ਕਪਿਲ ਦੇਵ ਨੇ ਦੱਸੀਆਂ ਭਾਰਤੀ ਟੀਮ ਦੀਆਂ ਕਮੀਆਂ, ਸੈਮੀਫਾਈਨਲ ਤੋਂ ਪਹਿਲਾਂ ਕਰਨਾ ਹੋਵੇਗਾ ਦੂਰ

Saturday, Oct 29, 2022 - 12:49 AM (IST)

ਕਪਿਲ ਦੇਵ ਨੇ ਦੱਸੀਆਂ ਭਾਰਤੀ ਟੀਮ ਦੀਆਂ ਕਮੀਆਂ, ਸੈਮੀਫਾਈਨਲ ਤੋਂ ਪਹਿਲਾਂ ਕਰਨਾ ਹੋਵੇਗਾ ਦੂਰ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਨੇ 2022 ਟੀ-20 ਵਿਸ਼ਵ ਕੱਪ ’ਚ ਹੁਣ ਤੱਕ ਦੋ ਮੈਚਾਂ ’ਚ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਭਾਰਤ ਨੇ ਪਹਿਲੇ ਮੈਚ ’ਚ ਪਾਕਿਸਤਾਨ ਨੂੰ ਆਖਰੀ ਗੇਂਦ ’ਤੇ ਹਰਾਇਆ ਤਾਂ ਫਿਰ ਨੀਦਰਲੈਂਡ ਖ਼ਿਲਾਫ਼ 56 ਦੌੜਾਂ ਨਾਲ ਜਿੱਤ ਦਰਜ ਕੀਤੀ। ਹੁਣ ਰੋਹਿਤ ਐਂਡ ਕੰਪਨੀ ਕੋਲ ਸੈਮੀਫਾਈਨਲ ’ਚ ਪਹੁੰਚਣ ਦਾ ਆਸਾਨ ਰਸਤਾ ਹੋ ਗਿਆ ਹੈ ਪਰ ਜਿਵੇਂ ਕਿ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਨੇ ਕਿਹਾ ਕਿ ਭਾਰਤ ਸੈਮੀਫਾਈਨਲ ’ਚ ਹਾਰ ਜਾਵੇਗਾ ਤਾਂ ਇਸ ਗੱਲ ਨੂੰ ਗ਼ਲਤ ਸਾਬਤ ਕਰਨ ਲਈ ਰੋਹਿਤ ਨੂੰ ਉਨ੍ਹਾਂ ਕਮੀਆਂ ਨੂੰ ਦੂਰ ਕਰਨਾ ਹੋਵੇਗਾ, ਹੁਣ ਤਕ ਸਾਹਮਣੇ ਆਈਆਂ ਹਨ। ਉਥੇ ਹੀ 1983 ਵਨ ਡੇ ਵਿਸ਼ਵ ਕੱਪ ਦਿਵਾਉਣ ਵਾਲੇ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਨੇ ਨੀਦਰਲੈਂਡ ਖ਼ਿਲਾਫ਼ ਹੋਏ ਮੈਚ ਦੌਰਾਨ ਭਾਰਤ ਦੀਆਂ ਉਨ੍ਹਾਂ ਵੱਡੀਆਂ ਕਮੀਆਂ ਨੂੰ ਉਜਾਗਰ ਕੀਤਾ, ਜਿਨ੍ਹਾਂ ਨੂੰ ਸੈਮੀਫਾਈਨਲ ਮੁਕਾਬਲੇ ਤੋਂ ਪਹਿਲਾਂ ਦੂਰ ਕਰਨਾ ਹੋਵੇਗਾ।

ਇਹ ਖਬਰ ਵੀ ਪੜ੍ਹੋ : ਇੰਡੀਗੋ ਏਅਰਲਾਈਨਜ਼ ਦੇ ਜਹਾਜ਼ ’ਚੋਂ ਨਿਕਲੀਆਂ ਚੰਗਿਆੜੀਆਂ, ਦਿੱਲੀ ਏਅਰਪੋਰਟ ’ਤੇ ਹੋਈ ਐਮਰਜੈਂਸੀ ਲੈਂਡਿੰਗ

ਕਪਿਲ ਨੇ ਕਿਹਾ, ‘‘ਟੀਮ ਦੀ ਗੇਂਦਬਾਜ਼ੀ ਬਿਹਤਰ ਹੋ ਗਈ ਹੈ। ਬੱਲੇਬਾਜ਼ੀ ’ਚ ਮੈਨੂੰ ਲੱਗਾ ਕਿ ਭਾਰਤ ਜ਼ਿਆਦਾ ਦੌੜਾਂ ਬਣਾ ਸਕਦਾ ਸੀ ਪਰ ਆਖਰੀ 10 ਓਵਰਾਂ ’ਚ 100 ਤੋਂ ਵੱਧ ਦੌੜਾਂ ਬਣਾਈਆਂ ਪਰ ਸ਼ੁਰੂਆਤ ਹੌਲੀ ਰਹੀ। ਦੇਖੋ, ਮੈਦਾਨ ਵੱਡੇ ਹਨ ਅਤੇ ਇਸ ਲਈ ਸਪਿਨਰਾਂ ਨੂੰ ਮਾਮੂਲੀ ਫਾਇਦਾ ਹੁੰਦਾ ਹੈ। ਮੈਂ ਫਿਰ ਵੀ ਕਹਾਂਗਾ ਕਿ ਸਾਡੇ ਕੋਲ ਅਜੇ ਵੀ ਪੈਚ ’ਚ ਗੇਂਦਬਾਜ਼ੀ ਦੀ ਕਮੀ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਨੀਦਰਲੈਂਡ ਵਰਗੀ ਟੀਮ ਦੇ ਖ਼ਿਲਾਫ਼ ਤੁਹਾਡੇ ਕੋਲ ਉਚਿਤ ਯੋਜਨਾ ਹੋਣੀ ਚਾਹੀਦੀ ਹੈ ਕਿ ਲਾਈਨ ਅਤੇ ਲੈਂਥ ਦੇ ਮਾਮਲੇ ’ਚ ਕਿੱਥੇ ਗੇਂਦਬਾਜ਼ੀ ਕਰਨੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਅਜਿਹੇ ਮੈਚਾਂ ’ਚ ਨੋ ਬਾਲ ਜਾਂ ਵਾਈਡ ਨਹੀਂ ਹੋਣੀ ਚਾਹੀਦੀ ਕਿਉਂਕਿ ਤੁਸੀਂ ਅਭਿਆਸ ਕਰ ਰਹੇ ਹੋ ਅਤੇ ਜਿੱਤਣ ਦੀ ਲੋੜ ਹੈ ਤਾਂ ਕੁਲ ਮਿਲਾ ਕੇ ਮੈਂ ਕਹਾਂਗਾ ਕਿ ਗੇਂਦਬਾਜ਼ੀ ਚੰਗੀ ਸੀ ਪਰ ਫਿਰ ਵੀ ਕੁਝ ਖਾਮੀਆਂ ਨਜ਼ਰ ਆ ਰਹੀਆਂ ਸਨ।’’

ਜ਼ਿਕਰਯੋਗ ਹੈ ਕਿ ਜਦੋਂ ਭਾਰਤੀ ਟੀਮ ਬੱਲੇਬਾਜ਼ੀ ਕਰ ਰਹੀ ਸੀ ਤਾਂ ਉਨ੍ਹਾਂ ਦੇ ਸ਼ੁਰੂਆਤੀ 10 ਓਵਰਾਂ ’ਚ 67 ਦੌੜਾਂ ਸਨ। ਇਸ ਤੋਂ ਬਾਅਦ ਟੀਮ ਨੇ ਹਮਲਾਵਰ ਕ੍ਰਿਕਟ ਖੇਡਦੇ ਹੋਏ ਆਖਰੀ 10 ਓਵਰਾਂ ’ਚ 112 ਦੌੜਾਂ ਬਣਾਈਆਂ। ਭਾਰਤ ਵੱਲੋਂ ਦਿੱਤੇ 180 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਨੀਦਰਲੈਂਡ ਦੀ ਟੀਮ 20 ਓਵਰਾਂ ’ਚ 9 ਵਿਕਟਾਂ ਦੇ ਨੁਕਸਾਨ ’ਤੇ 123 ਦੌੜਾਂ ਹੀ ਬਣਾ ਸਕੀ ਅਤੇ 56 ਦੌੜਾਂ ਨਾਲ ਹਾਰ ਗਈ। ਭੁਵਨੇਸ਼ਵਰ ਕੁਮਾਰ ਨੇ 3 ਓਵਰਾਂ ’ਚ 9 ਦੌੜਾਂ ਦੇ ਕੇ 2 ਵਿਕਟਾਂ ਲਈਆਂ, ਜਦਕਿ ਅਰਸ਼ਦੀਪ ਸਿੰਘ, ਅਕਸ਼ਰ ਪਟੇਲ ਅਤੇ ਰਵੀਚੰਦਰਨ ਅਸ਼ਵਿਨ ਨੇ ਵੀ 2-2 ਵਿਕਟਾਂ ਲਈਆਂ। ਮੁਹੰਮਦ ਸ਼ੰਮੀ ਨੂੰ 1 ਵਿਕਟ ਮਿਲੀ।
 


author

Manoj

Content Editor

Related News