CSK v SRH : ਚੇਨਈ ਦੀ ਹੈਦਰਾਬਾਦ 'ਤੇ ਸ਼ਾਨਦਾਰ ਜਿੱਤ, 7 ਵਿਕਟਾਂ ਨਾਲ ਹਰਾਇਆ
Wednesday, Apr 28, 2021 - 10:58 PM (IST)
ਨਵੀਂ ਦਿੱਲੀ- ਸਲਾਮੀ ਬੱਲੇਬਾਜ਼ਾਂ ਰੂਤੁਰਾਜ ਗਾਇਕਵਾੜ ਤੇ ਫਾਫ ਡੂ ਪਲੇਸਿਸ ਦੇ ਅਰਧ ਸੈਂਕੜਿਆਂ ਅਤੇ ਦੋਵਾਂ ’ਚ ਸੈਂਕੜੇ ਦੀ ਸਾਂਝੇਦਾਰੀ ਨਾਲ ਚੇਨਈ ਸੁਪਰ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ’ਚ ਸਨਰਾਈਜਰਜ਼ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾ ਕੇ ਲਗਾਤਾਰ 5ਵੀਂ ਜਿੱਤ ਨਾਲ ਅੰਕ ਸੂਚੀ ’ਚ ਟਾਪ ’ਤੇ ਪਹੁੰਚ ਗਿਆ।
ਸੁਪਰ ਕਿੰਗਜ਼ ਦੀ 6 ਮੈਚਾਂ ’ਚ ਇਹ 5ਵੀਂ ਜਿੱਤ ਹੈ ਅਤੇ ਟੀਮ 10 ਅੰਕ ਨਾਲ ਟਾਪ ’ਤੇ ਹੈ। ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵੀ ਇੰਨੇ ਹੀ ਅੰਕ ਹਨ ਪਰ ਬਿਹਤਰ ਨੈੱਟ ਰਨ ਰੇਟ ਕਾਰਨ ਚੇਨਈ ਦੀ ਟੀਮ ਟਾਪ ’ਤੇ ਹੈ। ਸਨਰਾਈਜਰਜ਼ ਦੀ ਟੀਮ 6 ਮੈਚਾਂ ’ਚ 5ਵੀਂ ਹਾਰ ਤੋਂ ਬਾਅਦ 2 ਅੰਕਾਂ ਨਾਲ ਆਖਰੀ ਸਥਾਨ ’ਤੇ ਹੈ। ਸਨਰਾਈਜਰਜ਼ ਦੀਆਂ 172 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸੁਪਰ ਕਿੰਗਜ਼ ਨੇ ਗਾਇਕਵਾੜ (75 ਦੌੜਾਂ) ਅਤੇ ਡੂ ਪਲੇਸਿਸ (56 ਦੌੜਾਂ) ’ਚ ਪਹਿਲੇ ਵਿਕਟ ਦੀਆਂ 129 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ 18.3 ਓਵਰਾਂ ’ਚ 3 ਵਿਕਟਾਂ ’ਤੇ 173 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ।
ਇਹ ਖ਼ਬਰ ਪੜ੍ਹੋ : BCCI ਨੇ ਵਿਦੇਸ਼ੀ ਖਿਡਾਰੀਆਂ ਨੂੰ ਸੁਰੱਖਿਅਤ ਘਰ ਵਾਪਸੀ ਦਾ ਦਿੱਤਾ ਭਰੋਸਾ
ਸਨਰਾਈਜਰਜ਼ ਲਈ ਮਨੀਸ਼ ਪਾਂਡੇ ਨੇ 46 ਗੇਂਦਾਂ ’ਚ 5 ਚੌਕਿਆਂ ਅਤੇ 1 ਛੱਕੇ ਨਾਲ 61 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਵਾਰਨਰ (57 ਦੌੜਾਂ) ਦੇ ਨਾਲ ਦੂਜੇ ਵਿਕਟ ਲਈ 106 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਟੀਮ 3 ਵਿਕਟਾਂ ’ਤੇ 171 ਦੌੜਾਂ ਬਣਾਉਣ ’ਚ ਸਫਲ ਰਹੀ। ਕੇਨ ਵਿਲੀਅਮਸਨ ਅਤੇ ਕੇਦਾਰ ਜਾਧਵ ਨੇ ਆਖਰੀ ਓਵਰ ’ਚ ਤਾਬੜਤੋੜ ਬੱਲੇਬਾਜ਼ੀ ਕੀਤੀ, ਜਿਸ ਨਾਲ ਟੀਮ ਨੇ ਆਖਰੀ 8 ਓਵਰਾਂ ’ਚ 89 ਦੌੜਾਂ ਜੋੜੀਆਂ। ਟੀਚੇ ਦਾ ਪਿੱਛਾ ਕਰਨ ਉੱਤਰੇ ਸੁਪਰ ਕਿੰਗਜ਼ ਨੂੰ ਡੂ ਪਲੇਸਿਸ ਅਤੇ ਗਾਇਕਵਾੜ ਦੀ ਜੋੜੀ ਨੇ ਤੂਫਾਨੀ ਸ਼ੁਰੂਆਤ ਦਿਵਾਈ। ਡੂ ਪਲੇਸਿਸ ਨੇ ਖਲੀਲ ਅਹਿਮਦ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ’ਤੇ 3 ਚੌਕੇ ਮਾਰੇ। ਗਾਇਕਵਾੜ ਨੇ ਵੀ ਸੰਦੀਪ ਸ਼ਰਮਾ ਅਤੇ ਸਿੱਧਾਰਥ ਕੌਲ ’ਤੇ ਚੌਕੇ ਜੜੇ। ਸੁਪਰ ਕਿੰਗਜ਼ ਦੀ ਟੀਮ ਪਾਵਰ ਪਲੇਅ ’ਚ ਬਿਨਾਂ ਵਿਕਟ ਗਵਾਏ 50 ਦੌੜਾਂ ਬਣਾਉਣ ’ਚ ਸਫਲ ਰਹੀ। ਗਾਇਕਵਾੜ ਨੇ ਜਗਦੀਸ਼ ਸੁਚਿਤ ’ਤੇ 2 ਚੌਕੇ ਮਾਰੇ, ਜਦੋਂਕਿ ਡੂ ਪਲੇਸਿਸ ਨੇ ਇਸ ਸਪਿਨਰ ਦੇ ਓਵਰ ’ਚ ਚੌਕਾ ਅਤੇ ਛੱਕਾ ਜੜਿਆ। ਡੂ ਪਲੇਸਿਸ ਨੇ ਕੌਲ ਦੀ ਗੇਂਦ ’ਤੇ 2 ਦੌੜਾਂ ਨਾਲ 32 ਗੇਂਦਾਂ ’ਚ ਅਰਧ ਸੈਂਕੜਾ ਪੂਰਾ ਕੀਤਾ ਅਤੇ 11ਵੇਂ ਓਵਰ ’ਚ ਟੀਮ ਦਾ ਸਕੋਰ 100 ਦੌੜਾਂ ਦੇ ਪਾਰ ਪਹੁੰਚਾਇਆ।
ਗਾਇਕਵਾੜ ਨੇ ਅਗਲੇ ਓਵਰ ’ਚ ਸੁਚਿਤ ’ਤੇ ਲਗਾਤਾਰ 3 ਚੌਕੇ ਮਾਰੇ ਅਤੇ ਇਸ ਦੌਰਾਨ 36 ਗੇਂਦਾਂ ’ਚ ਅਰਧ ਸੈਂਕੜਾ ਪੂਰਾ ਕੀਤਾ। ਉਹ ਹਾਲਾਂਕਿ ਰਾਸ਼ਿਦ ਖਾਨ (36 ਦੌੜਾਂ ’ਤੇ 3 ਵਿਕਟਾਂ) ਦੇ ਅਗਲੇ ਓਵਰ ’ਚ ਭਾਗਸ਼ਾਲੀ ਰਹੇ, ਜਦੋਂਕਿ ਵਿਕਟਕੀਪਰ ਜਾਨੀ ਬੇਅਰਸਟੋ ਉਨ੍ਹਾਂ ਦਾ ਕੈਚ ਫੜਨ ’ਚ ਨਾਕਾਮ ਰਹੇ। ਗਾਇਕਵਾੜ ਨੇ ਇਸ ਓਵਰ ’ਚ ਵੀ 3 ਚੌਕੇ ਬਟੋਰੇ ਪਰ ਆਖਰੀ ਗੇਂਦ ’ਤੇ ਬੋਲਡ ਹੋ ਗਏ।
ਇਹ ਖ਼ਬਰ ਪੜ੍ਹੋ : ਭਾਰਤ ਦੀ ਮਦਦ ਲਈ ਅੱਗੇ ਆਏ ਬ੍ਰੈਟ ਲੀ, ਬਿਟਕੁਆਇਨ 'ਚ ਦਿੱਤੀ ਸਹਾਇਤਾ ਰਾਸ਼ੀ
ਸੰਭਾਵਿਤ ਟੀਮਾਂ :-
ਚੇਨਈ ਸੁਪਰਕਿੰਗਜ਼ : ਰਿਤੁਰਾਜ ਗਾਇਕਵਾੜ, ਫਾਫ ਡੂ ਪਲੇਸਿਸ, ਮੋਇਨ ਅਲੀ / ਡਵੇਨ ਬ੍ਰਾਵੋ, ਸੁਰੇਸ਼ ਰੈਨਾ, ਰੋਬਿਨ ਉਥੱਪਾ / ਅੰਬਤੀ ਰਾਇਡੂ, ਰਵਿੰਦਰ ਜਡੇਜਾ, ਐਮ. ਐਸ. ਧੋਨੀ , ਸੈਮ ਕੁਰਨ, ਦੀਪਕ ਚਾਹਰ, ਸ਼ਾਰਦੁਲ ਠਾਕੁਰ, ਇਮਰਾਨ ਤਾਹਿਰ
ਸਨਰਾਈਜ਼ਰਜ਼ ਹੈਦਰਾਬਾਦ : ਡੇਵਿਡ ਵਾਰਨਰ, ਜਾਨੀ ਬੇਅਰਸਟੋ, ਕੇਨ ਵਿਲੀਅਮਸਨ, ਵਿਰਾਟ ਸਿੰਘ / ਮਨੀਸ਼ ਪਾਂਡੇ, ਵਿਜੇ ਸ਼ੰਕਰ, ਅਭਿਸ਼ੇਕ ਸ਼ਰਮਾ, ਕੇਦਾਰ ਜਾਧਵ / ਅਬਦੁਲ ਸਮਦ, ਰਾਸ਼ਿਦ ਖਾਨ, ਜਗਦੀਸ਼ਾ ਸੁਚਿੱਤ, ਖਲੀਲ ਅਹਿਮਦ / ਭੁਵਨੇਸ਼ਵਰ ਕੁਮਾਰ, ਸਿਧਾਰਥ ਕੌਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।