IPL 2022: ਸਨਰਾਈਜ਼ਰਸ ਦੇ ਹਮਲਾਵਰ ਗੇਂਦਬਾਜ਼ਾਂ ਅਤੇ ਦਿੱਲੀ ਦੇ ਬੱਲੇਬਾਜ਼ਾਂ ਵਿਚਾਲੇ ਹੋਵੇਗਾ ਮੁਕਾਬਲਾ

Thursday, May 05, 2022 - 12:08 PM (IST)

ਮੁੰਬਈ (ਭਾਸ਼ਾ)- ਆਪਣੇ ਪ੍ਰਦਰਸ਼ਨ ’ਚ ਲਗਾਤਾਰਤਾ ਬਣਾਈ ਰੱਖਣ ਲਈ ਜੂੰਝ ਰਹੇ ਦਿੱਲੀ ਕੈਪੀਟਲਸ ਦੇ ਬੱਲੇਬਾਜ਼ਾਂ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਵੀਰਵਾਰ ਨੂੰ ਇਥੇ ਸਨਰਾਈਜ਼ਰਸ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ਾਂ ਦੇ ਸਾਹਮਣੇ ਸਖਤ ਪ੍ਰੀਖਿਆ ਹੋਵੇਗੀ। ਉਸ ਨੂੰ ਟੀਮ ਦੀਆਂ ਉਮੀਦਾਂ ਜਿਊਂਦੀਆਂ ਰੱਖਣ ਲਈ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨਾ ਹੋਵੇਗਾ।

ਦਿੱਲੀ ਨੂੰ 9 ਮੈਚਾਂ ’ਚੋਂ 5 ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਨਾਲ ਉਸ ਦੇ ਪ੍ਰਦਰਸ਼ਨ ਅਤੇ ਟੀਮ ਮੈਨੇਜਮੈਂਟ ’ਤੇ ਸਵਾਲ ਉੱਠਣ ਲੱਗ ਗਏ ਹਨ। ਮੁੱਖ ਕੋਚ ਰਿੱਕੀ ਪੋਂਟਿੰਗ ਦਾ ਚਹੇਤਾ ਲਲਿਤ ਯਾਦਵ ਅਜੇ ਤੱਕ ਉਮੀਦਾਂ ’ਤੇ ਖਰਾ ਨਹੀਂ ਉਤਰਿਆ ਹੈ, ਜਦਕਿ ਐਨਰਿਕ ਮੋਕਰੀਆ ਦਾ ਖਾਸ ਇਸਤੇਮਾਲ ਨਹੀਂ ਕੀਤਾ ਗਿਆ ਹੈ। ਉਸ ਨੂੰ ਦਿੱਲੀ ਨੇ ਨੀਲਾਮੀ ਤੋਂ ਪਹਿਲਾਂ ਟੀਮ ’ਚ ਬਣਾ ਕੇ ਰੱਖਿਆ ਸੀ। ਆਲ ਰਾਊਂਡਰ ਲਲਿਤ ਨੇ ਅਜੇ ਤੱਕ 9 ਮੈਚਾਂ ’ਚ ਸਿਰਫ 137 ਦੌੜਾਂ ਬਣਾਈਆਂ ਹਨ। ਉਸ ਦਾ ਸਟ੍ਰਾਈਕ ਰੇਟ 110 ਤੋਂ ਵੀ ਘੱਟ ਹੈ। ਉਸ ਨੇ 4 ਵਿਕਟਾਂ ਲਈਆਂ ਹਨ। ਦਿੱਲੀ ਦੇ ਗੇਂਦਬਾਜ਼ਾਂ ’ਚ ਕੁਲਦੀਪ ਯਾਦਵ (17 ਵਿਕਟ) ਅਤੇ ਖਲੀਲ ਅਹਿਮਦ (11) ਵਿਕਟ ਨੂੰ ਛੱਡ ਕੇ ਕੋਈ ਖਾਸ ਪ੍ਰਭਾਵ ਨਹੀਂ ਛੱਡ ਸਕਿਆ ਹੈ।

ਮੁਸਤਾਫਿਜ਼ੁਰ ਰਹਿਮਾਨ ਟੁੱਕੜਿਆਂ ’ਚ ਹੀ ਚੰਗਾ ਪ੍ਰਦਰਸ਼ਨ ਕਰ ਸਕਿਆ ਹੈ। ਦਿੱਲੀ ਦਾ ਕੋਈ ਵੀ ਬੱਲੇਬਾਜ਼ ਆਪਣੇ ਪ੍ਰਦਰਸ਼ਨ ’ਚ ਲਗਾਤਾਰਤਾ ਨਹੀਂ ਰੱਖ ਸਕਿਆ ਹੈ। ਕਪਤਾਨ ਰਿਸ਼ਭ ਪੰਤ (234 ਦੌੜਾਂ) ਨੇ ਆਪਣੇ ਹਮਲਾਵਰ ਤੇਵਰ ਦਿਖਾਏ ਹਨ ਪਰ ਉਹ ਲੰਮੀ ਪਾਰੀ ਨਹੀਂ ਖੇਡ ਸਕਿਆ ਹੈ। ਉਸ ਦਾ ਸਨਰਾਈਜ਼ਰਸ ਦੇ ਤੂਫਾਨੀ ਗੇਂਦਬਾਜ਼ ਉਮਰਾਨ ਮਲਿਕ ਨਾਲ ਮੁਕਾਬਲਾ ਦੇਖਣ ਲਾਇਕ ਹੋਵੇਗਾ। ਮਲਿਕ ਦਾ ਇਸਤੇਮਾਲ ਪਾਵਰਲੇਅ ਤੋਂ ਬਾਅਦ ਹੀ ਕੀਤਾ ਜਾਂਦਾ ਰਿਹਾ ਹੈ। ਉਦੋਂ ਪੰਤ ਦੇ ਕ੍ਰੀਜ਼ ’ਤੇ ਹੋਣ ਦੀ ਸੰਭਾਵਨਾ ਹੈ। ਪ੍ਰਿਥਵੀ ਸ਼ਾਹ ਨੇ ਸ਼ੁਰੂ ’ਚ ਚੰਗਾ ਪ੍ਰਦਰਸ਼ਨ ਕੀਤਾ ਸੀ ਪਰ ਉਹ ਇਸ ਲੈਅ ਨੂੰ ਬਰਕਰਾਰ ਨਹੀਂ ਰੱਖ ਸਕਿਆ ਜਦਕਿ ਡੇਵਿਡ ਵਾਰਨਰ ਨੂੰ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ’ਚ ਬਦਲਣਾ ਹੋਵੇਗਾ।

ਦਿੱਲੀ ਦੇ ਬੱਲੇਬਾਜ਼ਾਂ ਲਈ ਹਾਲਾਂਕਿ ਭੁਵਨੇਸ਼ਵਰ ਕੁਮਾਰ, ਉਮਰਾਨ, ਟੀ-ਨਟਰਾਜਨ ਅਤੇ ਮਾਰਕੋ ਯਾਨਸੇਨ ਦੇ ਸਾਹਮਣੇ ਕੰਮ ਆਸਾਨ ਨਹੀਂ ਹੋਵੇਗਾ। ਸਨਰਾਈਜ਼ਰਸ ਦੇ ਗੇਂਦਬਾਜ਼ਾਂ ਨੇ ਹੁਣ ਤੱਕ ਆਪਣੀ ਟੀਮ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਉਹ ਆਪਣੀ ਟੀਮ ਦੇ ਅੰਕਾਂ ਨੂੰ 10 ਤੋਂ 12 ’ਤੇ ਪਹੁੰਚਾਉਣ ’ਚ ਕੋਈ ਕਸਰ ਨਹੀਂ ਛੱਡੇਗਾ। ਦਿੱਲੀ ਲਈ ਇਹ ਚੰਗੀ ਖਬਰ ਹੈ ਿਕ ਉਸ ਨੂੰ ਵਾਸ਼ਿੰਗਟਨ ਸੁੰਦਰ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਜਿਸ ਦੇ ਹੱਥ ’ਤੇ ਫਿਰ ਤੋਂ ਸੱਟ ਲੱਗ ਗਈ ਹੈ। ਉਸ ਦੀ ਜਗਾ ਜਗਦੀਸ਼ ਸੁਚਿਤ ਨੂੰ ਅੰਤਿਮ ਇਲੈਵਨ ’ਚ ਜਗਾ ਮਿਲਣ ਦੀ ਸੰਭਾਵਨਾ ਹੈ। ਸਨਰਾਈਜ਼ਰਸ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ (324 ਦੌੜਾਂ) ਨੇ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਦਿੱਲੀ ਦੇ ਗੇਂਦਬਾਜ਼ਾਂ ਨੂੰ ਉਸ ਤੋਂ ਚੌਕਸ ਰਹਿਣ ਦੀ ਜ਼ਰੂਰਤ ਹੈ। ਕਪਤਾਨ ਕੇਨ ਵਿਲੀਅਮਸਨ ਅਜੇ ਤੱਕ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕਿਆ। ਸਨਰਾਈਜ਼ਰਸ ਦੀਆਂ 9 ਮੈਚਾਂ ’ਚ 5 ਜਿੱਤਾਂ ’ਚ ਅਭਿਸ਼ੇਕ, ਏਡਨ ਮਾਰਕਰਾਮ ਅਤੇ ਰਾਹੁਲ ਤ੍ਰਿਪਾਠੀ ਨੇ ਬੱਲੇਬਾਜ਼ੀ ’ਚ ਅਹਿਮ ਭੂਮਿਕਾ ਨਿਭਾਈ ਹੈ।
 


cherry

Content Editor

Related News