ਕਵਿੰਦਰ ਬਿਸ਼ਟ ਅਤੇ ਤਿੰਨ ਹੋਰ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ''ਚ
Thursday, Apr 25, 2019 - 05:04 PM (IST)
ਬੈਂਕਾਕ— ਕਵਿੰਦਰ ਸਿੰਘ ਬਿਸ਼ਟ (56 ਕਿਲੋਗ੍ਰਾਮ) ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਿੰਨ ਹੋਰ ਭਾਰਤੀਆਂ ਦੇ ਨਾਲ ਵੀਰਵਾਰ ਨੂੰ ਇੱਥੇ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਪ੍ਰਵੇਸ਼ ਕੀਤਾ। ਦੀਪਕ ਸਿੰਘ (49 ਕਿਲੋਗ੍ਰਾਮ) ਅਤੇ ਆਸ਼ੀਸ਼ ਕੁਮਾਰ (75 ਕਿਲੋਗ੍ਰਾਮ) ਪੁਰਸ਼ ਫਾਈਨਲ 'ਚ ਬਿਸ਼ਟ ਦੇ ਨਾਲ ਸ਼ਾਮਲ ਹੋ ਗਏ ਜਦਕਿ ਪੂਜਾ ਰਾਣੀ (75 ਕਿਲੋਗ੍ਰਾਮ) ਨੇ ਮਹਿਲਾਵਾਂ ਦੇ ਡਰਾਅ 'ਚ ਜਗ੍ਹਾ ਬਣਾਈ। ਤਜਰਬੇਕਾਰ ਐੱਲ. ਸਰਿਤਾ ਦੇਵੀ (60 ਕਿਲੋਗ੍ਰਾਮ) ਅਤੇ ਮਨੀਸ਼ਾ (54 ਕਿਲੋਗ੍ਰਾਮ) ਨੂੰ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ। ਦੀਪਕ ਨੂੰ ਲਗਾਤਾਰ ਦੂਜਾ ਵਾਕਓਵਰ ਮਿਲਿਆ। ਕਜ਼ਾਖਸਤਾਨ ਦੇ ਤੇਮਿਰਤਾਸ ਝੁਸੁਪੋਵ ਨੇ ਸੱਟ ਕਾਰਨ ਟੂਰਨਾਮੈਂਟ ਤੋਂ ਹਟਣ ਦਾ ਫੈਸਲਾ ਕੀਤਾ ਜਿਸ ਨਾਲ ਰਾਸ਼ਟਰੀ ਚੈਂਪੀਅਨ ਸਿੱਧੇ ਫਾਈਨਲ 'ਚ ਪਹੁੰਚ ਗਿਆ।
ਕਵਿੰਦਰ ਬਿਸ਼ਟ ਨੇ ਕੁਆਰਟਰ ਫਾਈਨਲ 'ਚ ਮੌਜੂਦਾ ਵਿਸ਼ਵ ਚੈਂਪੀਅਨ ਕਜ਼ਾਖਸਤਾਨ ਦੇ ਕਈਰਾਤ ਯੇਰਾਲਿਏਵ ਨੂੰ ਹਰਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਮੰਗੋਲੀਆ ਦੇ ਐਂਖ-ਅਮਰ ਖਾਖੂ ਨੂੰ ਆਪਣੇ ਪੰਚ ਨਾਲ ਹਰਾਇਆ ਜਿਨ੍ਹਾਂ ਦੀ ਅੱਖ 'ਚ ਦੂਜੇ ਦੌਰ 'ਚ ਸੱਟ ਲਗ ਗਈ। ਪਰ ਮੰਗੋਲੀਆਈ ਮੁੱਕੇਬਾਜ਼ ਨੇ ਵੀ ਕਵਿੰਦਰ ਦੀ ਅੱਖ 'ਤੇ ਸੱਟ ਮਾਰੀ। ਪਰ ਇਹ ਭਾਰਤੀ ਇਸ 'ਚ ਜਿੱਤ ਦਰਜ ਕਰਨ 'ਚ ਸਫਲ ਰਿਹਾ। ਆਸ਼ੀਸ਼ ਨੇ ਈਰਾਨ ਦੇ ਸੇਯੇਦਸ਼ਾਹਿਨ ਮੌਸਾਵੀ ਨੂੰ ਆਪਣੇ ਤੇਜ਼-ਤੱਰਾਰ ਮੁੱਕਿਆਂ ਨਾਲ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ ਅਤੇ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਮਹਿਲਾਵਾਂ 'ਚ ਮਨੀਸ਼ਾ ਤਾਈਵਾਨ ਦੀ ਹੁਆਂਗ ਸਿਆਓ ਵੇਨ ਤੋਂ ਹਾਰ ਗਈ ਜਦਕਿ ਸਰਿਤਾ (60 ਕਿਲੋਗ੍ਰਾਮ) ਨੂੰ ਚੀਨ ਦੀ ਯਾਂਗ ਵੇਨਲੂ ਤੋਂ ਹਾਰ ਮਿਲੀ। ਪੂਜਾ (75 ਕਿਲੋਗ੍ਰਾਮ) ਨੇ ਕਜ਼ਾਖਸਤਾਨ ਦੀ ਫਰੀਜਾ ਸ਼ੋਲੇਟ 'ਤੇ ਜਿੱਤ ਹਾਸਲ ਕੀਤੀ।