ਜੂਨੀਅਰ ਗੋਲਫਰ ਅਰਜੁਨ ਵਲੋਂ ਆਪਣੀਆਂ 102 ਟਰਾਫੀਆਂ ਤੇ ਟੂਰਨਾਮੈਂਟ ਦੀ ਕਮਾਈ ਦਾਨ

4/8/2020 2:28:50 AM

ਨਵੀਂ ਦਿੱਲੀ- ਕੋਵਿਡ-19 ਮਹਾਮਾਰੀ ਕਾਰਣ ਦੇਸ਼ ਭਰ ਵਿਚ ਫਿਲਹਾਲ 14 ਅਪ੍ਰੈਲ ਤੱਕ ਲਾਕਡਾਊਨ ਹੈ। ਖੇਡ ਜਗਤ ਦੀਆਂ ਧਾਕੜ ਹਸਤੀਆਂ ਇਸ ਦੇ ਖਿਲਾਫ ਲੜਾਈ ਵਿਚ ਅੱਗੇ ਆ ਕੇ ਮਦਦ ਕਰ ਰਹੀਆਂ ਹਨ। ਇਸੇ ਦੌਰਾਨ ਨੌਜਵਾਨ ਗੋਲਫ ਖਿਡਾਰੀ ਅਰਜੁਨ ਭਾਟੀ ਨੇ ਵੀ ਮਦਦ ਦੇ ਹੱਥ ਵਧਾਏ ਹਨ। ਚੀਨ ਤੋਂ ਫੈਲੇ ਖਤਰਨਾਕ ਕੋਰੋਨਾ ਵਾਇਰਸ ਖਿਲਾਫ ਲੜਾਈ ਵਿਚ ਪ੍ਰਸਿੱਧ ਹਸਤੀਆਂ ਸਮੇਤ ਭਾਰਤੀ ਨਾਗਰਿਕ ਵੀ ਯੋਗਦਾਨ ਦੇ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੋਂ ਬਾਅਦ ਕਈ ਸੰਸਥਾਵਾਂ, ਖੇਡ ਜਗਤ ਦੀਆਂ ਪ੍ਰਸਿੱਧ ਹਸਤੀਆਂ ਸਮੇਤ ਵੱਡੀ ਗਿਣਤੀ ਵਿਚ ਲੋਕ ਅੱਗੇ ਆਏ ਹਨ। ਨੋਇਡਾ ਦੇ ਰਹਿਣ ਵਾਲੇ ਗੋਲਫਰ ਅਰਜੁਨ ਨੇ ਆਪਣੀਆਂ ਟਰਾਫੀਆਂ ਅਤੇ ਕਮਾਈ 102 ਲੋਕਾਂ ਨੂੰ ਦੇ ਦਿੱਤੀ। ਅਰਜੁਨ ਨੇ ਟਵੀਟ ਕੀਤਾ, ''ਦੇਸ਼-ਵਿਦੇਸ਼ ਤੋਂ ਜਿੱਤੀਆਂ ਹੋਈਆਂ 102 ਟਰਾਫੀਆਂ ਸੰਕਟ ਦੇ ਸਮੇਂ ਮੈਂ 102 ਲੋਕਾਂ ਨੂੰ ਦੇ ਦਿੱਤੀਆਂ ਹਨ। ਇਨ੍ਹਾਂ ਤੋਂ ਆਏ ਕੁਲ 4,30,000 ਰੁਪਏ ਪੀ. ਐੱਮ. ਕੇਅਰਸ ਫੰਡ ਵਿਚ ਦੇਸ਼ ਦੀ ਮਦਦ ਲਈ ਦਿੱਤੇ।'' ਇਸ ਤੋਂ ਪਹਿਲਾਂ ਗੋਲਫਰ ਦੀ ਦਾਦੀ ਨੇ ਵੀ ਆਪਣੀ 1 ਸਾਲ ਦੀ ਪੈਨਸ਼ਨ ਦਾਨ ਕਰਨ ਦਾ ਫੈਸਲਾ ਕੀਤਾ ਸੀ। ਕਰੀਬ 150 ਗੋਲਫ ਟੂਰਨਾਮੈਂਟਾਂ ਵਿਚ ਖੇਡ ਚੁੱਕੇ 15 ਸਾਲ ਦੇ ਅਰਜੁਨ ਨੇ ਪਿਛਲੇ ਸਾਲ ਕੈਲੀਫੋਰਨੀਆ ਵਿਚ ਜੂਨੀਅਰ ਵਰਲਡ ਗੋਲਫ ਚੈਂਪੀਅਨਸ਼ਿਪ ਜਿੱਤੀ ਸੀ। ਇਸ ਤੋਂ ਪਹਿਲਾਂ ਉਹ ਸਾਲ 2016 ਵਿਚ ਅੰਡਰ-12 ਅਤੇ 2018 ਵਿਚ ਅੰਡਰ-14 ਕਿੱਡਜ਼ ਗੋਲਫ ਵਰਲਡ ਚੈਂਪੀਅਨਸ਼ਿਪ ਜਿੱਤ ਚੁੱਕਾ ਹੈ।


Gurdeep Singh

Edited By Gurdeep Singh