ਦੁਬਈ ਦਾ ‘ਗੋਲਡਨ ਵੀਜ਼ਾ’ ਹਾਸਲ ਕਰਨ ਵਾਲੇ ਦੁਨੀਆ ਦੇ ਪਹਿਲੇ ਗੋਲਫਰ ਬਣੇ ਜੀਵ ਮਿਲਖਾ ਸਿੰਘ

Wednesday, Sep 08, 2021 - 05:32 PM (IST)

ਦੁਬਈ (ਭਾਸ਼ਾ)-ਸਟਾਰ ਭਾਰਤੀ ਗੋਲਫਰ ਜੀਵ ਮਿਲਖਾ ਸਿੰਘ ਖੇਡ ’ਚ ਸ਼ਾਨਦਾਰ ਪ੍ਰਾਪਤੀਆਂ ਲਈ 10 ਸਾਲ ਦਾ ਵੱਕਾਰੀ ਦੁਬਈ ਦਾ ‘ਗੋਲਡਨ ਵੀਜ਼ਾ’ ਹਾਸਲ ਕਰਨ ਵਾਲੇ ਦੁਨੀਆ ਦੇ ਪਹਿਲੇ ਗੋਲਫਰ ਬਣ ਗਏ ਹਨ। ਜੀਵ ਦਾ ਦੁਬਈ ਨਾਲ ਪੁਰਾਣਾ ਰਿਸ਼ਤਾ ਹੈ। ਉਨ੍ਹਾਂ ਨੇ ਇੱਥੇ ਬਹੁਤ ਸਾਰੇ ਟੂਰਨਾਮੈਂਟਾਂ ’ਚ ਹਿੱਸਾ ਲਿਆ ਅਤੇ ਸ਼ਹਿਰ ’ਚ ਉਨ੍ਹਾਂ ਦੇ ਬਹੁਤ ਸਾਰੇ ਦੋਸਤ ਹਨ। ਜੀਵ ਨੇ ਇੱਕ ਬਿਆਨ ’ਚ ਕਿਹਾ, ‘‘ਮੈਨੂੰ ਮਾਣ ਹੈ ਕਿ ਦੁਬਈ ਦੀ ਸਰਕਾਰ ਨੇ ਗੋਲਡਨ ਵੀਜ਼ਾ ਲਈ ਮੇਰੇ ਨਾਂ ’ਤੇ ਵਿਚਾਰ ਕੀਤਾ ਅਤੇ ਮੈਂ ਇੱਥੇ ਹੋਰ ਖਾਸ ਯਾਦਾਂ ਬਣਾਉਣ ਲਈ ਉਤਸੁਕ ਹਾਂ। ਯੂਰਪੀਅਨ ਟੂਰ ’ਤੇ ਚਾਰ, ਜਾਪਾਨ ਗੋਲਫ ਟੂਰ ’ਤੇ ਚਾਰ ਤੇ ਏਸ਼ੀਆਈ ਟੂਰ ’ਤੇ ਛੇ ਖਿਤਾਬ ਜਿੱਤਣ ਵਾਲੇ 49 ਸਾਲਾਂ ਦੇ ਜੀਵ ਨੂੰ ਇਲੀਟ ਪੇਸ਼ੇਵਰ ਖਿਡਾਰੀ ਹੋਣ ਲਈ 10 ਸਾਲ ਦਾ ‘ਗੋਲਡ ਕਾਰਡ’ਦਿੱਤਾ ਗਿਆ ਹੈ। ਜੀਵ ਨੇ ਕਿਹਾ, “ਇਹ ਬਹੁਤ ਵੱਡਾ ਸਨਮਾਨ ਹੈ। ਮੈਨੂੰ ਲੱਗਦਾ ਹੈ ਕਿ ਮੈਂ ਪਹਿਲੀ ਵਾਰ 1993 ’ਚ ਦੁਬਈ ਆਇਆ ਸੀ ਅਤੇ ਇੱਥੇ ਬਿਤਾਏ ਹਰ ਪਲ ਦਾ ਆਨੰਦ ਲਿਆ।

ਇਹ ਵੀ ਪੜ੍ਹੋ : ਪਾਬੰਦੀ ਪੂਰੀ ਕਰਨ ਵਾਲੇ ਡੋਪਿੰਗ ਦੇ ਦੋਸ਼ੀ ਖਿਡਾਰੀ ਕੌਮੀ ਖੇਡ ਪੁਰਸਕਾਰ ਦੇ ਹੋਣਗੇ ਯੋਗ : ਖੇਡ ਮੰਤਰਾਲਾ

ਯੂ. ਏ. ਈ. ਸਰਕਾਰ ਨੇ 2019 ’ਚ ‘ਗੋਲਡਨ ਵੀਜ਼ਾ’ ਸ਼ੁਰੂ ਕੀਤਾ ਸੀ, ਜਿਸ ਲਈ ਨਿਵੇਸ਼ਕ (ਘੱਟੋ-ਘੱਟ 1 ਕਰੋੜ ਸੰਯੁਕਤ ਅਰਬ ਅਮੀਰਾਤ ਦਰਹਮ) ਤੇ ਉਦਯੋਗਪਤੀ ਤੋਂ ਇਲਾਵਾ ਪੇਸ਼ੇਵਰ ਤੇ ਵਿਗਿਆਨ ਤੇ ਖੇਡਾਂ ਵਰਗੇ ਖੇਤਰਾਂ ਦੇ ਮਾਹਿਰ ਅਰਜ਼ੀ ਦੇ ਸਕਦੇ ਹਨ। ਇਸ ਤੋਂ ਪਹਿਲਾਂ ਦੁਬਈ ਵੱਲੋਂ ਜਿਨ੍ਹਾਂ ਖਿਡਾਰੀਆਂ ਨੂੰ ‘ਗੋਲਡਨ ਵੀਜ਼ਾ’ ਦਿੱਤਾ ਗਿਆ ਹੈ, ਉਨ੍ਹਾਂ ਵਿੱਚ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ, ਪਾਲ ਪੋਗਬਾ, ਰਾਬਰਟੋ ਕਾਰਲੋਸ, ਲੁਈਸ ਫਿਗੋ ਅਤੇ ਰੋਮੇਲੂ ਲੋਕਾਕੂ, ਟੈਨਿਸ ਸੁਪਰਸਟਾਰ ਨੋਵਾਕ ਜੋਕੋਵਿਚ, ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਉਸ ਦੇ ਪਤੀ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਸ਼ਾਮਲ ਹਨ। ਬਾਲੀਵੁੱਡ ਸਿਤਾਰਿਆਂ ਸ਼ਾਹਰੁਖ ਖਾਨ ਅਤੇ ਸੰਜੇ ਦੱਤ ਨੂੰ ਵੀ ਇਹ ਵੀਜ਼ਾ ਮਿਲਿਆ ਹੈ।


Manoj

Content Editor

Related News