ਵਿਰਾਟ ਕੋਹਲੀ ਦੇ ਹੱਕ ''ਚ ਉਤਰੇ ਇੰਜ਼ਮਾਮ, ਕਿਹਾ- ਚਿੰਤਾ ਦੀ ਗੱਲ ਨਹੀਂ
Tuesday, Mar 03, 2020 - 02:26 AM (IST)
ਨਵੀਂ ਦਿੱਲੀ— ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ ਉਲ ਹਕ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਬਚਾਅ ਕੀਤਾ ਹੈ। ਪਾਕਿਸਤਾਨ ਦੇ ਇਸ ਸਾਬਕਾ ਕਪਤਾਨ ਨੇ ਵਿਰਾਟ ਕੋਹਲੀ ਦੀ ਮੌਜੂਦਾ ਫਾਰਮ ਨੂੰ ਲੈ ਕੇ ਚਿੰਤਾ ਦੀ ਕੋਈ ਗੱਲ ਨਹੀਂ ਹੈ। ਇੰਜ਼ਮਾਮ ਨੇ ਭਰੋਸਾ ਜਤਾਇਆ ਹੈ ਕਿ ਕੋਹਲੀ ਮਜ਼ਬੂਤੀ ਨਾਲ ਵਾਪਸੀ ਕਰੇਗਾ। ਕੋਹਲੀ ਦੀ ਕਪਤਾਨੀ 'ਚ ਭਾਰਤ ਨੂੰ ਨਿਊਜ਼ੀਲੈਂਡ ਦੇ ਹੱਥੋਂ 2 ਮੈਚਾਂ ਦੀ ਟੈਸਟ ਸੀਰੀਜ਼ 'ਚ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਸਦਾ ਬੱਲਾ ਵੀ ਪੂਰੀ ਤਰ੍ਹਾਂ ਨਾਲ ਚੁੱਪ ਦਿਖਾਈ ਦਿੱਤਾ।
ਇਸ ਸੀਰੀਜ਼ 'ਚ ਭਾਰਤੀ ਟੀਮ ਦੀ ਰਨ ਮਸ਼ੀਨ ਮੰਨੇ ਜਾਣ ਵਾਲੇ ਵਿਰਾਟ ਨੇ 2, 19, 3 ਤੇ 14 ਦੌੜਾਂ ਦੀਆਂ ਪਾਰੀਆਂ ਹੀ ਖੇਡੀਆਂ। ਇੰਜ਼ਮਾਮ ਨੇ ਕਿਹਾ ਕਿ ਕਈ ਲੋਕ ਕੋਹਲੀ ਦੀ ਤਕਨੀਕ ਤੇ ਕਈ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਮੈਂ ਇਨ੍ਹਾਂ ਸਾਰੀਆਂ ਗੱਲਾਂ ਤੋਂ ਹੈਰਾਨ ਹਾਂ। ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਇਸੇ ਤਕਨੀਕ ਨਾਲ 70 ਸੈਂਕੜੇ ਲਗਾਏ ਹਨ, ਤੁਸੀਂ ਕਿਸ ਤਰ੍ਹਾਂ ਉਸਦੀ ਤਕਨੀਕ 'ਤੇ ਸਵਾਲ ਚੁੱਕ ਸਕਦੇ ਹੋ। ਇਸ ਸਾਬਕਾ ਦਿੱਗਜ ਖਿਡਾਰੀ ਨੇ ਕਿਹਾ ਕਿ ਇਕ ਕ੍ਰਿਕਟਰ ਦੇ ਤੌਰ 'ਤੇ ਮੈਂ ਕਹਿ ਸਕਦਾ ਹਾਂ ਕਿ ਖਿਡਾਰੀਆਂ ਦੇ ਕਰੀਅਰ 'ਚ ਅਜਿਹਾ ਦੌਰ ਆਉਂਦਾ ਹੈ, ਜਦੋ ਉਹ ਬਹੁਤ ਕੋਸ਼ਿਸ਼ਾਂ ਦੇ ਬਾਅਦ ਦੌੜਾਂ ਨਹੀਂ ਬਣਾ ਸਕਿਆ। ਮੁਹੰਮਦ ਯੁਸੂਫ ਦੀ ਬੈਕਲਿਫਟ ਉੱਚੀ ਸੀ। ਉਸਦਾ ਬੱਲਾ ਗਲੀ ਦੀ ਦਿਸ਼ਾ ਤੋਂ ਹੇਠਾ ਆਉਂਦਾ ਸੀ। ਜਦੋਂ ਉਸਦੀ ਫਾਰਮ ਖਰਾਬ ਹੋਈ ਤਾਂ ਲੋਕਾਂ ਨੇ ਉਸਦੀ ਤਕਨੀਕ ਨੂੰ ਲੈ ਕੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜੇਕਰ ਕੋਹਲੀ ਫੇਲ ਹੁੰਦਾ ਹੈ ਤਾਂ ਹੋਰ ਖਿਡਾਰੀਆਂ ਦਾ ਕੀ? ਇਹ ਖੇਡ ਦਾ ਹਿੱਸਾ ਹੈ ਤੇ ਇਸ ਨੂੰ ਮਨਜ਼ੂਰ ਕੀਤਾ ਜਾਣਾ ਚਾਹੀਦਾ। ਇੰਜ਼ਮਾਮ ਨੇ ਕਿਹਾ ਕਿ ਕੋਹਲੀ ਨੂੰ ਆਪਣੀ ਤਕਨੀਕ 'ਚ ਕਿਸੇ ਤਰ੍ਹਾਂ ਦਾ ਬਦਲਾਅ ਕਰਨ ਦੀ ਜ਼ਰੂਰਤ ਨਹੀਂ ਹੈ।