ਸ਼ਲਾਘਾ ਜਾਂ ਆਲੋਚਨਾ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ : ਬੁਮਰਾਹ
Sunday, Jul 07, 2019 - 01:32 PM (IST)

ਲੀਡਸ— ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਭਾਰਤ ਦੇ ਵਰਲਡ ਕੱਪ ਸੈਮੀਫਾਈਨਲ 'ਚ ਪਹੁੰਚਣ ਦਾ ਸਿਹਰਾ ਟੀਮ ਦੀ ਕੋਸ਼ਿਸ ਨੂੰ ਦਿੱਤਾ ਅਤੇ ਨਾਲ ਹੀ ਕਿਹਾ ਕਿ ਉਹ ਸ਼ਲਾਘਾ ਅਤੇ ਆਲੋਚਨਾ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਸ਼ਨੀਵਾਰ ਨੂੰ ਵਰਲਡ ਕੱਪ 'ਚ ਸ਼੍ਰੀਲੰਕਾ ਖਿਲਾਫ ਭਾਰਤ ਦੇ ਅੰਤਿਮ ਲੀਗ ਮੈਚ 'ਚ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਲੋਕੇਸ਼ ਰਾਹੁਲ ਦੇ ਸੈਂਕੜੇ ਨਾਲ ਭਾਰਤ ਦੀ 7 ਵਿਕਟਾਂ ਦੀ ਜਿੱਤ ਦੇ ਬਾਅਦ ਬੁਮਰਾਹ ਨੇ ਕਿਹਾ, ''ਮੈਂ ਤਾਰੀਫ ਜਾਂ ਆਲੋਚਨਾ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ।''
ਉਨ੍ਹਾਂ ਕਿਹਾ, ''ਮੇਰਾ ਸਾਰਾ ਧਿਆਨ ਇਸ ਗੱਲ 'ਤੇ ਹੁੰਦਾ ਹੈ ਕਿ ਮੇਰੀ ਤਿਆਰੀ ਕਿਹੋ ਜਿਹੀ ਹੋਵੇਗੀ, ਮੈਂ ਪਲਾਨ ਨੂੰ ਕਿਵੇਂ ਲਾਗੂ ਕਰਾਂਗਾ ਅਤੇ ਮੈਂ ਟੀਮ ਲਈ ਕੀ ਕਰ ਸਕਦਾ ਹਾਂ।'' ਹੈਡਿੰਗਲੇ 'ਚ 37 ਦੌੜਾਂ 'ਤੇ ਤਿੰਨ ਵਿਕਟ ਝਟਕਾਉਣ ਦੇ ਬਾਅਦ ਅਹਿਮਦਾਬਾਦ ਦੇ 25 ਸਾਲ ਦੇ ਬੁਮਰਾਹ 17 ਵਿਕਟ ਝਟਕਾ ਕੇ ਮੌਜੂਦਾ ਵਰਲਡ ਕੱਪ ਦੇ ਸਭ ਤੋਂ ਗੇਂਦਬਾਜ਼ਾਂ 'ਚ ਨਿਊਜ਼ੀਲੈਂਡ ਦੇ ਲਾਕੀ ਫਰਗਿਊਸਨ, ਪਾਕਿਸਤਾਨ ਦੇ ਮੁਹੰਮਦ ਆਮਿਰ ਅਤੇ ਇੰਗਲੈਂਡ ਦੇ ਜੋਫਰਾ ਆਰਚਰ ਦੇ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਹਨ। ਉਨ੍ਹਾਂ ਕਿਹਾ, ''ਸਾਰੇ ਖਿਡਾਰੀ ਕਾਫੀ ਜ਼ਿੰਮੇਵਾਰੀ ਲੈ ਰਹੇ ਹਨ ਇਸ ਲਈ ਇਹ ਕਾਫੀ ਚੰਗਾ ਹੈ।'' ਬੁਮਰਾਹ ਨੇ ਕਿਹਾ, ''ਜਦੋਂ ਤੁਹਾਡੇ 'ਤੇ ਜ਼ਿੰਮੇਵਾਰੀ ਹੁੰਦੀ ਹੈ ਤਾਂ ਤੁਸੀਂ ਹੋਰ ਸਖਤ ਮਿਨਹਤ ਕਰਦੇ ਹੋ ਅਤੇ ਯੋਜਨਾਵਾਂ ਨੂੰ ਚੰਗੀ ਤਰ੍ਹਾਂ ਲਾਗੂ ਕਰਦੇ ਹੋ, ਇਸ ਲਈ ਇਹ ਸਾਡੇ ਲਈ ਚੰਗਾ ਸੰਕੇਤ ਹੈ।''