ਮੁਕਾਬਲੇਬਾਜ਼ੀ ਕ੍ਰਿਕਟ ’ਚ ਜੋਫ਼ਰਾ ਆਰਚਰ ਦੀ ਚੰਗੀ ਵਾਪਸੀ, ਹਾਸਲ ਕੀਤੀਆਂ ਦੋ ਵਿਕਟਾਂ
Friday, May 14, 2021 - 08:27 PM (IST)
ਲੰਡਨ— ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ਼ਰਾ ਆਰਚਰ ਨੇ ਸੱਟ ਤੋਂ ਉੱਭਰਨ ਤੋਂ ਬਾਅਦ ਮੁਕਾਬਲੇਬਾਜ਼ੀ ਕ੍ਰਿਕਟ ’ਚ ਸਫ਼ਲ ਵਾਪਸੀ ਕਰਦੇ ਹੋਏ 2 ਵਿਕਟਾਂ ਲਈਆਂ। ਇਹ ਪਿਛਲੇ ਡੇਢ ਮਹੀਨੇ ਤੋਂ ਵੀ ਘੱਟ ਸਮੇਂ ’ਚ ਉਨ੍ਹਾਂ ਦਾ ਪਹਿਲਾ ਮੁਕਾਬਲਾ ਸੀ। ਆਰਚਰ ਨੇ ਸਸੇਕਸ ਵੱਲੋਂ ਕੇਂਟ ਦੇ ਖ਼ਿਲਾਫ਼ ਕਾਊਂਟੀ ਚੈਂਪੀਅਨਸ਼ਿਪ ਮੈਚ ’ਚ ਵੀਰਵਾਰ ਨੂੰ ਵਾਪਸੀ ਕੀਤੀ ਤੇ 13 ਓਵਰਾਂ ’ਚ 29 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਉਨ੍ਹਾਂ ਨੇ ਜਾਕ ਕ੍ਰਾਊਲੀ ਤੇ ਕੇਂਟ ਦੇ ਕਪਤਾਨ ਬੇਲ ਡੂਮੰਡ ਨੂੰ ਆਊਟ ਕੀਤਾ ਤੇ ਵਿਰੋਧੀ ਟੀਮ ਨੂੰ 145 ਦੌੜਾਂ ’ਤੇ ਆਊਟ ਕਰਨ ’ਚ ਅਹਿਮ ਭੂਮਿਕਾ ਨਿਭਾਈ।
ਆਰਚਰ ਨੇ ਕਿਹਾ, ‘‘ਮੇਰੀ ਫ਼ਿੱਟਨੈਸ ਚੰਗੀ ਹੈ। ਮੈਨੂੰ ਲਗਦਾ ਹੈ ਕਿ ਮੈਂ ਚੰਗੀ ਗੇਂਦਬਾਜ਼ੀ ਕੀਤੀ। ਮੈਂ ਪਿਛਲੇ ਹਫ਼ਤੇ ਸਸੇਕਸ ਦੀ ਦੂਜੀ ਸ਼੍ਰੇਣੀ ਦੀ ਟੀਮ ਲਈ ਖੇਡਿਆ ਸੀ ਤੇ ਆਤਮਵਿਸ਼ਵਾਸ ਹਾਸਲ ਕਰਨਾ ਚੰਗਾ ਰਿਹਾ ਤੇ ਮੈਂ ਚੰਗਾ ਮਹਿਸੂਸ ਕਰ ਰਿਹਾ ਹਾਂ।’’ ਆਰਚਰ ਨੇ ਇਸ ਤੋਂ ਪਹਿਲਾਂ ਆਪਣਾ ਆਖ਼ਰੀ ਮੈਚ ਭਾਰਤ ਤੇ ਇੰਗਲੈਂਡ ਵਿਚਾਲੇ 20 ਮਾਰਚ ਨੂੰ ਪੰਜਵੇਂ ਟੀ-20 ਕੌਮਾਂਤਰੀ ਦੇ ਰੂਪ ’ਚ ਖੇਡਿਆ ਸੀ।
ਆਰਚਰ ਦੇ ਸੱਜੇ ਹੱਥ ’ਚ ਕੱਚ ਦਾ ਟੁਕੜਾ ਫਸਿਆ ਹੋਇਆ ਸੀ ਜਿਸ ਲਈ ਉਨ੍ਹਾਂ ਨੂੰ ਆਪਰੇਸ਼ਨ ਕਰਾਉਣਾ ਪਿਆ। ਇਹ ਤੇਜ਼ ਗੇਂਦਬਾਜ਼ ਜਨਵਰੀ ’ਚ ਆਪਣੇ ਘਰ ’ਚ ਸੱਟ ਦਾ ਸ਼ਿਕਾਰ ਹੋ ਗਿਆ ਸੀ। ਇਸ ਸੱਟ ਦੇ ਕਾਰਨ ਉਹ ਇੰਡੀਅਨ ਪ੍ਰੀਮੀਅਰ ਲੀਗ 2021 ਤੋਂ ਬਾਹਰ ਹੋ ਗਏ ਸਨ। ਇਹ ਟੂਰਨਾਮੈਂਟ ਬਾਅਦ ’ਚ ਮੁਲਤਵੀ ਕਰ ਦਿੱਤਾ ਗਿਆ ਸੀ।