IPL 2023 ਦੇ Qualifier ''ਚ ਪਹੁੰਚੀ ਮੁੰਬਈ ਇੰਡੀਅਨਜ਼, ਟੂਰਨਾਮੈਂਟ ਤੋਂ ਬਾਹਰ ਹੋਈ ਲਖ਼ਨਊ
Wednesday, May 24, 2023 - 11:48 PM (IST)
ਸਪੋਰਟਸ ਡੈਸਕ: ਅੱਜ ਮੁੰਬਈ ਇੰਡੀਅਨਜ਼ ਨੇ ਐਲੀਮਿਨੇਟਰ ਮੁਕਾਬਲੇ ਵਿਚ ਲਖ਼ਨਊ ਸੁਪਰ ਜਾਇੰਟਸ ਨੂੰ ਹਰਾ ਕੇ ਕੁਆਲੀਫ਼ਾਇਰ ਮੁਕਾਬਲੇ ਵਿਚ ਜਗ੍ਹਾ ਬਣਾ ਲਈ ਹੈ, ਜਿੱਥੇ ਉਨ੍ਹਾਂ ਦਾ ਮੁਕਾਬਲਾ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਸ ਮੁਕਾਬਲੇ 'ਚੋਂ ਜੇਤੂ ਰਹਿਣ ਵਾਲੀ ਟੂਰਨਾਮੈਂਟ ਦੇ ਫ਼ਾਈਨਲ ਵਿਚ ਟਰਾਫ਼ੀ ਲਈ ਚੇਨਈ ਸੁਪਰ ਕਿੰਗਜ਼ ਨਾਲ ਭਿੜੇਗੀ। ਦੂਜੇ ਪਾਸੇ ਮੁੰਬਈ ਤੋਂ ਮਿਲੀ ਇਸ ਹਾਰ ਦੇ ਨਾਲ ਹੀ ਲਖ਼ਨਊ ਸੁਪਰ ਜਾਇੰਟਸ ਦਾ ਟੂਰਨਾਮੈਂਟ ਵਿਚ ਸਫ਼ਰ ਇੱਥੇ ਹੀ ਖ਼ਤਮ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - ਦੁਨੀਆ 'ਚ ਕੋਰੋਨਾ ਤੋਂ ਵੀ ਖ਼ਤਰਨਾਕ ਮਹਾਮਾਰੀ ਫ਼ੈਲਣ ਦਾ ਖ਼ਤਰਾ! WHO ਨੇ ਦਿੱਤੀ ਚੇਤਾਵਨੀ
ਐਲੀਮਿਨੇਟਰ ਮੁਕਾਬਲੇ ਵਿਚ ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। 38 ਦੌੜਾਂ 'ਤੇ ਆਪਣੇ ਦੋਵੇਂ ਸਲਾਮੀ ਬੱਲੇਬਾਜ਼ਾਂ ਦੀ ਵਿਕਟ ਗੁਆਉਣ ਤੋਂ ਬਾਅਦ ਮੁੰਬਈ ਇੰਡੀਅਨਜ਼ ਦੀ ਟੀਮ ਨੂੰ ਕੈਮਰੋਨ ਗਰੀਨ (41) ਅਤੇ ਸੂਰਿਆਕੁਮਾਰ ਯਾਦਵ (33) ਨੇ ਸੰਭਾਲਿਆ। 11ਵੇਂ ਓਵਰ ਵਿਚ ਇਹ ਦੋਵੇਂ ਵੀ ਆਊਟ ਹੋ ਗਏ। ਅਖ਼ੀਰ ਵਿਚ ਤਿਲਕ ਵਰਮਾ ਤੇ ਨੇਹਾਲ ਵਢੇਰਾ ਨੇ ਵੀ ਛੋਟੀਆਂ ਪਰ ਪ੍ਰਭਾਵਸ਼ਾਲੀ ਪਾਰੀਆਂ ਖੇਡੀਆਂ। ਇਨ੍ਹਾਂ ਪਾਰੀਆਂ ਸਦਕਾ ਮੁੰਬਈ ਨੇ ਨਿਰਧਾਰਿਤ 20 ਓਵਰਾਂ ਵਿਚ 8 ਵਿਕਟਾਂ ਗੁਆ ਕੇ 182 ਦੌੜਾਂ ਬਣਾਈਆਂ। ਲਖ਼ਨਊ ਦੇ ਨਵੀਨ ਉਲ ਹੱਕ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਅਤੇ ਯਸ਼ ਠਾਕੁਰ ਨੇ 3 ਵਿਕਟਾਂ ਆਪਣੇ ਨਾਂ ਕੀਤੀਆਂ।
ਟੀਚੇ ਦਾ ਪਿੱਛਾ ਕਰਨ ਉਤਰੀ ਲਖ਼ਨਊ ਵੱਲੋਂ ਮਾਰਕਸ ਸਟਾਇਨਿਸ ਦੀ 40 ਦੌੜਾਂ ਦੀ ਪਾਰੀ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਲਖ਼ਨਊ ਦੀ ਟੀਮ 16.3 ਓਵਰਾਂ ਵਿਚ 101 ਦੌੜਾਂ 'ਤੇ ਹੀ ਸਿਮਟ ਗਈ ਤੇ 81 ਦੌੜਾਂ ਦੇ ਵੱਡੇ ਫ਼ਾਸਲੇ ਨਾਲ ਇਹ ਮੁਕਾਬਲਾ ਗੁਆ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।