ਇਸ਼ਾਂਤ ਸ਼ਰਮਾ ਨੇ ਟੈਸਟ ਕ੍ਰਿਕਟ ’ਚ ਬਣਾਇਆ ਵੱਡਾ ਰਿਕਾਰਡ, ਕਪਿਲ ਦੇਵ ਨੂੰ ਛੱਡਿਆ ਪਿੱਛੇ
Monday, Sep 02, 2019 - 10:08 AM (IST)

ਸਪੋਰਟਸ ਡੈਸਕ— ਵੈਸਟਇੰਡੀਜ਼ ਖਿਲਾਫ ਜਮੈਕਾ ਦੇ ਸਬੀਨਾ ਪਾਰਕ ’ਚ ਖੇਡੇ ਜਾ ਰਹੇ ਆਖਰੀ ਟੈਸਟ ਦੇ ਤੀਜੇ ਦਿਨ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਆਪਣੇ ਨਾਂ ਇਕ ਬੇਹੱਦ ਖਾਸ ਉਪਲਬਧੀ ਹਾਸਲ ਕੀਤੀ। ਬੱਲੇਬਾਜ਼ੀ ’ਚ ਕਮਾਲ ਕਰਨ ਵਾਲੇ ਇਸ਼ਾਂਤ ਨੇ ਗੇਂਦਬਾਜ਼ੀ ’ਚ ਇਕ ਵਿਕਟ ਝਟਕਾਉਂਦੇ ਹੀ ਟੀਮ ਇੰਡੀਆ ਦੇ ਮਹਾਨ ਖਿਡਾਰੀ ਕਪਿਲ ਦੇਵ ਨੂੰ ਪਿੱਛੇ ਛੱਡ ਦਿੱਤਾ। ਖੇਡ ਦੇ ਤੀਜੇ ਦਿਨ ਇਸ਼ਾਂਤ ਸ਼ਰਮਾ ਨੇ ਪਹਿਲੀ ਪਾਰੀ ’ਚ ਕੈਰੇਬੀਆਈ ਖਿਡਾਰੀ ਜਾਹਮਾਰ ਹੇਮਿਲਟਨ (5) ਨੂੰ ਆਊਟ ਕਰਦੇ ਹੀ ਸਾਬਕਾ ਮਹਾਨ ਖਿਡਾਰੀ ਅਤੇ 1983 ਵਰਲਡ ਕੱਪ ਜੇਤੂ ਕਪਤਾਨ ਕਪਿਲ ਦੇਵ ਨੂੰ ਪਿੱਛੇ ਛੱਡ ਦਿੱਤਾ। ਇਸ ਦੇ ਨਾਲ ਹੀ ਉਹ ਏਸ਼ੀਆ ਤੋਂ ਬਾਹਰ ਭਾਵ ਵਿਦੇਸ਼ੀ ਧਰਤੀ ’ਤੇ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਪਹਿਲੇ ਤੇਜ਼ ਗੇਂਦਬਾਜ਼ ਬਣ ਗਏ ਹਨ।
30 ਸਾਲਾ ਇਸ ਤੇਜ਼ ਗੇਂਦਬਾਜ਼ ਨੇ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਨੂੰ ਪਿੱਛੇ ਛੱਡਦੇ ਹੋਏ ਇਹ ਉਪਲਬਧੀ ਹਾਸਲ ਕੀਤੀ। ਇਸ਼ਾਂਤ ਨੇ ਪਹਿਲੀ ਪਾਰੀ ਦੇ ਦੌਰਾਨ 46.3 ਓਵਰ ’ਚ ਹੈਮਿਲਟਨ ਨੂੰ ਕਪਤਾਨ ਵਿਰਾਟ ਕੋਹਲੀ ਦੇ ਹੱਥੋਂ ਕੈਚ ਆਊਟ ਕਰਾਕੇ ਇਹ ਕਮਾਲ ਕੀਤਾ। ਇਸ ਇਕ ਵਿਕਟ ਦੇ ਨਾਲ ਹੀ ਇਸ਼ਾਂਤ ਸ਼ਰਮਾ ਦੇ ਨਾਂ ਟੈਸਟ ਕ੍ਰਿਕਟ ’ਚ ਵਿਦੇਸ਼ੀ ਧਰਤੀ ’ਤੇ ਕੁਲ 156 ਵਿਕਟ ਦਰਜ ਹੋ ਗਏ ਹਨ, ਜਦਕਿ ਵਿਦੇਸ਼ੀ ਧਰਤੀ ’ਤੇ ਭਾਰਤੀ ਤੇਜ਼ ਗੇਂਦਬਾਜ਼ ਦੇ ਰੂਪ ’ਚ ਕਪਿਲ ਦੇਵ ਦੇ ਨਾਂ ਟੈਸਟ ਕ੍ਰਿਕਟ ’ਚ 155 ਵਿਕਟ ਦਰਜ ਹਨ। ਏਸ਼ੀਆ ਦੇ ਬਾਹਰ ਭਾਵ ਵਿਦੇਸ਼ੀ ਸਰਜ਼ਮੀਂ ’ਤੇ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਵਿਕਟ ਦਾ ਰਿਕਾਰਡ ਅਨਿਲ ਕੁੰਬਲੇ ਦੇ ਨਾਂ ਹੈ। ਕੁੰਬਲੇ ਨੇ ਟੈਸਟ ਕ੍ਰਿਕਟ ’ਚ ਵਿਦੇਸ਼ੀ ਧਰਤੀ ’ਤੇ ਕੁਲ 200 ਵਿਕਟ ਲਏ ਹਨ।