ਜਾਇਸਵਾਲ ਕਿਸੇ ਵੀ ਹਾਲਾਤ ''ਚ ਖੇਡ ਸਕਦਾ ਹੈ : ਲਾਰਾ
Tuesday, Oct 08, 2024 - 06:25 PM (IST)

ਮੁੰਬਈ, (ਭਾਸ਼ਾ) ਭਾਰਤੀ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੂੰ ਕਿਸੇ ਵੀ ਸਥਿਤੀ ਵਿਚ ਖੇਡਣ ਦੇ ਸਮਰੱਥ ਦੱਸਦੇ ਹੋਏ ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੂੰ ਆਗਾਮੀ ਆਸਟ੍ਰੇਲੀਆ ਦੌਰੇ 'ਤੇ ਕੁਝ ਮਾਨਸਿਕ ਤਬਦੀਲੀਆਂ ਕਰਨੀਆਂ ਹੋਣਗੀਆਂ। ਜਾਇਸਵਾਲ ਨੇ ਅੱਠ ਟੈਸਟ ਮੈਚਾਂ ਵਿੱਚ 66.535 ਦੀ ਔਸਤ ਨਾਲ 929 ਦੌੜਾਂ ਬਣਾਈਆਂ ਹਨ ਜਿਸ ਵਿੱਚ ਦੋ ਸੈਂਕੜੇ ਅਤੇ ਛੇ ਅਰਧ ਸੈਂਕੜੇ ਸ਼ਾਮਲ ਹਨ।
ਲਾਰਾ ਨੇ ਇੰਟਰਨੈਸ਼ਨਲ ਮਾਸਟਰਜ਼ ਲੀਗ ਦੀ ਸ਼ੁਰੂਆਤ ਮੌਕੇ ਮੀਡੀਆ ਨੂੰ ਕਿਹਾ, ''ਉਹ ਕਿਸੇ ਵੀ ਸਥਿਤੀ 'ਚ ਖੇਡਣ ਦੀ ਸਮਰੱਥਾ ਰੱਖਦਾ ਹੈ। ਮੈਂ ਉਸ ਨੂੰ ਵੈਸਟਇੰਡੀਜ਼ ਵਿੱਚ ਦੇਖਿਆ ਹੈ। ਆਸਟਰੇਲੀਆ ਵਿੱਚ ਪਿੱਚਾਂ ਵੱਖਰੀਆਂ ਹੋਣਗੀਆਂ ਪਰ ਜੇਕਰ ਤੁਹਾਡੇ ਵਿੱਚ ਇਸ ਤਰ੍ਹਾਂ ਦੀ ਸਮਰੱਥਾ ਹੈ ਤਾਂ ਤੁਸੀਂ ਹਰ ਹਾਲਤ ਵਿੱਚ ਚੰਗਾ ਖੇਡ ਸਕਦੇ ਹੋ।’’ ਉਸ ਨੇ ਕਿਹਾ, ‘‘ਮੈਨੂੰ ਉਮੀਦ ਹੈ ਕਿ ਉਹ ਚੰਗਾ ਖੇਡੇਗਾ।’’ ਉਸ ਨੇ ਕਿਹਾ ਕਿ ਆਸਟਰੇਲੀਆ ਵਿੱਚ ਸਫ਼ਲਤਾ ਹਾਸਲ ਕਰਨ ਲਈ ਜਾਇਸਵਾਲ ਨੂੰ ਕੁਝ ਮਾਨਸਿਕ ਸੁਧਾਰ ਕਰਨੇ ਪੈਣਗੇ।
ਲਾਰਾ ਨੇ ਕਿਹਾ, ''ਅਡਜਸਟਮੈਂਟ ਇਹ ਹੈ ਕਿ ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਕਰਨਾ ਹੋਵੇਗਾ ਕਿ ਤੁਸੀਂ ਹਰ ਸਥਿਤੀ 'ਚ ਚੰਗਾ ਖੇਡ ਸਕਦੇ ਹੋ। ਖੈਰ, ਭਾਰਤ ਵਿੱਚ ਹੁਣ ਸਥਿਤੀ ਬਦਲ ਗਈ ਹੈ। ਇਸ ਲਈ ਕਈ ਅੰਤਰਰਾਸ਼ਟਰੀ ਖਿਡਾਰੀ ਆਈਪੀਐਲ ਵਿੱਚ ਆ ਰਹੇ ਹਨ। ਤੁਹਾਡੇ ਖਿਡਾਰੀਆਂ ਦੇ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਹਨ ਜੋ ਕਿ ਚੰਗੀ ਗੱਲ ਹੈ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਤਕਨੀਕੀ ਤੌਰ 'ਤੇ ਜ਼ਿਆਦਾ ਕੁਝ ਕਰਨ ਦੀ ਲੋੜ ਹੈ।'' ਉਸ ਨੇ ਕਿਹਾ, ''ਬਸ ਘਰ ਤੋਂ ਦੂਰ ਖੇਡਣਾ ਅਤੇ ਆਸਟਰੇਲੀਆ ਖਿਲਾਫ ਉਨ੍ਹਾਂ ਦੀ ਧਰਤੀ 'ਤੇ ਖੇਡਣਾ ਵੱਖਰੀ ਗੱਲ ਹੈ। ਪਰ ਮੇਰਾ ਮੰਨਣਾ ਹੈ ਕਿ ਭਾਰਤੀ ਟੀਮ ਜਿੱਤਣ ਦੇ ਸਮਰੱਥ ਹੈ।''
ਲਾਰਾ ਨੇ ਹਮਲਾਵਰ ਤਰੀਕੇ ਨਾਲ ਖੇਡਣ ਅਤੇ ਬੰਗਲਾਦੇਸ਼ ਦੇ ਖਿਲਾਫ ਬਾਰਿਸ਼ ਤੋਂ ਪ੍ਰਭਾਵਿਤ ਕਾਨਪੁਰ ਟੈਸਟ ਜਿੱਤਣ ਦੇ ਭਾਰਤੀ ਟੀਮ ਦੇ ਰਵੱਈਏ ਦੀ ਤਾਰੀਫ ਕੀਤੀ ਅਤੇ ਕਿਹਾ, ''ਭਾਰਤ ਨੇ ਆਪਣੇ ਲਈ ਇੱਕ ਮੌਕਾ ਬਣਾਇਆ। ਮੈਨੂੰ ਇਹ ਦੇਖ ਕੇ ਖੁਸ਼ੀ ਹੋਈ ਕਿ ਖੇਡਣ ਲਈ ਜ਼ਿਆਦਾ ਸਮਾਂ ਨਾ ਮਿਲਣ ਦੇ ਬਾਵਜੂਦ ਭਾਰਤ ਨੇ ਇਸ ਤਰ੍ਹਾਂ ਬੱਲੇਬਾਜ਼ੀ ਕਰਕੇ ਬੰਗਲਾਦੇਸ਼ 'ਤੇ ਦਬਾਅ ਬਣਾਇਆ।''