ਜੋਫਰਾ ਆਰਚਰ ਏਸ਼ੇਜ਼ ਸੀਰੀਜ਼ ਦੇ ਬਾਕੀ 2 ਮੈਚਾਂ ’ਚੋਂ ਬਾਹਰ
Thursday, Dec 25, 2025 - 10:28 AM (IST)
ਮੈਲਬੌਰਨ- ਇੰਗਲੈਂਡ ਦਾ ਗੇਂਦਬਾਜ਼ ਜੋਫਰਾ ਆਰਚਰ ਮਾਸਪੇਸ਼ੀਆਂ ’ਚ ਖਿਚਾਅ ਕਾਰਨ ਆਸਟ੍ਰੇਲੀਆ ਖ਼ਿਲਾਫ਼ ਬਾਕੀ 2 ਏਸ਼ੇਜ਼ ਟੈਸਟ ਮੈਚਾਂ ’ਚ ਨਹੀਂ ਖੇਡ ਸਕੇਗਾ। ਟੀਮ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਨਾਲ ਇੰਗਲੈਂਡ ਦੀਆਂ ਮੈਦਾਨ ਅਤੇ ਮੈਦਾਨ ’ਚੋਂ ਬਾਹਰ ਦੀਆਂ ਸਮੱਸਿਆਵਾਂ ਹੋਰ ਵਧ ਗਈਆਂ ਹਨ।
30 ਸਾਲਾ ਆਰਚਰ ਪਿਛਲੇ 4 ਸਾਲਾਂ ਤੋਂ ਪਿੱਠ ਅਤੇ ਸੱਜੀ ਕੋਹਣੀ ’ਚ ਸਟ੍ਰੈੱਸ ਫ਼ਰੈਕਚਰ ਸਮੇਤ ਕਈ ਤਰ੍ਹਾਂ ਦੀਆਂ ਫਿਟਨੈੱਸ ਸਮੱਸਿਆਵਾਂ ਨਾਲ ਜੂਝ ਰਿਹਾ ਸੀ। ਉਸ ਨੇ ਭਾਰਤ ਖ਼ਿਲਾਫ਼ ਲੰਮੇ ਸਮੇਂ ਬਾਅਦ ਟੈਸਟ ਕ੍ਰਿਕਟ ’ਚ ਵਾਪਸੀ ਕੀਤੀ ਅਤੇ ਉਸ ਤੋਂ ਬਾਅਦ ਉਹ ਸ਼ਾਨਦਾਰ ਫਾਰਮ ’ਚ ਸੀ।
ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਚੌਥਾ ਟੈਸਟ ਸ਼ੁੱਕਰਵਾਰ ਨੂੰ ਮੈਲਬੌਰਨ ਕ੍ਰਿਕਟ ਗਰਾਊਂਡ (ਐੱਮ. ਸੀ. ਜੀ.) ਵਿਚ ਸ਼ੁਰੂ ਹੋਵੇਗਾ, ਜਦਕਿ 5ਵਾਂ ਅਤੇ ਆਖ਼ਰੀ ਟੈਸਟ ਮੈਚ 4 ਜਨਵਰੀ ਤੋਂ ਸਿਡਨੀ ’ਚ ਖੇਡਿਆ ਜਾਵੇਗਾ। ਆਸਟ੍ਰੇਲੀਆ 5 ਟੈਸਟ ਮੈਚਾਂ ਦੀ ਸੀਰੀਜ਼ ’ਚ 3-0 ਨਾਲ ਅੱਗੇ ਹੈ ਅਤੇ ਉਸ ਨੇ ਏਸ਼ੇਜ਼ ਆਪਣੇ ਕੋਲ ਬਰਕਰਾਰ ਰੱਖੇ ਹਨ।
