IPL 2024 : ਰਾਜਸਥਾਨ ਵਿਰੁੱਧ ਦਿੱਲੀ ਲਈ ਅੱਜ ‘ਕਰੋ ਜਾਂ ਮਰੋ’ ਦਾ ਮੁਕਾਬਲਾ

05/07/2024 2:16:43 PM

ਨਵੀਂ ਦਿੱਲੀ, (ਭਾਸ਼ਾ)– ਆਈ. ਪੀ. ਐੱਲ. ਪਲੇਅ ਆਫ ਦੀ ਦੌੜ ਵਿਚ ਬਣੇ ਰਹਿਣ ਲਈ ਦਿੱਲੀ ਕੈਪੀਟਲਸ ਨੂੰ ਮੰਗਲਵਾਰ ਨੂੰ ਹਰ ਹਾਲ ਵਿਚ ਰਾਜਸਥਾਨ ਰਾਇਲਜ਼ ਵਰਗੀ ਜ਼ਬਰਦਸਤ ਫਾਰਮ ਵਿਚ ਚੱਲ ਰਹੀ ਟੀਮ ਨੂੰ ਹਰਾਉਣਾ ਪਵੇਗਾ ਤੇ ਨਜ਼ਰਾਂ ਕਪਤਾਨ ਰਿਸ਼ਭ ਪੰਤ ਤੇ ਜੈਕ ਫ੍ਰੇਜ਼ਰ ਮੈਕਗੁਰਕ ਦੇ ਬੱਲੇ ’ਤੇ ਲੱਗੀਆਂ ਹੋਣਗੀਆਂ। ਦਿੱਲੀ ਨੇ ਅਜੇ ਤਕ 11 ਵਿਚੋਂ 5 ਮੈਚ ਜਿੱਤੇ ਤੇ 6 ਗੁਆਏ ਹਨ। ਬਾਕੀ ਤਿੰਨ ਮੈਚ ਦਿੱਲੀ ਨੂੰ ਹਰ ਹਾਲ ਵਿਚ ਜਿੱਤਣੇ ਹੀ ਪੈਣਗੇ ਹਾਲਾਂਕਿ ਉਸ ਤੋਂ ਬਾਅਦ ਵੀ ਉਸਦੇ 16 ਅੰਕ ਹੀ ਰਹਿਣਗੇ ਜਿਹੜੇ ਪਲੇਅ ਆਫ ਵਿਚ ਪਹੁੰਚਣ ਲਈ ਸ਼ਾਇਦ ਕਾਫੀ ਨਾ ਹੋਣ।

ਕੇ. ਕੇ. ਆਰ (11 ਮੈਚਾਂ ਵਿਚੋਂ 16 ਅੰਕ) ਤੇ ਰਾਇਲਜ਼ (10 ਮੈਚਾਂ ਵਿਚੋਂ 16 ਅੰਕ) ਤੋਂ ਇਲਾਵਾ ਚੇਨਈ ਸੁਪਰ ਕਿੰਗਜ਼ (11 ਮੈਚਾਂ ਵਿਚੋਂ 12 ਅੰਕ), ਸਨਰਾਈਜ਼ਰਜ਼ ਹੈਦਰਾਬਾਦ (10 ਮੈਚਾਂ ਵਿਚੋਂ 12 ਅੰਕ ) ਤੇ ਲਖਨਊ ਸੁਪਰ ਜਾਇੰਟਸ (11 ਮੈਚਾਂ ਵਿਚੋਂ 12 ਅੰਕ) 16 ਅੰਕਾਂ ਨੂੰ ਪਾਰ ਕਰ ਸਕਦੀਆਂ ਹਨ । ਅਜਿਹੇ ਵਿਚ ਦਿੱਲੀ ਸ਼ਾਇਦ ਸਰਵਸ੍ਰੇਸ਼ਠ ਪ੍ਰਦਰਸ਼ਨ ਤੋਂ ਬਾਅਦ ਵੀ ਕੁਆਲੀਫਾਈ ਨਾ ਕਰ ਸਕੇ।

ਅਰੁਣ ਜੇਤਲੀ ਸਟੇਡੀਅਮ ਦੀ ਸਪਾਟ ਪਿੱਚ ’ਤੇ ਪੰਤ ਲਈ ਦੋਹਰੀ ਚੁਣੌਤੀ ਹੋਵੇਗੀ। ਉਹ ਚਾਹੇਗਾ ਕਿ ਖਲੀਲ ਅਹਿਮਦ, ਈਸ਼ਾਂਤ ਸ਼ਰਮਾ ਤੇ ਕੁਲਦੀਪ ਯਾਦਵ ਵਰਗੇ ਉਸਦੇ ਗੇਂਦਬਾਜ਼ ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ ਤੇ ਰਿਆਨ ਪ੍ਰਾਗ ਨੂੰ ਸਸਤੇ ਵਿਚ ਆਊਟ ਕਰ ਦੇਣ ਪਰ ਸਿਰਫ 60 ਮੀਟਰ ਦੀ ਬਾਊਂਡਰੀ ਹੋਣ ਨਾਲ ਅਜਿਹਾ ਕਰਨਾ ਮੁਸ਼ਕਿਲ ਹੋਵੇਗਾ। ਹੁਣ ਤਕ ਤਿੰਨ ਅਰਧ ਸੈਂਕੜਿਆਂ ਸਮੇਤ 380 ਦੌੜਾਂ ਬਣਾ ਚੁੱਕੇ ਪੰਤ ’ਤੇ ਇਕ ਵਾਰ ਫਿਰ ਚੰਗੇ ਪ੍ਰਦਰਸ਼ਨ ਦਾ ਦਾਰੋਮਦਾਰ ਹੋਵੇਗਾ। ਉਸਦੇ ਕੋਲ ਆਸਟ੍ਰੇਲੀਆ ਦੇ ਨੌਜਵਾਨ ਫ੍ਰੇਜ਼ਰ ਮੈਕਗੁਰਕ ਵਰਗਾ ਹਮਲਾਵਰ ਬੱਲੇਬਾਜ਼ ਹੈ। ਇਹ ਦੋਵੇਂ ਮਿਲ ਕੇ ਮੈਚ ਦਾ ਨਕਸ਼ਾ ਪਲਟ ਸਕਦੇ ਹਨ।

ਦਿੱਲੀ ਨੂੰ ਹਾਲਾਂਕਿ ਰਾਇਲਜ਼ ਦੇ ਗੇਂਦਬਾਜ਼ੀ ਹਮਲੇ ਤੋਂ ਸਖਤ ਚੁਣੌਤੀ ਮਿਲੇਗੀ। ਯੁਜਵੇਂਦਰ ਚਾਹਲ ਤੇ ਆਰ. ਅਸ਼ਵਿਨ ਨੂੰ ਖੇਡਣਾ ਆਸਾਨ ਨਹੀਂ ਹੋਵੇਗਾ। ਉਸ ਤੋਂ ਇਲਾਵਾ ਸੰਦੀਪ ਸ਼ਰਮਾ ਦੇ ਰੂਪ ਵਿਚ ਰਾਇਲਜ਼ ਕੋਲ ਇਕ ਹੋਰ ਉਪਯੋਗੀ ਗੇਂਦਬਾਜ਼ ਹੈ। ਰਾਜਸਥਾਨ ਦੇ ਗੇਂਦਬਾਜ਼ਾਂ ਦਾ ਇਕਾਨਮੀ ਰੇਟ ਵੀ ਚੰਗਾ ਰਿਹਾ ਹੈ ਪਰ ਦਿੱਲੀ ਕੋਲ ਅਕਸ਼ਰ ਪਟੇਲ ਤੇ ਕੁਲਦੀਪ ਯਾਦਵ ਵੀ ਅਜਿਹੇ ਗੇਂਦਬਾਜ਼ ਹਨ ਜਿਨ੍ਹਾਂ ਦੀ ਇਕਾਨਮੀ ਰੇਟ 9 ਤੋਂ ਹੇਠਾਂ ਰਹੀ ਹੈ। ਖਲੀਲ ਅਹਿਮਦ, ਮੁਕੇਸ਼ ਕੁਮਾਰ, ਲਿਜਾਡ ਵਿਲੀਅਮਸ ਤੇ ਐਨਰਿਕ ਨੋਰਤਜੇ ਕਾਫੀ ਮਹਿੰਗੇ ਸਾਬਤ ਹੋਏ ਹਨ। ਪਿਛਲੀ ਵਾਰ ਦੋਵੇਂ ਟੀਮਾਂ ਮਾਰਚ ਵਿਚ ਜੈਪੁਰ ਵਿਚ ਭਿੜੀਆਂ ਸਨ, ਜਿਸ ਵਿਚ ਦਿੱਲੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।


Tarsem Singh

Content Editor

Related News