ਜਾਨ ਅਰਬਨ ਪੋਲੈਂਡ ਦੀ ਰਾਸ਼ਟਰੀ ਫੁੱਟਬਾਲ ਟੀਮ ਦੇ ਕੋਚ ਨਿਯੁਕਤ
Thursday, Jul 17, 2025 - 06:24 PM (IST)

ਵਾਰਸਾ- ਪੋਲਿਸ਼ ਫੁੱਟਬਾਲ ਐਸੋਸੀਏਸ਼ਨ (ਪੀ.ਜ਼ੈੱਡ.ਪੀ.ਐਨ.) ਨੇ ਜਾਨ ਅਰਬਨ ਨੂੰ ਪੁਰਸ਼ ਫੁੱਟਬਾਲ ਟੀਮ ਦਾ ਨਵਾਂ ਕੋਚ ਨਿਯੁਕਤ ਕੀਤਾ ਹੈ। 63 ਸਾਲਾ ਅਰਬਨ ਨੇ ਮਿਸ਼ਲ ਪ੍ਰੋਬੀਅਰਜ਼ ਦੀ ਜਗ੍ਹਾ ਲਈ ਹੈ, ਜਿਨ੍ਹਾਂ ਨੇ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਫਿਨਲੈਂਡ ਤੋਂ ਹੇਲਸਿੰਕੀ ਵਿੱਚ 2-1 ਨਾਲ ਹਾਰਨ ਤੋਂ ਬਾਅਦ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਪੀ.ਜ਼ੈੱਡ.ਪੀ.ਐਨ. ਦੀ ਅਧਿਕਾਰਤ ਵੈੱਬਸਾਈਟ 'ਤੇ ਅਰਬਨ ਦੇ ਹਵਾਲੇ ਨਾਲ ਕਿਹਾ ਗਿਆ ਹੈ, "ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਰਾਸ਼ਟਰੀ ਟੀਮ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਹੈ। ਹਰੇਕ ਕੋਚ ਦੀ ਆਪਣੀ ਸ਼ੈਲੀ ਅਤੇ ਵਿਚਾਰ ਹੁੰਦੇ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਟੀਮ ਦੀ ਸਮਰੱਥਾ ਦਾ ਵੱਧ ਤੋਂ ਵੱਧ ਉਪਯੋਗ ਕੀਤਾ ਜਾਵੇ।"
ਪੀ.ਜ਼ੈੱਡ.ਪੀ.ਐਨ. ਦੇ ਪ੍ਰਧਾਨ ਸੇਜ਼ਾਰੀ ਕੁਲੇਸਜਾ ਨੇ ਕਿਹਾ, "ਸਾਡਾ ਟੀਚਾ 2026 ਫੀਫਾ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਾ ਹੈ। ਮੈਂ ਕੋਚ ਦੀ ਸਫਲਤਾ ਦੀ ਕਾਮਨਾ ਕਰਦਾ ਹਾਂ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਉਨ੍ਹਾਂ ਨੂੰ ਸਾਡਾ ਪੂਰਾ ਸਮਰਥਨ ਮਿਲੇਗਾ।"