IPL 2019 : ਫਾਈਨਲ ਦੀ ਟਿਕਟ ਲਈ ਭਿੜਨਗੇ ਮੁੰਬਈ ਤੇ ਚੇਨਈ

05/07/2019 2:36:02 AM

ਚੇਨਈ-  ਆਈ. ਪੀ. ਐੱਲ. ਦੀਆਂ ਸਭ ਤੋਂ ਸਫਲ ਟੀਮਾਂ ਤੇ 3-3 ਵਾਰ ਇਸ ਟੀ-20 ਲੀਗ ਦਾ ਖਿਤਾਬ ਜਿੱਤ ਚੁੱਕੀ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ ਮੰਗਲਵਾਰ ਨੂੰ ਇੱਥੇ ਐੱਮ. ਏ. ਚਿਦਾਂਬਰਮ ਸਟੇਡੀਅਮ 'ਚ ਫਾਈਨਲ ਦੀ ਟਿਕਟ ਕਟਾਉਣ ਲਈ ਇਕ-ਦੂਜੇ ਨਾਲ ਭਿੜਨਗੀਆਂ। ਆਈ. ਪੀ. ਐੱਲ. ਦੇ ਆਖਰੀ ਲੀਗ ਮੁਕਾਬਲੇ 'ਚ ਮੁੰਬਈ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 9 ਵਿਕਟਾਂ ਨਾਲ ਹਰਾਇਆ ਸੀ ਤੇ ਆਪਣੇ ਜ਼ਬਰਦਸਤ ਨਤੀਜੇ ਦੀ ਬਦੌਲਤ ਉਸ ਨੇ ਅੰਕ ਸੂਚੀ ਵਿਚ ਚੇਨਈ ਨੂੰ ਹੇਠਾਂ ਖਿਸਕਾ ਕੇ ਚੋਟੀ ਦੇ ਸਥਾਨ ਨਾਲ ਲੀਗ ਗੇੜ ਦੀ ਸਮਾਪਤੀ ਕੀਤੀ। ਮੁੰਬਈ ਤੇ ਚੇਨਈ ਹੁਣ ਪਹਿਲੇ ਕੁਆਲੀਫਾਇਰ ਮੁਕਾਬਲੇ 'ਚ ਇਕ-ਦੂਜੇ ਨਾਲ ਭਿੜਨਗੀਆਂ, ਜਿੱਥੇ ਉਨ੍ਹਾਂ ਦੀ ਕੋਸ਼ਿਸ਼ ਸਿੱਧੇ ਫਾਈਨਲ 'ਚ ਸਥਾਨ ਪੱਕਾ ਕਰਨ ਦੀ ਰਹੇਗੀ, ਜਦਕਿ ਹਾਰ ਜਾਣ ਵਾਲੀ ਟੀਮ ਨੂੰ ਦੂਜਾ ਮੌਕਾ ਵੀ ਮਿਲੇਗਾ।
ਮੁੰਬਈ ਅੰਕ ਸੂਚੀ ਵਿਚ ਇਕ ਸਮੇਂ ਤੀਜੇ ਸਥਾਨ ਤਕ ਖਿਸਕ ਗਈ ਸੀ ਪਰ ਆਖਰੀ ਮੁਕਾਬਲੇ ਵਿਚ ਉਸ ਨੇ ਪੂਰੀ ਤਸਵੀਰ ਹੀ ਬਦਲ ਕੇ ਰੱਖ ਦਿੱਤੀ। ਟੀਮ ਦਾ ਕਪਤਾਨ ਰੋਹਿਤ ਵਧੀਆ ਫਾਰਮ 'ਚ ਹੈ, ਜਦਕਿ ਕਵਿੰਟਨ ਡੀਕੌਕ ਉਸ ਦਾ ਜ਼ਬਰਦਸਤ ਸਾਥ ਦੇ ਰਿਹਾ ਹੈ। ਇਸ ਸੈਸ਼ਨ ਵਿਚ ਦੋਵਾਂ ਬੱਲੇਬਾਜ਼ਾਂ ਨੇ ਓਪਨਿੰਗ ਜੋੜੀ ਦੇ ਰੂਪ 'ਚ ਟੀਮ ਲਈ ਸਭ ਤੋਂ ਵੱਧ ਦੌੜਾਂ ਬਟੋਰੀਆਂ ਹਨ। ਕਵਿੰਟਨ 14 ਮੈਚਾਂ 'ਚ 492 ਦੌੜਾਂ ਤੇ ਰੋਹਿਤ 386 ਦੌੜਾਂ ਨਾਲ ਟੀਮ ਦੇ ਟਾਪ ਸਕੋਰਰ ਹਨ। ਬੱਲੇਬਾਜ਼ਾਂ 'ਚ ਟੀਮ ਕੋਲ ਆਲਰਾਊਂਡਰ ਹਾਰਦਿਕ ਪੰਡਯਾ ਤੇ ਕੀਰੋਨ ਪੋਲਾਰਡ ਮੱਧਕ੍ਰਮ ਵਿਚ ਅਹਿਮ ਸਕੋਰਰ ਹਨ, ਜਿਹੜੇ ਮੈਚ ਸੰਭਾਲ ਸਕਦੇ ਹਨ ਤੇ ਇਨ੍ਹਾਂ ਖਿਡਾਰੀਆਂ ਦੇ ਨਾਲ ਮੁੰਬਈ ਦਾ ਬੱਲੇਬਾਜ਼ੀ ਕ੍ਰਮ ਮਜ਼ਬੂਤ ਹੈ, ਜਦਕਿ ਗੇਂਦਬਾਜ਼ਾਂ 'ਚ ਜਸਪ੍ਰੀਤ ਬੁਮਰਾਹ ਤੇ ਲਸਿਥ ਮਲਿੰਗਾ ਵਰਗੇ ਜ਼ਬਰਦਸਤ ਤੇਜ਼ ਗੇਂਦਬਾਜ਼ ਉਸ ਕੋਲ ਹਨ।
ਦੂਜੇ ਪਾਸੇ ਚੇਨਈ ਵੀ ਸੰਤੁਲਿਤ ਟੀਮ ਹੈ, ਹਾਲਾਂਕਿ ਆਖਰੀ ਮੈਚ ਵਿਚ ਕਿੰਗਜ਼ ਇਲੈਵਨ ਪੰਜਾਬ ਤੋਂ ਮਿਲੀ ਹਾਰ ਤੋਂ ਬਾਅਦ ਉਹ ਚੌਕਸੀ ਵਰਤਣ ਦੇ ਨਾਲ ਗਲਤੀਆਂ 'ਚ ਸੁਧਾਰ ਕਰਨ ਦੀ ਕੋਸ਼ਿਸ਼ ਕਰੇਗੀ। ਮੁੰਬਈ ਦੀ ਤਰ੍ਹਾਂ ਚੇਨਈ ਦਾ ਕਪਤਾਨ ਧੋਨੀ ਵੀ ਉਸ ਦਾ ਅਹਿਮ ਸਕੋਰਰ ਹੈ ਤੇ ਟੀਮ ਦੀ ਜਿੱਤ ਉਸ ਦੇ ਆਲੇ-ਦੁਆਲੇ ਹੀ ਘੁੰਮਦੀ ਦਿਸਦੀ ਹੈ। ਧੋਨੀ ਨੇ ਲੀਗ ਗੇੜ ਦੇ 12 ਮੈਚਾਂ 'ਚ 122.66 ਦੀ ਸਟ੍ਰਾਈਕ ਰੇਟ ਨਾਲ 368 ਦੌੜਾਂ ਬਣਾਈਆਂ ਹਨ ਤੇ ਉਹ ਟਾਪ ਸਕੋਰਰ ਹੈ।
ਆਲਰਾਊਂਡਰ ਸੁਰੇਸ਼ ਰੈਨਾ (359 ਦੌੜਾਂ), ਫਾਫ ਡੂ ਪਲੇਸਿਸ (314 ਦੌੜਾਂ), ਸ਼ੇਨ ਵਾਟਸਨ (285 ਦੌੜਾਂ) ਤੇ ਅੰਬਾਤੀ ਰਾਇਡੂ (219 ਦੌੜਾਂ) ਹੋਰ ਉਪਯੋਗੀ ਸਕੋਰਰ ਹਨ। ਗੇਂਦਬਾਜ਼ੀ ਵਿਭਾਗ ਵਿਚ ਇਮਰਾਨ ਤਾਹਿਰ (21 ਵਿਕਟਾਂ), ਹਰਭਜਨ ਸਿੰਘ (13 ਵਿਕਟਾਂ) ਤੇ ਲੈਫਟ ਆਰਮ ਸਪਿਨਰ ਰਵਿੰਦਰ ਜਡੇਜਾ (13 ਵਿਕਟਾਂ) ਦੇ ਰੂਪ 'ਚ ਟੀਮ ਕੋਲ ਬਿਹਤਰੀਨ ਸਪਿਨਰ ਹਨ। ਇਨ੍ਹਾਂ ਤੋਂ ਇਲਾਵਾ ਦੀਪਕ ਚਾਹਰ (16 ਵਿਕਟਾਂ) ਵੀ ਅਹਿਮ ਹੈ।ਹਾਲਾਂਕਿ ਦੋਵਾਂ ਟੀਮਾਂ ਨੂੰ ਚੇਨਈ ਦੀ ਗਰਮੀ ਨਾਲ ਜੂਝਣਾ ਪਵੇਗਾ। ਘਰੇਲੂ ਟੀਮ ਲਈ ਇਥੋਂ ਦੀ ਸਪਿਨ ਵਿਕਟ ਮਦਦਗਾਰ ਹੋ ਸਕਦੀ ਹੈ ਪਰ ਮੁੰਬਈ ਦੇ ਗੇਂਦਬਾਜ਼ਾਂ ਤੇ ਬੱਲੇਬਾਜ਼ਾਂ ਨੂੰ ਵੱਧ ਮਿਹਨਤ ਕਰਨੀ ਪਵੇਗੀ।
ਦੋਵਾਂ ਟੀਮਾਂ ਦੇ ਨਾਂ 3-3 ਵਾਰ ਖਿਤਾਬ
ਮੁੰਬਈ ਤੇ ਚੇਨਈ ਵਿਚਾਲੇ ਹਾਈ ਪ੍ਰੋਫਾਈਲ ਮੈਚ ਨੂੰ ਕਾਂਟੇ ਦਾ ਮੰਨਿਆ ਜਾ ਸਕਦਾ ਹੈ ਕਿਉਂਕਿ ਦੋਵੇਂ ਹੀ ਆਈ. ਪੀ. ਐੱਲ. ਦੇ 12 ਸਾਲਾਂ ਦੇ ਇਤਿਹਾਸ ਵਿਚ ਕੁਲ 6 ਖਿਤਾਬ ਆਪਣੇ ਨਾਂ ਕਰ ਕੇ ਸਭ ਤੋਂ ਸਫਲ ਟੀਮਾਂ ਹਨ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਚੇਨਈ ਨੇ ਸਾਲ 2010, 2011 ਤੇ ਸਾਲ 2018 ਵਿਚ ਖਿਤਾਬ ਜਿੱਤੇ ਹਨ, ਜਦਕਿ ਮੁੰਬਈ ਨੇ ਸਾਲ 2013, 2015 ਤੇ ਸਾਲ 2017 'ਚ ਖਿਤਾਬ ਜਿੱਤੇ ਹਨ ਤੇ ਹੁਣ ਦੋਵਾਂ ਦਾ ਟੀਚਾ ਖਿਤਾਬੀ 'ਚੌਕਾ' ਲਾਉਣਾ ਹੈ।


Gurdeep Singh

Content Editor

Related News