IPL 2024 : ਸਾਹ ਰੋਕ ਦੇਣ ਵਾਲੇ ਬੇਹੱਦ ਰੋਮਾਂਚਕ ਮੁਕਾਬਲੇ 'ਚ ਗੁਜਰਾਤ ਨੇ ਮੁੰਬਈ ਨੂੰ 6 ਦੌੜਾਂ ਨਾਲ ਹਰਾਇਆ
Sunday, Mar 24, 2024 - 11:34 PM (IST)
ਸਪੋਰਟਸ ਡੈਸਕ- ਗੁਜਰਾਤ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਮੁੰਬਈ ਇੰਡੀਅਨਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਆਖ਼ਰੀ ਗੇਂਦ ਤੱਕ ਚੱਲੇ ਬੇਹੱਦ ਰੋਮਾਂਚਕ ਮੁਕਾਬਲੇ 'ਚ ਗੁਜਰਾਤ ਜਾਇੰਟਸ ਨੇ ਮੁੰਬਈ ਇੰਡੀਅਨਜ਼ ਨੂੰ 6 ਦੌੜਾਂ ਨਾਲ ਹਰਾ ਕੇ ਜਿੱਤ ਨਾਲ ਆਪਣੇ ਅਭਿਆਨ ਦੀ ਸ਼ੁਰੂਆਤ ਕੀਤੀ ਹੈ।
ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਮਿਲਣ 'ਤੇ ਗੁਜਰਾਤ ਨੇ ਸਾਈ ਸੁਦਰਸ਼ਨ (45) ਅਤੇ ਕਪਤਾਨ ਸ਼ੁੱਭਮਨ ਗਿੱਲ (31) ਦੀਆਂ ਸੂਝਬੂਝ ਭਰੀਆਂ ਪਾਰੀਆਂ ਅਤੇ ਮੱਧਕ੍ਰਮ ਦੇ ਬੱਲੇਬਾਜ਼ਾਂ ਦੇ ਚੰਗੇ ਯੋਗਦਾਨ ਤੋਂ ਬਾਅਦ ਟੀਮ ਨੇ 20 ਓਵਰਾਂ 'ਚ 6 ਵਿਕਟਾਂ ਗੁਆ ਕੇ 168 ਦੌੜਾਂ ਬਣਾਈਆਂ।
169 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੁੰਬਈ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਓਪਨਿੰਗ ਬੱਲੇਬਾਜ਼ ਇਸ਼ਾਨ ਕਿਸ਼ਨ ਪਹਿਲੇ ਹੀ ਓਵਰ 'ਚ ਬਿਨਾਂ ਖਾਤਾ ਖੋਲ੍ਹੇ ਪੈਵੇਲੀਅਨ ਪਰਤ ਗਿਆ। ਉਸ ਦੇ ਆਊਟ ਹੋਣ ਤੋਂ ਬਾਅਦ 'ਹਿੱਟਮੈਨ' ਰੋਹਿਤ ਸ਼ਰਮਾ ਨੇ ਪਹਿਲਾਂ ਨਮਨ ਧੀਰ (20) ਨਾਲ 30 ਤੇ ਫਿਰ ਡੇਵਾਲਡ ਬ੍ਰੇਵਿਸ (46) ਨਾਲ 77 ਦੌੜਾਂ ਦੀ ਸਾਂਝੇਦਾਰੀ ਕੀਤੀ।
ਡੇਵਾਲਡ ਬ੍ਰੇਵਿਸ ਨੇ ਆਪਣੀ ਪਾਰੀ 'ਚ 2 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ 46 ਦੌੜਾਂ ਬਣਾਈਆਂ। ਟੀਮ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 29 ਗੇਂਦਾਂ 'ਚ 7 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 43 ਦੌੜਾਂ ਦੀ ਪਾਰੀ ਖੇਡੀ। ਉਹ ਪਾਰੀ ਦੇ 13ਵੇਂ ਓਵਰ 'ਚ ਸਾਈ ਕਿਸ਼ੋਰ ਦੀ ਗੇਂਦ 'ਤੇ ਐੱਲ.ਬੀ.ਡਬਲਯੂ. ਆਊਟ ਹੋ ਗਿਆ।
ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਤਿਲਕ ਵਰਮਾ ਨੇ ਕੁਝ ਵਧੀਆ ਸ਼ਾਟ ਖੇਡੇ, ਪਰ ਉਹ ਵੀ 19 ਗੇਂਦਾਂ 'ਚ 25 ਦੌੜਾਂ ਬਣਾ ਕੇ ਆਊਟ ਹੋ ਗਿਆ। ਟਿਮ ਡੇਵਿਡ ਵੀ ਸਿਰਫ਼ 11 ਦੌੜਾਂ ਹੀ ਬਣਾ ਸਕਿਆ ਤੇ ਮੋਹਿਤ ਸ਼ਰਮਾ ਦਾ ਸ਼ਿਕਾਰ ਬਣਿਆ। ਗੇਰਾਲਡ ਕੋਇਟਜ਼ੀ ਵੀ ਸਿਰਫ਼ 1 ਹੀ ਦੌੜ ਬਣਾ ਸਕਿਆ। ਆਖ਼ਰੀ ਪਲਾਂ 'ਚ ਨਜ਼ਰਾਂ ਮੁੰਬਈ ਦੇ ਕਪਤਾਨ ਹਾਰਦਿਕ ਪੰਡਯਾ 'ਤੇ ਟਿਕੀਆਂ ਸਨ।
ਮੁੰਬਈ ਨੂੰ ਜਿੱਤ ਲਈ ਆਖ਼ਰੀ ਓਵਰ 'ਚ 19 ਦੌੜਾਂ ਦੀ ਲੋੜ ਸੀ ਤੇ ਗੇਂਦ ਉਮੇਸ਼ ਯਾਦਵ ਦੇ ਹੱਥ ਸੀ। ਕਪਤਾਨ ਪੰਡਯਾ ਨੇ ਆਖ਼ਰੀ ਓਵਰ ਦੀ ਪਹਿਲੀ ਗੇਂਦ 'ਤੇ ਛੱਕਾ, ਜਦਕਿ ਦੂਜੀ ਗੇਂਦ 'ਤੇ ਚੌਕਾ ਲਗਾ ਕੇ ਟੀਮ ਨੂੰ ਵਾਪਸ ਮੁਕਾਬਲੇ 'ਚ ਲਿਆਂਦਾ। ਪਰ ਤੀਜੀ ਗੇਂਦ 'ਤੇ ਉਹ ਰਾਹੁਲ ਤੇਵਤੀਆ ਦੇ ਹੱਥੋਂ ਕੈਚ ਆਊਟ ਹੋ ਗਿਆ। ਹਾਰਦਿਕ ਤੋਂ ਬਾਅਦ ਬੱਲੇਬਾਜ਼ੀ ਕਰਨ ਉੱਤਰੇ ਪਿਯੂਸ਼ ਚਾਵਲਾ ਵੀ ਪਹਿਲੀ ਹੀ ਗੇਂਦ 'ਤੇ ਰਾਸ਼ਿਦ ਖਾਨ ਨੂੰ ਕੈਚ ਦੇ ਬੈਠੇ। ਅਖ਼ੀਰ ਤੱਕ ਟੀਮ 20 ਓਵਰਾਂ 'ਚ 9 ਵਿਕਟਾਂ ਗੁਆ ਕੇ 162 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਗੁਜਰਾਤ ਨੇ ਇਹ ਰੋਮਾਂਚਕ ਮੁਕਾਬਲਾ 6 ਦੌੜਾਂ ਨਾਲ ਆਪਣੇ ਨਾਂ ਕਰ ਲਿਆ।
ਇਸ ਤਰ੍ਹਾਂ ਮੁੰਬਈ ਇੰਡੀਅਨਜ਼ ਆਈ.ਪੀ.ਐੱਲ. 2024 ਦੇ ਸੀਜ਼ਨ ਦਾ ਆਪਣਾ ਪਹਿਲਾ ਮੈਚ ਵੀ ਹਾਰ ਗਈ ਹੈ। ਇਹ ਹਾਰ ਇਸ ਲਈ ਵੀ ਖ਼ਾਸ ਹੈ ਕਿਉਂਕਿ ਮੁੰਬਈ ਸਾਲ 2013 ਤੋਂ ਬਾਅਦ ਇਕ ਵਾਰ ਵੀ ਆਈ.ਪੀ.ਐੱਲ. 'ਚ ਆਪਣਾ ਪਹਿਲਾ ਮੁਕਾਬਲਾ ਨਹੀਂ ਜਿੱਤ ਸਕੀ ਹੈ। ਹਾਲਾਂਕਿ ਇਨ੍ਹਾਂ ਅੰਕੜਿਆਂ ਤੋਂ ਟੀਮ ਦੀ ਕਾਬਲੀਅਤ 'ਤੇ ਸ਼ੱਕ ਨਹੀਂ ਕੀਤਾ ਜਾ ਸਕਦਾ, ਕਿਉਂਕਿ ਟੀਮ ਲਗਾਤਾਰ ਮੈਚ ਹਾਰਨ ਤੋਂ ਬਾਅਦ ਵੀ 5 ਵਾਰ ਖ਼ਿਤਾਬ 'ਤੇ ਕਬਜ਼ਾ ਕਰ ਚੁੱਕੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e