ਅੱਜ ਮੁੰਬਈ ਅਤੇ ਗੁਜਰਾਤ ਵਿਚਾਲੇ ਹੋਵੇਗਾ ਸਖ਼ਤ ਮੁਕਾਬਲਾ, ਦੋਵਾਂ ਟੀਮਾਂ ਲਈ ਇਹ ਹੋਣਗੀਆਂ ਚੁਣੌਤੀਆਂ

05/26/2023 1:42:29 PM

ਅਹਿਮਦਾਬਾਦ (ਭਾਸ਼ਾ)– ਆਕਾਸ਼ ਮਧਵਾਲ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਐਲਿਮੀਨੇਟਰ ’ਚ ਲਖਨਊ ਸੁਪਰ ਜਾਇੰਟਸ ’ਤੇ ਵੱਡੀ ਜਿੱਤ ਦਰਜ ਕਰਨ ਤੋਂ ਉਤਸ਼ਾਹਿਤ ਮੁੰਬਈ ਇੰਡੀਅਨਜ਼ ਦੀ ਟੀਮ ਨੂੰ ਸ਼ੁੱਕਰਵਾਰ ਨੂੰ ਇੱਥੇ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.)-2023 ਦੇ ਦੂਜੇ ਕੁਆਲੀਫਾਇਰ ’ਚ ਸਾਬਕਾ ਚੈਂਪੀਅਨ ਗੁਜਰਾਤ ਟਾਈਟਨਸ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਮਧਵਾਲ ਨੇ ਬੁੱਧਵਾਰ ਨੂੰ ਚੇਨਈ ’ਚ ਖੇਡੇ ਗਏ ਐਲਿਮੀਨੇਟਰ ਵਿਚ 5 ਦੌੜਾਂ ਦੇ ਕੇ 5 ਵਿਕਟਾਂ ਲਈਆਂ, ਜਿਸ ਨਾਲ 5 ਵਾਰ ਦੇ ਆਈ. ਪੀ. ਐੱਲ. ਚੈਂਪੀਅਨ ਮੁੰਬਈ ਨੇ ਲਖਨਊ ਨੂੰ 81 ਦੌੜਾਂ ਨਾਲ ਕਰਾਰੀ ਹਾਰ ਦਿੱਤੀ।

ਇਹ ਵੀ ਪੜ੍ਹੋ: 'ਯੂਨੀਵਰਸ ਬੌਸ' ਨੇ ਦੀਪਕਾ ਪਾਦੁਕੋਣ ਨੂੰ ਲੈ ਕੇ ਜ਼ਾਹਰ ਕੀਤੀ ਇਹ ਖ਼ਾਹਿਸ਼, ਸੁਣਕੇ ਹੈਰਾਨ ਹੋਣਗੇ ਰਣਵੀਰ

ਜਸਪ੍ਰੀਤ ਬੁਮਰਾਹ ਤੇ ਜੋਫ੍ਰਾ ਆਰਚਰ ਵਰਗੇ ਖਿਡਾਰੀਆਂ ਦੀ ਗੈਰ-ਹਾਜ਼ਰੀ ਦੇ ਬਾਵਜੂਦ ਮੁੰਬਈ ਦੀ ਇਹ ਵੱਡੀ ਜਿੱਤ ਦੂਜੀਆਂ ਟੀਮਾਂ ਲਈ ਖਤਰੇ ਦੀ ਘੰਟੀ ਹੈ। ਮੁੰਬਈ ਦਾ ਇਸ ਸੈਸ਼ਨ ’ਚ ਪ੍ਰਦਰਸ਼ਨ ਉਤਾਰ-ਚੜਾਅ ਵਾਲਾ ਰਿਹਾ ਹੈ ਪਰ ਹੁਣ ਲੱਗਦਾ ਹੈ ਕਿ ਉਸਦੀ ਟੀਮ ਸਹੀ ਸਮੇਂ ’ਤੇ ਆਪਣੀ ਸਰਵਸ੍ਰੇਸ਼ਠ ਫਾਰਮ ’ਚ ਪਰਤ ਆਈ ਹੈ। ਕੈਮਰਨ ਗ੍ਰੀਨ, ਸੂਰਯਕੁਮਾਰ ਯਾਦਵ ਤੇ ਟਿਮ ਡੇਵਿਡ ਨੇ ਅਜੇ ਤਕ ਚੁਣੌਤੀਆਂ ਦਾ ਚੰਗੀ ਤਰ੍ਹਾਂ ਨਾਲ ਸਾਹਮਣਾ ਕੀਤਾ ਹੈ। ਉਨ੍ਹਾਂ ਤੋਂ ਇਲਾਵਾ ਨੌਜਵਾਨ ਬੱਲੇਬਾਜ਼ ਨੇਹਾਲ ਵਡੇਰਾ ਵੀ ਆਪਣਾ ਅਸਰ ਛੱਡ ਰਿਹਾ ਹੈ ਜਦਕਿ ਰੋਹਿਤ ਸ਼ਰਮਾ ਤੇ ਇਸ਼ਾਨ ਕਿਸ਼ਨ ਦੀ ਸਲਾਮ ਜੋੜੀ ਵੀ ਆਪਣੀ ਭੂਮਿਕਾ ਨਿਭਾਅ ਰਹੀ ਹੈ। ਇਸ ਨਾਲ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਆਪਣੇ ਛੇਵੇਂ ਖਿਤਾਬ ਵੱਲ ਮਜ਼ਬੂਤੀ ਨਾਲ ਕਦਮ ਵਧਾ ਰਹੀ ਹੈ। ਇਨ੍ਹਾਂ ਬੱਲੇਬਾਜ਼ਾਂ ਦੇ ਸਾਹਮਣੇ ਗੁਜਰਾਤ ਦੇ ਗੇਂਦਬਾਜ਼ਾਂ ਦੀ ਸਖਤ ਪ੍ਰੀਖਿਆ ਹੋਵੇਗੀ, ਜਿਸ ਦੀ ਅਗਵਾਈ ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਕਰ ਰਿਹਾ ਹੈ। ਮਧਵਾਲਾ ਨੇ ਲਖਨਊ ਵਿਰੁੱਧ ਪਿਛਲੇ ਮੈਚ ’ਚ ਗੇਂਦਬਾਜ਼ੀ ਵਿਚ ਚਮਤਕਾਰੀ ਪ੍ਰਦਰਸ਼ਨ ਕੀਤਾ। ਉਸ ਨੇ 3.5 ਓਵਰਾਂ ’ਚ 5 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਟੀਮ ਨੂੰ ਉਸ ਤੋਂ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ।

ਇਹ ਵੀ ਪੜ੍ਹੋ: ਏਸ਼ੀਆ ਕੱਪ ਖੇਡਣ ਨੂੰ ਲੈ ਕੇ ਭਾਰਤ-ਪਾਕਿ 'ਚ ਰੇੜਕਾ ਬਰਕਰਾਰ, ਜੈ ਸ਼ਾਹ ਦਾ ਅਹਿਮ ਬਿਆਨ ਆਇਆ ਸਾਹਮਣੇ

ਮੁੰਬਈ ਦੇ ਹੋਰਨਾਂ ਗੇਂਦਬਾਜ਼ਾਂ ’ਚ ਤਜਰਬੇਕਾਰੀ ਲੈੱਗ ਸਪਿਨਰ ਪਿਊਸ਼ ਚਾਵਲਾ ਤੇ ਤੇਜ਼ ਗੇਂਦਬਾਜ਼ ਜੈਸਨ ਬਹਿਨਰਡ੍ਰੌਫ ਨੇ ਵੀ ਪ੍ਰਭਾਵਸ਼ਾਲੀ ਗੇਂਦਬਾਜ਼ੀ ਕੀਤੀ ਹੈ। ਪਿਛਲੇ ਕੁਝ ਮੈਚਾਂ ’ਚ ਦੌੜਾਂ ਦੇਣ ਵਾਲੇ ਤੇਜ਼ ਗੇਂਦਬਾਜ਼ ਕ੍ਰਿਸ ਜੌਰਡਨ ਨੇ ਲਖਨਊ ਵਿਰੁੱਧ ਦੋ ਓਵਰਾਂ ਵਿਚ 7 ਦੌੜਾਂ ਦੇ ਕੇ ਇਕ ਵਿਕਟ ਲਈ, ਜਿਹੜਾ ਕਿ ਮੁੰਬਈ ਲਈ ਚੰਗਾ ਸੰਕੇਤ ਹੈ। ਗੁਜਰਾਤ ਟਾਈਟਨਸ ਪਹਿਲੇ ਕੁਆਲੀਫਾਇਰ ’ਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਦੀ ਟੀਮ ਹੱਥੋਂ ਹਾਰ ਝੱਲਣ ਤੋਂ ਬਾਅਦ ਇਸ ਮੈਚ ’ਚ ਉਤਰੇਗੀ। ਉਸ ਨੂੰ ਲਗਤਾਰ ਦੂਜੀ ਵਾਰ ਆਈ. ਪੀ. ਐੱਲ. ਫਾਈਨਲ ’ਚ ਜਗ੍ਹਾ ਬਣਾਉਣ ਲਈ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਪਵੇਗਾ। ਗੁਜਰਾਤ ਦੇ ਸਾਰੇ ਖਿਡਾਰੀਆਂ ਨੇ ਅਜੇ ਤਕ ਅਹਿਮ ਯੋਗਦਾਨ ਦਿੱਤਾ ਹੈ। ਬੱਲੇਬਾਜ਼ੀ ’ਚ ਸ਼ੁਭਮਨ ਗਿੱਲ ਤੇ ਵਿਜੇ ਸ਼ੰਕਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਗਿੱਲ ਚੇਨਈ ਵਿਰੁੱਧ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਿਆ ਸੀ ਪਰ ਲੀਗ ਗੇੜ ਦੇ ਆਖਰੀ ਦੋ ਮੈਚਾਂ ’ਚ ਸੈਂਕੜਾ ਲਾਉਣ ਵਾਲਾ ਇਹ ਸਲਾਮੀ ਬੱਲੇਬਾਜ਼ ਮੁੰਬਈ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗਾ। 

ਇਹ ਵੀ ਪੜ੍ਹੋ: ਕ੍ਰਿਕਟਰ ਰਿਸ਼ਭ ਪੰਤ ਬਿਨਾਂ ਸਹਾਰੇ ਮੁੰਬਈ ਏਅਰਪੋਰਟ 'ਤੇ ਹੋਏ ਸਪਾਟ, ਡੈਸ਼ਿੰਗ ਲੁੱਕ 'ਚ ਆਏ ਨਜ਼ਰ (ਵੀਡੀਓ)

ਗਿੱਲ ਨੇ ਗੁਜਰਾਤ ਟਾਈਨਟਸ ਦੀ ਬੱਲੇਬਾਜ਼ੀ ਦੀ ਜ਼ਿੰਮੇਵਾਰੀ ਬਾਖੂਬੀ ਸੰਭਾਲ ਰੱਖੀ ਹੈ। ਇਸਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਨੇ ਅਜੇ ਤਕ 15 ਮੈਚਾਂ ’ਚ 722 ਦੌੜਾਂ ਬਣਾਈਆਂ ਹਨ। ਗੁਜਰਾਤ ਵਲੋਂ ਉਸਦੀਆਂ ਸਭ ਤੋਂ ਵੱਧ ਦੌੜਾਂ ਵਿਜੇ ਸ਼ੰਕਰ ਨੇ ਬਣਾਈਆਂ ਹਨ ਪਰ ਉਹ ਗਿੱਲ ਤੋਂ 421 ਦੌੜਾਂ ਪਿੱਛੇ ਹੈ। ਸ਼ੰਕਰ ਦੇ ਨਾਂ ’ਤੇ ਅਜੇ 12 ਮੈਚਾਂ ’ਚ 301 ਦੌੜਾਂ ਦਰਜ ਹਨ। ਗਿੱਲ ਨੂੰ ਇਸ ਸੈਸ਼ਨ ’ਚ ਸਭ ਤੋਂ ਵੱਧ ਦੌੜਾਂ ਬਣਾ ਕੇ ਆਰ. ਸੀ. ਬੀ. ਵਿਰੁੱਧ ਫਾਫ ਡੂ ਪਲੇਸਿਸ ਤੋਂ ਓਰੇਂਜ ਕੈਪ ਹਾਸਲ ਕਰਨ ਲਈ ਸਿਰਫ 8 ਦੌੜਾਂ ਦੀ ਲੋੜ ਹੈ। ਗੁਜਰਾਤ ਲਈ ਹਾਲਾਂਕਿ ਕਪਤਾਨ ਹਾਰਦਿਕ ਪੰਡਯਾ ਦਾ ਖਰਾਬ ਪ੍ਰਦਰਸ਼ਨ ਚਿੰਤਾ ਦਾ ਵਿਸ਼ਾ ਹੈ। ਉਸ ਨੇ ਪਿਛਲੇ ਮੈਚ ’ਚ ਸਿਰਫ 45 ਦੌੜਾਂ ਬਣਾਈਆਂ ਸਨ। ਮੱਧਕ੍ਰਮ ’ਚ ਡੇਵਿਡ ਮਿਲਰ ਵੀ ਵੱਡੀ ਪਾਰੀ ਖੇਡਣ ’ਚ ਅਸਫਲ ਰਿਹਾ ਹੈ। ਪਿਛਲੇ ਤਿੰਨ ਮੈਚਾਂ ’ਚ ਤਾਂ ਉਹ ਦਹਾਈ ਦੇ ਅੰਕ ਤਕ ਵੀ ਨਹੀਂ ਪਹੁੰਚ ਸਕਿਆ ਸੀ। ਮੁੰਬਈ ਤੇ ਗੁਜਰਾਤ ਇਸ ਸੈਸ਼ਨ ’ਚ ਤੀਜੀ ਵਾਰ ਇਕ-ਦੂਜੇ ਦਾ ਸਾਹਮਣਾ ਕਰਨਗੇ। ਅਜੇ ਤਕ ਦੋਵੇਂ ਟੀਮਾਂ ਨੇ ਇਕ-ਇਕ ਮੈਚ ਜਿੱਤਿਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News