IPL 2023: ਗੁਜਰਾਤ ਟਾਈਟਨਸ ਨੇ Play-offs 'ਚ ਰੱਖਿਆ ਕਦਮ, ਹੈਦਰਾਬਾਦ ਦਾ ਮੁੱਕਿਆ ਸਫ਼ਰ
Monday, May 15, 2023 - 11:25 PM (IST)
ਸਪੋਰਟਸ ਡੈਸਕ: ਸ਼ੁਭਮਨ ਗਿੱਲ ਦੇ ਸ਼ਾਨਦਾਰ ਸੈਂਕੜੇ ਤੋਂ ਬਾਅਦ ਗੇਂਦਾਬਾਜ਼ਾਂ ਦੇ ਜ਼ਬਰਦਸਤ ਪ੍ਰਦਰਸ਼ਨ ਸਦਕਾ ਅੱਜ ਗੁਜਰਾਤ ਟਾਈਟਨਸ ਨੇ ਹੈਦਰਾਬਾਦ ਨੂੰ ਹਰਾ ਕੇ ਪਲੇਆਫ਼ ਵਿਚ ਜਗ੍ਹਾ ਯਕੀਨੀ ਬਣਾ ਲਈ ਹੈ। ਦੱਸ ਦੇਈਏ ਕਿ ਇਸ ਵਾਰ ਆਈ.ਪੀ.ਐੱਲ. ਵਿਚ ਪਲੇਆਫ਼ ਦਾ ਮੁਕਾਬਲਾ ਕਾਫ਼ੀ ਫੱਸਵਾਂ ਚੱਲ ਰਿਹਾ ਹੈ ਤੇ ਗੁਜਰਾਤ ਟਾਈਟਨਸ 18 ਅੰਕਾਂ ਨਾਲ ਕੁਆਲੀਫ਼ਾਈ ਕਰਨ ਵਾਲੀ ਸੀਜ਼ਨ ਦੀ ਪਹਿਲੀ ਟੀਮ ਬਣ ਗਈ ਹੈ। ਚੇਨਈ ਸੁਪਰ ਕਿੰਗਜ਼ ਦੇ ਪਲੇਆਫ਼ ਵਿਚ ਜਾਣ ਦੀਆਂ ਸੰਭਾਵਨਾਵਾਂ ਵੀ ਬਹੁਤ ਜ਼ਿਆਦਾ ਹਨ ਪਰ ਬਾਕੀ ਟੀਮਾਂ ਵਿਚਾਲੇ ਪੇਚ ਅਜੇ ਵੀ ਫੱਸਿਆ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨ ਤੋਂ ਭਾਰਤ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਫ਼ੌਜ ਨੇ ਜੰਮੂ-ਕਸ਼ਮੀਰ 'ਚ ਔਰਤ ਨੂੰ ਕੀਤਾ ਢੇਰ
ਕਰੋ ਜਾਂ ਮਰੋ ਮੁਕਾਬਲੇ ਵਿਚ ਸਨਰਾਈਜ਼ਰਸ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਸੀ। ਭੁਵਨੇਸ਼ਵਰ ਕੁਮਾਰ ਨੇ ਪਹਿਲੇ ਹੀ ਓਵਰ ਵਿਚ ਰਿਧੀਮਾਨ ਸਾਹਾ ਨੂੰ ਜ਼ੀਰੋ 'ਤੇ ਆਊਟ ਕਰ ਕੇ ਵੱਡੀ ਸਫ਼ਲਤਾ ਵੀ ਦੁਆਈ। ਪਰ ਉਸ ਤੋਂ ਬਾਅਦ ਸ਼ੁਭਮਨ ਗਿੱਲ ਤੇ ਸਾਈ ਸੁਦਰਸ਼ਨ ਨੇ ਦੂਜੇ ਵਿਕਟ ਲਈ 147 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ। ਹਾਲਾਂਕਿ ਸਾਈ ਸੁਦਰਸ਼ਨ (47) ਤੋਂ ਬਾਅਦ ਕੋਈ ਵੀ ਬੱਲੇਬਾਜ਼ ਦੋ ਅੰਕਾਂ ਦੇ ਸਕੋਰ ਤਕ ਵੀ ਨਹੀਂ ਪਹੁੰਚ ਸਕਿਆ। ਇੱਧਰੋਂ ਸ਼ੁਭਮਨ ਗਿੱਲ ਦੀ ਬੱਲੇਬਾਜ਼ੀ ਜਾਰੀ ਰਹੀ ਤੇ ਉਸ ਨੇ 58 ਗੇਂਦਾਂ ਵਿਚ 1 ਛਿੱਕੇ ਤੇ 13 ਚੌਕਿਆਂ ਸਦਕਾ 101 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਦੋਹਾਂ ਬੱਲੇਬਾਜ਼ਾਂ ਦੀਆਂ ਸ਼ਾਨਦਾਰ ਪਾਰੀਆਂ ਸਦਕਾ ਟੀਮ ਦਾ ਸਕੋਰ 9 ਵਿਕਟਾਂ ਵਿਚ 188 ਤਕ ਪਹੁੰਚਿਆ। ਭੁਵਨੇਸ਼ਵਰ ਕੁਮਾਰ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 5 ਵਿਕਟਾਂ ਆਪਣੇ ਨਾਂ ਕੀਤੀਆਂ।
ਟੀਚੇ ਦਾ ਪਿੱਛਾ ਕਰਨ ਉਤਰੀ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਨੂੰ ਮੁਹੰਮਦ ਸ਼ਮੀ ਅਤੇ ਮੋਹਿਤ ਸ਼ਰਮਾ ਨੇ ਸ਼ੁਰੂ ਤੋਂ ਹੀ ਮੁਕਾਬਲੇ ਤੋਂ ਬਹੁਤ ਦੂਰ ਧੱਕ ਦਿੱਤਾ। ਹੈਦਰਾਬਾਦ ਨੇ 59 ਦੌੜਾਂ 'ਤੇ ਹੀ ਆਪਣੇ 7 ਬੱਲੇਬਾਜ਼ ਗੁਆ ਦਿੱਤੇ ਅਤੇ ਮੁਕਾਬਲੇ ਤੋਂ ਕਾਫ਼ੀ ਦੂਰ ਹੋ ਗਈ। ਹਾਲਾਂਕਿ ਕਲਾਸੇਨ (64) ਅਤੇ ਭੁਵਨੇਸ਼ਵਰ ਕੁਮਾਰ (27) ਨੇ ਸੰਘਰਸ਼ ਜਾਰੀ ਰੱਖਿਆ। ਅਖ਼ੀਰ ਮਯੰਕ ਮਾਰਕੰਡੇ ਨੇ ਵੀ ਆਪਣੇ ਹੱਥ ਅਜ਼ਮਾਏ ਪਰ ਟੀਮ ਨੂੰ ਜਿੱਤ ਦੇ ਕਰੀਬ ਵੀ ਨਹੀਂ ਪਹੁੰਚਾ ਸਕੇ। ਇਸ ਤਰ੍ਹਾਂ ਹੈਦਰਾਬਾਦ ਦੀ ਟੀਮ 20 ਓਵਰਾਂ ਵਿਚ 154 ਦੌੜਾਂ ਹੀ ਬਣਾ ਸਕੀ ਤੇ 34 ਦੌੜਾਂ ਨਾਲ ਇਹ ਮੁਕਾਬਲਾ ਹਾਰ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।