‘ਵਰਲਡ ਕ੍ਰਾਸ ਕੰਟਰੀ ਚੈਂਪੀਅਨਸ਼ਿਪ’ ਲਈ AFI ਦੀ 6 ਮੈਂਬਰੀ ਟੀਮ ’ਚ ਕਾਰਤਿਕ ਤੇ ਗੁਲਵੀਰ ਸ਼ਾਮਲ
Sunday, Mar 24, 2024 - 10:46 AM (IST)
ਨਵੀਂ ਦਿੱਲੀ– ਭਾਰਤੀ ਐਥਲੈਟਿਕਸ ਸੰਘ (ਏ.ਐੱਫ. ਆਈ.) ਨੇ 30 ਮਾਰਚ ਨੂੰ ਸਰਬੀਆ ਦੇ ਬੇਲਗ੍ਰੇਡ ਵਿਚ ਹੋਣ ਵਾਲੀ ‘ਵਰਲਡ ਕ੍ਰਾਸ ਕੰਟਰੀ ਚੈਂਪੀਅਨਸ਼ਿਪ’ ਵਿਚ ਦੇਸ਼ ਦੀ ਪ੍ਰਤੀਨਿਧਤਾ ਕਰਨ ਲਈ 6 ਮੈਂਬਰੀ ਟੀਮ ਵਿਚ ਏਸ਼ੀਆਈ ਖੇਡਾਂ ਦੇ ਚਾਂਦੀ ਤਮਗਾ ਜੇਤੂ ਕਾਰਤਿਕ ਕੁਮਾਰ ਨੂੰ ਚੁਣਿਆ ਹੈ। ਟੀਮ ਵਿਚ ਚੋਟੀ ਪੱਧਰ ਦੇ ਐਥਲੀਟ ਸ਼ਾਮਲ ਹਨ, ਜਿਨ੍ਹਾਂ ’ਚ ਏਸ਼ੀਆਈ ਖੇਡਾਂ ਦੇ ਤਮਗਾ ਜੇਤੂ ਤੇ ਰਾਸ਼ਟਰੀ ਚੈਂਪੀਅਨ ਵੀ ਸ਼ਾਮਲ ਹਨ। ਏਸ਼ੀਆਈ ਖੇਡਾਂ ’ਚ 10,000 ਮੀਟਰ ਦੇ ਚਾਂਦੀ ਤਮਗਾ ਜੇਤੂ ਕਾਰਤਿਕ ਕੁਮਾਰ, ਕਾਂਸੀ ਤਮਗਾ ਜੇਤੂ ਗੁਲਵੀਰ ਸਿੰਘ ਤੇ ਰਾਸ਼ਟਰੀ ਚੈਂਪੀਅਨ ਹੇਮਰਾਜ ਗੁੱਜਰ ਪੁਰਸ਼ ਵਰਗ ਵਿਚ ਹਿੱਸਾ ਲੈਣਗੇ।
ਗੁਲਵੀਰ ਨੇ ਹਾਲ ਹੀ ਵਿਚ ਪੁਰਸ਼ਾਂ ਦੀ 10,000 ਮੀਟਰ ਦੌੜ ਪ੍ਰਤੀਯੋਗਿਤਾ ’ਚ 16 ਸਾਲ ਪੁਰਾਣਾ ਰਾਸ਼ਟਰੀ ਰਿਕਾਰਡ ਤੋੜਿਆ ਸੀ। 25 ਸਾਲ ਦੇ ਇਸ ਖਿਡਾਰੀ ਨੇ 27.41.81 ਸੈਕੰਡ ਦਾ ਸਮਾਂ ਕੱਢ ਕੇ 2008 ਵਿਚ ਸੁਰਿੰਦਰ ਸਿੰਘ ਦੇ 28:02.89 ਸੈਕੰਡ ਦੇ ਰਾਸ਼ਟਰੀ ਰਿਕਾਰਡ ਨੂੰ 20 ਸੈਕੰਡ ਨਾਲ ਬਿਹਤਰ ਕੀਤਾ ਸੀ ਪਰ ਉਸਦੀ ਇਹ ਕੋਸ਼ਿਸ਼ ਉਸ ਨੂੰ ਓਲੰਪਿਕ ਕੋਟਾ ਦਿਵਾਉਣ ਵਿਚ ਅਸਫਲ ਰਹੀ ਕਿਉਂਕਿ ਉਹ ਪੈਰਿਸ ਖੇਡਾਂ ਦੇ 27:00.00 ਦੇ ਕੁਆਲੀਫਿਕੇਸ਼ਨ ਸਮੇਂ ਤੋਂ 41 ਸੈਕੰਡ ਨਾਲ ਖੁੰਝ ਗਿਆ ਸੀ। ਮਹਿਲਾਵਾਂ ਵਿਚ ਰਾਸ਼ਟਰੀ ਚੈਂਪੀਅਨ ਅੰਕਿਤਾ, ਸੀਮਾ ਤੇ ਅੰਜਲੀ ਕੁਮਾਰੀ ਟੀਮ ਦਾ ਹਿੱਸਾ ਹੋਣਗੀਆਂ।