ਲੀਵਰਕਿਊਸੇਨ ਨੂੰ ਹਰਾ ਕੇ ਇੰਟਰ ਮਿਲਾਨ ਯੂਰੋਪਾ ਲੀਗ ਦੇ ਸੈਮੀਫਾਈਨਲ ''ਚ
Tuesday, Aug 11, 2020 - 10:24 PM (IST)
ਡਸੇਲਡੋਰਫ (ਜਰਮਨੀ)– ਰੋਮੇਲੂ ਲੁਕਾਕੂ ਨੇ ਇਕ ਗੋਲ ਕੀਤਾ ਜਦਕਿ ਦੂਜੇ ਗੋਲ ਵਿਚ ਮਦਦ ਕੀਤੀ, ਜਿਸ ਨਾਲ ਇੰਟਰ ਮਿਲਾਨ ਨੇ ਬਾਇਰਨ ਲੀਵਰਕਿਊਸੇਨ ਨੂੰ 2-1 ਨਾਲ ਹਰਾ ਕੇ ਯੂਰੋਪਾ ਲੀਗ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ। ਲੁਕਾਕੂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਇੰਟਰ ਨੇ ਲੀਵਰਕਿਊਸੇਨ ਦੇ ਡਿਫੈਂਸ ਨੂੰ ਢਹਿ-ਢੇਰੀ ਕੀਤਾ ਤੇ 9 ਸਾਲਾਂ ਵਿਚ ਪਹਿਲੀ ਯੂਰਪੀਅਨ ਟਰਾਫੀ ਜਿੱਤਣ ਵੱਲ ਕਦਮ ਵਧਾਏ। ਇੰਟਰ ਦੀ ਟੀਮ ਪਿਛਲੀ ਵਾਰ ਯੂਰਪੀਅਨ ਲੀਗ ਦੇ ਸੈਮੀਫਾਈਨਲ ਵਿਚ ਚੈਂਪੀਅਨਸ ਲੀਗ ਦੌਰਾਨ 2010 ਵਿਚ ਖੇਡੀ ਸੀ, ਜਦੋਂ ਟੀਮ ਨੇ ਖਿਤਾਬ ਜਿੱਤਿਆ ਸੀ। ਇੰਟਰ ਨੂੰ ਨਿਕੋਲੋ ਬਾਰੇਲਾ ਨੇ 15ਵੇਂ ਮਿੰਟ ਵਿਚ ਬੜ੍ਹਤ ਦਿਵਾਈ, ਜਿਸ ਨੇ ਰਿਬਾਊਂਡ ਹੋ ਕੇ ਆਏ ਲੁਕਾਕੂ ਦੀ ਸ਼ਾਟ ਨੂੰ ਗੋਲ ਵਿਚ ਬਦਲਿਆ। ਲੁਕਾਕੂ ਨੇ ਇਸ ਤੋਂ 6 ਮਿੰਟ ਬਾਅਦ ਐਸ਼ਲੇ ਯੰਗ ਦੇ ਨਾਲ ਸ਼ਾਨਦਾਰ ਮੂਵ ਬਣਾਉਂਦੇ ਹੋਏ ਗੋਲ ਕੀਤਾ ਤੇ ਇੰਟਰ ਨੂੰ 2-0 ਨਾਲ ਅੱਗੇ ਕਰ ਦਿੱਤਾ। ਲੁਕਾਕੂ ਦੇ ਗੋਲ ਦੇ ਚਾਰ ਮਿੰਟ ਬਾਅਦ ਹੀ ਕਾਈ ਹਾਵਰਟਜ ਨੇ ਲੀਵਰਕਿਊਸੇਨ ਵਲੋਂ ਗੋਲ ਕਰਕੇ ਇੰਟਰ ਦੀ ਬੜ੍ਹਤ ਨੂੰ ਘੱਟ ਕੀਤਾ ਪਰ ਆਪਣੀ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕਿਆ।