ਕਪਿਲ ਦੇਵ ਨੇ ਖੇਡ ਉਪਕਰਨਾਂ ’ਤੋਂ ਟੈਕਸ ਹਟਾਉਣ ਦੀ ਕੀਤੀ ਮੰਗ
Friday, Aug 27, 2021 - 12:18 PM (IST)
ਨਵੀਂ ਦਿੱਲੀ (ਭਾਸ਼ਾ) : ਮਹਾਨ ਕ੍ਰਿਕਟਰ ਕਪਿਲ ਦੇਵ ਨੂੰ ਲੱਗਦਾ ਹੈ ਕਿ ਖੇਡ ਉਪਕਰਨਾਂ ਤੋਂ ਟੈਕਸ ਹਟਾਉਣ ਨਾਲ ਦੇਸ਼ ਨੂੰ ਹੋਰ ਜ਼ਿਆਦਾ ਚੈਂਪੀਅਨ ਬਣਾਉਣ ਵਿਚ ਮਦਦ ਮਿਲੇਗੀ, ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਬੱਚੇ ਖੇਡ ਉਤਪਾਦ ਖ਼ਰੀਦ ਸਕਣਗੇ ਅਤੇ ਖੇਡਾਂ ਵਿਚ ਆ ਸਕਣਗੇ। ਓਲੰਪਿਕ ਵਿਚ ਤਮਗੇ ਤੋਂ ਖੁੰਝ ਕੇ ਚੌਥੇ ਸਥਾਨ ’ਤੇ ਰਹਿਣ ਵਾਲੀ ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਹ ਕਿਸ ਤਰ੍ਹਾਂ ਸਰਕਾਰ ਦੀ ‘ਟਾਪਸ’ ਯੋਜਨਾ ਦਾ ਫ਼ਾਇਦਾ ਨਹੀਂ ਚੁੱਕ ਸਕੀ ਸੀ, ਕਿਉਂਕਿ ਉਹ ਟੋਕੀਓ ਖੇਡਾਂ ਲਈ ਸਿਰਫ਼ 60 ਦਿਨ ਪਹਿਲਾਂ ਹੀ ਕੁਆਲੀਫਾਈ ਕਰ ਸਕੀ ਸੀ।
ਇਹ ਪੁੱਛਣ ’ਤੇ ਕਿ ਸਰਕਾਰ ਗੋਲਫਰਾਂ ਦੀ ਮਦਦ ਕਿਵੇਂ ਕਰ ਸਕਦੀ ਹੈ ਤਾਂ 62 ਸਾਲਾ ਭਾਰਤੀ ਕਪਤਾਨ ਨੇ ਕਿਹਾ, ‘ਇਹ ਸਿਰਫ਼ ਗੋਲਫ ਲਈ ਹੀ ਨਹੀਂ ਸਗੋਂ ਸਾਰੀਆਂ ਖੇਡਾਂ ਵਿਚ ਤੁਹਾਨੂੰ ਖੇਡ ਉਤਪਾਦਾਂ ਤੋਂ ਟੈਕਸ ਹਟਾਉਣਾ ਹੋਵੇਗਾ, ਸਭ ਤੋਂ ਵੱਡੀ ਜ਼ਰੂਰਤ ਇਹੀ ਹੈ। ਫਿਰ ਬੈਡਮਿੰਟਨ ਹੋਵੇ, ਟੇਬਲ ਟੈਨਿਸ ਹੋਵੇ ਜਾਂ ਫਿਰ ਗੋਲਫ।’
ਭਾਰਤੀ ਪੇਸ਼ੇਵਰ ਗੋਲਫ ਟੂਰ (ਪੀ.ਜੀ.ਟੀ.ਆਈ.) ਦੇ ਬੋਰਡ ਮੈਂਬਰਾਂ ਵਿਚੋਂ ਇਕ ਕਪਿਲ ਨੇ ਕਿਹਾ, ‘ਜੋ ਨੌਜਵਾਨਾ ਖੇਡਾਂ ਵਿਚ ਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਕਈ ਚੀਜ਼ਾਂ ਖ਼ਰੀਦਣੀਆਂ ਹੁੰਦੀਆਂ ਹਨ, ਜਿਵੇਂ ਸਪਾਈਕਸ, ਬੂਟ ਆਦਿ। ਖੇਡ ਉਪਕਰਨਾਂ ’ਤੇ ਜੋ ਟੈਸਕ ਲੱਗ ਰਿਹਾ ਹੈ, ਉਹ ਦੇਸ਼ ਲਈ ਜ਼ਿਆਦਾ ਨਹੀਂ ਹੈ, ਜੇਕਰ ਉਹ ਇਸ ਨੂੰ ਬੰਦ ਕਰ ਦਿੰਦੇ ਹਨ ਤਾਂ ਇਸ ਨਾਲ ਖੇਡਾਂ ’ਤੇ ਕਾਫ਼ੀ ਅਸਰ ਪਏਗਾ।’