IPL ਦਾ ਵਿਸ਼ਵ ਕੱਪ ਟੀਮ ਦੀ ਚੋਣ ''ਤੇ ਕੋਈ ਅਸਰ ਨਹੀਂ ਪਵੇਗਾ : ਕੋਹਲੀ

Saturday, Mar 02, 2019 - 02:28 AM (IST)

IPL ਦਾ ਵਿਸ਼ਵ ਕੱਪ ਟੀਮ ਦੀ ਚੋਣ ''ਤੇ ਕੋਈ ਅਸਰ ਨਹੀਂ ਪਵੇਗਾ : ਕੋਹਲੀ

ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ਼ੁੱਕਰਵਾਰ ਕਿਹਾ ਕਿ ਆਈ. ਪੀ. ਐੱਲ. 'ਚ ਪ੍ਰਦਰਸ਼ਨ ਦਾ ਵਿਸ਼ਵ ਕੱਪ ਲਈ ਟੀਮ ਦੀ ਚੋਣ 'ਤੇ ਕੋਈ ਅਸਰ ਨਹੀਂ ਪਵੇਗਾ ਤੇ ਉਸ ਨੇ ਇਸ ਤਰ੍ਹਾਂ ਦੀਆਂ ਅਟਕਲਾਂ ਨੂੰ 'ਵਾਧੂ ਵਿਸ਼ਲੇਸ਼ਣ' ਕਰਾਰ ਦਿੱਤਾ। ਵਿਸ਼ਵ ਕੱਪ ਟੀਮ ਲਈ 12 ਤੋਂ 13 ਸਥਾਨ ਲਗਭਗ ਤੈਅ ਹੋ ਚੁੱਕੇ ਹਨ ਤੇ ਇੰਗਲੈਂਡ ਵਿਚ 30 ਮਈ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਦੇ ਆਖਰੀ ਦੋ ਸਥਾਨ ਭਾਰਤ-ਆਸਟਰੇਲੀਆ ਵਿਰੁੱਧ ਆਗਾਮੀ ਵਨ ਡੇ ਲੜੀ ਦੇ ਪੰਜ ਮੈਚਾਂ ਤੋਂ ਬਾਅਦ ਪੱਕੇ ਕਰ ਲਵੇਗਾ।  ਭਾਰਤੀ ਕਪਤਾਨ ਨੇ ਪਹਿਲੇ ਵਨ ਡੇ ਦੀ ਪੂਰਬਲੀ ਸ਼ਾਮ 'ਤੇ ਕਿਹਾ, ''ਨਹੀਂ, ਮੈਨੂੰ ਨਹੀਂ ਲੱਗਦਾ ਕਿ ਆਈ. ਪੀ. ਐੱਲ. ਦਾ ਵਿਸ਼ਵ ਕੱਪ ਚੋਣ 'ਤੇ ਕੋਈ ਪ੍ਰਭਾਵ ਪਵੇਗਾ।''
ਅਜਿਹੀਆਂ ਗੱਲਾਂ ਚੱਲ ਰਹੀਆਂ ਸਨ ਕਿ ਦੂਜੇ ਵਿਕਟਕੀਪਰ ਦੇ ਸਥਾਨ ਲਈ ਦਿਨੇਸ਼ ਕਾਰਤਿਕ ਤੇ ਰਿਸ਼ਭ ਪੰਤ ਵਿਚਾਲੇ ਆਈ. ਪੀ. ਐੱਲ. ਸੰਭਾਵਿਤ ਸ਼ੂਟਆਊਟ ਹੋ ਸਕਦਾ ਹੈ ਪਰ ਕੋਹਲੀ ਨੇ ਕਿਹਾ ਕਿ ਵਿਸ਼ਵ ਕੱਪ ਦੇ ਉਮੀਦਵਾਰ ਲਈ ਇਕ ਚੰਗਾ ਆਈ. ਪੀ. ਐੱਲ. ਜ਼ਿਆਦਾ ਫਰਕ ਪੈਦਾ ਨਹੀਂ ਕਰੇਗਾ। ਉਸ ਨੇ ਕਿਹਾ, ''ਸਾਨੂੰ ਇਕ ਮਜ਼ਬੂਤ ਟੀਮ ਦੀ ਲੋੜ ਹੈ। ਆਈ. ਪੀ. ਐੱਲ. ਵਿਚ ਜਾਣ ਤੋਂ ਪਹਿਲਾਂ ਸਾਨੂੰ ਸਪੱਸ਼ਟ ਹੋਣਾ ਪਵੇਗਾ ਕਿ ਅਸੀਂ ਵਿਸ਼ਵ ਕੱਪ ਲਈ ਕਿਹੋ ਜਿਹੀ ਟੀਮ ਚਾਹੁੰਦੇ ਹਾਂ। ਮੈਨੂੰ ਨਹੀਂ ਲੱਗਦਾ ਕਿ ਆਈ. ਪੀ. ਐੱਲ. ਕਿਸੇ ਖਿਡਾਰੀ ਲਈ ਕਿਹੋ ਜਿਹਾ ਰਹਿੰਦਾ ਹੈ, ਇਸ ਨਾਲ ਕੁਝ ਬਦਲਾਅ ਹੋਵੇਗਾ।''


author

Gurdeep Singh

Content Editor

Related News