IOA ਦੀ ਪ੍ਰਧਾਨ PT ਊਸ਼ਾ ਨੇ ਖੇਡ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਤੋਂ ਬਾਅਦ ਖਜ਼ਾਨਚੀ ਨੂੰ ਨੋਟਿਸ ਕੀਤਾ ਜਾਰੀ

Friday, Sep 13, 2024 - 10:25 AM (IST)

IOA ਦੀ ਪ੍ਰਧਾਨ PT ਊਸ਼ਾ ਨੇ ਖੇਡ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਤੋਂ ਬਾਅਦ ਖਜ਼ਾਨਚੀ ਨੂੰ ਨੋਟਿਸ ਕੀਤਾ ਜਾਰੀ

ਨਵੀਂ ਦਿੱਲੀ– ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੀ ਪ੍ਰਧਾਨ ਪੀ. ਟੀ. ਊਸ਼ਾ ਨੇ ਦੇਸ਼ ਦੀ ਚੋਟੀ ਦੀ ਖੇਡ ਸੰਸਥਾ ਦੇ ਖਜ਼ਾਨਚੀ ਸਹਿਦੇਵ ਯਾਦਵ ਦੀ ਚੋਣ ਨਾਲ ਸਬੰਧਤ ਰਾਸ਼ਟਰੀ ਖੇਡ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਹੈ। ਊਸ਼ਾ ਨੇ 10 ਤਰੀਕ ਨੂੰ ਯਾਦਵ ਨੂੰ ਲਿਖੇ ਪੱਤਰ ’ਚ 24 ਸਤੰਬਰ ਤੱਕ ਜਵਾਬ ਦੇਣ ਲਈ ਕਿਹਾ ਹੈ। ਯਾਦਵ ਨੂੰ ਲਿਖੀ ਚਿੱਠੀ ’ਚ ਊਸ਼ਾ ਨੇ ਲਿਖਿਆ,‘ਮੈਂ ਤੁਹਾਡਾ ਧਿਆਨ ਉਸ ਰਸਮੀ ਸ਼ਿਕਾਇਤ ਵੱਲ ਖਿੱਚਣ ਲਈ ਲਿਖ ਰਹੀ ਹਾਂ ਜੋ ਭਾਰਤੀ ਓਲੰਪਿਕ ਸੰਘ ਨੂੰ ਹਾਲ ਹੀ ’ਚ ਪਿਛਲੀਆਂ ਚੋਣਾਂ ’ਚ ਖਜ਼ਾਨਚੀ ਦੇ ਅਹੁਦੇ ਲਈ ਚੋਣ ਲੜਨ ਦੀ ਤੁਹਾਡੀ ਯੋਗਤਾ ਨੂੰ ਲੈ ਕੇ ਪ੍ਰਾਪਤ ਹੋਈ ਹੈ।’ ਪੱਤਰ ’ਚ ਕਿਹਾ ਗਿਆ ਹੈ ਕਿ ਸ਼ਿਕਾਇਤਕਰਤਾ ਨੇ ਮਾਣਯੋਗ ਹਾਈ ਕੋਰਟ ਦੇ ਉਸ ਫੈਸਲੇ ਦਾ ਹਵਾਲਾ ਦਿੱਤਾ ਹੈ, ਜੋ ਸ਼ਿਕਾਇਤਕਰਤਾ ਦੇ ਅਨੁਸਾਰ ਚੋਣ ਲੜਨ ਦੀ ਤੁਹਾਡੀ ਯੋਗਤਾ ਬਾਰੇ ਚਿੰਤਾਵਾਂ ਪੈਦਾ ਕਰਦਾ ਹੈ।
ਪੱਤਰ ਦੀ ਇਕ ਕਾਪੀ ਖੇਡ ਮੰਤਰੀ ਮਨਸੁਖ ਮੰਡਾਵੀਆ ਅਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਐੱਨ. ਓ. ਸੀ. (ਰਾਸ਼ਟਰੀ ਓਲੰਪਿਕ ਕਮੇਟੀ) ਸਬੰਧ ਵਿਭਾਗ ਦੇ ਸਹਾਇਕ ਨਿਰਦੇਸ਼ਕ ਜੇਰੋਮ ਪੋਵੀ ਨੂੰ ਵੀ ਭੇਜੀ ਗਈ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਯਾਦਵ ਅਤੇ ਕੁਝ ਹੋਰ ਅਧਿਕਾਰੀ ਖੇਡ ਜ਼ਾਬਤੇ ਦੇ ਤਹਿਤ ਉਮਰ ਅਤੇ ਕਾਰਜਕਾਲ ਹੱਦ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਆਪਣੇ ਅਹੁਦੇ ’ਤੇ ਬਣੇ ਹੋਏ ਹਨ।
ਖੇਡ ਜ਼ਾਬਤੇ ਦੇ ਤਹਿਤ 12 ਸਾਲਾਂ ਤੱਕ ਲਗਾਤਾਰ ਵੱਖ-ਵੱਖ ਅਹੁਦਿਆਂ ’ਤੇ ਰਹਿਣ ਤੋਂ ਬਾਅਦ ਅਹੁਦਾ ਛੱਡਣਾ ਪੈਂਦਾ ਹੈ। ਯਾਦਵ ਇਸ ਤੋਂ ਪਹਿਲਾਂ ਭਾਰਤੀ ਵੇਟਲਿਫਟਿੰਗ ਫੈਡਰੇਸ਼ਨ ਦੇ ਸਕੱਤਰ ਸਨ ਅਤੇ 15 ਸਾਲਾਂ ਤੱਕ ਇਸ ਨਾਲ ਜੁੜੇ ਰਹੇ। ਸ਼ਿਕਾਇਤਕਰਤਾ ਨੇ ਖੇਡ ਜ਼ਾਬਤੇ ਦੀ ਪਾਲਣਾ ਨਾ ਕਰਨ ਲਈ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਦੇ ਉਪ-ਪ੍ਰਧਾਨ ਅਜੇ ਪਟੇਲ, ਭਾਰਤੀ ਵੁਸ਼ੂ ਫੈਡਰੇਸ਼ਨ ਦੇ ਭੁਪਿੰਦਰ ਸਿੰਘ ਬਾਜਵਾ ਅਤੇ ਭਾਰਤੀ ਰੋਇੰਗ ਫੈਡਰੇਸ਼ਨ ਦੇ ਪ੍ਰਧਾਨ ਰਾਜਲਕਸ਼ਮੀ ਸਿੰਘ ਦਿਓ ਸਮੇਤ ਆਈ. ਓ. ਏ. ਦੇ ਹੋਰ ਮੈਂਬਰਾਂ ਵਿਰੁੱਧ ਵੀ ਅਜਿਹੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਆਈ. ਓ. ਏ. ਨੇ ਸ਼ਿਕਾਇਤਕਰਤਾ ਦੀ ਪਛਾਣ ਗੁਪਤ ਰੱਖੀ ਹੈ।

 


author

Aarti dhillon

Content Editor

Related News