ਇਸ਼ਾਨ ਕਿਸ਼ਨ ਦਾ ਦਲੀਪ ਟਰਾਫੀ ਤੋਂ ਪਹਿਲਾਂ ਮੈਚ ਖੇਡਣਾ ਸ਼ੱਕੀ
Wednesday, Sep 04, 2024 - 06:19 PM (IST)
ਬੈਂਗਲੁਰੂ- ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਦਾ ਹੈਮਸਟ੍ਰਿੰਗ ਦੀ ਸੱਟ ਕਾਰਨ ਵੀਰਵਾਰ ਨੂੰ ਇੱਥੇ ਦਲੀਪ ਟਰਾਫੀ ਦੇ ਪਹਿਲੇ ਦੌਰ ਵਿੱਚ ਖੇਡਣਾ ਸ਼ੱਕੀ ਲੱਗ ਰਿਹਾ ਹੈ। ਕਿਸ਼ਨ ਨੂੰ ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਇੰਡੀਆ ਡੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ ਜੋ ਅਨੰਤਪੁਰ ਵਿੱਚ ਪਹਿਲੇ ਦੌਰ ਵਿੱਚ ਭਾਰਤ ਸੀ ਦਾ ਸਾਹਮਣਾ ਕਰੇਗੀ। ਪਤਾ ਲੱਗਾ ਹੈ ਕਿ ਕਿਸ਼ਨ ਨੂੰ ਹਾਲ ਹੀ 'ਚ ਕੋਇੰਬਟੂਰ 'ਚ ਬੁਚੀ ਬਾਬੂ ਇਨਵੀਟੇਸ਼ਨ ਟੂਰਨਾਮੈਂਟ 'ਚ ਝਾਰਖੰਡ ਲਈ ਖੇਡਦੇ ਹੋਏ ਇਹ ਸੱਟ ਲੱਗ ਗਈ ਸੀ। ਉਨ੍ਹਾਂ ਦੀ ਜਗ੍ਹਾ ਸੰਜੂ ਸੈਮਸਨ ਨੂੰ ਸ਼ਾਮਲ ਕਰਨ ਦੀ ਗੱਲ ਵੀ ਚੱਲ ਰਹੀ ਸੀ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਕੇਐੱਸ ਭਰਤ ਪਹਿਲੇ ਦੌਰ 'ਚ ਇੰਡੀਆ ਡੀ ਲਈ ਵਿਕਟਕੀਪਿੰਗ ਕਰਨਗੇ।
ਕਿਸ਼ਨ ਅਜੇ ਅਨੰਤਪੁਰ ਨਹੀਂ ਪਹੁੰਚੇ ਹਨ।
ਭਾਰਤ ਏ ਦੇ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਇਸ ਸਾਲ ਦੇ ਸ਼ੁਰੂ ਵਿੱਚ ਹੋਈ ਸਰਜਰੀ ਤੋਂ ਠੀਕ ਹੋ ਰਹੇ ਹਨ ਅਤੇ ਉਹ ਵੀ ਐੱਮ ਚਿੰਨਾਸਵਾਮੀ ਸਟੇਡੀਅਮ ਵਿੱਚ ਭਾਰਤ ਬੀ ਵਿਰੁੱਧ ਹੋਣ ਵਾਲੇ ਪਹਿਲੇ ਦੌਰ ਦੇ ਮੁਕਾਬਲੇ 'ਚ ਨਹੀਂ ਖੇਡ ਪਾਉਣਗੇ। ਕਈ ਅਹਿਮ ਖਿਡਾਰੀ ਸੱਟਾਂ ਕਾਰਨ ਦਲੀਪ ਟਰਾਫੀ 'ਚ ਨਹੀਂ ਖੇਡ ਰਹੇ ਹਨ। ਇਸ ਤੋਂ ਪਹਿਲਾਂ ਸੂਰਿਆਕੁਮਾਰ ਯਾਦਵ ਬੁਚੀ ਬਾਬੂ ਟੂਰਨਾਮੈਂਟ 'ਚ ਮੁੰਬਈ ਲਈ ਖੇਡਦੇ ਹੋਏ ਹੱਥ ਦੀ ਸੱਟ ਕਾਰਨ ਪਹਿਲੇ ਦੌਰ ਦਾ ਮੈਚ ਨਹੀਂ ਖੇਡ ਸਕਣਗੇ। ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਅਤੇ ਉਮਰਾਨ ਮਲਿਕ ਵੀ ਬੀਮਾਰੀ ਕਾਰਨ ਟੂਰਨਾਮੈਂਟ 'ਚ ਨਹੀਂ ਖੇਡਣਗੇ ਜਦਕਿ ਹਰਫਨਮੌਲਾ ਰਵਿੰਦਰ ਜਡੇਜਾ ਨੂੰ ਭਾਰਤ ਬੀ ਨੇ ਰਿਲੀਜ਼ ਕਰ ਦਿੱਤਾ ਹੈ ਪਰ ਇਸ ਦਾ ਕਾਰਨ ਪਤਾ ਨਹੀਂ ਚੱਲ ਸਕਿਆ ਹੈ। ਤੇਜ਼ ਗੇਂਦਬਾਜ਼ ਨਵਦੀਪ ਸੈਣੀ ਭਾਰਤ ਬੀ 'ਚ ਸਿਰਾਜ ਦੀ ਥਾਂ ਲੈਣਗੇ ਜਦਕਿ ਪੁਡੂਚੇਰੀ ਦੇ ਤੇਜ਼ ਗੇਂਦਬਾਜ਼ ਗੌਰਵ ਯਾਦਵ ਭਾਰਤ ਸੀ 'ਚ ਮਲਿਕ ਦੀ ਜਗ੍ਹਾ ਉਤਰਨਗੇ।