ਲਿਵਰਪੂਲ ਦਾ ਪ੍ਰੀਮੀਅਰ ਲੀਗ ’ਚ ਜਿੱਤ ਨਾਲ ਆਗਾਜ਼, ਜੋਟਾ ਨੂੰ ਦਿੱਤੀ ਸ਼ਰਧਾਂਜਲੀ
Sunday, Aug 17, 2025 - 02:00 PM (IST)

ਲਿਵਰਪੂਲ- ਪਿਛਲੇ ਚੈਂਪੀਅਨ ਲਿਵਰਪੂਲ ਨੇ ਜਜ਼ਬਾਤ ਨਾਲ ਭਰੇ ਮੁਕਾਬਲੇ ’ਚ ਬੂਰਨਮਾਊਥ ਨੂੰ 4-2 ਨਾਲ ਹਰਾ ਕੇ ਪ੍ਰੀਮੀਅਰ ਲੀਗ ਫੁੱਟਬਾਲ ’ਚ ਜਿੱਤ ਨਾਲ ਆਗਾਜ਼ ਕਰ ਕੇ ਡਿਓਗੋ ਜੋਟਾ ਨੂੰ ਸ਼ਰਰਧਾਂਜਲੀ ਦਿੱਤੀ, ਜਦੋਂਕਿ ਇਸ ਮੈਚ ’ਚ ਇਕ ਖਿਡਾਰੀ ਨਸਲੀ ਟਿੱਪਣੀ ਦਾ ਵੀ ਸ਼ਿਕਾਰ ਹੋਇਆ। 2 ਗੋਲ ਦੀ ਬੜ੍ਹਤ ਗਵਾਉਣ ਤੋਂ ਬਾਅਦ ਲਿਵਰਪੂਲ ਲਈ 88ਵੇਂ ਮਿੰਟ ’ਚ ਫੈਡ੍ਰਿਕੋ ਚਿਏਸਾ ਅਤੇ ਸਟਾਪੇਜ ਟਾਈਮ ’ਚ ਮੁਹੰਮਦ ਸਾਲਾਹ ਨੇ ਗੋਲ ਦਾਗੇ। ਇਸ ਤੋਂ ਪਹਿਲਾਂ ਹੁਗੋ ਐਕੀਟਿਕੇ ਅਤੇ ਕੋਡੀ ਗਾਕਪੋ ਨੇ ਲਿਵਰਪੂਲ ਨੂੰ 2-0 ਨਾਲ ਬੜ੍ਹਤ ਦਿਵਾਈ ਸੀ।
ਮੈਚ 28ਵੇਂ ਮਿੰਟ ’ਚ ਕੁਝ ਦੇਰ ਲਈ ਰੁਕਿਆ, ਜਦੋਂ ਬੂਰਨਮਾਊਥ ਦੇ ਫਾਰਵਰਡ ਅੰਤੋਇਨੇ ਸੇਮੇਨੀ ਨੇ ਰੈਫਰੀ ਐਂਥੋਨੀ ਟੇਲਰ ਨੂੰ ਸ਼ਿਕਾਇਤ ਕੀਤੀ ਕਿ ਇਕ ਦਰਸ਼ਕ ਨੇ ਉਸ ’ਤੇ ਨਸਲੀ ਟਿੱਪਣੀ ਕੀਤੀ ਹੈ । ਟੀਮ ਦੇ ਮੈਨੇਜਰ ਨੇ ਕਿਹਾ ਕਿ ਟਿੱਪਣੀ ਕਰਨ ਵਾਲੇ ਨੂੰ ਪਛਾਣ ਲਿਆ ਗਿਆ ਹੈ। ਘਾਨਾ ਦੇ 25 ਸਾਲਾ ਸੇਮੇਨੀ ਨੂੰ ਉਸ ਦੇ ਸਾਥੀ ਖਿਡਾਰੀਆਂ ਨੇ ਦਿਲਾਸਾ ਦਿੱਤਾ।
ਸੇਮੇਨੀ ਨੇ 64ਵੇਂ ਅਤੇ 76ਵੇਂ ਮਿੰਟ ’ਚ ਗੋਲ ਕਰ ਕੇ ਲਿਵਰਪੂਲ ਦੀ ਬੜ੍ਹਤ ਉਤਾਰ ਦਿੱਤੀ ਸੀ। ਪਿਛਲੇ 5 ਸਾਲਾਂ ’ਚ ਲਿਵਰਪੂਲ ਦੇ ਲੋਕਪ੍ਰਿਅ ਖਿਡਾਰੀਆਂ ’ਚ ਸ਼ੁਮਾਰ ਜੋਟਾ ਅਤੇ ਉਸ ਦੇ ਭਰਾ ਆਂਦਰੇ ਸਿਲਵਾ ਦੀ 3 ਜੁਲਾਈ ਨੂੰ ਇਕ ਕਾਰ ਹਾਦਸੇ ’ਚ ਮੌਤ ਤੋਂ ਬਾਅਦ ਟੀਮ ਦਾ ਇਹ ਪਹਿਲਾ ਮੁਕਾਬਲੇਬਾਜ਼ ਮੈਚ ਸੀ।
ਮੈਚ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਸ਼ੰਸਕਾਂ ਨੇ ਹੱਥ ’ਚ ਪੁਰਤਗਾਲ ਦੇ ਇਨ੍ਹਾਂ ਦੋਵਾਂ ਖਿਡਾਰੀਆਂ ਲਈ ‘ਡੀਜੇ20’ ਅਤੇ ‘ਏਐੱਸ 30’ ਦੇ ਪਲੇਕਾਰਡ ਲੈ ਰੱਖੇ ਸਨ। ਲਿਵਰਪੂਲ ਦੇ ਖਿਡਾਰੀਆਂ ਨੇ ਮੈਦਾਨ ’ਤੇ ਘੇਰਾ ਬਣਾਇਆ, ਜਦੋਂਕਿ ਦੋਵਾਂ ਟੀਮਾਂ ਦੇ ਖਿਡਾਰੀਆਂ ਅਤੇ ਸਟਾਫ ਨੇ ਬਾਂਹ ’ਤੇ ਕਾਲੀ ਪੱਟੀ ਬੰਨ੍ਹੀ ਸੀ।
ਆਖਰੀ ਸੀਟੀ ਵੱਜਣ ਤੋਂ ਬਾਅਦ ਸਾਲਾਹ ਆਪਣੇ ਹੰਝੂ ਨਹੀਂ ਰੋਕ ਸਕਿਆ। ਉਹ ਕੋਪ ਸਟੈਂਡ ਦੇ ਸਾਹਮਣੇ ਖੜਾ ਰਿਹਾ। ਉਸ ਨੇ ਮੈਚ ’ਚ ਆਪਣੇ ਗੋਲ ਤੋਂ ਬਾਅਦ ਜੋਟਾ ਦੀ ਤਰ੍ਹਾਂ ਜਸ਼ਨ ਵੀ ਮਨਾਇਆ।