IPL 2020: ਅੱਜ ਭਿੜਨਗੇ ਦਿੱਲੀ ਅਤੇ ਹੈਦਰਾਬਾਦ, ਜਿੱਤ ਦੀ ਹੈਟਰਿਕ ਬਣਾਉਣ ਉਤਰੇਗੀ ਦਿੱਲੀ

09/29/2020 10:29:29 AM

ਅਬੂਧਾਬੀ (ਵਾਰਤਾ) : ਕਪਤਾਨ ਸ਼੍ਰੇਅਸ ਅਈਅਰ ਦੀ ਕੁਸ਼ਲ ਅਗਵਾਈ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਦਿੱਲੀ ਕੈਪੀਟਲਸ ਦੀ ਟੀਮ ਮੰਗਲਵਾਰ ਯਾਨੀ ਅੱਜ ਸਨਰਾਈਜ਼ਰਸ ਹੈਦਰਾਬਾਦ ਖ਼ਿਲਾਫ਼ ਹੋਣ ਵਾਲੇ ਆਈ.ਪੀ.ਐਲ. ਮੁਕਾਬਲੇ ਵਿਚ ਜਿੱਤ ਦੀ ਹੈਟਰਿਕ ਦਰਜ ਕਰਣ ਦੇ ਇਰਾਦੇ ਨਾਲ ਉਤਰੇਗੀ, ਜਦੋਂਕਿ ਸ਼ੁਰੂਆਤੀ 2 ਮੈਚ ਹਾਰ ਚੁੱਕੀ ਡੈਵਿਡ ਵਾਰਨਰ ਦੀ ਕਪਤਾਨੀ ਵਾਲੀ ਸਨਰਾਈਜ਼ਰਸ ਹੈਦਰਾਬਾਦ ਦੀਆਂ ਨਜ਼ਰਾਂ ਆਪਣੀਆਂ ਗਲਤੀਆਂ ਵਿਚ ਸੁਧਾਰ ਕਰ ਕੇ ਵਾਪਸੀ ਕਰਣ 'ਤੇ ਲੱਗੀਆਂ ਹੋਣਗੀਆਂ। ਦਿੱਲੀ ਆਈ.ਪੀ.ਐਲ. 13 ਦੇ ਆਪਣੇ ਦੋਵੇਂ ਮੁਕਾਬਲੇ ਜਿੱਤ ਕੇ 4 ਅੰਕਾਂ ਨਾਲ ਅੰਕ ਸੂਚੀ ਵਿਚ ਸਿਖ਼ਰ ਸਥਾਨ 'ਤੇ ਹੈ, ਜਦੋਂਕਿ ਹੈਦਰਾਬਾਦ ਦੀ ਟੀਮ ਆਪਣੇ ਦੋਵੇਂ ਮੁਕਾਬਲੇ ਗਵਾ ਕੇ 8ਵੇਂ ਸਥਾਨ 'ਤੇ ਹੈ। ਦਿੱਲੀ ਨੇ ਪਹਿਲੇ ਮੈਚ ਵਿਚ ਕਿੰਗਜ਼ ਇਲੈਵਨ ਪੰਜਾਬ ਨੂੰ ਸੁਪਰ ਓਵਰ ਵਿਚ ਹਰਾਇਆ ਸੀ ਅਤੇ ਪਿਛਲੇ ਮੁਕਾਬਲੇ ਵਿਚ ਚੇਨੱਈ ਸੁਪਰ ਕਿੰਗਜ਼ ਨੂੰ ਹਰਾਇਆ ਸੀ।

ਹੈਦਰਾਬਾਦ ਨੂੰ ਪਹਿਲਾਂ ਰਾਇਲ ਚੈਲੇਂਜਰਸ ਬੈਂਗਲੁਰੂ ਨੇ 10 ਦੌੜਾਂ ਨਾਲ ਅਤੇ ਪਿਛਲੇ ਮੁਕਾਬਲੇ ਵਿਚ ਕੋਲਕਾਤਾ ਨਾਈਟ ਰਾਈਡਰਸ ਨੇ 7 ਵਿਕਟਾਂ ਨਾਲ ਮਾਤ ਦਿੱਤੀ ਸੀ। ਦਿੱਲੀ ਲਈ ਪਿਛਲੇ ਮੁਕਾਬਲੇ ਵਿਚ ਉਸ ਦੇ ਦੋਵੇਂ ਸਲਾਮੀ ਬੱਲੇਬਾਜ ਸ਼ਿਖਰ ਧਵਨ ਅਤੇ ਪ੍ਰਿਥਵੀ ਸ਼ਾ ਨੇ ਮਜਬੂਤ ਸ਼ੁਰੂਆਤ ਦਿਵਾਈ ਸੀ। ਧਵਨ ਨੇ 35 ਅਤੇ ਪ੍ਰਿਥਵੀ ਨੇ 64 ਦੌੜਾਂ ਬਣਾਈਆਂ ਸਨ। ਦਿੱਲੀ  ਵੱਲੋਂ ਉਸ ਮੁਕਾਬਲੇ ਵਿਚ ਬੱਲੇਬਾਜ਼ ਅਤੇ ਗੇਂਦਬਾਜ਼ਾਂ ਨੇ ਆਪਣੀ ਭੂਮਿਕਾ ਬਾਖ਼ੂਬੀ ਨਿਭਾਈ ਸੀ ਅਤੇ ਟੀਮ ਕਾਫ਼ੀ ਸੰਤੁਲਿਤ ਵਿੱਖ ਰਹੀ ਹੈ। ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਵੀ ਸਧੀ ਹੋਈ ਬੱਲੇਬਾਜ਼ੀ ਕੀਤੀ ਸੀ। ਦਿੱਲੀ ਟੀਮ ਨੇ ਹੁਣ ਤੱਕ ਕਾਫ਼ੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਟੂਰਨਾਮੈਂਟ ਵਿਚ ਆਪਣੀ ਦਾਅਵੇਦਾਰੀ ਮਜ਼ਬੂਤ ਬਣਾਈ ਰੱਖਣ ਲਈ ਉਸ ਨੂੰ ਆਪਣੀ ਲੈਅ ਨੂੰ ਬਰਕਰਾਰ ਰੱਖਣਾ ਹੋਵੇਗਾ। ਦਿੱਲੀ ਜੇਕਰ ਆਪਣੀ ਅਗਲੀ ਚੁਣੌਤੀ ਪਾਰ ਕਰ ਲੈਂਦੀ ਹੈ ਤਾਂ ਉਹ ਜਿੱਤ ਦੀ ਹੈਟਰਿਕ ਪੂਰੀ ਕਰ ਲਵੇਗੀ।

ਦਿੱਲੀ ਨੇ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨੱਈ ਦੀ ਟੀਮ ਨੂੰ ਬੁਰੀ ਤਰ੍ਹਾਂ ਨਾਲ ਹਰਾਇਆ ਸੀ। ਦਿੱਲੀ ਦੇ ਗੇਂਦਬਾਜ਼ਾਂ ਨੇ ਵੀ ਇਸ ਮੁਕਾਬਲੇ ਵਿਚ ਕਾਫ਼ੀ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ 176 ਦੌੜਾਂ ਦੇ ਸਕੋਰ ਦਾ ਬਾਖ਼ੂਬੀ ਬਚਾਅ ਕੀਤਾ ਸੀ। ਦਿੱਲੀ ਵੱਲੋਂ ਕੈਗਿਸੋ ਰਬਾਦਾ ਨੇ ਇਕ ਵਾਰ ਫਿਰ ਆਪਣੀ ਸਮਰਥਾ ਦੇ ਸਮਾਨ ਪ੍ਰਦਰਸ਼ਨ ਕੀਤਾ ਅਤੇ 4 ਓਵਰਾਂ ਵਿਚ 26 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਰਬਾਦਾ ਅਤੇ ਐਨਰਿਚ ਨੋਰਤਜੇ ਦੀ ਤੇਜ਼ ਗੇਂਦਬਾਜ਼ ਜੋੜੀ ਨੇ ਚੇਨੱਈ ਨੂੰ ਰੋਕੀ ਰੱਖਿਆ ਅਤੇ ਉਨ੍ਹਾਂ ਨੂੰ ਦੌੜਾਂ ਦੀ ਰਫ਼ਤਾਰ ਤੇਜ਼ ਨਹੀਂ ਕਰਣ ਦਿੱਤੀ ਸੀ। ਨੋਰਤਜੇ ਨੇ 2 ਵਿਕਟਾਂ ਹਾਸਲ ਕੀਤੀਆਂ ਸਨ। ਇਨ੍ਹਾਂ ਦੋਵਾਂ ਗੇਂਦਬਾਜਾਂ ਦੀ ਜੋੜੀ ਜੇਕਰ ਆਪਣੀ ਲੈਅ ਵਿਚ ਹੋਵੇ ਤਾਂ ਕਿਸੇ ਵੀ ਟੀਮ ਲਈ ਪਰੇਸ਼ਾਨੀ ਦਾ ਸਬੱਬ ਬਣ ਸਕਦੀ ਹੈ। ਵਾਰਨਰ ਨੂੰ ਇਨ੍ਹਾਂ ਤੋਂ ਖ਼ਾਸ ਤੌਰ 'ਤੇ ਚੌਕੰਨਾ ਹੋਵੇਗਾ।

ਟੂਰਨਾਮੈਂਟ ਵਿਚ ਆਪਣੀ ਪਹਿਲੀ ਜਿੱਤ ਦੀ ਭਾਲ ਵਿਚ ਜੁਟੀ ਹੈਦਰਾਬਾਦ ਦੇ ਸਾਹਮਣੇ ਸੰਤੁਲਿਤ ਅਤੇ ਲਗਾਤਾਰ 2 ਮੈਚ ਜਿੱਤਣ ਤੋਂ ਉਤਸ਼ਾਹਿਤ ਚੱਲ ਰਹੀ ਦਿੱਲੀ ਦੀ ਚੁਣੌਤੀ ਹੋਵੇਗੀ। ਹੈਦਰਾਬਾਦ ਨੂੰ ਕੇ.ਕੇ.ਆਰ. ਖ਼ਿਲਾਫ਼ ਖੇਡੇ ਗਏ ਪਿਛਲੇ ਮੁਕਾਬਲੇ ਤੋਂ ਸਿੱਖਦੇ ਹੋਏ ਆਪਣੀ ਬੱਲੇਬਾਜ਼ੀ 'ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਣਾ ਹੋਵੇਗਾ। ਹੈਦਰਾਬਾਦ ਦੇ ਸਾਹਮਣੇ ਸਭ ਤੋਂ ਵੱਡਾ ਚੈਲੇਂਜ ਉਸ ਦੇ ਮੱਧ ਕ੍ਰਮ ਦਾ ਲੜਖੜਾਨਾ ਹੈ। ਹੈਦਰਾਬਾਦ ਦੇ ਬੱਲੇਬਾਜ ਕੇ.ਕੇ.ਆਰ. ਖ਼ਿਲਾਫ਼ ਪ੍ਰਦਰਸ਼ਨ ਕਰਣ ਵਿਚ ਅਸਫ਼ਲ ਰਹੇ ਸਨ। ਹਾਲਾਂਕਿ ਉਸ ਦੇ ਲਈ ਰਾਹਤ ਦੀ ਗੱਲ ਹੈ ਕਿ ਸਿਖ਼ਰ ਕ੍ਰਮ ਦੇ ਬੱਲੇਬਾਜ ਮਨੀਸ਼ ਪਾਂਡੇ ਫ਼ਾਰਮ ਵਿਚ ਹੈ ਅਤੇ ਉਨ੍ਹਾਂ ਨੇ ਕੋਲਕਾਤਾ ਖ਼ਿਲਾਫ਼ ਸਭ ਤੋਂ ਜ਼ਿਆਦਾ 51 ਦੌੜਾਂ ਬਣਾਈਆਂ ਸਨ। ਹੈਦਰਾਬਾਦ ਕੋਲ ਵਾਰਨਰ, ਜਾਨੀ ਬੇਇਰਸਟੋ, ਪਾਂਡੇ ਅਤੇ ਮੁਹੰਮਦ ਨਬੀ ਵਰਗੇ ਚੰਗੇ ਬੱਲੇਬਾਜ਼ ਹਨ, ਜੋ ਵੱਡਾ ਸਕੋਰ ਬਣਾਉਣ ਦਾ ਮੂਲ ਤੱਤ ਰੱਖਦੇ ਹਨ ਪਰ ਉਨ੍ਹਾਂ ਨੂੰ ਇਸ ਫਾਰਮੈਟ ਵਿਚ ਦੌੜਾਂ ਦੀ ਰਫ਼ਤਾਰ ਤੇਜ਼ ਕਰਣ ਦੇ ਮਹੱਤਵ ਨੂੰ ਸਮਝਣਾ ਹੋਵੇਗਾ।  

ਵਾਰਨਰ ਨੇ ਕੋਲਕਾਤਾ ਖ਼ਿਲਾਫ਼ ਆਪਣੇ ਬੱਲੇਬਾਜ਼ਾਂ ਦੇ ਜ਼ਰੂਰਤ ਤੋਂ ਜ਼ਿਆਦਾ ਸਾਵਧਾਨੀ ਵਿਖਾਉਣ ਦੇ ਰਵੱਈਏ ਦੀ ਸਖ਼ਤ ਆਲੋਚਨਾ ਕੀਤੀ ਸੀ ਅਤੇ ਨਾਲ ਹੀ ਕਿਹਾ ਸੀ ਕਿ 35-36 ਡਾਟ ਗੇਂਦ ਖੇਡ ਕੇ ਮੈਚ ਨਹੀਂ ਜਿੱਤੀਆ ਜਾ ਸਕਦਾ।  ਹੈਦਰਾਬਾਦ ਨੇ 20 ਓਵਰਾਂ ਵਿਚ ਚਾਰ ਵਿਕਟਾਂ ਗੁਆ ਕੇ 142 ਦੌੜਾਂ ਬਣਾਈਆਂ ਸਨ, ਜਦੋਂਕਿ ਕੋਲਕਾਤਾ ਨੇ 18 ਓਵਰਾਂ ਵਿਚ ਇਹ ਮੁਕਾਬਲਾ ਜਿੱਤ ਲਿਆ ਸੀ। ਹੈਦਰਾਬਾਦ ਦੇ ਕਪਤਾਨ ਨੇ ਕਿਹਾ ਸੀ ਕਿ ਬੱਲੇਬਾਜ਼ਾਂ ਨੂੰ ਵਿਰੋਧੀ ਗੇਂਦਬਾਜ਼ਾਂ 'ਤੇ ਦਬਾਅ ਬਣਾਉਣਾ ਚਾਹੀਦਾ ਸੀ ਅਤੇ ਮੱਧ ਓਵਰਾਂ ਵਿਚ ਬਾਊਂਡਰੀ ਨਿਕਾਲਣੀ ਚਾਹੀਦੀ ਸੀ। ਕਪਤਾਨ ਨੇ ਕਿਹਾ ਸੀ ਕਿ ਉਹ ਇਸ ਗੱਲ ਤੋਂ ਬਹੁਤ ਨਿਰਾਸ਼ ਹੈ ਕਿ ਉਨ੍ਹਾਂ ਦੇ ਬੱਲੇਬਾਜ਼ਾਂ ਨੇ ਜ਼ਿਆਦਾ ਡਾਟ ਗੇਂਦਾਂ ਖੇਡੀਆਂ। ਮੱਧ ਓਵਰਾਂ ਨੂੰ ਵੇਖਿਆ ਜਾਵੇ ਤਾਂ ਬੱਲੇਬਾਜ਼ਾਂ ਨੇ 35-36 ਡਾਟ ਗੇਂਦਾਂ ਖੇਡੀਆਂ ਜੋ ਟੀ-20 ਕ੍ਰਿਕਟ ਵਿਚ ਕਦੇ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ। ਬੱਲੇਬਾਜ਼ਾਂ ਨੂੰ ਆਪਣਾ ਮਾਨਸਿਕ ਦ੍ਰਿਸ਼ਟੀਕੋਣ ਬਦਲਨ ਦੀ ਜ਼ਰੂਰਤ ਹੈ। ਹੈਦਰਾਬਾਦ ਨੂੰ ਟੀ-20 ਪ੍ਰਾਰੁਪ ਦੇ ਹਿਸਾਬ ਤੋਂ ਖੇਡ ਨੂੰ ਅੱਗੇ ਵਧਾਉਣਾ ਹੋਵੇਗਾ।

ਦਿੱਲੀ ਲਈ ਹੈਦਰਾਬਾਦ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ ਹੈ, ਕਿਉਂਕਿ ਅਤਿ ਉਤਸ਼ਾਹ ਵਿਚ ਕੀਤੀ ਗਈ ਇਕ ਵੀ ਗਲਤੀ ਉਸ ਨੂੰ ਭਾਰੀ ਪੈ ਸਕਦੀ ਹੈ। ਹੈਦਰਾਬਾਦ ਦੇ ਬੱਲੇਬਾਜ਼ਾਂ ਨੂੰ ਤੇਜ਼ੀ ਨਾਲ ਦੌੜਾਂ ਬਟੋਰਨੀਆਂ ਹੋਣਗੀਆਂ ਅਤੇ ਵੱਡੀ ਸਾਂਝੇਦਾਰੀਆਂ ਕਰਣੀਆਂ ਹੋਣਗੀਆਂ, ਜਿਸ ਨਾਲ ਇਕ ਵੱਡਾ ਸਕੋਰ ਖੜ੍ਹਾ ਕੀਤਾ ਜਾ ਸਕੇ। ਹੈਦਰਾਬਾਦ ਦੀ ਬੱਲੇਬਾਜ਼ੀ ਕੋਲਕਾਤਾ ਖ਼ਿਲਾਫ਼ ਕਾਫ਼ੀ ਹੌਲੀ ਰਹੀ ਸੀ। ਟੀਮ ਦੇ ਸਟਾਰ ਲੈਗ ਸਪਿਨਰ ਰਾਸ਼ਿਦ ਖਾਨ ਨੂੰ ਜਲਦ ਹੀ ਫ਼ਾਰਮ ਵਿਚ ਪਰਤਣਾ ਹੋਵੇਗਾ ਅਤੇ ਟੀਮ ਦੇ ਗੇਂਦਬਾਜ਼ੀ ਕ੍ਰਮ ਨੂੰ ਮਜ਼ਬੂਤੀ ਦੇਣੀ ਹੋਵੇਗੀ। ਵਾਰਨਰ ਨੂੰ ਖ਼ੁਦ ਸਾਹਮਣੇ ਤੋਂ ਟੀਮ ਦੀ ਅਗਵਾਈ ਕਰਣ ਦੀ ਲੋੜ ਹੈ ਜਿਸ ਨਾਲ ਮੱਧ ਕ੍ਰਮ 'ਤੇ ਦਬਾਅ ਘੱਟ ਪਏ। ਇਸ ਮੁਕਾਬਲੇ ਵਿਚ ਦਿੱਲੀ ਦਾ ਪੱਖ ਭਾਰੀ ਮੰਨਿਆ ਜਾ ਰਿਹਾ ਹੈ ਪਰ ਉਸ ਨੂੰ ਸੰਜਮ ਰੱਖ ਕੇ ਹੈਦਰਾਬਾਦ ਦੀ ਚੁਣੌਤੀ ਨੂੰ ਪਾਰ ਪਾਉਣਾ ਹੋਵੇਗਾ, ਜੋ ਆਪਣੀ ਪਹਿਲੀ ਜਿੱਤ ਲਈ ਆਪਣਾ ਦਮਖ਼ਮ ਲਗਾਏਗੀ। ਦਿੱਲੀ ਦੀ ਇਕ ਗਲਤੀ ਹੈਦਰਾਬਾਦ ਨੂੰ ਆਪਣਾ ਰਸਤਾ ਆਸਾਨ ਕਰਣ ਵਿਚ ਮਦਦਗਾਰ ਸਾਬਤ ਹੋ ਸਕਦੀ ਹੈ, ਜਦੋਂਕਿ ਹੈਦਰਾਬਾਦ ਨੂੰ ਪਿਛਲੀ ਹਾਰ ਭੁਲਾ ਕੇ ਅਤੇ ਆਪਣੀ ਗਲਤੀਆਂ ਤੋਂ ਸਿੱਖਦੇ ਹੋÂੈ ਟੂਰਨਾਮੈਂਟ ਵਿਚ ਵਾਪਸੀ ਕਰਣੀ ਹੋਵੇਗੀ।


cherry

Content Editor

Related News