ਇਵਾਂਕਾ ਨੇ 1200 ਕਿਲੋਮੀਟਰ ਸਾਈਕਲ ਚਲਾਉਣ ਵਾਲੀ ਜਯੋਤੀ ਦੀ ਕੀਤੀ ਸ਼ਲਾਘਾ

Saturday, May 23, 2020 - 06:42 PM (IST)

ਇਵਾਂਕਾ ਨੇ 1200 ਕਿਲੋਮੀਟਰ ਸਾਈਕਲ ਚਲਾਉਣ ਵਾਲੀ ਜਯੋਤੀ ਦੀ ਕੀਤੀ ਸ਼ਲਾਘਾ

ਵਾਸ਼ਿੰਗਟਨ– ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੀ ਬੇਟੀ ਇਵਾਂਕਾ ਟ੍ਰੰਪ ਨੇ ਸਾਈਕਲ ’ਤੇ ਆਪਣੇ ਬਿਮਾਰ ਪਿਤਾ ਨੂੰ ਬਿਠਾ ਕੇ 1200 ਕਿਲੋਮੀਟਰ ਦਾ ਸਫਰ ਤੈਅ ਕਰਨ ਵਾਲੀ ਭਾਰਤੀ ਲੜਕੀ ਜਯੋਤੀ ਕੁਮਾਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ‘ਇਹ ਹਿੰਮਤ ਤੇ ਪਿਆਰ ਦੀ ਸੁੰਦਰ ਕਹਾਣੀ’ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਦੇਸ਼ ਪੱਧਰੀ ਲਾਕਡਾਊਨ ਵਿਚਾਲੇ ਜਯੋਤੀ ਨੇ ਆਪਣੇ ਪਿਤਾ ਨੂੰ ਸਾਈਕਲ ’ਤੇ ਬਿਠਾ ਕੇ ਗੁਰੂਗ੍ਰਾਮ ਤੋਂ ਬਿਹਰਾ ਦੇ ਦਰਭੰਗਾ ਵਿਚਾਲੇ 1200 ਕਿਲੋਮੀਟਰ ਦਾ ਸਫਰ 7 ਦਿਨਾਂ ਵਿਚ ਤੈਅ ਕੀਤਾ। ਇਵਾਂਕਾ ਨੇ ਟਵਿਟਰ ਰਾਹੀਂ ਕਲਾਸ ਅੱਠਵੀਂ ਵਿਚ ਪੜ੍ਹਨ ਵਾਲੀ ਇਸ ਲੜਕੀ ਦੀ ਹਿੰਮਤ ਨੂੰ ਸਰਾਹਿਆ ਹੈ। ਉਸ ਨੇ ਟਵਿਟਰ ’ਤੇ ਲਿਖਿਆ,‘‘15 ਸਾਲ ਦੀ ਜਯੋਤੀ ਕੁਮਾਰੀ ਸਾਈਕਲ ’ਤੇ ਆਪਣੇ ਪਿਤਾ ਨੂੰ ਬਿਠਾ ਕੇ 7 ਦਿਨਾਂ ਵਿਚ 1200 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਘਰ ਪਹੁੰਚੀ। ਹਿੰਮਤ ਤੇ ਪਿਆਰ ਦੀ ਇਸ ਖੂਬਸੂਰਤ ਦਾਸਤਾਨ ਨੇ ਭਾਰਤੀ ਲੋਕਾਂ ਤੇ ਸਾਈਕਲ ਮਹਾਸੰਘ ਦਾ ਧਿਆਨ ਆਪਣੇ ਵੱਲ ਖਿੱਚਿਆ।’’

PunjabKesari

ਇਸ ਤੋਂ ਪਹਿਲਾਂ ਭਾਰਤੀ ਸਾਈਕਲਿੰਗ ਮਹਾਸੰਘ (ਸੀ. ਐੱਫ.ਆਈ.) ਦੇ ਡਾਈਰੈਕਟਰ ਵੀ. ਐੱਨ. ਸਿੰਘ ਨੇ ਜਯੋਤੀ ਨੂੰ ‘ਸਮਰੱਥਾ ਵਾਲੀ’ ਕਰਾਰ ਦਿੰਦੇ ਹੋਏ ਕਿਹਾ ਕਿ ਮਹਾਸੰਘ ਉਸ ਨੂੰ ਟ੍ਰਾਇਲ ਦਾ ਮੌਕਾ ਦੇਵੇਗਾ ਤੇ ਜੇਕਰ ਉਹ ਸੀ. ਐੱਫ.ਆਈ. ਦੇ ਮਾਪਦੰਡਾਂ ’ਤੇ ਥੋੜ੍ਹੀ ਜਿਹੀ ਵੀ ਖਰੀ ਉਤਰਦੀ ਹੈ ਤਾਂ ਉਸ ਨੂੰ ਵਿਸ਼ੇਸ਼ ਟ੍ਰੇਨਿੰਗ ਤੇ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ। ਜਯੋਤੀ ਦਾ ਪਿਤਾ ਗੁਰੂਗ੍ਰਾਮ ਵਿਚ ਰਿਕਸ਼ਾ ਚਲਾਉਂਦਾ ਸੀ ਤੇ ਉਸਦੇ ਦੁਰਘਟਨਾ ਦਾ ਸ਼ਿਕਾਰ ਹੋਣ ਤੋਂ ਬਾਅਦ ਉਹ ਆਪਣੀ ਮਾਂ ਤੇ ਜੀਜਾ ਦੇ ਨਾਲ ਗੁਰੂਗ੍ਰਾਮ ਆਈ ਸੀ ਤੇ ਫਿਰ ਪਿਤਾ ਨੂੰ ਦੇਖਭਾਲ ਲਈ ਉਥੇ ਹੀ ਰੁਕ ਗਈ। ਇਸ ਵਿਚਾਲੇ ਕੋਵਿਡ-19 ਦੇ ਕਾਰਣ ਲਾਕਡਾਊਨ ਦਾ ਐਲਾਨ ਹੋ ਗਿਆ ਤੇ ਜਯੋਤੀ ਦੇ ਪਿਤਾ ਦਾ ਕੰਮ ਠੱਪ ਪੈ ਗਿਆ, ਅਜਿਹੇ ਵਿਚ ਜਯੋਤੀ ਨੇ ਪਿਤਾ ਦੇ ਨਾਲ ਸਾਈਕਲ ’ਤੇ ਵਾਪਸ ਪਿੰਡ ਦਾ ਸਫਰ ਤੈਅ ਕਰਨ ਦਾ ਫੈਸਲਾ ਕੀਤਾ।


author

Ranjit

Content Editor

Related News