IRE vs IND 3rd T20 : ਬੈਂਚ ਸਟ੍ਰੈਂਥ ਆਜ਼ਮਾਉਣ ਅਤੇ ਕਲੀਨ ਸਵੀਪ ਦੇ ਇਰਾਦੇ ਨਾਲ ਮੈਦਾਨ 'ਤੇ ਉਤਰੇਗਾ ਭਾਰਤ
Tuesday, Aug 22, 2023 - 06:13 PM (IST)
ਡਬਲਿਨ : ਪਹਿਲੇ ਦੋ ਮੈਚ ਜਿੱਤ ਕੇ ਉਤਸਾਹ ਨਾਲ ਭਰੀ ਹੋਈ ਭਾਰਤੀ ਟੀਮ ਡਬਲਿਨ ਦੀ ਵਿਲੇਜ ਸਟੇਡੀਅਮ ਗਰਾਊਂਡ 'ਚ ਆਇਰਲੈਂਡ ਦੇ ਖਿਲਾਫ਼ ਬੁੱਧਵਾਰ ਨੂੰ ਇੱਥੇ ਹੋਣ ਵਾਲੇ ਤੀਜੇ ਅਤੇ ਆਖ਼ਰੀ ਟੀ20I ਕ੍ਰਿਕਟ ਮੈਚ 'ਚ ਆਪਣੇ ਰਿਜ਼ਰਵ ਖਿਡਾਰੀਆਂ ਨੂੰ ਮੌਕਾ ਦੇ ਕੇ ਤਿੰਨ ਮੈਚਾਂ ਦੀ ਲੜੀ 'ਚ ਕਲੀਨ ਸਵੀਪ ਕਰਨ ਉੱਤਰੇਗੀ।
ਕਪਤਾਨ ਜਸਪ੍ਰੀਤ ਬੁਮਰਾਹ ਨੂੰ ਇਸ ਮੈਚ 'ਚ ਗੇਂਦਬਾਜ਼ੀ ਦੀ ਆਪਣੀ ਜ਼ਿੰਮੇਦਾਰੀ ਅਤੇ ਟੀਮ ਦੀ ਬੈਂਚ ਸਟ੍ਰੈਂਥ ਦੇ ਨਾਲ ਤਾਲਮੇਲ ਬਿਠਾਉਣਾ ਪਵੇਗਾ। ਬੁਮਰਾਹ ਨੇ ਪਹਿਲੇ ਦੋ ਮੈਚਾਂ 'ਚ ਅੱਠ ਓਵਰ ਕੀਤੇ ਜਿਸ 'ਚ ਉਹ ਸਹਿਜ ਦਿਖਾਈ ਦੇ ਰਿਹਾ ਸੀ। ਬੁਮਰਾਹ ਅਤੇ ਪ੍ਰਸਿੱਧ ਕ੍ਰਿਸ਼ਨਾ ਜਿੰਨੀ ਜ਼ਿਆਦਾ ਗੇਂਦਬਾਜ਼ੀ ਕਰਨਗੇ, ਓਨੀ ਹੀ ਉਨ੍ਹਾਂ ਦੀ ਫਿਟਨੈੱਸ ਬਿਹਤਰ ਹੋਵੇਗੀ। ਇਸ ਤਰ੍ਹਾਂ ਉਹ ਏਸ਼ੀਆ ਕੱਪ 'ਚ ਪਾਕਿਸਤਾਨ ਵਰਗੀਆਂ ਟੀਮਾਂ ਦਾ ਸਾਹਮਣਾ ਕਰਨ ਲਈ ਚੰਗੀ ਲੈਅ 'ਚ ਹੋਣਗੇ। ਪਰ ਭਾਰਤੀ ਕਪਤਾਨ ਅਤੇ ਕਾਰਜਵਾਹਕ ਕੋਚ ਸਿਤਾਂਸ਼ੂ ਕੋਟਕ ਨੂੰ ਵੀ ਇਹ ਧਿਆਨ ਰੱਖਣਾ ਪਵੇਗਾ ਕਿ ਭਾਰਤ ਨੇ ਏਸ਼ੀਆਈ ਖੇਡਾਂ 'ਚ ਵੀ ਹਿੱਸਾ ਲੈਣਾ ਹੈ ਅਤੇ ਅਜਿਹੇ 'ਚ ਇਸ ਦੌਰੇ 'ਤੇ ਗਏ ਰਿਜ਼ਰਵ ਖਿਡਾਰੀਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ : ਭਾਰਤ ਦੇ ਪ੍ਰਗਿਆਨੰਦਾ ਨੇ ਰਚਿਆ ਇਤਿਹਾਸ, ਕਰੂਆਨਾ ਨੂੰ ਹਰਾ ਕੇ ਵਿਸ਼ਵ ਕੱਪ ਦੇ ਫਾਈਨਲ ’ਚ ਪੁੱਜਾ
ਭਾਰਤ ਲੜੀ 'ਚ 2-0 ਨਾਲ ਅੱਗੇ ਹੈ ਅਤੇ ਅਜਿਹੇ 'ਚ ਟੀਮ ਮੈਨੇਜਮੈਂਟ ਕੋਲ ਆਵੇਸ਼ ਖ਼ਾਨ, ਜਿਤੇਸ਼ ਸ਼ਰਮਾ ਅਤੇ ਸ਼ਾਹਬਾਜ਼ ਅਹਿਮਦ ਵਰਗੇ ਖਿਡਾਰੀਆਂ ਨੂੰ ਅਜ਼ਮਾਉਣ ਦਾ ਮੌਕਾ ਹੈ। ਆਵੇਸ਼ ਵੈਸਟਇੰਡੀਜ਼ ਖ਼ਿਲਾਫ਼ ਟੀ20 ਲੜੀ ਲਈ ਵੀ ਟੀਮ ਦਾ ਹਿੱਸਾ ਸੀ ਅਤੇ ਇਸ ਤਰ੍ਹਾਂ ਉਸਨੂੰ ਲਗਾਤਾਰ ਸੱਤ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਅਜਿਹੇ 'ਚ ਜੇਕਰ ਉਸਨੂੰ ਬਾਹਰ ਰੱਖਿਆ ਜਾਂਦਾ ਹੈ ਤਾਂ ਉਹ ਬਿਨਾਂ ਮੈਚ ਅਭਿਆਸ ਦੇ ਏਸ਼ੀਆਈ ਖੇਡਾਂ 'ਚ ਭਾਗ ਲਵੇਗਾ ਜੋ ਟੀਮ ਅਤੇ ਇਸ ਤੇਜ਼ ਗੇਂਦਬਾਜ਼, ਦੋਵਾਂ ਲਈ ਚੰਗਾ ਨਹੀਂ ਹੋਵੇਗਾ।
ਟੀਮ ਮੈਨੇਜਮੈਂਟ ਜੇਕਰ ਸੰਜੂ ਸੈਮਸਨ ਨੂੰ ਅਰਾਮ ਦੇ ਕੇ ਜਿਤੇਸ਼ ਸ਼ਰਮਾ ਨੂੰ ਮੌਕਾ ਦਿੰਦਾ ਹੈ ਤਾਂ ਹੀ ਬੱਲੇਬਾਜ਼ੀ ਕ੍ਰਮ 'ਚ ਬਦਲਾਅ ਹੋਵੇਗਾ। ਸੈਮਸਨ ਹਾਲਾਂਕਿ ਇਸ ਟੀਮ ਦਾ ਸੀਨੀਅਰ ਖਿਡਾਰੀ ਹੈ ਅਤੇ ਉਹ ਬਾਹਰ ਨਹੀਂ ਬੈਠਣਾ ਚਾਹੇਗਾ ਕਿਉਂਕਿ ਵਿਸ਼ਵ ਕੱਪ 'ਚ ਉਸਦੀ ਜਗ੍ਹਾ ਪੱਕੀ ਨਹੀਂ ਹੈ। ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਲਗਾਤਾਰ ਮੌਕੇ ਮਿਲ ਰਹੇ ਹਨ ਪਰ ਉਸ ਦੇ ਪ੍ਰਦਰਸ਼ਨ ਵਿੱਚ ਨਿਰੰਤਰਤਾ ਦੀ ਕਮੀ ਹੈ। ਅਜਿਹੀ ਸਥਿਤੀ 'ਚ ਤੀਜੇ ਮੈਚ 'ਚ ਆਵੇਸ਼ ਖ਼ਾਨ ਜਾਂ ਮੁਕੇਸ਼ ਕੁਮਾਰ ਨੂੰ ਅਜ਼ਮਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਏਸ਼ੀਆ ਕੱਪ ਲਈ ਭਾਰਤੀ ਟੀਮ ਦਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ ਤੇ ਕੌਣ ਹੋਇਆ ਬਾਹਰ
ਰਿੰਕੂ ਸਿੰਘ ਨੇ ਦੂਜੇ ਮੈਚ 'ਚ 21 ਗੇਂਦਾਂ 'ਚ 38 ਦੌੜਾਂ ਬਣਾ ਕੇ ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣੀ ਹਾਜ਼ਰੀ ਦਰਜ ਕਰਵਾਈ ਜਿਸ ਤੋਂ ਲਗਦਾ ਹੈ ਕਿ ਭਾਰਤ ਨੂੰ ਸਭ ਤੋਂ ਛੋਟੇ ਫਾਰਮੈੱਟ ਵਿੱਚ ਸੂਰਯਕੁਮਾਰ ਤੋਂ ਬਾਅਦ ਇੱਕ ਹੋਰ ਫਿਨਿਸ਼ਰ ਮਿਲ ਗਿਆ ਹੈ। ਰਿੰਕੂ ਯਸ਼ਸਵੀ ਜਾਇਸਵਾਲ ਅਤੇ ਰਿਤੂਰਾਜ ਗਾਇਕਵਾੜ ਵਰਗੇ ਖਿਡਾਰੀ ਭਾਰਤੀ ਟੀ20 ਟੀਮ 'ਚ ਆਪਣੀ ਜਗ੍ਹਾ ਪੱਕੀ ਕਰਨ ਦੀ ਕੋਸ਼ਿਸ਼ ਕਰਨਗੇ ਕਿਉਂਕਿ ਭਾਰਤ ਨੇ ਇਸ ਫਾਰਮੈੱਟ 'ਚ ਆਪਣੀ ਅਗਲੀ ਲੜੀ ਨਵੰਬਰ 'ਚ ਆਸਟ੍ਰੇਲੀਆ ਖ਼ਿਲਾਫ਼ ਖੇਡਣੀ ਹੈ। ਜਿੱਥੇ ਤੱਕ ਆਇਰਲੈਂਡ ਦਾ ਸਵਾਲ ਹੈ ਤਾਂ ਭਾਰਤ 'ਤੇ ਜਿੱਤ ਦਰਜ ਕਰਨ ਲਈ ਉਸ ਨੂੰ ਖੇਡ ਦੇ ਹਰ ਵਿਭਾਗ 'ਚ ਵਧੀਆ ਪ੍ਰਦਰਸ਼ਨ ਕਰਨਾ ਪਵੇਗਾ।
ਸੰਭਾਵਿਤ ਪਲੇਇੰਗ 11
ਭਾਰਤ : ਰਿਤੂਰਾਜ ਗਾਇਕਵਾੜ, ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ ( ਵਿਕਟਕੀਪਰ), ਤਿਲਕ ਵਰਮਾ, ਰਿੰਕੂ ਸਿੰਘ, ਸ਼ਿਵਮ ਦੁਬੇ, ਵਾਸ਼ਿੰਗਟਨ ਸੁੰਦਰ, ਪ੍ਰਸਿੱਧ ਕ੍ਰਿਸ਼ਨਾ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ (ਕਪਤਾਨ), ਰਵੀ ਬਿਸ਼ਨੋਈ
ਆਇਰਲੈਂਡ : ਪਾਲ ਸਟਰਲਿੰਗ (ਕਪਤਾਨ), ਐਂਡ੍ਰਿਊ ਬਾਲਬਰਨੀ, ਲੋਰਕਨ ਟਕਰ (ਵਿਕਟਕੀਪਰ), ਹੈਰੀ ਟੈਕਟਰ, ਕਰਟਿਸ ਕੈਂਫਰ, ਜਾਰਜ ਡਾਕ੍ਰੇਲ, ਮਾਰਕ ਅਡਾਇਰ, ਬੈਰੀ ਮੈਕਾਰਥੀ, ਕ੍ਰੇਗ ਯੰਗ, ਜੋਸ਼ੁਆ ਲਿਟਲ, ਬੈਂਜਾਮਿਨ ਵ੍ਹਾਈਟ
ਮੈਚ ਦਾ ਸਮਾਂ : ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।