IPL 2024: ਬੈਂਗਲੁਰੂ ਤੇ ਗੁਜਰਾਤ ਲਈ ਭਲਕੇ 'ਕਰੋ ਜਾਂ ਮਰੋ’ ਦਾ ਮੁਕਾਬਲਾ

Friday, May 03, 2024 - 09:03 PM (IST)

ਬੈਂਗਲੁਰੂ-  ਸਮੀਕਰਣਾਂ ਦੇ ਆਧਾਰ ’ਤੇ ਅਜੇ ਵੀ ਪਲੇਅ ਆਫ ਦੀ ਦੌੜ ’ਚੋਂ ਬਾਹਰ ਨਾ ਹੋਈਆਂ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਤੇ ਗੁਜਰਾਤ ਟਾਈਟਨਸ ਨੂੰ ਆਪਣੀਆਂ ਥੋੜ੍ਹੀ-ਬਹੁਤੀਆਂ ਉਮੀਦਾਂ ਵੀ ਕਾਇਮ ਰੱਖਣ ਲਈ ਸ਼ਨੀਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਟੀ-20 ਮੈਚ ਵਿਚ ਹਰ ਹਾਲ ਵਿਚ ਜਿੱਤ ਦਰਜ ਕਰਨੀ ਪਵੇਗੀ। ਰਾਇਲ ਚੈਲੰਜਰਜ਼ ਬੈਂਗਲੁਰੂ 10 ਮੈਚਾਂ ਵਿਚੋਂ 6 ਅੰਕ ਲੈ ਕੇ ਅੰਕ ਸੂਚੀ ਵਿਚ ਸਭ ਤੋਂ ਹੇਠਾਂ ਹੈ ਜਦਕਿ ਗੁਜਰਾਤ 10 ਮੈਚਾਂ ਵਿਚੋਂ 8 ਅੰਕ ਲੈ ਕੇ 8ਵੇਂ ਸਥਾਨ ’ਤੇ ਹੈ। ਚੇਨਈ ਸੁਪਰ ਕਿੰਗਜ਼ ਤੇ ਦਿੱਲੀ ਕੈਪੀਟਲਸ (10 ਅੰਕ) ਦੀ ਪਿਛਲੇ ਮੈਚ ਵਿਚ ਹਾਰ ਤੋਂ ਬਾਅਦ ਇਨ੍ਹਾਂ ਦੋਵਾਂ ਟੀਮਾਂ ਦੀਆਂ ਉਮੀਦਾਂ ਬੱਝੀਆਂ ਹਨ। ਦੋਵਾਂ ਨੂੰ ਬਾਖੂਬੀ ਪਤਾ ਹੈ ਕਿ ਦੂਜੀਆਂ ਟੀਮਾਂ ਦੇ ਨਤੀਜਿਆਂ ’ਤੇ ਨਿਰਭਰ ਰਹਿਣ ਦੀ ਬਜਾਏ ਖੁਦ ਆਪਣੀ ਮੁਹਿੰਮ ਨੂੰ ਰਸਤੇ ’ਤੇ ਲਿਆਉਣਾ ਪਵੇਗਾ।
ਆਪਣੇ ਮੈਦਾਨ ’ਚ ਖੇਡ ਰਹੀ ਆਰ. ਸੀ. ਬੀ. ਲਈ ਵਿਰਾਟ ਕੋਹਲੀ ਸ਼ਾਨਦਾਰ ਫਾਰਮ ਵਿਚ ਹੈ, ਜਿਹੜਾ ਇਸ ਸੈਸ਼ਨ ਵਿਚ 500 ਦੌੜਾਂ ਬਣਾਉਣ ਵਾਲਾ ਪਹਿਲਾ ਬੱਲੇਬਾਜ਼ ਬਣਿਆ। ਆਰ. ਸੀ. ਬੀ. ਨੂੰ ਉਸ ਤੋਂ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਗੇਂਦਬਾਜ਼ਾਂ ਨੇ ਹਾਲਾਂਕਿ ਮੇਜ਼ਬਾਨ ਨੂੰ ਨਿਰਾਸ਼ ਕੀਤਾ ਹੈ। ਮੁਹੰਮਦ ਸਿਰਾਜ, ਯਸ਼ ਦਿਆਲ, ਕਰਣ ਸ਼ਰਮਾ ਤੇ ਸਵਪਨਿਲ ਸਿੰਘ ਕੋਈ ਵੀ ਪ੍ਰਭਾਵਿਤ ਨਹੀਂ ਕਰ ਸਕਿਆ ਹੈ। ਬੱਲੇਬਾਜ਼ਾਂ ਦੀ ਐਸ਼ਗਾਹ ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ’ਤੇ ਉਨ੍ਹਾਂ ਨੂੰ ਗੁਜਰਾਤ ਦੇ ਬੱਲੇਬਾਜ਼ਾਂ ’ਤੇ ਰੋਕ ਲਾਉਣੀ ਪਵੇਗੀ, ਹਾਲਾਂਕਿ ਅਜੇ ਤਕ ਉਹ ਇਕ ਇਕਾਈ ਦੇ ਰੂਪ ਵਿਚ ਚੰਗਾ ਖੇਡ ਨਹੀਂ ਸਕੇ ਹਨ।
ਸ਼ੁਭਮਨ ਗਿੱਲ ਤੇ ਬੀ. ਸਾਈ ਸੁਦਰਸ਼ਨ ਨੇ ਮਿਲ ਕੇ ਗੁਜਰਾਤ ਲਈ 700 ਤੋਂ ਵੱਧ ਦੌੜਾਂ ਬਣਾਈਆਂ ਹਨ। ਰਿਧੀਮਾਨ ਸਾਹਾ, ਡੇਵਿਡ ਮਿਲਰ, ਰਾਹੁਲ ਤੇਵਤੀਆ, ਵਿਜੇ ਸ਼ੰਕਰ ਤੇ ਸ਼ਾਹਰੁਖ ਖਾਨ 200 ਦੌੜਾਂ ਦੇ ਨੇੜੇ-ਤੇੜੇ ਵੀ ਨਹੀਂ ਪਹੁੰਚ ਸਕੇ ਹਨ। ਗੇਂਦਬਾਜ਼ੀ ਵਿਚ ਸਟਾਰ ਸਪਿਨਰ ਰਾਸ਼ਿਦ ਖਾਨ ਸਮੇਤ ਕੋਈ ਵੀ ਆਪਣੇ ਅਕਸ ਦੇ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਿਆ ਹੈ। ਰਾਸ਼ਿਦ ਨੇ 10 ਮੈਚਾਂ ਵਿਚ 8 ਦੀ ਇਕਾਨਮੀ ਰੇਟ ਨਾਲ 8 ਵਿਕਟਾਂ ਲਈਆਂ ਹਨ। ਪਿਛਲੇ ਸਾਲ ਉਸ ਨੇ 8.24 ਦੀ ਇਕਾਨਮੀ ਰੇਟ ਨਾਲ 27 ਵਿਕਟਾਂ ਲਈਆਂ ਸਨ। ਤੇਜ਼ ਗੇਂਦਬਾਜ਼ੀ ਵਿਚ ਟੀਮ ਨੂੰ ਮੁਹੰਮਦ ਸ਼ਮੀ ਦੀ ਕਮੀ ਮਹਿਸੂਸ ਹੋ ਰਹੀ ਹੈ, ਜੋ ਸਰਜਰੀ ਤੋਂ ਬਾਅਦ ਉੱਭਰ ਰਹੇ ਹਨ। ਉਮੇਸ਼ ਯਾਦਵ ਤੇ ਮੋਹਿਤ ਸ਼ਰਮਾ ਕਾਫੀ ਮਹਿੰਗੇ ਸਾਬਤ ਹੋਏ ਹਨ। ਮੋਹਿਤ ਨੇ 10 ਵਿਕਟਾਂ ਲਈਆਂ ਪਰ 11 ਤੋਂ ਵੱਧ ਦੀ ਦਰ ਨਾਲ ਦੌੜਾਂ ਦਿੱਤੀਆਂ ਹਨ। ਉਮੇਸ਼ 7 ਹੀ ਵਿਕਟਾਂ ਲੈ ਸਕਿਆ ਹੈ।

 


Aarti dhillon

Content Editor

Related News