BCCI ਨੇ ਕੀਤਾ ਸਾਫ, IPL 2020 ਦੀ ਨੀਲਾਮੀ ਨਿਰਧਾਰਤ ਪ੍ਰੋਗਰਾਮ ਮੁਤਾਬਕ ਹੋਵੇਗੀ
Tuesday, Dec 17, 2019 - 09:58 AM (IST)

ਸਪੋਰਟਸ ਡੈਸਕ— ਵਿਵਾਦਗ੍ਰਸਤ ਨਾਗਰਿਕ ਸੋਧ ਕਾਨੂੰਨ ਨੂੰ ਲੈ ਕੇ ਜਾਰੀ ਵਿਰੋਧ ਪ੍ਰਦਰਸ਼ਨ ਦੇ ਬਾਵਜੂਬਦ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਖਿਡਾਰੀਆਂ ਦੀ ਨੀਲਾਮੀ ਵੀਰਵਾਰ ਨੂੰ ਕੋਲਕਾਤਾ 'ਚ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਦੇ ਮੁਤਾਬਕ ਹੋਵੇਗੀ। ਪੱਛਮੀ ਬੰਗਾਲ ਤੋਂ ਪ੍ਰਦਰਸ਼ਨ ਅਤੇ ਹਿੰਸਾ ਦੀਆਂ ਖਬਰਾਂ ਆ ਰਹੀਆਂ ਹਨ ਪਰ ਕੋਲਕਾਤਾ ਇਸ ਤੋਂ ਪ੍ਰਭਾਵਿਤ ਨਹੀਂ ਹੈ। ਭਾਰਤੀ ਕਿ੍ਕਟ ਕੰਟਰੋਲ ਬੋਰਡ ( ਬੀ. ਸੀ. ਸੀ. ਆਈ.) ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਸ਼ਾਮ ਤੱਕ ਦੀ ਸਥਿਤੀ ਦੇ ਮੁਤਾਬਕ ਆਈ. ਪੀ. ਐੱਲ. ਦੀ ਨੀਲਾਮੀ ਹੋਵੇਗੀ।
ਅਜਿਹੇ 'ਚ ਸਵਾਲ ਉਠਦਾ ਹੈ ਕਿ ਇਸ ਵਿਰੋਧ ਪ੍ਰਦਰਸ਼ਨ ਦਾ ਆਈ. ਪੀ. ਐੱਲ. ਨੀਲਾਮੀ 'ਤੇ ਕੁਝ ਅਸਰ ਤੇ ਨਹੀਂ ਪਵੇਗਾ? ਜੀ ਹਾਂ, ਭਾਰਤ ਦੀ ਇਸ ਘਰੇਲੂ ਟੀ-20 ਸੀਰੀਜ਼ ਲਈ 19 ਦਸੰਬਰ ਨੂੰ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ ਖਿਡਾਰੀਆਂ ਦੀ ਨੀਲਾਮੀ ਕੀਤੀ ਜਾਵੇਗੀ। ਕੋਲਕਾਤਾ 'ਚ ਹੋਣ ਵਾਲੀ ਇਸ ਨੀਲਾਮੀ ਲਈ ਖਿਡਾਰੀਆਂ ਦੀ ਗਿਣਤੀ ਘਟਾ ਕੇ 332 ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਬੁੱਧਵਾਰ (13 ਦਸੰਬਰ) ਨੂੰ ਆਈ. ਪੀ. ਐੱਲ. ਪ੍ਰਬੰਧਨ ਨੇ 639 ਖਿਡਾਰੀਆਂ ਨੂੰ ਪ੍ਰਕਿਰਿਆ ਤੋਂ ਬਾਹਰ ਕਰ ਦਿੱਤਾ ਸੀ ਅਤੇ 971 ਰਜਿਸਟਰਡ ਖਿਡਾਰੀਆਂ 'ਚੋਂ 332 ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਮੁਤਾਬਕ ਹਿੰਦੂ, ਸਿੱਖ, ਬੌਧ, ਜੈਨ, ਪਾਰਸੀ ਅਤੇ ਈਸਾਈ ਭਾਈਚਾਰਿਆਂ ਦੇ ਜੋ ਲੋਕ 31 ਦਸੰਬਰ 2014 ਤਕ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਭਾਰਤ ਆਏ ਹਨ ਅਤੇ ਜਿਨ੍ਹਾਂ ਨੂੰ ਇਨ੍ਹਾਂ ਦੇਸ਼ਾਂ 'ਚ ਧਾਰਮਿਕ ਤੌਰ 'ਤੇ ਤੰਗ-ਪਰੇਸ਼ਾਨ ਕੀਤਾ ਗਿਆ ਹੈ, ਉਨ੍ਹਾਂ ਨੂੰ ਗੈਰਕਾਨੂੰਨੀ ਪ੍ਰਵਾਸੀ ਨਹੀਂ ਮੰਨਿਆ ਜਾਵੇਗਾ ਸਗੋਂ ਭਾਰਤੀ ਨਾਗਰਿਕਤਾ ਦਿੱਤੀ ਜਾਵੇਗੀ। ਨਾਗਰਿਕ ਸੋਧ ਬਿੱਲ ਬੁੱਧਵਾਰ ਨੂੰ ਰਾਜਸਭਾ ਵੱਲੋਂ ਅਤੇ ਸੋਮਵਾਰ ਨੂੰ ਲੋਕਸਭਾ ਵੱਲੋਂ ਪਾਸ ਕੀਤਾ ਗਿਆ ਸੀ। ਇਸ ਤੋਂ ਬਾਅਦ ਇਹ ਬਿਲ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਮਨਜ਼ੂਰੀ ਮਿਲਣ ਦੇ ਬਾਅਦ ਕਾਨੂੰਨ 'ਚ ਬਦਲ ਗਿਆ ਹੈ।