IPL 2021 : ਅਸੀਂ ਪਹਿਲੇ ਹਾਫ ’ਚ ਕੀ ਕੀਤਾ, ਉਹ ਨਹੀਂ ਰੱਖਦਾ ਮਾਇਨੇ : ਪੋਂਟਿੰਗ
Thursday, Sep 16, 2021 - 05:56 PM (IST)
ਦੁਬਈ (ਭਾਸ਼ਾ)-ਦਿੱਲੀ ਕੈਪੀਟਲਸ ਦੇ ਮੁੱਖ ਕੋਚ ਰਿਕੀ ਪੋਂਟਿੰਗ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਟੀਮ ਨੂੰ ਐਤਵਾਰ ਤੋਂ ਯੂ. ਏ. ਈ. ’ਚ ਸ਼ੁਰੂ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ’ਚ ਨਵੇਂ ਸਿਰੇ ਤੋਂ ਸ਼ੁਰੂਆਤ ਕਰਨੀ ਹੋਵੇਗੀ ਕਿਉਂਕਿ ਟੀ-20 ਟੂਰਨਾਮੈਂਟ ਦੇ ਪਹਿਲੇ ਹਾਫ ਦਾ ਪ੍ਰਦਰਸ਼ਨ ਮਾਇਨੇ ਨਹੀਂ ਰੱਖੇਗਾ। ਬਾਇਓ-ਬਬਲ ’ਚ ਕੋਰੋਨਾ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਆਈ. ਪੀ. ਐੱਲ. ਦਾ 14ਵਾਂ ਸੀਜ਼ਨ ਮਈ ਦੇ ਅੱਧ ’ਚ ਮੁਲਤਵੀ ਕਰ ਦਿੱਤਾ ਗਿਆ ਸੀ। ਉਦੋਂ ਦਿੱਲੀ ਕੈਪੀਟਲਸ 8 ਮੈਚਾਂ ’ਚੋਂ ਛੇ ਜਿੱਤਾਂ ਨਾਲ ਸੂਚੀ ’ਚ ਟਾਪ ’ਤੇ ਸੀ। ਫ੍ਰੈਂਚਾਇਜ਼ੀ ਵੱਲੋਂ ਜਾਰੀ ਇੱਕ ਰਿਲੀਜ਼ ’ਚ ਪੋਂਟਿੰਗ ਨੇ ਕਿਹਾ, "ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਸੀਜ਼ਨ ਦੇ ਪਹਿਲੇ ਹਾਫ ’ਚ ਕਿਹੋ ਜਿਹਾ ਪ੍ਰਦਰਸ਼ਨ ਕੀਤਾ। ਅਸੀਂ ਉਦੋਂ ਬਹੁਤ ਵਧੀਆ ਕ੍ਰਿਕਟ ਖੇਡੀ ਸੀ ਅਤੇ ਉਦੋਂ ਤੋਂ ਚਾਰ ਮਹੀਨੇ ਹੋ ਗਏ ਹਨ, ਇਸ ਲਈ ਸਾਨੂੰ ਦੁਬਾਰਾ ਸ਼ੁਰੂਆਤ ਕਰਨੀ ਪਵੇਗੀ।
ਇਹ ਵੀ ਪੜ੍ਹੋ : ਮੁਰਲੀਧਰਨ ਨੇ ਪਹਿਲਾ IPL ਯਾਦ ਕਰਦਿਆਂ ਧੋਨੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਉਨ੍ਹਾਂ ਕਿਹਾ, “ਸਾਨੂੰ ਟੂਰਨਾਮੈਂਟ ਦੇ ਅੱਗੇ ਵਧਣ ਨਾਲ ਆਪਣੇ ਆਪ ਨੂੰ ਸੁਧਾਰਨਾ ਪਵੇਗਾ ਅਤੇ ਇਹ ਯਕੀਨੀ ਕਰਨਾ ਪਵੇਗਾ ਕਿ ਅਸੀਂ ਟੂਰਨਾਮੈਂਟ ਦੇ ਅੰਤ ਤੱਕ ਆਪਣੀ ਵਧੀਆ ਕ੍ਰਿਕਟ ਖੇਡਣੀ ਹੈ। ਮਹਾਨ ਆਸਟਰੇਲੀਆਈ ਕ੍ਰਿਕਟਰ ਨੇ ਕਿਹਾ, “ਟੂਰਨਾਮੈਂਟ ਦੇ ਪਹਿਲੇ ਹਾਫ ’ਚ ਸਾਡਾ ਪ੍ਰਦਰਸ਼ਨ ਅਜਿਹਾ ਇਸ ਲਈ ਸੀ ਕਿਉਂਕਿ ਅਸੀਂ ਉਸ ਸਮੇਂ ਚੰਗੀ ਕ੍ਰਿਕਟ ਖੇਡੀ ਅਤੇ ਸਖਤ ਮਿਹਨਤ ਕੀਤੀ ਪਰ ਮੈਨੂੰ ਨਹੀਂ ਲੱਗਦਾ ਕਿ ਅਸੀਂ ਆਪਣੀ ਵਧੀਆ ਕ੍ਰਿਕਟ ਖੇਡੀ ਸੀ। ਪੋਂਟਿੰਗ ਨੇ ਕਿਹਾ ਕਿ ਉਨ੍ਹਾਂ ਦੇ ਖਿਡਾਰੀਆਂ ਨੇ ਇਥੇ ਪ੍ਰੀ-ਸੀਜ਼ਨ ਕੈਂਪ ਦੌਰਾਨ ਬਹੁਤ ਉਤਸ਼ਾਹ ਦਿਖਾਇਆ। “ਮੈਂ ਚਾਰ ਮਹੀਨਿਆਂ ਤੋਂ ਦਿੱਲੀ ਕੈਪੀਟਲਸ ਦੇ ਕੈਂਪ ’ਚ ਵਾਪਸ ਆਉਣ ਦੀ ਉਡੀਕ ਕਰ ਰਿਹਾ ਸੀ। ਟੀਮ ਦੇ ਨਾਲ ਬਹੁਤ ਵਧੀਆ ਸਮਾਂ ਰਿਹਾ ਅਤੇ ਇਹ ਮੇਰੇ ਕੈਲੰਡਰ ਸਾਲ ’ਚ ਵੀ ਇੱਕ ਸ਼ਾਨਦਾਰ ਸਮਾਂ ਹੈ। ਮੈਂ ਇੱਥੇ ਕੋਚਿੰਗ ਸਟਾਫ ਨਾਲ ਗੱਲ ਕਰ ਰਿਹਾ ਹਾਂ ਅਤੇ ਉਨ੍ਹਾਂ ਨੇ ਪ੍ਰੀ-ਸੀਜ਼ਨ ਕੈਂਪ ’ਚ ਹੁਣ ਤੱਕ ਬਹੁਤ ਵਧੀਆ ਕੰਮ ਕੀਤਾ ਹੈ। ਤੁਸੀਂ ਖਿਡਾਰੀਆਂ ਦੀ ਭਾਵਨਾ ਅਤੇ ਰਵੱਈਏ ਨੂੰ ਵੇਖ ਸਕਦੇ ਹੋ।
ਪੋਂਟਿੰਗ ਨੇ ਕਿਹਾ, ‘‘ਮੈਂ ਬਹੁਤ ਉਤਸ਼ਾਹਿਤ ਹਾਂ ਕਿ ਅਗਲੇ ਚਾਰ-ਪੰਜ ਹਫਤਿਆਂ ’ਚ ਕੀ ਹੋਣ ਵਾਲਾ ਹੈ। ਸ਼੍ਰੇਅਸ ਅਈਅਰ ਦੀ ਟੀਮ ’ਚ ਵਾਪਸੀ ਬਾਰੇ ਉਨ੍ਹਾਂ ਕਿਹਾ, ''ਸ਼੍ਰੇਅਸ ਦੀ ਵਾਪਸੀ ਸ਼ਾਨਦਾਰ ਹੈ। ਉਸ ਦੀ ਟ੍ਰੇਨਿੰਗ ਸ਼ਾਨਦਾਰ ਰਹੀ ਹੈ। ਉਹ ਵੀ ਮੈਦਾਨ ’ਚ ਉਤਰਨ, ਦੌੜਾਂ ਬਣਾਉਣ ਅਤੇ ਜਿੱਤ ਪ੍ਰਾਪਤ ਕਰਨ ਲਈ ਉਤਸੁਕ ਹੈ। ਉਹ ਇੱਕ ਵਿਸ਼ਵ ਪੱਧਰੀ ਖਿਡਾਰੀ ਹੈ, ਉਸ ਦਾ ਆਉਣਾ ਸਿਰਫ ਟੀਮ ਨੂੰ ਮਜ਼ਬੂਤ ਕਰੇਗਾ, ਇਸ ’ਚ ਕੋਈ ਸ਼ੱਕ ਨਹੀਂ। ਮੋਢੇ ਦੀ ਸੱਟ ਤੋਂ ਉੱਭਰਨ ਤੋਂ ਬਾਅਦ ਸ਼੍ਰੇਅਸ ਦਿੱਲੀ ਕੈਪੀਟਲਸ ਪਰਤਿਆ ਹੈ। ਦਿੱਲੀ ਕੈਪੀਟਲਸ ਦੀ ਟੀਮ 22 ਸਤੰਬਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨਾਲ ਭਿੜੇਗੀ।