IPL 2023: ਅੱਜ ਲਖਨਊ ਅਤੇ ਬੈਂਗਲੁਰੂ ਹੋਣਗੇ ਆਹਮੋ-ਸਾਹਮਣੇ, RCB ਨੂੰ ਮੱਧਕ੍ਰਮ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ

Monday, May 01, 2023 - 03:30 PM (IST)

IPL 2023: ਅੱਜ ਲਖਨਊ ਅਤੇ ਬੈਂਗਲੁਰੂ ਹੋਣਗੇ ਆਹਮੋ-ਸਾਹਮਣੇ, RCB ਨੂੰ ਮੱਧਕ੍ਰਮ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ

ਲਖਨਊ (ਭਾਸ਼ਾ)– ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੂੰ ਸੋਮਵਾਰ ਯਾਨੀ ਅੱਜ ਇੱਥੇ ਲਖਨਊ ਸੁਪਰ ਜਾਇੰਟਸ ਵਿਰੁੱਧ ਹੋਣ ਵਾਲੇ ਆਈ. ਪੀ. ਐੱਲ. ਟੀ-20 ਮੁਕਾਬਲੇ ਵਿਚ ਆਪਣੇ ਮੱਧਕ੍ਰਮ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਵਿਰਾਟ ਕੋਹਲੀ, ਫਾਫ ਡੂ ਪਲੇਸਿਸ ਤੇ ਗਲੇਨ ਮੈਕਸਵੈੱਲ ਦੀ ਮੌਜੂਦਗੀ ਵਿਚ ਆਰ. ਸੀ. ਬੀ. ਦੇ ਚੋਟੀਕ੍ਰਮ ਨੇ ਹੁਣ ਤਕ 8 ਮੁਕਾਬਲਿਆਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਮੱਧਕ੍ਰਮ ਟੀਮ ਦਾ ਕਮਜ਼ੋਰ ਪੱਖ ਸਾਬਤ ਹੋਇਆ ਹੈ। ਕੋਹਲੀ, ਪਲੇਸਿਸ ਤੇ ਮੈਕਸਵੈੱਲ ਤੋਂ ਹਰੇਕ ਮੈਚ ਵਿਚ ਟੀਮ ਨੂੰ ਜਿਤਾਉਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਤੇ ਸਮਾਂ ਆ ਗਿਆ ਹੈ ਕਿ ਮਹਿਪਾਲ ਲੋਮਰੋਰ, ਸ਼ਾਹਬਾਜ਼ ਅਹਿਮਦ ਤੇ ਦਿਨੇਸ਼ ਕਾਰਤਿਕ ਵਰਗੇ ਬੱਲੇਬਾਜ਼ ਵੀ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਨ। ਆਰ. ਸੀ. ਬੀ. ਦੀ ਫੀਲਡਿੰਗ ਵਿਚ ਵੀ ਸੁਧਾਰ ਦੀ ਗੁੰਜਾਇਸ਼ ਹੈ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਹਾਰ ਤੋਂ ਬਾਅਦ ਕੋਹਲੀ ਵੀ ਇਸ ਵੱਲ ਇਸ਼ਾਰਾ ਕਰ ਚੁੱਕਾ ਹੈ।

ਦੂਜੇ ਪਾਸੇ, ਲਖਨਊ ਦੀ ਟੀਮ ਪੰਜਾਬ ਕਿੰਗਜ਼ ਵਿਰੁੱਧ ਵੱਡੀ ਜਿੱਤ ਤੋਂ ਬਾਅਦ ਇਸ ਮੁਕਾਬਲੇ ਵਿਚ ਉਤਰੇਗੀ। ਪੰਜਾਬ ਵਿਰੁੱਧ ਬੱਲੇਬਾਜ਼ੀ ਪ੍ਰਦਰਸ਼ਨ ਦਰਸਾਉਂਦਾ ਹੈ ਕਿ ਜਦੋਂ ਕਾਇਲ ਮਾਇਰਸ, ਮਾਰਕਸ ਸਟੋਇੰਸ ਤੇ ਨਿਕੋਲਸ ਪੂਰਨ ਵਰਗੇ ਬੱਲੇਬਾਜ਼ ਲੈਅ ਵਿਚ ਹੋਣ ਤਾਂ ਕੋਈ ਵੀ ਸਕੋਰ ਹਾਸਲ ਕੀਤਾ ਜਾ ਸਕਦਾ ਹੈ। ਕਪਤਾਨ ਲੋਕੇਸ਼ ਰਾਹੁਲ ਹਾਲਾਂਕਿ ਦਬਾਅ ਵਿਚ ਹੈ ਤੇ ਲਖਨਊ ਦੇ ਘਰੇਲੂ ਮੈਦਾਨ ’ਤੇ ਛਾਪ ਛੱਡਣਾ ਚਾਹੇਗਾ। ਲਖਨਊ ਦੀ ਪਿੱਚ ਨੇ ਹਾਲਾਂਕਿ ਨਿਰਾਸ਼ ਕੀਤਾ ਹੈ ਤੇ ਇਹ ਘਰੇਲੂ ਟੀਮ ਦੇ ਮਜ਼ਬੂਤ ਪੱਖਾਂ ਦੇ ਅਨੁਸਾਰ ਨਹੀਂ ਹੈ। ਮੋਹਾਲੀ ਵਿਚ ਬੱਲੇਬਾਜ਼ੀ ਦੇ ਅਨੁਕੂਲ ਪਿੱਚ ’ਤੇ ਸੁਪਰ ਜਾਇੰਟਸ ਦੇ ਬੱਲੇਬਾਜ਼ਾਂ ਨੇ ਢੇਰ ਸਾਰੀਆਂ ਦੌੜਾਂ ਬਣਾਈਆਂ ਪਰ ਹੌਲੀ ਪਿੱਚ ’ਤੇ ਉਨ੍ਹਾਂ ਨੂੰ ਜੂਝਣਾ ਪੈ ਰਿਹਾ ਹੈ। ਰਾਹੁਲ ਤੇ ਉਸਦੀ ਟੀਮ ਨੂੰ ਹਾਲਾਂਕਿ ਪਿਛਲੇ ਘਰੇਲੂ ਮੈਚ ਦੀ ਤੁਲਨਾ ਵਿਚ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ।


author

cherry

Content Editor

Related News