ਭਾਰਤ ਵਿਰੁੱਧ ਸਫਲਤਾ ਲਈ ਕੋਹਲੀ ਦੇ ਬੱਲੇ ਨੂੰ ਸ਼ਾਂਤ ਰੱਖਣਾ ਅਹਿਮ ਹੋਵੇਗਾ : ਕਮਿੰਸ
Saturday, Nov 21, 2020 - 03:48 AM (IST)
ਸਿਡਨੀ– ਆਸਟਰੇਲੀਆਈ ਤੇਜ਼ ਗੇਂਦਬਾਜ਼ ਪੈਟ ਕਮਿੰਸ ਭਾਰਤ ਵਿਰੁੱਧ ਆਗਾਮੀ ਲੜੀ ਵਿਚ ਵਿਰਾਟ ਕੋਹਲੀ ਦੀ ਵਿਕਟ ਲੈਣ 'ਤੇ ਧਿਆਨ ਲਗਾਏਗਾ ਤੇ ਉਸਦਾ ਕਹਿਣਾ ਹੈ ਕਿ ਦੌਰਾ ਕਰਨ ਵਾਲੀ ਟੀਮ ਦੇ ਕਪਤਾਨ ਦੇ ਬੱਲੇ ਨੂੰ ਸ਼ਾਂਤ ਰੱਖਣਾ ਮੇਜ਼ਬਾਨਾਂ ਲਈ ਅਹਿਮ ਹੋਵੇਗਾ।
ਕਮਿੰਸ ਨੇ ਕਿਹਾ,''ਮੈਨੂੰ ਲੱਗਦਾ ਹੈ ਕਿ ਹਰੇਕ ਟੀਮ ਵਿਚ ਕਿ ਜਾਂ ਦੋ ਬੱਲੇਬਾਜ਼ ਹੁੰਦੇ ਹਨ, ਜਿਨ੍ਹਾਂ ਦੀ ਵਿਕਟ ਕਾਫੀ ਅਹਿਮੀਅਤ ਰੱਖਦੀ ਹੈ। ਜ਼ਿਆਦਾਤਰ ਟੀਮਾਂ ਦੇ ਕਪਤਾਨ ਲਈ ਇਹ ਅਹਿਮ ਵਿਕਟ ਹੈ, ਜਿਵੇਂ ਇੰਗਲੈਂਡ ਲਈ ਜੋ ਰੂਟ, ਨਿਊਜ਼ੀਲੈਂਡ ਲਈ ਕੇਨ ਵਿਲੀਅਮਸਨ। ਤੁਸੀਂ ਮਹਿਸੂਸ ਕਰਦੇ ਹੋ ਕਿ ਜੇਕਰ ਤੁਸੀਂ ਇਨ੍ਹਾਂ ਦੀ ਵਿਕਟ ਹਾਸਲ ਕਰ ਲਵੋ ਤਾਂ ਮੈਚ ਜਿੱਤਣ ਲਈ ਇਹ ਕਾਫੀ ਮਹੱਤਵਪੂਰਨ ਰਹੇਗੀ।'' ਉਸ ਨੇ ਕਿਹਾ, ''ਕੋਹਲੀ ਦੀ ਵਿਕਟ ਹਮੇਸ਼ਾ ਅਹਿਮ ਹੁੰਦੀ ਹੈ। ਕੁਮੈਂਟੇਟਰ ਉਸਦੇ ਬਾਰੇ ਵਿਚ ਲਗਾਤਾਰ ਬੋਲਦੇ ਰਹਿੰਦੇ ਹਨ, ਇਸ ਲਈ ਉਮੀਦ ਕਰਦੇ ਹਾਂ ਕਿ ਅਸੀਂ ਉਸਦੇ ਬੱਲੇ ਨੂੰ ਸ਼ਾਂਤ ਰੱਖਾਂਗੇ।''
ਕਮਿੰਸ ਨੂੰ ਸਫੇਦ ਤੇ ਲਾਲ ਗੇਂਦ ਦੀਆਂ ਦੋਵੇਂ ਟੀਮਾਂ ਦਾ ਉਪ ਕਪਤਾਨ ਬਣਾਇਆ ਗਿਆ ਹੈ। ਉਹ ਉਨ੍ਹਾਂ 11 ਖਿਡਾਰੀਆਂ ਵਿਚੋਂ ਇਕ ਹੈ, ਜਿਹੜੇ ਸੰਯੁਕਤ ਅਰਬ ਅਮੀਰਾਤ ਵਿਚ ਆਈ. ਪੀ. ਐੱਲ. ਵਿਚ ਖੇਡਣ ਤੋਂ ਬਾਅਦ ਪਰਤੇ ਹਨ ਤੇ ਇਸ ਸਮੇਂ ਇਕਾਂਤਵਾਸ ਵਿਚ ਹੈ। ਇਸਦਾ ਇਕਾਂਤਵਾਸ ਭਾਰਤ ਵਿਰੁੱਧ ਸਿਡਨੀ ਕ੍ਰਿਕਟ ਮੈਦਾਨ ਵਿਚ ਹੋਣ ਵਾਲੇ ਸ਼ੁਰੂਆਤੀ ਵਨ ਡੇ ਦੀ ਪੂਰਬਲੀ ਸ਼ਾਮ 'ਤੇ ਖਤਮ ਹੋਵੇਗਾ।