IPL 2023 : ਲਖਨਊ ਦੀ ਸ਼ਾਨਦਾਰ ਜਿੱਤ, ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾਇਆ

Friday, Apr 07, 2023 - 10:49 PM (IST)

IPL 2023 : ਲਖਨਊ ਦੀ ਸ਼ਾਨਦਾਰ ਜਿੱਤ, ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾਇਆ

ਸਪੋਰਟਸ ਡੈਸਕ : ਆਈ.ਪੀ.ਐੱਲ 'ਚ ਸ਼ੁੱਕਰਵਾਰ ਨੂੰ ਖੇਡੇ ਗਏ ਮੈਚ 'ਚ ਲਖਨਊ ਸੁਪਰ ਜਾਇੰਟਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾਇਆ। ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 122 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦੇ ਜਵਾਬ 'ਚ ਲਖਨਊ ਨੇ ਇਹ ਟੀਚਾ 16ਵੇਂ ਓਵਰ 'ਚ ਹੀ ਹਾਸਲ ਕਰ ਲਿਆ। ਲਖਨਊ ਵੱਲੋਂ ਕਰੁਣਾਲ ਪੰਡਯਾ ਨੇ ਆਲਰਾਊਂਡਰ ਪ੍ਰਦਰਸ਼ਨ ਦਿੱਤਾ। ਉਸ ਨੇ ਪਹਿਲੀ ਗੇਂਦਬਾਜ਼ੀ ਵਿੱਚ 3 ਵਿਕਟਾਂ ਲਈਆਂ, ਇਸ ਤੋਂ ਬਾਅਦ ਬੱਲੇਬਾਜ਼ੀ ਵਿੱਚ 34 ਦੌੜਾਂ ਦੀ ਪਾਰੀ ਖੇਡੀ।

ਟੀਚੇ ਦਾ ਪਿੱਛਾ ਕਰਦੇ ਹੋਏ ਕਰੁਣਾਲ ਪੰਡਯਾ ਤੋਂ ਇਲਾਵਾ ਕਪਤਾਨ ਕੇ.ਐੱਲ ਰਾਹੁਲ ਨੇ ਵੀ ਧੀਰਜ ਨਾਲ ਬੱਲੇਬਾਜ਼ੀ ਕੀਤੀ। ਉਸ ਨੇ 31 ਗੇਂਦਾਂ 'ਤੇ 35 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਇਲਾਵਾ ਕਾਇਲ ਮੇਅਰਜ਼ ਨੇ 13 ਅਤੇ ਦੀਪਕ ਹੁੱਡਾ ਨੇ 7 ਦੌੜਾਂ ਬਣਾਈਆਂ। ਰੋਮੀਓ ਸ਼ੈਫਰਡ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ। ਅੰਤ ਵਿੱਚ ਨਿਕੋਲਸ ਪੂਰਨ ਨੇ ਅਜੇਤੂ 11 ਅਤੇ ਮਾਰਕਸ ਸਟੋਇਨਿਸ ਨੇ ਅਜੇਤੂ 10 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ।

ਇਸ ਤੋਂ ਪਹਿਲਾਂ ਹੈਦਰਾਬਾਦ ਨੇ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 121 ਦੌੜਾਂ ਬਣਾਈਆਂ ਸਨ। ਹੈਦਰਾਬਾਦ ਸ਼ੁਰੂਆਤ ਤੋਂ ਲੈ ਕੇ ਆਖਰੀ ਓਵਰ ਤੱਕ ਸੰਘਰਸ਼ ਕਰਦਾ ਨਜ਼ਰ ਆਇਆ। ਰਾਹੁਲ ਤ੍ਰਿਪਾਠੀ ਨੇ ਟੀਮ ਲਈ 35 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ। ਉਸ ਤੋਂ ਇਲਾਵਾ ਅਨਮੋਲਪ੍ਰੀਤ ਸਿੰਘ ਨੇ ਵੀ 31 ਦੌੜਾਂ ਬਣਾਈਆਂ, ਜਦਕਿ ਵਾਸ਼ਿੰਗਟਨ ਸੁੰਦਰ ਨੇ 16 ਦੌੜਾਂ ਬਣਾਈਆਂ। ਅੰਤ ਵਿੱਚ ਅਬਦੁਲ ਸਮਦ ਨੇ ਨਾਬਾਦ 21 ਦੌੜਾਂ ਬਣਾਈਆਂ। ਇਨ੍ਹਾਂ ਚਾਰਾਂ ਤੋਂ ਇਲਾਵਾ ਹੈਦਰਾਬਾਦ ਦਾ ਕੋਈ ਵੀ ਬੱਲੇਬਾਜ਼ 10 ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕਿਆ। ਲਖਨਊ ਵੱਲੋਂ ਕਰੁਣਾਲ ਪੰਡਯਾ ਤੋਂ ਇਲਾਵਾ ਅਮਿਤ ਮਿਸ਼ਰਾ ਨੇ 2 ਵਿਕਟਾਂ ਲਈਆਂ, ਜਦਕਿ ਯਸ਼ ਠਾਕੁਰ ਅਤੇ ਰਵੀ ਬਿਸ਼ਨੋਈ ਨੇ 1-1 ਵਿਕਟ ਲਈ।


author

Mandeep Singh

Content Editor

Related News