ਨੰਬਰ-4 ''ਤੇ ਅਈਅਰ ਉਪਯੋਗੀ ਖਿਡਾਰੀ : ਗਾਵਸਕਰ
Tuesday, Aug 13, 2019 - 02:52 AM (IST)

ਨਵੀਂ ਦਿੱਲੀ- ਭਾਰਤੀ ਵਨ ਡੇ ਟੀਮ ਵਿਚ ਨੰਬਰ-4 ਨੂੰ ਲੈ ਕੇ ਚੱਲ ਰਹੀ ਬਹਿਸ ਵਿਚਾਲੇ ਲੀਜੈਂਡ ਕ੍ਰਿਕਟਰ ਸੁਨੀਲ ਗਾਵਸਕਰ ਨੇ ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਨੂੰ ਟੀਮ ਵਿਚ ਸਥਾਈ ਤੌਰ 'ਤੇ ਸ਼ਾਮਲ ਕਰਕੇ ਨੰਬਰ ਚਾਰ ਦੇ ਸਥਾਨ 'ਤੇ ਬੱਲੇਬਾਜ਼ੀ ਕਰਵਾਉਣੀ ਚਾਹੀਦੀ ਹੈ। ਉਸ ਨੇ ਅਈਅਰ ਨੂੰ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਜਗ੍ਹਾ ਨੰਬਰ 4 'ਤੇ ਭੇਜਣ ਦੀ ਵਕਾਲਤ ਕੀਤੀ। ਲਗਾਤਾਰ ਚਾਰ ਨੰਬਰ 'ਤੇ ਅਜ਼ਮਾਇਆ ਜਾ ਰਿਹਾ ਪੰਤ ਦੂਜੇ ਵਨ ਡੇ ਵਿਚ ਵੀ ਅਸਫਲ ਰਿਹਾ ਤੇ ਇਕ ਖਰਾਬ ਸ਼ਾਟ ਖੇਡ ਕੇ ਆਪਣੀ ਵਿਕਟ ਗੁਆ ਬੈਠਾ। ਪੰਤ ਨੇ 20 ਦੌੜਾਂ ਬਣਾਈਆਂ।
ਗਾਵਸਕਰ ਨੇ ਕਿਹਾ, ''ਮੇਰੇ ਖਿਆਲ ਵਿਚ ਪੰਤ ਧੋਨੀ ਦੀ ਤਰ੍ਹਾਂ ਨੰਬਰ 5 ਜਾਂ 6 'ਤੇ ਫਿੱਟ ਰਹੇਗਾ। ਉਥੇ ਉਹ ਆਪਣੀ ਸੁਭਾਵਿਕ ਖੇਡ ਦਾ ਪ੍ਰਦਰਸ਼ਨ ਕਰ ਸਕਦਾ ਹੈ। ਜੇਕਰ ਭਾਰਤ ਦੇ ਚੋਟੀ ਦੇ ਤਿੰਨ ਬੱਲੇਬਾਜ਼ ਵਿਰਾਟ ਕੋਹਲੀ, ਸ਼ਿਖਰ ਧਵਨ ਤੇ ਰੋਹਿਤ ਸ਼ਰਮਾ 40-45 ਓਵਰਾਂ ਤਕ ਖੇਡਦੇ ਹਨ ਤਾਂ ਉਸ ਸਮੇਂ ਪੰਤ ਨੂੰ ਨੰਬਰ-4 'ਤੇ ਭੇਜਿਆ ਜਾ ਸਕਦਾ ਹੈ ਪਰ 30-35 ਓਵਰਾਂ ਵਿਚਾਲੇ ਚੋਟੀ ਦੇ ਤਿੰਨ ਬੱਲੇਬਾਜ਼ਾਂ ਦੇ ਆਊਟ ਹੋਣ 'ਤੇ ਅਈਅਰ ਨੰਬਰ-4 ਲਈ ਉਪਯੋਗੀ ਹੋਵੇਗਾ।''