IPL 2024 : 'ਕਰੋ ਜਾਂ ਮਰੋ' ਮੁਕਾਬਲੇ 'ਚ ਚਮਕੀ RCB, ਚੇਨਈ ਨੂੰ ਹਰਾ ਕੇ ਹਾਸਲ ਕੀਤੀ ਪਲੇਆਫ਼ ਦੀ ਟਿਕਟ
Sunday, May 19, 2024 - 04:22 AM (IST)
ਸਪੋਰਟਸ ਡੈਸਕ- ਬੈਂਗਲੁਰੂ ਦੇ ਐਮ. ਚਿਨਾਸਵਾਮੀ ਸਟੇਡੀਅਮ 'ਚ ਚੇਨਈ ਸਪਰਕਿੰਗਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡੇ ਗਏ ਆਈ.ਪੀ.ਐੱਲ. ਦੇ ਮਹਾਮੁਕਾਬਲੇ 'ਚ ਬੈਂਗਲੁਰੂ ਨੇ ਚੇਨਈ ਨੂੰ 27 ਦੌੜਾਂ ਨਾਲ ਹਰਾ ਕੇ ਪਲੇਆਫ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਪਲੇਆਫ਼ 'ਚ ਕੁਆਲੀਫਾਈ ਕਰਨ ਲਈ ਬੈਂਗਲੁਰੂ ਲਈ ਇਸ ਮੁਕਾਬਲੇ 'ਚ ਘੱਟੋ-ਘੱਟ 18 ਦੌੜਾਂ ਨਾਲ ਜਿੱਤਣਾ ਜ਼ਰੂਰੀ ਸੀ, ਪਰ ਉਹ 27 ਦੌੜਾਂ ਨਾਲ ਜਿੱਤ ਕਿ ਬਿਨਾਂ ਕਿਸੇ ਅਗਰ-ਮਗਰ ਦੇ ਪਲੇਆਫ਼ 'ਚ ਕੁਆਲੀਫਾਈ ਕਰ ਗਈ ਹੈ। ਉੱਥੇ ਹੀ ਚੇਨਈ ਲਈ ਘੱਟੋ-ਘੱਟ 201 ਦੌੜਾਂ ਬਣਾਉਣੀਆਂ ਜ਼ਰੂਰੀ ਸਨ ਤਾਂ ਜੋ ਉਹ ਆਰ.ਸੀ.ਬੀ. ਦੀ ਜਗ੍ਹਾ ਪਲੇਆਫ਼ 'ਚ ਪਹੁੰਚ ਸਕਣ। ਪਰ ਅਜਿਹਾ ਨਾ ਹੋ ਸਕਿਆ।
ਚੇਨਈ ਦੇ ਕਪਤਾਨ ਰੁਤੂਰਾਜ ਗਾਇਕਵਾੜ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਬੈਂਗਲੁਰੂ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਰ.ਸੀ.ਬੀ. ਨੇ ਕਪਤਾਨ ਫਾਫ ਡੁਪਲੇਸਿਸ (54), ਵਿਰਾਟ ਕੋਹਲੀ (47) ਤੇ ਰਜਤ ਪਾਟੀਦਾਰ (41) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 5 ਵਿਕਟਾਂ ਗੁਆ ਕੇ 218 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਸੀ।
ਇਸ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਚੇਨਈ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਤੇ ਕਪਤਾਨ ਰੁਤੂਰਾਜ ਗਾਇਕਵਾੜ ਪਹਿਲੀ ਹੀ ਗੇਂਦ 'ਤੇ ਆਊਟ ਹੋ ਕੇ ਪੈਵੇਲੀਅਨ ਪਰਤ ਗਿਆ। ਉਸ ਤੋਂ ਬਾਅਦ ਡੈਰਿਲ ਮਿਚੇਲ ਵੀ ਕੁਝ ਖ਼ਾਸ ਨਾ ਕਰ ਸਕਿਆ ਤੇ 4 ਦੌੜਾਂ ਬਣਾ ਕੇ ਯਸ਼ ਦਿਆਲ ਦੀ ਗੇਂਦ 'ਤੇ ਕੋਹਲੀ ਹੱਥੋਂ ਕੈਚ ਆਊਟ ਹੋ ਗਿਆ।
ਅਜਿੰਕਿਆ ਰਹਾਨੇ ਨੇ ਕੁਝ ਦੇਰ ਰਚਿਨ ਰਵਿੰਦਰਾ ਦਾ ਸਾਥ ਦਿੱਤਾ ਤੇ 22 ਗੇਂਦਾਂ 'ਚ 3 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 33 ਦੌੜਾਂ ਦੀ ਪਾਰੀ ਖੇਡੀ। ਪਰ ਉਹ ਵੀ ਜ਼ਿਆਦਾ ਦੇਰ ਨਾ ਟਿਕ ਸਕਿਆ ਤੇ ਲੌਕੀ ਫਾਰਗੁਸਨ ਦੀ ਗੇਂਦ 'ਤੇ ਕੈਚ ਆਊਟ ਹੋ ਗਿਆ।
ਰਚਿਨ ਰਵਿੰਦਰਾ ਨੇ 37 ਗੇਂਦਾਂ 'ਚ 5 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ 61 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਪਰ ਉਹ ਗ਼ਲਤਫਹਿਮੀ ਕਾਰਨ ਰਨ ਆਊਟ ਹੋ ਗਿਆ। ਪਿਛਲੇ ਮੈਚਾਂ ਦਾ ਸਟਾਰ ਰਿਹਾ ਸ਼ਿਵਮ ਦੁਬੇ 15 ਗੇਂਦਾਂ ਖੇਡ ਕੇ ਸਿਰਫ਼ 7 ਦੌੜਾਂ ਹੀ ਬਣਾ ਸਕਿਆ ਤੇ ਕੈਮਰੂਨ ਗਰੀਨ ਦਾ ਸ਼ਿਕਾਰ ਬਣਿਆ।
ਅੰਤ 'ਚ ਧੋਨੀ ਤੇ ਜਡੇਜਾ ਨੇ ਟੀਮ ਦੀ ਕਮਾਨ ਸੰਭਾਲੀ ਤੇ ਟੀਮ ਨੂੰ ਪਲੇਆਫ਼ ਦੀ ਦਹਿਲੀਜ਼ ਤੱਕ ਪਹੁੰਚਾਇਆ। ਆਖ਼ਰੀ ਓਵਰ 'ਚ ਚੇਨਈ ਨੂੰ 17 ਦੌੜਾਂ ਦੀ ਲੋੜ ਸੀ ਤੇ ਗੇਂਦ ਯਸ਼ ਦਿਆਲ ਦੇ ਹੱਥ ਸੀ। ਧਓਨੀ ਨੇ ਪਹਿਲੀ ਹੀ ਗੇਂਦ 'ਤੇ ਜ਼ਬਰਦਸਤ ਛੱਕਾ ਲਗਾ ਕੇ ਟੀਮ ਦੀਆਂ ਉਮੀਦਾਂ ਜਗਾ ਦਿੱਤੀਆਂ। ਪਰ ਅਗਲੀ ਹੀ ਗੇਂਦ 'ਤੇ ਉਹ ਬਾਊਂਡਰੀ 'ਤੇ ਕੈਚ ਆਊਟ ਹੋ ਗਿਆ। ਉਸ ਨੇ 13 ਗੇਂਦਾਂ ਦੀ ਪਾਰੀ 'ਚ 3 ਚੌਕਿਆਂ ਤੇ 1 ਛੱਕੇ ਦੀ ਬਦੌਲਤ 25 ਦੌੜਾਂ ਬਣਾਈਆਂ।
ਇਸ ਤੋਂ ਬਾਅਦ ਜਡੇਜਾ ਨੇ ਭਰਪੂਰ ਕੋਸ਼ਿਸ਼ ਕੀਤੀ, ਪਰ ਅੰਤ 'ਚ ਆਰ.ਸੀ.ਬੀ. ਨੇ ਬਾਜ਼ੀ ਮਾਰ ਲਈ। ਚੇਨਈ ਦੀ ਟੀਮ 20 ਓਵਰਾਂ 'ਚ 7 ਵਿਕਟਾਂ ਗੁਆ ਕੇ 191 ਦੌੜਾਂ ਹੀ ਬਣਾ ਸਕੀ ਤੇ ਇਸ ਤਰ੍ਹਾਂ ਇਹ ਮੁਕਾਬਲਾ 27 ਦੌੜਾਂ ਨਾਲ ਹਾਰ ਗਈ ਤੇ ਪਲੇਆਫ਼ ਦੀ ਰੇਸ 'ਚੋਂ ਵੀ ਬਾਹਰ ਹੋ ਗਈ। ਜਡੇਜਾ 22 ਗੇਂਦਾਂ 'ਚ 42 ਦੌੜਾਂ ਬਣਾ ਕੇ ਨਾਬਾਦ ਰਿਹਾ, ਪਰ ਟੀਮ ਨੂੰ ਪਲੇਆਫ਼ ਤੱਕ ਪਹੁੰਚਾਉਣ 'ਚ ਕਾਮਯਾਬ ਨਾ ਹੋ ਸਕਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e