ਜਿਹੜਾ ਮਣਾਂ ਮੂੰਹੀ ਪ੍ਰਾਪਤੀਆਂ ਜਿੱਤਣ ਦੇ ਬਾਵਜੂਦ ਕਿਤੇ ਵੀ ਸੁਰਖੀਆਂ ਵਿੱਚ ਵੀ ਨਹੀਂ ਰਿਹਾ। ਏਸ਼ਿਆਈ ਖੇਡਾਂ ਦਾ ਉਪ ਜੇਤੂ, ਏਸ਼ੀਅਨ ਟਰੈਕ ਐਂਡ ਫੀਲਡ ਸਣੇ ਛੇ ਕੌਮਾਂਤਰੀ ਤਮਗੇ, ਸੱਤ ਵਾਰ ਕੌਮੀ ਚੈਂਪੀਅਨ ਤੇ ਦੋ ਵਾਰ ਪੁਲਿਸ ਖੇਡਾਂ ਦੇ ਚੈਂਪੀਅਨ ਬਣਨ ਸਣੇ ਕੌਮੀ ਪੱਧਰ 'ਤੇ 32 ਤਮਗੇ ਜਿੱਤਣ ਵਾਲਾ ਕੁਲਦੀਪ ਸਿੰਘ ਮਾਣ-ਸਨਮਾਨ ਪੱਖੋਂ ਹਮੇਸ਼ਾ ਹੀ ਅਣਗੌਲਿਆ ਰਿਹਾ ਹੈ। ਸਾਢੇ ਤਿੰਨ ਦਹਾਕੇ ਪਹਿਲਾ ਹਾਸਲ ਕੀਤੀਆਂ ਪ੍ਰਾਪਤੀਆਂ ਬਦਲੇ ਅੱਜ ਉਸ ਦੀ ਮਿਹਨਤ ਦਾ ਮੁੱਲ ਪਿਆ ਹੈ ਜਦੋਂ ਕੌਮੀ ਖੇਡ ਪੁਰਸਕਾਰਾਂ ਦੇ ਐਲਾਨ ਮੌਕੇ ਉਸ ਦੀ ਚੋਣ ਦੇਸ਼ ਦੇ ਵੱਕਾਰੀ ਤੇ ਅਹਿਮ ਖੇਡ ਪੁਰਸਕਾਰ 'ਧਿਆਨ ਚੰਦ ਐਵਾਰਡ' ਲਈ ਹੋਈ ਹੈ। ਇਹ ਐਵਾਰਡ ਜੀਵਨ ਭਰ ਦੀਆਂ ਖੇਡ ਪ੍ਰਾਪਤੀਆਂ ਬਦਲੇ ਪੁਰਾਣੇ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਹੜੇ ਆਪਣੇ ਜ਼ਮਾਨੇ ਵਿੱਚ ਅਰਜੁਨਾ ਐਵਾਰਡ ਹਾਸਲ ਕਰਨ ਲਈ ਖੁੰਝ ਗਏ ਹੋਣ। ਕੁਲਦੀਪ ਸਿੰਘ ਦੇ ਨਾਲ ਹਾਕੀ ਓਲੰਪੀਅਨ ਅਜੀਤ ਸਿੰਘ, ਦੋ ਵਾਰ ਦੇ ਏਸ਼ਿਆਈ ਖੇਡਾਂ ਦੇ ਸੋਨ ਤਮਗਾ ਜੇਤੂ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਮਾਨਾ, ਪੰਜਾਬ ਅਤੇ ਜੇ.ਸੀ.ਟੀ.ਦੀ ਫੁੱਟਬਾਲ ਦੇ ਰੂਹ-ਏ-ਰਵਾਂ ਸੁਖਵਿੰਦਰ ਸਿੰਘ ਅਤੇ ਰੋਇੰਗ ਓਲੰਪੀਅਨ ਮਨਜੀਤ ਸਿੰਘ ਦੀ ਵੀ ਇਸ ਐਵਾਰਡ ਲਈ ਚੋਣ ਹੋਈ ਹੈ। ਹਾਕੀ ਦੇ ਜਾਦੂਗਰ ਦਾਦਾ ਮੇਜਰ ਧਿਆਨ ਚੰਦ ਦੇ ਜਨਮ ਦਿਵਸ ਮੌਕੇ ਹਰ ਸਾਲ 29 ਅਗਸਤ ਨੂੰ ਦਿੱਤੇ ਜਾਂਦੇ ਕੌਮੀ ਖੇਡ ਪੁਰਸਕਾਰਾਂ ਵਿਚੋਂ ਇਹ ਇਕਲੌਤਾ ਖੇਡ ਪੁਰਸਕਾਰ ਹੈ ਜਿਹੜਾ ਧਿਆਨ ਚੰਦ ਦੇ ਨਾਂ ਉਤੇ ਹੈ। ਕੋਰੋਨਾ ਮਹਾਮਾਰੀ ਦੇ ਸੰਕਟ ਕਾਰਨ ਇਸ ਵਾਰ ਦੇਸ਼ ਦੇ ਰਾਸ਼ਟਰਪਤੀ ਹਮੇਸ਼ਾ ਵਾਂਗ ਰਾਸ਼ਟਰਪਤੀ ਭਵਨ ਵਿੱਚ ਫਿਜੀਕਲ ਐਵਾਰਡ ਸੌਂਪਣ ਦੀ ਬਜਾਏ ਵਰਚੁਅਲ ਐਵਾਰਡ ਸਮਾਰੋਹ ਰਾਹੀਂ ਸਮੂਹ ਪੁਰਸਕਾਰ ਜੇਤੂਆਂ ਨੂੰ ਐਵਾਰਡ ਸੌਂਪਣਗੇ। ਪੰਜਾਬ ਦੇ ਖਿਡਾਰੀਆਂ ਨੂੰ ਇਹ ਸਨਮਾਨ ਚੰਡੀਗੜ੍ਹ ਵਿਖੇ ਯੂ.ਟੀ. ਸਕੱਤਰੇਤ ਵਿਖੇ ਵਰਚੁਅਲ (ਆਨਲਾਈਨ) ਸਮਾਰੋਹ ਰਾਹੀਂ ਰਾਸ਼ਟਰਪਤੀ ਹੱਥੋਂ ਇਹ ਪੁਰਸਕਾਰ ਮਿਲੇਗਾ।
ਕੁਲਦੀਪ ਸਿੰਘ ਭੁੱਲਰ ਸਰਾਵਾਂ ਬੋਦਲਾ ਦਾ ਉਹ ਸਿਤਾਰਾ ਹੈ ਜਿਸ ਨੇ ਪਿੰਡ ਦੀਆਂ ਖੇਡ ਪ੍ਰਾਪਤੀਆਂ ਨੂੰ ਚਾਰ ਚੰਨ ਲਾਏ। 1976 ਵਿੱਚ ਉਸ ਨੂੰ ਆਪਣੇ ਪਹਿਲੇ ਨੈਸ਼ਨਲ ਸੋਨ ਤਮਗੇ ਬਦਲੇ ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਜੋ ਬਾਅਦ ਵਿੱਚ ਦੇਸ਼ ਦੇ ਸੱਤਵੇਂ ਰਾਸ਼ਟਰਪਤੀ ਬਣੇ, ਹੱਥੋਂ ਮਿਲਿਆ ਸੀ। ਕੁਲਦੀਪ ਸਿੰਘ ਨੂੰ 44 ਸਾਲਾਂ ਬਾਅਦ ਹੁਣ ਧਿਆਨ ਚੰਦ ਐਵਾਰਡ ਦੇਸ਼ ਦੇ 14ਵੇਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਹੱਥੋਂ ਮਿਲ ਰਿਹਾ ਹੈ। ਇਸ ਦੇ ਨਾਲ ਹੀ ਸਰਾਵਾਂ ਬੋਦਲਾ ਦੇ ਖੇਡ ਇਤਿਹਾਸ ਵਿੱਚ ਇਕ ਸੁਨਹਿਰੀ ਪੰਨਾ ਜੁੜ ਜਾਵੇਗਾ। ਮਲੋਟ ਤੋਂ ਪੱਛਮ ਵਾਲੇ ਪਾਸੇ 10 ਕਿਲੋਮੀਟਰ ਦੀ ਦੂਰੀ 'ਤੇ ਸੱਤ ਹਜ਼ਾਰ ਏਕੜ ਤੋਂ ਵੱਧ ਰਕਬੇ ਵਿੱਚ ਵਸਿਆ ਪਿੰਡ ਸਰਾਵਾਂ ਬੋਦਲਾ ਦਾ ਇਤਿਹਾਸ ਕਈ ਸਦੀਆਂ ਪੁਰਾਣਾ ਹੈ। ਸੰਤਾਲੀ ਦੀ ਵੰਡ ਤੋਂ ਪਹਿਲਾਂ ਇਸ ਪਿੰਡ ਵਿੱਚ ਬਹੁਤੀ ਆਬਾਦੀ ਮੁਸਲਮਾਨਾਂ ਦੀ ਸੀ। ਦਿੱਲੀ ਦੀ ਜਾਮਾ ਮਸਜਿਦ ਤੋਂ ਬਾਅਦ ਉਤਰੀ ਭਾਰਤ ਦੀ ਸਭ ਤੋਂ ਵੱਡੀ ਮਸਜਿਦ ਇਸੇ ਪਿੰਡ ਵਿੱਚ ਸਥਿਤ ਹੈ। ਵੰਡ ਤੋਂ ਬਾਅਦ ਇਸ ਪਿੰਡ ਵਿੱਚ ਲਹਿੰਦੇ ਪੰਜਾਬ ਤੋਂ ਮਾਝੇ ਵਿੱਚ ਆਏ ਜੱਟ ਪਰਿਵਾਰ ਵੱਡੀ ਗਿਣਤੀ ਵਿੱਚ ਵਸ ਗਏ। ਹੁੰਦੜ ਹੇਲ ਗੱਭਰੂਆਂ ਦੇ ਸਰੀਰ ਖੇਡਾਂ ਦੇ ਅਨੁਕੂਲ ਸੀ। ਸਰਾਵਾਂ ਬੋਦਲਾਂ ਪਿੰਡ ਵਿੱਚ ਖੇਡਾਂ ਲਈ ਸੁਖਾਵਾਂ ਮਾਹੌਲ ਸੀ। ਇਸ ਲਈ ਪਿੰਡ ਵਿੱਚ ਜਿੰਨੇ ਖਿਡਾਰੀ ਹੋਏ ਹਨ, ਉਸ ਤੋਂ ਵੱਧ ਅਫਸਰ, ਫੌਜੀ ਤੇ ਪੁਲਿਸ ਅਫਸਰ ਹੋਏ ਹਨ।
ਕੁਲਦੀਪ ਸਿੰਘ ਭੁੱਲਰ ਦੇ ਪੂਰੇ ਪਰਿਵਾਰ ਨੇ ਖੇਡਾਂ, ਫੌਜ ਅਤੇ ਪੁਲਿਸ ਜ਼ਰੀਏ ਦੇਸ਼ ਅਤੇ ਸੂਬੇ ਦੀ ਸੇਵਾ ਕੀਤੀ। ਕੁਲਦੀਪ ਸਿੰਘ ਦੇ ਦਾਦਾ ਸ਼ਿੰਗਾਰਾ ਸਿੰਘ ਹੁਰੀਂ ਤਿੰਨ ਭਰਾ ਸਨ। ਤਾਰਾ ਸਿੰਘ ਤੇ ਦਾਰਾ ਸਿੰਘ ਦੋ ਹੋਰ ਭਰਾ ਸਨ। ਤਾਰਾ ਸਿੰਘ ਆਪਣੇ ਜ਼ਮਾਨੇ ਦੇ ਮਸ਼ਹੂਰ ਥਾਣੇਦਾਰ ਹੁੰਦੇ ਸਨ। ਤਾਰਾ ਸਿੰਘ ਦੇ ਪੁੱਤਰ ਹਰਪ੍ਰੀਤ ਸਿੰਘ ਭੁੱਲਰ ਤੇ ਦਰਸ਼ਨ ਸਿੰਘ ਭੁੱਲਰ ਨੇ ਪੁਲਿਸ ਵਿੱਚ ਸੇਵਾ ਨਿਭਾਈ। ਸ਼ਿੰਗਾਰਾ ਸਿੰਘ ਦੇ ਪੁੱਤਰ ਨਿਰੰਜਣ ਸਿੰਘ ਫੌਜ ਵਿੱਚ ਰਸਾਲਦਾਰ ਸਨ। ਇਕ ਹੋਰ ਪੁੱਤਰ ਮੋਹਨ ਸਿੰਘ ਵੀ ਫੌਜ ਵਿੱਚ ਸਨ। ਨਿਰੰਜਣ ਸਿੰਘ ਦੇ ਤਿੰਨ ਪੁੱਤਰ ਸਨ। ਕੁਲਬੀਰ ਸਿੰਘ, ਕੁਲਦੀਪ ਸਿੰਘ ਤੇ ਜਗਰਾਜ ਸਿੰਘ। ਕੁਲਬੀਰ ਸਿੰਘ ਸਾਇੰਸ ਅਧਿਆਪਕ ਸਨ ਪਰ ਉਸ ਦਾ ਖੇਡਾਂ ਵੱਲ ਵੱਧ ਰੁਝਾਨ ਸੀ। ਉਸੇ ਦੀ ਪ੍ਰੇਰਨਾ ਨਾਲ ਪਿੰਡ ਦੇ ਸਕੂਲ ਵਿੱਚ ਛੋਟੀ ਉਮਰੇ ਨਿਆਣੇ ਅਥਲੈਟਿਕਸ ਨਾਲ ਜੁੜ ਗਏ। ਕੁਲਦੀਪ ਸਿੰਘ ਭੁੱਲਰ ਨੇ ਡਿਸਕਸ ਥਰੋਅ ਅਤੇ ਛੋਟੇ ਭਰਾ ਜਗਰਾਜ ਸਿੰਘ ਨੇ ਹੈਮਰ ਥਰੋਅ ਈਵੈਂਟ ਚੁਣਿਆ। ਕੁਲਦੀਪ ਸਿੰਘ ਜਿੱਥੇ ਏਸ਼ੀਆ ਦਾ ਚੈਂਪੀਅਨ ਬਣਿਆ ਉਥੇ ਜਗਰਾਜ ਸਿੰਘ ਯੂਨੀਵਰਸਿਟੀ ਅਤੇ ਅਗਾਂਹ ਜਾ ਕੇ ਰੇਲਵੇ ਦਾ ਚੈਂਪੀਅਨ ਬਣਿਆ। ਇਸ ਵੇਲੇ ਉਹ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਨੌਕਰੀ ਕਰ ਰਿਹਾ ਹੈ। ਕੁਲਬੀਰ ਦਾ ਪੁੱਤਰ ਅਮਰਦੀਪ ਸਿੰਘ ਵੀ ਕੌਮੀ ਪੱਧਰ ਦਾ ਡਿਸਕਸ ਥਰੋਅਰ ਰਿਹਾ ਜਦੋਂ ਕਿ ਕੁਲਦੀਪ ਦਾ ਪੁੱਤਰ ਜਸਦੀਪ ਸਿੰਘ ਬਾਸਕਟਬਾਲ ਵਿੱਚ ਆਲ ਇੰਡੀਆ ਇੰਟਰ 'ਵਰਸਿਟੀ ਚੈਂਪੀਅਨ ਬਣਿਆ।
ਸਰਾਵਾਂ ਬੋਦਲਾ ਦੇ ਹੋਰਨਾਂ ਖਿਡਾਰੀਆਂ ਦੀ ਗੱਲ ਕਰੀਏ ਤਾਂ ਕੁਲਬੀਰ ਦੇ ਮਾਰਗ ਦਰਸ਼ਨ ਅਤੇ ਕੁਲਦੀਪ ਨੂੰ ਦੇਖੋ-ਦੇਖ ਅਥਲੈਟਿਕਸ ਨਾਲ ਜੁੜੇ ਇਸੇ ਪਿੰਡ ਦੇ ਮਨਜੀਤ ਸਿੰਘ ਨੇ ਡਿਸਕਸ ਥਰੋਅ ਵਿੱਚ 1986 ਦੀਆਂ ਸਿਓਲ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਇਸ ਤੋਂ ਬਾਅਦ ਕੋਈ ਵੀ ਪੰਜਾਬੀ ਖਿਡਾਰੀ ਤਮਗਾ ਨਾ ਜਿੱਤ ਸਕਿਆ। ਸਰਾਵਾਂ ਬੋਦਲਾ ਦਾ ਹੀ ਕਰਨੈਲ ਸਿੰਘ ਜ਼ਿਲੇਦਾਰ ਜੋ ਤਹਿਸੀਲਦਾਰ ਰਿਟਾਇਰ ਹੋਇਆ, ਹੈਮਰ ਥਰੋਅ ਵਿੱਚ ਯੂਨੀਵਰਸਿਟੀ ਚੈਂਪੀਅਨ ਬਣਿਆ। ਇਕ ਹੋਰ ਖਿਡਾਰੀ ਹਰਪ੍ਰੀਤ ਸਿੰਘ ਨੇ ਡਿਸਕਸ ਥਰੋਅ ਵਿੱਚ ਕੌਮੀ ਪੱਧਰ ਤੱਕ ਨਾਮਣਾ ਖੱਟਿਆ ਅਤੇ ਫੇਰ ਉਹ ਸੀ.ਆਰ.ਪੀ.ਐਫ. ਵਿੱਚ ਭਰਤੀ ਹੋ ਗਿਆ। ਤਕੜੇ ਸਰੀਰ ਵਾਲੇ ਪਿੰਡ ਦੇ ਮੁੰਡੇ ਕਬੱਡੀ ਖੇਡ ਵਿੱਚ ਵੀ ਤਕੜੇ ਸਨ। ਕੋਈ ਸਮਾਂ ਸੀ ਜਦੋਂ ਸਰਾਵਾਂ ਦਾ ਇਕ ਨੌਜਵਾਨ ਹਰ ਸਾਲ ਜਲੰਧਰ ਸਥਿਤ ਏਸ਼ੀਆ ਦੇ ਇਕਲੌਤੇ ਸਪੋਰਟਸ ਕਾਲਜ ਵਿੱਚ ਦਾਖਲ ਹੁੰਦਾ ਸੀ ਅਤੇ ਫੇਰ ਉਹ ਕੌਮੀ ਤੇ ਕੌਮਾਂਤਰੀ ਪੱਧਰ ਦਾ ਅਥਲੀਟ ਬਣ ਜਾਂਦਾ ਸੀ। ਇਸੇ ਪਿੰਡ ਦਾ ਵਿੱਕੀ ਗੌਂਡਰ ਜਿਹੜਾ ਸਪੋਰਟਸ ਕਾਲਜ ਦਾਖਲ ਹੋ ਕੇ ਕੌਮੀ ਪੱਧਰ ਦਾ ਖਿਡਾਰੀ ਬਣਿਆ, ਨੇ ਗੈਂਗਸਟਰ ਵਜੋਂ ਬਦਨਾਮੀ ਖੱਟੀ। ਉਸ ਵੇਲੇ ਸਰਾਵਾਂ ਬੋਦਲਾ ਦਾ ਨਾਂ ਮਾੜੀਆਂ ਸੁਰਖੀਆਂ ਵਿੱਚ ਰਿਹਾ ਪਰ ਹੁਣ ਕੁਲਦੀਪ ਸਿੰਘ ਭੁੱਲਰ ਨੇ ਕੌਮੀ ਖੇਡ ਐਵਾਰਡ ਹਾਸਲ ਕਰਕੇ ਪਿੰਡ ਨੂੰ ਚੰਗੀਆਂ ਸੁਰਖੀਆਂ ਵਿੱਚ ਲਿਆਂਦਾ ਹੈ।
ਨਿਰੰਜਣ ਸਿੰਘ ਦੇ ਘਰ ਮਾਤਾ ਮਹਿੰਦਰ ਕੌਰ ਦੀ ਕੁੱਖੋਂ 22 ਮਾਰਚ 1957 ਨੂੰ ਜਨਮੇ ਕੁਲਦੀਪ ਸਿੰਘ ਨੇ ਪਿੰਡੋਂ ਹੀ ਦਸਵੀਂ ਦੀ ਪੜ੍ਹਾਈ ਕੀਤੀ। ਚੰਗੇ ਸੁਟਾਵੇ ਦੀਆਂ ਸੰਭਾਵਨਾਵਾਂ ਨੂੰ ਦੇਖਦਿਆਂ ਉਸ ਨੇ 1973-74 ਵਿੱਚ ਸਪੋਰਟਸ ਕਾਲਜ ਜਲੰਧਰ ਵਿਖੇ ਦਾਖਲਾ ਲੈ ਲਿਆ। ਗਿਆਰ੍ਹਵੀਂ ਵਿੱਚ ਪੜ੍ਹਦਿਆਂ ਕੁਲਦੀਪ ਸਟੇਟ ਚੈਂਪੀਅਨ ਬਣਿਆ। ਕੌਮੀ ਸਕੂਲ ਖੇਡਾਂ ਵਿੱਚ ਉਹ ਚੌਥੇ ਨੰਬਰ 'ਤੇ ਰਹਿ ਗਿਆ। 1975 ਵਿੱਚ ਹੈਦਰਾਬਾਦ ਵਿਖੇ ਹੋਈ ਆਲ ਇੰਡੀਆ ਇੰਟਰ 'ਵਰਸਿਟੀ ਅਥਲੈਟਿਕ ਮੀਟ ਵਿੱਚ ਕੁਲਦੀਪ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤਰਫੋਂ ਸੋਨੇ ਦਾ ਤਮਗਾ ਜਿੱਤਿਆ। ਅਗਲੇ ਹੀ ਸਾਲ 1976 ਵਿੱਚ ਪਲਾਈ ਵਿਖੇ ਹੋਈ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਉਹ ਜੂਨੀਅਰ ਨੈਸ਼ਨਲ ਚੈਂਪੀਅਨ ਬਣ ਗਿਆ। ਕੁਲਦੀਪ ਉਸੇ ਵੇਲੇ ਟਾਟਾ ਕੰਪਨੀ ਦੀ ਨਜ਼ਰੇ ਚੜ੍ਹ ਗਿਆ ਜਿਨ੍ਹਾਂ ਨੇ ਉਸ ਨੂੰ ਨੌਕਰੀ ਆਫਰ ਕੀਤੀ। ਕੁਲਦੀਪ ਨੇ ਜਮਸ਼ੇਦਪੁਰ ਆ ਕੇ ਟੈਲਕੋ ਜੁਆਇਨ ਕਰ ਲਈ। ਟੈਲਕੋ ਵੱਲੋਂ ਖੇਡਦਿਆਂ ਉਹ ਡਿਸਕਸ ਦੇ ਨਾਲ ਹੈਮਰ ਥਰੋਅ ਤੇ ਸ਼ਾਟਪੁੱਟ ਵਿੱਚ ਤਮਗੇ ਜਿੱਤਦਾ। ਹੈਮਰ ਉਹ 52 ਮੀਟਰ ਤੋਂ ਉਪਰ ਅਤੇ ਸ਼ਾਟਪੁੱਟ 15 ਮੀਟਰ ਸੁੱਟਦਾ ਸੀ।
ਕੁਲਦੀਪ ਨੇ ਸੀਨੀਅਰ ਵਰਗ ਵਿੱਚ ਖੇਡਦਿਆਂ 1978 ਵਿੱਚ ਹੈਦਰਾਬਾਦ ਵਿਖੇ ਹੋਈਆਂ ਕੌਮੀ ਖੇਡਾਂ ਵਿੱਚ ਪੰਜਾਬ ਲਈ ਸੋਨੇ ਦਾ ਤਮਗਾ ਜਿੱਤਿਆ। ਉਸ ਤੋਂ ਬਾਅਦ ਇਕ ਦਹਾਕਾ ਕੋਈ ਵੀ ਡਿਸਕਸ ਥਰੋਅਰ ਉਸ ਦੇ ਨੇੜੇ ਨਹੀਂ ਲੱਗਿਆ। ਦੇਸ਼ ਦੇ ਕਿੱਸੇ ਵੀ ਹਿੱਸੇ ਕੋਈ ਨੈਸ਼ਨਲ ਮੀਟ ਹੁੰਦੀ ਤਾਂ ਉਹ ਚੈਂਪੀਅਨ ਬਣ ਕੇ ਵਾਪਸ ਮੁੜਦਾ। ਲਗਾਤਾਰ 10 ਸਾਲ ਉਹ ਕੋਈ ਨਾ ਕੋਈ ਤਮਗਾ ਜਿੱਤੇ ਬਿਨਾਂ ਵਾਪਸ ਘਰ ਨਾ ਮੁੜਦਾ। 1979 ਵਿੱਚ ਅਜਮੇਰ, 1980 ਵਿੱਚ ਲਖਨਊ, 1981 ਵਿੱਚ ਬੰਗਲੌਰ ਤੇ ਕਾਲੀਕਾਟ ਵਿਖੇ ਹੋਈਆਂ ਲਗਾਤਾਰ ਚਾਰ ਆਲ ਇੰਡੀਆ ਓਪਨ ਮੀਟ ਮੁਕਾਬਲਿਆਂ ਵਿੱਚ ਉਸ ਨੇ ਸੋਨ ਤਮਗੇ ਜਿੱਤੇ। 1986 ਵਿੱਚ ਨਵੀਂ ਦਿੱਲੀ ਵਿਖੇ ਵੀ ਓਪਨ ਮੀਟ ਅਤੇ 1987 ਵਿੱਚ ਨਵੀਂ ਦਿੱਲੀ ਵਿਖਏ ਹੀ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਉਹ ਚੈਂਪੀਅਨ ਬਣਿਆ। ਇਸ ਤੋਂ ਇਲਾਵਾ ਉਸ ਨੇ 1978 ਤੋਂ 1989 ਤੱਕ ਅੱਠ ਵਾਰ ਚਾਂਦੀ ਦਾ ਤਮਗਾ ਅਤੇ ਪੰਜ ਵਾਰ ਕਾਂਸੀ ਦਾ ਤਮਗਾ ਜਿੱਤਿਆ। ਟੈਲਕੋ ਤੋਂ ਬਾਅਦ ਬੀ.ਐਸ.ਐਫ. ਵਿੱਚ ਭਰਤੀ ਹੋਏ ਕੁਲਦੀਪ ਸਿੰਘ ਨੇ 10 ਵਾਰ ਆਲ ਇੰਡੀਆ ਪੁਲਿਸ ਖੇਡਾਂ ਵਿੱਚ ਤਮਗੇ ਜਿੱਤੇ। ਦੋ ਵਾਰ ਸੋਨੇ, ਚਾਰ-ਚਾਰ ਚਾਂਦੀ ਤੇ ਕਾਂਸੀ ਦੇ ਤਮਗੇ ਜਿੱਤੇ।
ਕੌਮਾਂਤਰੀ ਪੱਧਰ 'ਤੇ ਕੁਲਦੀਪ ਨੇ ਪਹਿਲੀ ਵਾਰ 1978 ਵਿੱਚ ਆਪਣੀ ਛਾਪ ਛੱਡੀ। ਭਾਰਤ ਤੇ ਰੂਸ ਵਿਚਾਲੇ ਹੋਈਆਂ ਚਾਰ ਟੈਸਟ ਅਥਲੈਟਿਕਸ ਮੀਟਾਂ ਵਿੱਚ ਉਸ ਨੇ ਦੋ ਸੋਨੇ ਤੇ ਦੋ ਚਾਂਦੀ ਦੇ ਤਮਗੇ ਜਿੱਤੇ। ਅੰਮ੍ਰਿਤਸਰ ਤੇ ਜੋਧਪੁਰ ਵਿਖੇ ਉਹ ਜੇਤੂ ਰਿਹਾ ਜਦੋਂ ਕਿ ਪਟਿਆਲਾ ਤੇ ਮੇਰਠ ਵਿਖੇ ਉਪ ਜੇਤੂ। 1982 ਵਿੱਚ ਨੌਵੀਆਂ ਏਸ਼ਿਆਈ ਖੇਡਾਂ ਨਵੀਂ ਦਿੱਲੀ ਵਿਖੇ ਹੋਣੀਆਂ ਸਨ। ਮੇਜ਼ਬਾਨੀ ਮਿਲਣ ਕਰਕੇ ਭਾਰਤੀ ਖਿਡਾਰੀ ਜੀਅ ਜਾਨ ਨਾਲ ਤਿਆਰੀ ਕਰ ਰਹੇ ਸਨ। ਕੁਲਦੀਪ ਸਿੰਘ ਪਹਿਲੀ ਵਾਰ ਕਿਸੇ ਵੱਡੇ ਮੁਕਾਬਲੇ ਵਿੱਚ ਹਿੱਸਾ ਲੈ ਰਿਹਾ ਸੀ। ਡਿਸਕਸ ਦੇ ਈਵੈਂਟ ਵਿੱਚ ਉਸ ਨੇ 53.50 ਮੀਟਰ ਥਰੋਅ ਸੁੱਟ ਕੇ ਚਾਂਦੀ ਦਾ ਤਮਗਾ ਜਿੱਤਿਆ। ਭਾਰਤੀ ਹਾਕੀ ਟੀਮ ਅਤੇ ਪਹਿਲਵਾਨ ਕਰਤਾਰ ਸਿੰਘ ਦੇ ਬਰਾਬਰ ਚਾਂਦੀ ਦਾ ਤਮਗਾ ਜਿੱਤ ਕੇ ਵੀ ਕੁਲਦੀਪ ਸਿੰਘ ਦੀ ਵਾਪਸੀ ਉਤੇ ਕੋਈ ਖਾਸ ਪੁੱਛ-ਗਿੱਛ ਨਾ ਹੋਈ। ਬੀ.ਐਸ.ਐਫ. ਨੇ ਉਸ ਦੀ ਵੁੱਕਤ ਪਾਉਂਦਿਆਂ ਨੌਕਰੀ ਜ਼ਰੂਰ ਆਫਰ ਕੀਤੀ। ਕੁਲਦੀਪ ਸਿੰਘ ਸੱਤ-ਅੱਠ ਸਾਲ ਸਾਲ ਜਮਸ਼ੇਦਪੁਰ ਲਗਾਉਣ ਤੋਂ ਬਾਅਦ 1982 ਵਿੱਚ ਬੀ.ਐਸ.ਐਫ. ਵਿੱਚ ਇੰਸਪੈਕਟਰ ਭਰਤੀ ਹੋ ਗਏ ਅਤੇ ਆਪਣਾ ਪੱਕਾ ਟਿਕਾਣਾ ਜਲੰਧਰ ਹੀ ਬਣਾ ਲਿਆ।
ਅਗਲੇ ਸਾਲ 1983 ਵਿੱਚ ਜਕਾਰਤਾ ਵਿਖੇ ਏਸ਼ੀਅਨ ਟਰੈਕ ਐਂਡ ਫੀਲਡ ਮੀਟ ਵਿੱਚ ਉਸ ਨੇ ਕਾਂਸੀ ਦਾ ਤਮਗਾ ਜਿੱਤਿਆ। 1984 ਵਿੱਚ ਕੁਲਦੀਪ ਦੀ ਖੇਡ ਪੂਰੀ ਸਿਖਰ 'ਤੇ ਸੀ ਅਤੇ ਜਰਮਨੀ ਵਿਖੇ ਟਰਾਇਲਾਂ ਦੌਰਾਨ ਉਸ ਨੇ ਆਪਣੇ ਖੇਡ ਜੀਵਨ ਦੀ ਸਭ ਤੋਂ ਵੱਡੀ ਥਰੋਅ 56.34 ਮੀਟਰ ਸੁੱਟੀ ਜੋ ਕਿ ਪਰਵੀਨ ਕੁਮਾਰ ਦੀ ਥਰੋਅ ਨਾਲੋਂ ਵੀ ਜ਼ਿਆਦਾ ਸੀ। 1984 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਲਈ ਕੁਆਲੀਫਾਈ ਹੱਦ ਤੋਂ ਵੱਧ ਉਸ ਨੇ ਥਰੋਅ ਸੁੱਟੀ ਸੀ ਪਰ ਗੋਡੇ ਦੀ ਸੱਟ ਕਾਰਨ ਉਹ ਓਲੰਪਿਕਸ ਖੇਡਣ ਤੋਂ ਖੁੰਝ ਗਿਆ ਜਿਸ ਦਾ ਉਸ ਨੂੰ ਸਾਰੀ ਉਮਰ ਪਛਤਾਵਾ ਰਿਹਾ। ਕੌਮਾਂਤਰੀ ਪੱਧਰ 'ਤੇ ਕੁਲਦੀਪ ਨੇ ਆਖਰੀ ਪ੍ਰਾਪਤੀ 1986 ਵਿੱਚ ਖੱਟੀ ਜਦੋਂ ਦਿੱਲੀ ਵਿਖੇ ਹੋਈ ਛੇ ਮੁਲਕਾਂ ਦੀ ਇੰਟਰ ਨੈਸ਼ਨਲ ਮੀਟ ਵਿੱਚ ਉਸ ਨੇ ਸੋਨੇ ਦਾ ਤਮਗਾ ਜਿੱਤਿਆ। ਇਸ ਤੋਂ ਬਾਅਦ ਉਹ ਕੁਝ ਵਰ੍ਹੇ ਕੌਮੀ ਪੱਧਰ 'ਤੇ ਸਰਗਰਮ ਰਿਹਾ ਫੇਰ ਉਸ ਨੇ ਖਿਡਾਰੀ ਵਜੋਂ ਖੇਡ ਨੂੰ ਅਲਵਿਦਾ ਆਖ ਕੇ ਕੋਚਿੰਗ ਵੱਲ ਰੁਖ ਕੀਤਾ। ਐਨ.ਆਈ.ਐਸ. ਪਟਿਆਲਾ ਤੋਂ ਕੋਚਿੰਗ ਦਾ ਡਿਪਲੋਮਾ ਕਰਨ ਵਾਲੇ ਕੁਲਦੀਪ ਸਿੰਘ ਕੁਝ ਵਰ੍ਹੇ ਭਾਰਤੀ ਕੌਮੀ ਅਥਲੈਟਿਕਸ ਟੀਮ ਦੇ ਕੋਚ ਵੀ ਰਹੇ। ਕੁਲਦੀਪ ਸਿੰਘ ਜਲੰਧਰ ਹੀ ਲੱਧੇਵਾਲੀ ਰੋਡ ਉਤੇ ਕਰੋਲ ਬਾਗ ਖੇਤਰ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਬੇਟਾ ਜਸਦੀਪ ਸਿੰਘ ਜੋ ਬਾਸਕਟਬਾਲ ਦਾ ਕੁੱਲ ਹਿੰਦ ਯੂਨੀਵਰਸਿਟੀ ਚੈਂਪੀਅਨ ਰਿਹਾ, ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਹੈ ਅਤੇ ਬੇਟੀ ਮਨਦੀਪ ਸਿੰਘ ਆਸਟਰੇਲੀਆ ਸੈਟਲ ਹੈ।
ਜ਼ੋਰ ਵਾਲੀਆਂ ਖੇਡਾਂ ਨਾਲ ਜੁੜੇ ਹੋਣ ਕਰਕੇ ਕੁਲਦੀਪ ਦੇ ਪਰਿਵਾਰ ਦੀ ਖੁਰਾਕ ਵੀ ਖੁੱਲ੍ਹੀ ਸੀ। ਦੁੱਧ-ਘਿਓ, ਮਾਸ-ਮੀਟ, ਮੱਛੀ ਖੁੱਲ੍ਹਾ ਖਾਂਦੇ ਸਨ। ਥਰੋਅਰਾਂ ਲਈ ਇਹ ਖੁਰਾਕ ਵੀ ਜ਼ਰੂਰੀ ਹੈ। ਕੁਲਦੀਪ ਸਿੰਘ ਮੋਗੇ ਵਿਆਹਿਆ ਸੀ ਜਿੱਥੇ ਉਸ ਦੀ ਪਤਨੀ ਜਸਵਿੰਦਰ ਕੌਰ ਦਾ ਪਰਿਵਾਰ ਸ਼ੁੱਧ ਸ਼ਾਕਾਹਾਰੀ ਸੀ। ਹਾਲਾਂਕਿ ਜਸਵਿੰਦਰ ਸਿੰਘ ਵੀ ਵਾਲੀਬਾਲ ਖੇਡ ਵਿੱਚ ਜ਼ਿਲਾ ਪੱਧਰ 'ਤੇ ਖੇਡੀ ਸੀ ਪਰ ਖਿਡਾਰੀਆਂ ਵਾਂਗ ਮਾਸਾਹਾਰੀ ਭੋਜਨ ਉਨ੍ਹਾਂ ਦੇ ਖੁਰਾਕ ਦਾ ਹਿੱਸਾ ਨਹੀਂ ਸੀ। ਸ਼ੁਰੂ ਵਿੱਚ ਜਸਵਿੰਦਰ ਕੌਰ ਨੂੰ ਕੁਲਦੀਪ ਸਿੰਘ ਲਈ ਮਾਸ-ਮੀਟ ਬਣਾਉਂਦਿਆਂ ਸੂਕ ਆਉਣੀ ਪਰ ਹੌਲੀ-ਹੌਲੀ ਉਸ ਦੀ ਆਦਤ ਪੈ ਗਈ ਪਰ ਕੁਲਦੀਪ ਨੂੰ ਸਹੁਰੇ ਗਿਆ ਸਿਰਫ ਪਨੀਰ ਖਾਣ ਨੂੰ ਹੀ ਮਿਲਣਾ। ਕੁਲਦੀਪ ਘਰੋਂ ਬਾਹਰ ਰਹਿੰਦਿਆਂ ਨੌਕਰੀ ਦੇ ਨਾਲ ਖੇਡਾਂ ਵੱਲ ਜ਼ਿਆਦਾ ਧਿਆਨ ਕੇਂਦਰਿਤ ਰੱਖਦਾ ਅਤੇ ਕਈ ਵਾਰ ਖਰਚੇ ਵਾਸਤੇ ਘਰੋਂ ਵੀ ਪੈਸੇ ਲਿਆਉਣੇ ਪੈਂਦੇ।
ਕੁਲਦੀਪ ਦੀਆਂ ਕੌਮਾਂਤਰੀ ਤੇ ਕੌਮੀ ਪੱਧਰ 'ਤੇ ਅਥਾਹ ਖੇਡ ਪ੍ਰਾਪਤੀਆਂ ਬਦਲੇ ਉਸ ਨੂੰ ਕਿਤੇ ਵੀ ਬਣਦਾ ਮਾਣ-ਸਨਮਾਨ ਨਹੀਂ ਮਿਲਿਆ, ਇਸ ਪਿੱਛੇ ਇਕ ਕਾਰਨ ਉਸ ਦਾ ਸੰਗਾਊ ਸੁਭਾਅ ਵੀ ਹੈ। ਕੁਲਦੀਪ ਸਿੰਘ ਨਾਲ ਮੇਰੀ ਸਹੁਰਿਆਂ ਵਾਲੇ ਪਾਸਿਓ ਰਿਸ਼ਤੇਦਾਰੀ ਹੈ। ਮੇਰੀ ਪਤਨੀ ਦੇ ਦਾਦਾ ਤਾਰਾ ਸਿੰਘ ਤੇ ਉਨ੍ਹਾਂ ਦੇ ਦਾਦਾ ਸ਼ਿੰਗਾਰਾ ਸਿੰਘ ਸਕੇ ਭਰਾ ਸਨ। ਮੈਂ ਪਹਿਲੀ ਵਾਰ ਜਦੋਂ ਉਨ੍ਹਾਂ ਨੂੰ ਮਿਲਿਆ ਤਾਂ 1982 ਦੀਆਂ ਨਵੀਂ ਦਿੱਲੀ ਏਸ਼ਿਆਈ ਖੇਡਾਂ ਦਾ ਜ਼ਿਕਰ ਕੀਤਾ ਸੀ ਤਾਂ ਉਨ੍ਹਾਂ ਬਾਅਦ ਵਿੱਚ ਹੈਰਾਨੀ ਜ਼ਾਹਰ ਕਰਦਿਆਂ ਮੇਰੀ ਸੱਸ ਨੂੰ ਕਿਹਾ ਸੀ, ''ਚਾਚੀ ਆਪਣਾ ਪ੍ਰਾਹੁਣਾ ਤਾਂ ਮੇਰੀਆਂ ਖੇਡਾਂ ਬਾਰੇ ਵੀ ਜਾਣਦਾ, ਇਹ ਤਾਂ ਸਾਡੀ ਲਾਈਨ ਦਾ ਲੱਗਦਾ।'' ਉਸ ਗੱਲ ਤੋਂ ਲੱਗਿਆ ਜਿਵੇਂ ਕੁਲਦੀਪ ਨੂੰ ਮੇਰੇ ਖੇਡਾਂ ਦੇ ਗਿਆਨ ਉਤੇ ਖੁਸ਼ੀ ਤਾਂ ਹੈ ਪਰ ਆਮ ਲੋਕਾਂ ਵਿੱਚ ਉਸ ਦੀਆਂ ਖੇਡ ਪ੍ਰਾਪਤੀਆਂ ਦਾ ਪਤਾ ਨਾ ਹੋਣ ਦਾ ਉਸ ਨੂੰ ਰੰਜ ਵੀ ਸੀ। ਖੇਡਾਂ-ਖਿਡਾਰੀਆਂ ਬਾਰੇ ਲਿਖਦਿਆਂ ਮੈਨੂੰ ਵੀਹ ਸਾਲ ਹੋਣ ਵਾਲੇ ਹਨ ਅਤੇ ਮੇਰੇ ਵਿਆਹ ਨੂੰ ਗਿਆਰਾਂ ਸਾਲ ਤੋਂ ਵੱਧ ਸਮਾਂ ਹੋ ਗਿਆ ਪਰ ਕਿਤੇ ਵੀ ਉਨ੍ਹਾਂ ਮੈਨੂੰ ਕਿਸੇ ਆਣੇ-ਬਹਾਨੇ ਆਪਣੇ ਬਾਰੇ ਲਿਖਣ ਲਈ ਨਹੀਂ ਗਿਆ।
ਹੁਣ ਜਦੋਂ ਕੁਲਦੀਪ ਸਿੰਘ ਨੂੰ 'ਧਿਆਨ ਚੰਦ ਐਵਾਰਡ' ਲਈ ਚੁਣਿਆ ਗਿਆ ਤਾਂ ਮੈਂ ਖੁਦ ਉਨ੍ਹਾਂ ਬਾਰੇ ਲਿਖਣ ਲਈ ਗੱਲਬਾਤ ਕਰਦਿਆਂ ਮਸਾਲਾ ਇਕੱਠਾ ਕੀਤਾ। ਹੁਣ ਵੀ ਉਨ੍ਹਾਂ ਨੇ ਸੰਗਾਊ ਸੁਭਾਅ ਕਾਰਨ ਆਪਣੇ ਬਾਰੇ ਕੁਝ ਜ਼ਿਆਦਾ ਨਹੀਂ ਦੱਸਿਆ। ਖਿਡਾਰੀਆਂ ਬਾਰੇ ਲਿਖਦਿਆਂ ਮੈਂ ਸੈਂਕੜੇ ਖਿਡਾਰੀਆਂ ਦੀ ਇੰਟਰਵਿਊ ਕੀਤੀ ਹੈ ਜਿਨ੍ਹਾਂ ਵਿੱਚ ਭਾਰਤ ਦੇ ਵੱਡੇ ਖਿਡਾਰੀਆਂ ਤੋਂ ਇਲਾਵਾ ਦੁਨੀਆਂ ਦੇ ਚੋਟੀ ਦੇ ਦੌੜਾਕ ਓਸੈਨ ਬੋਲਟ, ਪੋਲਵਾਲਟਰ ਯੇਲੇਨਾ ਇਸਨੇਬਾਅਵਾ, ਜਿਮਨਾਸਟ ਨਾਦੀਆ ਕੁਮੈਂਸੀ ਜਰਮਨੀ ਦੇ ਹਾਕੀ ਸਟਾਰ ਕ੍ਰਿਸਟੋਫਰ ਜ਼ੈਲਰ ਵੀ ਸ਼ਾਮਲ ਹਨ। ਐਤਕੀ ਪਹਿਲੀ ਵਾਰ ਮੈਂ ਆਪਣੇ ਕਿਸੇ ਰਿਸ਼ਤੇਦਾਰ ਖਿਡਾਰੀ ਦੀ ਇੰਟਰਵਿਊ ਕਰ ਰਿਹਾ ਸੀ ਪਰ ਮੇਰੀ ਪੂਰੀ ਵਾਹ ਲਗਾਉਣ ਦੇ ਬਾਵਜੂਦ ਕਿਸੇ ਖੇਡ ਲਿਖਾਰੀ ਲਈ ਜ਼ਰੂਰੀ ਕੋਈ ਅੰਦਰਲਾ ਸਕੂਪ ਨਹੀਂ ਕੱਢਿਆ ਜਾ ਸਕਿਆ। ਹੋਰ ਤਾਂ ਹੋਰ ਸਗੋਂ ਉਨ੍ਹਾਂ ਬਾਰੇ ਲਿਖਦਿਆਂ ਮੈਨੂੰ ਕੁਝ ਗੱਲਾਂ ਆਪਣੀ ਸੱਸ ਤੇ ਸਾਢੂ ਮਨਿੰਦਰ ਸਿੰਘ ਢਿੱਲੋਂ ਕੋਲੋਂ ਪਤਾ ਕਰਨੀਆਂ ਪਈਆਂ।
ਕੁਲਦੀਪ ਸਿੰਘ ਡਿਸਕਸ ਥਰੋਅ ਵਿੱਚ ਪਰਵੀਨ, ਪ੍ਰਦੁੱਮਣ, ਬਲਕਾਰ ਦਾ ਵਾਰਸ ਬਣਿਆ। ਕੁਲਦੀਪ ਨੇ ਇਨ੍ਹਾਂ ਸੁਟਾਵਿਆਂ ਨਾਲੋਂ ਵੀ ਵੱਧ ਦੂਰ ਡਿਸਕਸ ਸੁੱਟੀ ਹੈ। ਹਾਲਾਂਕਿ ਉਨ੍ਹਾਂ ਦੇ ਜ਼ਮਾਨੇ ਵਿੱਚ ਰਿਕਾਰਡ ਵੀ ਘੱਟ ਸੀ। ਪਰਵੀਨ ਨਾਲ ਆਪਣੀ ਇਕ ਸਾਂਝ ਬਾਰੇ ਕੁਲਦੀਪ ਸਿੰਘ ਦੱਸਦੇ ਹਨ, ''ਆਪਣੇ ਸ਼ੁਰੂਆਤੀ ਦੌਰ ਵਿੱਚ ਮੈਂ ਇਕ ਮੁਕਾਬਲਾ ਪਰਵੀਨ ਨਾਲ ਲੜਿਆ ਸੀ ਜਿਸ ਵਿੱਚ ਪਰਵੀਨ ਪਹਿਲੇ ਤੇ ਮੈਂ ਤੀਜੇ ਸਥਾਨ 'ਤੇ ਆਇਆ ਸੀ।'' ਕੁਲਦੀਪ ਦੀਆਂ ਖੇਡ ਪ੍ਰਾਪਤੀਆਂ ਦਾ ਆਖਰ ਚਾਰ ਦਹਾਕਿਆਂ ਬਾਅਦ ਮੁੱਲ ਪਿਆ। 'ਧਿਆਨ ਚੰਦ ਐਵਾਰਡ' ਨਾਲ ਕੁਲਦੀਪ ਖੇਡ ਖੇਤਰ ਵਿੱਚ ਗੁੰਮਨਾਮ ਹੋਣ ਤੋਂ ਬਚ ਗਿਆ।